ਹੈਕਲ ਦਾ ਸਾਜ਼ ਸਮਾਨ
(1 ਰਾਜਿਆਂ 7:23-51)
੧ ਉਸ ਨੇ ਪਿੱਤਲ ਦੀ ਇੱਕ ਜਗਵੇਦੀ ਬਣਾਈ । ਉਹ ਦੀ ਲੰਬਾਈ ਵੀਹ ਹੱਥ ਅਤੇ ਉਹ ਦੀ ਚੌੜਾਈ ਵੀਹ ਹੱਥ ਅਤੇ ਉਹ ਦੀ ਉਚਿਆਈ ਦਸ ਹੱਥ ਸੀ । ੨ ਉਸ ਨੇ ਇੱਕ ਢਾਲਿਆ ਹੋਇਆ ਸਾਗਰੀ ਹੌਦ ਬਣਾਇਆ ਜੋ ਇੱਕ ਕੰਢਿਓਂ ਦੂਜੇ ਕੰਢੇ ਤੱਕ ਦਸ ਹੱਥ ਸੀ । ਉਹ ਚੌਫ਼ੇਰਿਓਂ ਗੋਲ ਸੀ ਅਤੇ ਉਹ ਦੀ ਉਚਿਆਈ ਪੰਜ ਹੱਥ ਸੀ ਅਤੇ ਉਹ ਦੇ ਘੇਰੇ ਦੀ ਮਿਣਤੀ ਤੀਹ ਹੱਥ ਸੀ । ੩ ਉਹ ਦੇ ਹੇਠਾਂ ਉਹ ਦੇ ਚੌਫ਼ੇਰੇ ਇੱਕ-ਇੱਕ ਹੱਥ ਵਿੱਚ ਦਸ ਦਸ ਬਲ਼ਦਾਂ ਦੀਆਂ ਮੂਰਤਾਂ ਉਸ ਸਾਗਰੀ ਹੌਦ ਨੂੰ ਦੁਆਲਿਓਂ ਘੇਰਦੀਆਂ ਸਨ । ਇਹ ਬਲ਼ਦ ਦੋ ਪਾਲਾਂ ਵਿੱਚ ਉਸੇ ਦੇ ਨਾਲ ਢਾਲ਼ੇ ਗਏ ਸਨ । ੪ ਉਹ ਬਾਰਾਂ ਬਲ਼ਦਾਂ ਦੇ ਉੱਤੇ ਟਿਕਿਆ ਹੋਇਆ ਸੀ । ਤਿੰਨਾਂ ਦਾ ਮੂੰਹ ਉੱਤਰ ਵੱਲ ਤੇ ਤਿੰਨਾਂ ਦਾ ਮੂੰਹ ਪੱਛਮ ਵੱਲ ਤੇ ਤਿੰਨਾਂ ਦਾ ਮੂੰਹ ਦੱਖਣ ਵੱਲ ਸੀ ਅਤੇ ਤਿੰਨਾਂ ਦਾ ਮੂੰਹ ਪੂਰਬ ਵੱਲ ਸੀ ਅਤੇ ਸਾਗਰੀ ਹੌਦ ਉਨ੍ਹਾਂ ਦੇ ਉੱਤੇ ਸੀ ਅਤੇ ਉਨ੍ਹਾਂ ਸਾਰਿਆਂ ਦੇ ਪਿੱਛਲੇ ਅੰਗ ਅੰਦਰਵਾਰ ਨੂੰ ਸਨ । ੫ ਉਹ ਦੀ ਮੋਟਾਈ ਇੱਕ ਚੱਪਾ ਸੀ ਅਤੇ ਉਹ ਦਾ ਕੰਢਾ ਕਟੋਰੇ ਦੇ ਕੰਢੇ ਵਾਂਗੂੰ ਤੇ ਸੋਸਨ ਦੇ ਫੁੱਲਾਂ ਵਰਗਾ ਸੀ ਅਤੇ ਉਹ ਦੇ ਵਿੱਚ ਉੱਛਲਵਾਂ ਤਿੰਨ ਹਜ਼ਾਰ ਬਤ ਵੀ ਸਮਾ ਸਕਦਾ ਸੀ ੬ ਅਤੇ ਉਸ ਨੇ ਦਸ ਹੌਦੀਆਂ ਬਣਾਈਆਂ, ਪੰਜ ਸੱਜੇ ਪਾਸੇ, ਪੰਜ ਖੱਬੇ ਪਾਸੇ ਰੱਖੀਆਂ ਕਿ ਉਨ੍ਹਾਂ ਵਿੱਚ ਹੋਮ ਬਲੀ ਦੀਆਂ ਵਸਤੂਆਂ ਧੋਤੀਆਂ ਜਾਣ । ਉਨ੍ਹਾਂ ਨੂੰ ਉੱਥੇ ਹੀ ਧੋਂਦੇ ਸਨ ਪਰ ਸਾਗਰੀ ਹੌਦ ਜਾਜਕਾਂ ਦੇ ਨਹਾਉਣ ਲਈ ਸੀ ੭ ਅਤੇ ਉਸ ਨੇ ਸੋਨੇ ਦੇ ਦਸ ਸ਼ਮਾਦਾਨ ਹੁਕਮ ਦੇ ਅਨੁਸਾਰ ਬਣਾਏ ਅਤੇ ਹੈਕਲ ਵਿੱਚ ਪੰਜ ਸੱਜੇ ਅਤੇ ਪੰਜ ਖੱਬੇ ਪਾਸੇ ਟਿਕਾ ਦਿੱਤੇ ੮ ਉਸ ਨੇ ਦਸ ਮੇਜਾਂ ਬਣਾਈਆਂ ਅਤੇ ਹੈਕਲ ਵਿੱਚ ਪੰਜ ਸੱਜੇ ਅਤੇ ਪੰਜ ਖੱਬੇ ਪਾਸੇ ਟਿਕਾਈਆਂ ਅਤੇ ਉਸ ਨੇ ਸੋਨੇ ਦੇ ਇੱਕ ਸੌ ਕਟੋਰੇ ਬਣਾਏ ੯ ਫੇਰ ਉਸ ਨੇ ਜਾਜਕਾਂ ਦਾ ਵਿਹੜਾ ਤੇ ਵੱਡਾ ਵਲਗਣ ਬਣਾਇਆ ਅਤੇ ਵਲਗਣ ਦੇ ਬੂਹੇ ਬਣਾ ਕੇ ਉਨ੍ਹਾਂ ਨੂੰ ਪਿੱਤਲ ਨਾਲ ਮੜਿਆ ੧੦ ਅਤੇ ਉਸ ਨੇ ਸਾਗਰੀ ਹੌਦ ਨੂੰ ਪੂਰਬ ਵੱਲ ਭਵਨ ਦੇ ਸੱਜੇ ਪਾਸੇ ਦੱਖਣ ਵੱਲ ਘੁਮਾ ਕੇ ਰੱਖਿਆ । ੧੧ ਹੂਰਾਮ ਨੇ ਤਸਲੇ ਅਤੇ ਕੜਛੇ ਅਤੇ ਬਾਟੇ ਬਣਾਏ ਅਤੇ ਹੂਰਾਮ ਨੇ ਉਹ ਕੰਮ ਜੋ ਸੁਲੇਮਾਨ ਦੇ ਲਈ ਪਰਮੇਸ਼ੁਰ ਦੇ ਭਵਨ ਵਿੱਚ ਕਰਦਾ ਸੀ ਮੁਕਾ ਲਿਆ, ੧੨ ਦੋਵੇਂ ਥੰਮ੍ਹ ਅਤੇ ਕੌਲ ਅਤੇ ਮੁਕਟ ਜਿਹੜੇ ਉਨ੍ਹਾਂ ਦੋਹਾਂ ਥੰਮਾਂ ਦੇ ਸਿਰਾਂ ਉੱਤੇ ਸਨ ਅਤੇ ਦੋ ਜਾਲੀਆਂ ਜਿਹੜੀਆਂ ਥੰਮਾਂ ਦੇ ਸਿਰਾਂ ਉੱਤਲੇ ਮੁਕਟਾਂ ਨੂੰ ਕੱਜਦੀਆਂ ਸਨ । ੧੩ ਦੋਹਾਂ ਜਾਲੀਆਂ ਲਈ ਚਾਰ ਸੌ ਅਨਾਰ, ਹਰ ਜਾਲੀ ਲਈ ਦੋਂਹ ਪਾਲਾਂ ਵਿੱਚ ਅਨਾਰ ਕਿ ਉਹ ਥੰਮਾਂ ਦੇ ਓਤਲੇ ਮੁਕਟਾਂ ਦੇ ਦੋਹਾਂ ਕੌਲਾਂ ਨੂੰ ਢੱਕ ਲੈਣ । ੧੪ ਉਸ ਨੇ ਕੁਰਸੀਆਂ ਬਣਾਈਆਂ ਅਤੇ ਉਨ੍ਹਾਂ ਕੁਰਸੀਆਂ ਉੱਤੇ ਹੌਦੀਆਂ ਬਣਾਈਆਂ, ੧੫ ਇੱਕ ਸਾਗਰੀ ਹੌਦ ਅਤੇ ਉਹ ਦੇ ਹੇਠਾਂ ਬਾਰਾਂ ਬਲ਼ਦ ਸਨ । ੧੬ ਤਸਲੇ, ਕੜਛੇ, ਤ੍ਰਿਸੂਲੀਆਂ ਅਤੇ ਸਾਰੇ ਭਾਂਡੇ ਉਹ ਦੇ ਪਿਤਾ ਹੂਰਾਮ ਨੇ ਸੁਲੇਮਾਨ ਪਾਤਸ਼ਾਹ ਦੇ ਨਮਿੱਤ ਯਹੋਵਾਹ ਦੇ ਭਵਨ ਲਈ ਚਿਲਕਦੇ ਪਿੱਤਲ ਦੇ ਬਣਾਏ ੧੭ ਪਾਤਸ਼ਾਹ ਨੇ ਉਨ੍ਹਾਂ ਨੂੰ ਯਰਦਨ ਦੀ ਤਰਾਈ ਵਿੱਚ ਸੁਕੋਥ ਅਤੇ ਸਰੇਦਾਥਾਹ ਦੇ ਵਿੱਚਕਾਰਲੀ ਚੀਕਣੀ ਮਿੱਟੀ ਦੀ ਭੂਮੀ ਵਿੱਚ ਢਾਲਿਆ ੧੮ ਸੋ ਸੁਲੇਮਾਨ ਪਾਤਸ਼ਾਹ ਨੇ ਇਹ ਸਾਰੇ ਭਾਂਡੇ ਬਹੁਤ ਢੇਰ ਸਾਰੇ ਬਣਾਏ । ਇਸ ਲਈ ਪਿੱਤਲ ਦੇ ਤੋਲ ਦੀ ਜਾਂਚ ਨਾ ਹੋ ਸਕੀ ੧੯ ਸੁਲੇਮਾਨ ਨੇ ਉਹ ਸਾਰੇ ਭਾਂਡੇ ਜੋ ਪਰਮੇਸ਼ੁਰ ਦੇ ਭਵਨ ਲਈ ਸਨ ਬਣਾਏ ਅਤੇ ਸੋਨੇ ਦੀ ਜਗਵੇਦੀ ਅਤੇ ਮੇਜਾਂ ਜਿਨ੍ਹਾਂ ਉੱਤੇ ਹਜ਼ੂਰੀ ਦੀ ਰੋਟੀ ਹੁੰਦੀ ਸੀ ੨੦ ਅਤੇ ਖਾਲਸ ਸੋਨੇ ਦੇ ਸ਼ਮਾਦਾਨ ਉਨ੍ਹਾਂ ਦੇ ਦੀਵਿਆਂ ਸਣੇ ਕਿ ਉਹ ਰੀਤੀ ਅਨੁਸਾਰ ਵਿੱਚਲੀ ਕੋਠੜੀ ਦੇ ਅੱਗੇ ਬਲ਼ਦੇ ਰਹਿਣ ੨੧ ਅਤੇ ਫੁੱਲ ਅਤੇ ਦੀਵੇ ਅਤੇ ਜੀਭੀਆਂ ਸੋਨੇ ਦੀਆਂ ਸਨ ਅਤੇ ਉਹ ਖਰਾ ਸੋਨਾ ਸੀ ੨੨ ਅਤੇ ਗੁਲਤਰਾਸ਼ ਅਤੇ ਗੁਲਦਾਨ ਅਤੇ ਕੌਲੀਆਂ ਅਤੇ ਧੂਪਦਾਨ ਖਾਲਸ ਸੋਨੇ ਦੇ ਸਨ ਅਤੇ ਭਵਨ ਦਾ ਦਰਵਾਜ਼ਾ ਅਤੇ ਉਹ ਦੇ ਅੰਦਰਲੇ ਬੂਹੇ ਜੋ ਅੱਤ ਪਵਿੱਤਰ ਸਥਾਨ ਲਈ ਸਨ ਅਤੇ ਹੈਕਲ ਦੇ ਭਵਨ ਦੇ ਬੂਹੇ ਸੋਨੇ ਦੇ ਸਨ ।