ਸੁਲੇਮਾਨ ਦਾ ਪ੍ਰਵਚਨ
(1 ਰਾਜਿਆਂ 8:12-21)
੧ ਤਦ ਸੁਲੇਮਾਨ ਨੇ ਕਿਹਾ, ਯਹੋਵਾਹ ਨੇ ਆਖਿਆ ਹੈ ਕਿ ਉਹ ਅਨ੍ਹੇਰ ਘੁੱਪ ਵਿੱਚ ਵੱਸੇਗਾ । ੨ ਮੈਂ ਜ਼ਰੂਰ ਤੇਰੇ ਲਈ ਇੱਕ ਉੱਚਾ ਭਵਨ ਜਿੱਥੇ ਤੂੰ ਸਦਾ ਤੱਕ ਰਹੇ ਬਣਾਇਆ । ੩ ਪਾਤਸ਼ਾਹ ਨੇ ਆਪਣਾ ਮੂੰਹ ਫੇਰਿਆ ਅਤੇ ਇਸਰਾਏਲ ਦੀ ਸਾਰੀ ਸਭਾ ਨੂੰ ਬਰਕਤ ਦਿੱਤੀ ਅਤੇ ਇਸਰਾਏਲ ਦੀ ਸਾਰੀ ਸਭਾ ਖੜ੍ਹੀ ਰਹੀ । ੪ ਸੁਲੇਮਾਨ ਨੇ ਆਖਿਆ, ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਮੁਬਾਰਕ ਹੋਵੇ ਜਿਸ ਆਪਣੇ ਮੂੰਹ ਤੋਂ ਮੇਰੇ ਪਿਤਾ ਦਾਊਦ ਦੇ ਨਾਲ ਬਚਨ ਕੀਤਾ ਅਤੇ ਉਹ ਨੂੰ ਆਪਣੇ ਹੱਥ ਨਾਲ ਪੂਰਾ ਪੂਰਾ ਵੀ ਕੀਤਾ, ੫ ਕਿ ਜਿਸ ਦਿਨ ਤੋਂ ਮੈਂ ਆਪਣੀ ਪਰਜਾ ਨੂੰ ਮਿਸਰ ਦੇ ਦੇਸ ਵਿੱਚੋਂ ਕੱਢ ਕੇ ਲਿਆਇਆ ਹਾਂ ਤਦ ਤੋਂ ਮੈਂ ਇਸਰਾਏਲ ਦੇ ਸਾਰਿਆਂ ਗੋਤਾਂ ਵਿੱਚੋਂ ਨਾ ਤਾਂ ਕਿਸੇ ਸ਼ਹਿਰ ਨੂੰ ਚੁਣਿਆ, ਤਾਂ ਜੋ ਉਸ ਵਿੱਚ ਭਵਨ ਬਣਾਇਆ ਜਾਵੇ ਅਤੇ ਉੱਥੇ ਮੇਰਾ ਨਾਮ ਰਹੇ ਅਤੇ ਨਾ ਹੀ ਕਿਸੇ ਮਨੁੱਖ ਨੂੰ ਚੁਣਿਆ ਜੋ ਮੇਰੀ ਪਰਜਾ ਇਸਰਾਏਲ ਦਾ ਪ੍ਰਧਾਨ ਹੋਵੇ ੬ ਪਰ ਮੈਂ ਯਰੂਸ਼ਲਮ ਨੂੰ ਚੁਣਿਆ ਕਿ ਉੱਥੇ ਮੇਰਾ ਨਾਮ ਹੋਵੇ ਅਤੇ ਦਾਊਦ ਨੂੰ ਚੁਣਿਆ ਕਿ ਉਹ ਮੇਰੀ ਪਰਜਾ ਇਸਰਾਏਲ ਦੇ ਉੱਤੇ ਹੋਵੇ ੭ ਅਤੇ ਮੇਰੇ ਪਿਤਾ ਦਾਊਦ ਦੇ ਦਿਲ ਵਿੱਚ ਸੀ ਕਿ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਨਾਮ ਤੇ ਇੱਕ ਭਵਨ ਬਣਾਵੇ ੮ ਪਰ ਯਹੋਵਾਹ ਨੇ ਮੇਰੇ ਪਿਤਾ ਦਾਊਦ ਨੂੰ ਕਿਹਾ ਜੋ ਮੇਰੇ ਨਾਮ ਲਈ ਤੇਰੇ ਦਿਲ ਵਿੱਚ ਇੱਕ ਭਵਨ ਬਣਾਉਣ ਦੀ ਇੱਛਾ ਸੀ ਸੋ ਤੂੰ ਚੰਗਾ ਕੀਤਾ ਜੋ ਉਹ ਤੇਰੇ ਦਿਲ ਵਿੱਚ ਸੀ ੯ ਤਾਂ ਵੀ ਤੂੰ ਇਸ ਭਵਨ ਨੂੰ ਨਹੀਂ ਬਣਾਵੇਗਾ ਸਗੋਂ ਤੇਰਾ ਪੁੱਤਰ ਜੋ ਤੇਰੀ ਵੰਸ ਵਿੱਚੋ ਹੋਵੇਗਾ ਉਹੀ ਮੇਰੇ ਨਾਮ ਲਈ ਭਵਨ ਬਣਾਵੇਗਾ ੧੦ ਯਹੋਵਾਹ ਨੇ ਆਪਣਾ ਉਹ ਬਚਨ ਜਿਹੜਾ ਉਹ ਨੇ ਕਿਹਾ ਸੀ ਪੂਰਾ ਕੀਤਾ ਕਿਉਂ ਜੋ ਮੈਂ ਆਪਣੇ ਪਿਤਾ ਦਾਊਦ ਦੇ ਥਾਂ ਉੱਠਿਆ ਹਾਂ ਅਤੇ ਜਿਵੇਂ ਯਹੋਵਾਹ ਨੇ ਬਚਨ ਕੀਤਾ ਸੀ । ਮੈਂ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਾ ਹਾਂ ਅਤੇ ਮੈਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਨਾਮ ਲਈ ਇਹ ਭਵਨ ਬਣਾਇਆ ੧੧ ਅਤੇ ਉਸੇ ਥਾਂ ਮੈਂ ਉਹ ਸੰਦੂਕ ਰੱਖਿਆ ਹੈ ਜਿਸ ਵਿੱਚ ਯਹੋਵਾਹ ਦਾ ਉਹ ਨੇਮ ਹੈ ਜੋ ਉਸ ਨੇ ਇਸਰਾਏਲੀਆਂ ਨਾਲ ਕੀਤਾ ।
ਹੈਕਲ ਨੂੰ ਅਰਪਣ ਕਰਨ ਦੇ ਲਈ ਪ੍ਰਾਰਥਨਾ
(1 ਰਾਜਿਆਂ 8:22-53)
੧੨ ਸੁਲੇਮਾਨ ਨੇ ਇਸਰਾਏਲ ਦੀ ਸਾਰੀ ਸਭਾ ਦੇ ਅੱਗੇ ਯਹੋਵਾਹ ਦੀ ਜਗਵੇਦੀ ਦੇ ਸਾਹਮਣੇ ਖੜ੍ਹੇ ਹੋ ਕੇ ਆਪਣੇ ਹੱਥ ਅੱਡੇ ੧੩ ਕਿਉਂ ਜੋ ਸੁਲੇਮਾਨ ਨੇ ਪੰਜ ਹੱਥ ਲੰਮਾ, ਪੰਜ ਹੱਥ ਚੌੜਾ ਅਤੇ ਤਿੰਨ ਹੱਥ ਉੱਚਾ ਪਿੱਤਲ ਦਾ ਇੱਕ ਥੜਾ ਬਣਵਾ ਕੇ ਵਿਹੜੇ ਵਿੱਚ ਧਰ ਦਿੱਤਾ ਅਤੇ ਉਸ ਉੱਤੇ ਉਹ ਖੜ੍ਹਾ ਹੋਇਆ ਸੀ, ਸੋ ਉਸ ਨੇ ਸਾਰੀ ਸਭਾ ਦੇ ਸਾਹਮਣੇ ਗੋਡੇ ਟੇਕ ਕੇ ਅਕਾਸ਼ ਵੱਲ ਆਪਣੇ ਹੱਥ ਅੱਡੇ ੧੪ ਅਤੇ ਕਹਿਣ ਲੱਗਾ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਤੇਰੇ ਜਿਹਾ ਨਾ ਸਵਰਗ ਵਿੱਚ ਨਾ ਧਰਤੀ ਉੱਤੇ ਕੋਈ ਪਰਮੇਸ਼ੁਰ ਨਹੀਂ ਜੋ ਆਪਣੇ ਉਨ੍ਹਾਂ ਦਾਸਾਂ ਲਈ ਜਿਹੜੇ ਆਪਣੇ ਸੱਚੇ ਦਿਲ ਨਾਲ ਤੇਰੇ ਅੱਗੇ ਚੱਲਦੇ ਹਨ ਆਪਣੇ ਨੇਮ ਅਤੇ ਕਿਰਪਾ ਕਾਇਮ ਰੱਖਦਾ ਹੈ ੧੫ ਅਤੇ ਜਿਸ ਨੇ ਆਪਣੇ ਦਾਸ ਮੇਰੇ ਪਿਤਾ ਦਾਊਦ ਦੇ ਨਾਲ ਜੋ ਬਚਨ ਕੀਤਾ ਸੋ ਪੂਰਾ ਕੀਤਾ ਹੈ । ਹਾਂ ਤੂੰ ਆਪਣੇ ਮੂੰਹ ਤੋਂ ਬਚਨ ਦਿੱਤਾ ਅਤੇ ਆਪਣੇ ਹੱਥ ਨਾਲ ਉਹ ਨੂੰ ਪੂਰਾ ਕੀਤਾ ਜਿਵੇਂ ਅੱਜ ਦੇ ਦਿਨ ਹੈ ੧੬ ਹੁਣ ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਆਪਣੇ ਦਾਸ ਮੇਰੇ ਪਿਤਾ ਦਾਊਦ ਦੇ ਨਾਲ ਉਸ ਬਚਨ ਨੂੰ ਵੀ ਪੂਰਾ ਕਰ ਜੋ ਤੂੰ ਉਸ ਨਾਲ ਕੀਤਾ ਸੀ ਕਿ ਤੇਰੇ ਲਈ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਣ ਲਈ ਮੇਰੇ ਹਜ਼ੂਰ ਮਨੁੱਖ ਦੀ ਥੁੜ ਨਹੀਂ ਹੋਵੇਗੀ, ਜੇ ਕੇਵਲ ਤੇਰੇ ਪੁੱਤਰ ਆਪਣੇ ਰਾਹ ਉੱਤੇ ਧਿਆਨ ਕਰਨ ਅਤੇ ਮੇਰੀ ਬਿਵਸਥਾ ਅਨੁਸਾਰ ਚੱਲਣ ਜਿਵੇਂ ਤੂੰ ਮੇਰੇ ਸਨਮੁਖ ਚੱਲਦਾ ਰਿਹਾ ਹੈਂ ੧੭ ਹੁਣ ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਜੋ ਬਚਨ ਤੂੰ ਆਪਣੇ ਦਾਸ ਦਾਊਦ ਨਾਲ ਕੀਤਾ ਸੀ ਉਹ ਸੱਚਾ ਠਹਿਰਾਇਆ ਜਾਵੇ । ੧੮ ਪਰ ਕੀ ਪਰਮੇਸ਼ੁਰ ਸੱਚ-ਮੁੱਚ ਆਦਮੀਆਂ ਦੇ ਨਾਲ ਧਰਤੀ ਉੱਤੇ ਵਾਸ ਕਰੇਗਾ ? ਵੇਖ, ਸਵਰਗ, ਸਗੋਂ ਸਵਰਗਾਂ ਦੇ ਸਵਰਗ ਤੈਨੂੰ ਨਹੀਂ ਸੰਭਾਲ ਸਕੇ, ਫਿਰ ਕਿਵੇਂ ਇਹ ਭਵਨ ਜੋ ਮੈਂ ਬਣਾਇਆ ? ੧੯ ਤਦ ਵੀ ਹੇ ਯਹੋਵਾਹ ਮੇਰੇ ਪਰਮੇਸ਼ੁਰ, ਆਪਣੇ ਦਾਸ ਦੀ ਬੇਨਤੀ ਅਤੇ ਅਰਦਾਸ ਵੱਲ ਧਿਆਨ ਕਰ ਕੇ ਉਸ ਦੀ ਦੁਹਾਈ ਅਤੇ ਬੇਨਤੀ ਨੂੰ ਸੁਣ ਲੈ ਜੋ ਤੇਰਾ ਦਾਸ ਤੇਰੇ ਸਾਹਮਣੇ ਕਰਦਾ ਹੈ ੨੦ ਤਾਂ ਜੋ ਤੇਰੀਆਂ ਅੱਖੀਆਂ ਇਸ ਭਵਨ ਵੱਲ ਅਰਥਾਤ ਇਸ ਥਾਂ ਵੱਲ ਜਿਸ ਦੇ ਵਿਖੇ ਤੂੰ ਫ਼ਰਮਾਇਆ ਸੀ ਕਿ ਮੈਂ ਆਪਣਾ ਨਾਮ ਉੱਥੇ ਰੱਖਾਂਗਾ ਦਿਨ ਤੇ ਰਾਤ ਖੁਲੀਆਂ ਰਹਿਣ ਤਾਂ ਜੋ ਤੂੰ ਉਸ ਬੇਨਤੀ ਨੂੰ ਸੁਣੇਂ ਜੋ ਤੇਰਾ ਦਾਸ ਇਸ ਸਥਾਨ ਵੱਲ ਕਰੇ ੨੧ ਅਤੇ ਤੂੰ ਆਪਣੇ ਦਾਸ ਅਤੇ ਆਪਣੀ ਪਰਜਾ ਇਸਰਾਏਲ ਦੀਆਂ ਬੇਨਤੀਆਂ ਨੂੰ ਜਦ ਉਹ ਇਸ ਸਥਾਨ ਵੱਲ ਪ੍ਰਾਰਥਨਾ ਕਰਨ ਸੁਣ ਲਈ ਸਗੋਂ ਤੂੰ ਆਪਣੇ ਸਵਰਗੀ ਭਵਨ ਤੋਂ ਸੁਣ ਲਈਂ ਤੇ ਸੁਣ ਕੇ ਮਾਫ਼ ਕਰੀਂ । ੨੨ ਜੇ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਪਾਪ ਕਰੇ ਅਤੇ ਉਸ ਤੋਂ ਸਹੁੰ ਖਵਾਈ ਜਾਵੇ ਅਤੇ ਉਹ ਆ ਕੇ ਇਸ ਭਵਨ ਵਿੱਚ ਤੇਰੀ ਜਗਵੇਦੀ ਦੇ ਸਾਹਮਣੇ ਸਹੁੰ ਖਾਵੇ ੨੩ ਤਾਂ ਤੂੰ ਸਵਰਗ ਉੱਤੋਂ ਸੁਣ ਕੇ ਕੰਮ ਕਰੀਂ ਅਤੇ ਆਪਣੇ ਦਾਸਾਂ ਦਾ ਨਿਆਂ ਕਰ ਕੇ ਦੁਸ਼ਟ ਨੂੰ ਸਜ਼ਾ ਦੇਵੀਂ ਕਿ ਉਸ ਦੇ ਕੀਤੇ ਨੂੰ ਉਸ ਦੇ ਮੱਥੇ ਮੋੜੇਂ ਅਤੇ ਧਰਮੀ ਨੂੰ ਧਰਮੀ ਠਹਿਰਾ ਕੇ ਉਸ ਦੇ ਧਰਮ ਦਾ ਬਦਲ ਦੇਵੀਂ ੨੪ ਅਤੇ ਜੇਕਰ ਤੇਰੀ ਪਰਜਾ ਇਸਰਾਏਲ ਤੇਰਾ ਪਾਪ ਕਰਨ ਦੇ ਕਾਰਨ ਆਪਣੇ ਵੈਰੀਆਂ ਦੇ ਅੱਗੋਂ ਮਾਰੀ ਜਾਵੇ ਅਤੇ ਫੇਰ ਤੇਰੀ ਵੱਲ ਫਿਰਨ ਅਤੇ ਤੇਰੇ ਨਾਮ ਨੂੰ ਮੰਨ ਕੇ ਇਸ ਭਵਨ ਵਿੱਚ ਤੇਰੇ ਸਨਮੁਖ ਪ੍ਰਾਰਥਨਾ ਅਤੇ ਬੇਨਤੀ ਕਰਨ ੨੫ ਤਾਂ ਤੂੰ ਸਵਰਗ ਉੱਤੋਂ ਸੁਣ ਕੇ ਆਪਣੀ ਪਰਜਾ ਇਸਰਾਏਲ ਦੇ ਪਾਪ ਨੂੰ ਮਾਫ਼ ਕਰੀਂ ਅਤੇ ਤੂੰ ਉਨ੍ਹਾਂ ਨੂੰ ਇਸ ਭੂਮੀ ਵਿੱਚ ਜਿਹੜੀ ਤੂੰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਹੈ ਮੁੜ ਲੈ ਆਈਂ । ੨੬ ਜਦ ਇਸ ਕਾਰਨ ਕਿ ਉਨ੍ਹਾਂ ਨੇ ਤੇਰਾ ਪਾਪ ਕੀਤਾ ਹੋਵੇ ਅਕਾਸ਼ ਬੰਦ ਹੋ ਜਾਵੇ ਅਤੇ ਵਰਖਾ ਨਾ ਹੋਵੇ ਅਤੇ ਉਹ ਇਸ ਸਥਾਨ ਵੱਲ ਬੇਨਤੀ ਕਰਨ ਅਤੇ ਤੇਰੇ ਨਾਮ ਨੂੰ ਮੰਨਣ ਅਤੇ ਜਦ ਤੂੰ ਉਨ੍ਹਾਂ ਨੂੰ ਦੁੱਖ ਦਿੱਤਾ ਹੋਵੇ ਅਤੇ ਜਦ ਆਪਣੇ ਪਾਪ ਤੋਂ ਮੂੰਹ ਮੋੜਨ ੨੭ ਤਾਂ ਤੂੰ ਸਵਰਗ ਉੱਤੋਂ ਸੁਣ ਕੇ ਆਪਣੇ ਦਾਸਾਂ ਅਤੇ ਆਪਣੀ ਪਰਜਾ ਇਸਰਾਏਲ ਦੇ ਪਾਪ ਮਾਫ਼ ਕਰੀਂ ਕਿਉਂ ਜੋ ਤੂੰ ਉਨ੍ਹਾਂ ਨੂੰ ਉਸ ਚੰਗੇ ਰਾਹ ਦੀ ਸਿੱਖਿਆ ਦਿੱਤੀ ਹੈ ਜਿਸ ਉੱਤੇ ਚੱਲਣਾ ਚਾਹੀਦਾ ਹੈ ਅਤੇ ਆਪਣੇ ਦੇਸ ਵਿੱਚ ਜਿਹੜਾ ਤੂੰ ਆਪਣੀ ਪਰਜਾ ਨੂੰ ਵਿਰਸੇ ਵਿੱਚ ਦਿੱਤਾ ਹੈ ਮੀਂਹ ਵਰਾਈਂ । ੨੮ ਜੇਕਰ ਦੇਸ ਵਿੱਚ ਕਾਲ ਪੈ ਜਾਵੇ ਜਾਂ ਬਵਾ ਫੁੱਟ ਨਿੱਕਲੇ ਜਾਂ ਔੜ ਜਾਂ ਕੁੰਗੀ ਜਾਂ ਸਲਾ ਜਾਂ ਸੁੰਡੀ ਟੋਕਾ ਪੈ ਜਾਵੇ, ਜੇ ਉਨ੍ਹਾਂ ਦੇ ਵੈਰੀ ਉਨ੍ਹਾਂ ਦੇ ਦੇਸ ਦੇ ਸ਼ਹਿਰਾਂ ਨੂੰ ਘੇਰ ਲੈਣ ਭਾਵੇਂ ਕਿਹੋ ਜਿਹੀ ਔਕੜ ਜਾਂ ਬਿਮਾਰੀ ਹੋਵੇ ੨੯ ਤਾਂ ਜਿਹੜੀ ਬੇਨਤੀ ਤੇ ਅਰਦਾਸ ਕਿਸੇ ਇੱਕ ਪੁਰਸ਼ ਵੱਲੋਂ ਜਾਂ ਤੇਰੀ ਸਾਰੀ ਪਰਜਾ ਇਸਰਾਏਲ ਵੱਲੋਂ ਹੋਵੇ ਜਿਸ ਵਿੱਚ ਹਰ ਇੱਕ ਮਨੁੱਖ ਆਪਣੇ ਦੁੱਖ ਅਤੇ ਆਪਣੀ ਨਿਰਾਸ਼ਾ ਨੂੰ ਜਾਣ ਕੇ ਆਪਣੇ ਹੱਥ ਇਸ ਭਵਨ ਵੱਲ ਅੱਡੇ ੩੦ ਤਾਂ ਤੂੰ ਆਪਣੇ ਸਵਰਗੀ ਭਵਨ ਤੋਂ ਸੁਣ ਕੇ ਮਾਫ਼ ਕਰੀਂ ਅਤੇ ਤੂੰ ਜੋ ਉਸ ਦੇ ਦਿਲ ਨੂੰ ਜਾਣਦਾ ਹੈਂ ਹਰ ਮਨੁੱਖ ਨੂੰ ਉਸ ਦੀ ਚਾਲ ਅਨੁਸਾਰ ਬਦਲਾ ਦੇਈਂ ਕਿਉਂ ਜੋ ਤੂੰ ਹੀ ਇਨਸਾਨ ਦੇ ਦਿਲ ਨੂੰ ਜਾਣਨ ਵਾਲਾ ਹੈਂ ੩੧ ਤਾਂ ਜੋ ਉਹ ਆਪਣੇ ਜੀਉਣ ਦੇ ਸਾਰੇ ਦਿਨ ਜਿਹੜੇ ਉਹ ਉਸ ਭੂਮੀ ਉੱਤੇ ਗੁਜ਼ਾਰਨ ਜਿਹ ਨੂੰ ਤੂੰ ਸਾਡੇ ਪਿਉ-ਦਾਦਿਆਂ ਨੂੰ ਦਿੱਤਾ ਹੈ ਤੇਰੇ ਰਾਹਾਂ ਉੱਤੇ ਚੱਲਣ ਅਤੇ ਤੇਰੇ ਕੋਲੋਂ ਡਰਨ । ੩੨ ਉਹ ਪਰਦੇਸੀ ਵੀ ਜਿਹੜਾ ਤੇਰੀ ਪਰਜਾ ਇਸਰਾਏਲ ਵਿੱਚੋਂ ਨਹੀਂ ਹੈ, ਜਦ ਉਹ ਤੇਰੇ ਵੱਡੇ ਨਾਮ ਅਤੇ ਸ਼ਕਤੀਵਾਨ ਹੱਥ ਅਤੇ ਤੇਰੀ ਲੰਮੀ ਬਾਂਹ ਦੇ ਕਾਰਨ ਦੂਰ ਦੇ ਦੇਸ ਵਿੱਚੋਂ ਆਵੇ ਅਤੇ ਆ ਕੇ ਇਸ ਭਵਨ ਵੱਲ ਬੇਨਤੀ ਕਰੇ ੩੩ ਤਾਂ ਤੂੰ ਆਪਣੇ ਸਵਰਗੀ ਭਵਨ ਤੋਂ ਸੁਣ ਕੇ ਉਸ ਓਪਰੇ ਦੀ ਸਾਰੀ ਦੁਹਾਈ ਅਨੁਸਾਰ ਕਰੀਂ ਤਾਂ ਜੋ ਧਰਤੀ ਦੇ ਸਾਰੇ ਲੋਕ ਤੇਰੇ ਨਾਮ ਨੂੰ ਜਾਨਣ ਅਤੇ ਤੇਰੀ ਪਰਜਾ ਇਸਰਾਏਲ ਵਾਂਗਰ ਤੇਰਾ ਭੈ ਮੰਨਣ ਅਤੇ ਜਾਣ ਲੈਣ ਕਿ ਇਹ ਭਵਨ ਜਿਹ ਨੂੰ ਮੈਂ ਬਣਾਇਆ ਹੈ ਤੇਰੇ ਨਾਮ ਦਾ ਕਹਾਉਂਦਾ ਹੈ । ੩੪ ਜੇਕਰ ਤੇਰੀ ਪਰਜਾ ਕਿਸੇ ਰਾਹ ਤੋਂ ਜਿਸ ਤੇ ਤੂੰ ਉਨ੍ਹਾਂ ਨੂੰ ਭੇਜੇਂ ਆਪਣੇ ਵੈਰੀ ਨਾਲ ਲੜਨ ਲਈ ਨਿੱਕਲੇ ਅਤੇ ਜੇ ਉਹ ਇਸ ਸ਼ਹਿਰ ਵੱਲ ਜਿਸ ਨੂੰ ਤੂੰ ਚੁਣਿਆ ਹੈ ਅਤੇ ਇਸ ਭਵਨ ਵੱਲ ਜਿਸ ਨੂੰ ਮੈਂ ਤੇਰੇ ਨਾਮ ਲਈ ਬਣਾਇਆ ਹੈ ਤੇਰੇ ਅੱਗੇ ਬੇਨਤੀ ਕਰਨ ੩੫ ਤਾਂ ਤੂੰ ਸਵਰਗ ਉੱਤੋਂ ਉਨ੍ਹਾਂ ਦੀ ਪ੍ਰਾਰਥਨਾ ਤੇ ਬੇਨਤੀ ਸੁਣ ਕੇ ਉਨ੍ਹਾਂ ਦੇ ਹੱਕ ਦਾ ਨਿਆਂ ਕਰੀਂ ੩੬ ਜੇਕਰ ਉਹ ਤੇਰਾ ਪਾਪ ਕਰਨ ਕਿਉਂ ਜੋ ਕੋਈ ਮਨੁੱਖ ਨਹੀਂ ਜੋ ਪਾਪ ਨਾ ਕਰਦਾ ਹੋਵੇ ਅਤੇ ਤੂੰ ਉਨ੍ਹਾਂ ਤੋਂ ਨਰਾਜ ਹੋ ਕੇ ਉਨ੍ਹਾਂ ਨੂੰ ਵੈਰੀ ਦੇ ਹਵਾਲੇ ਕਰ ਦੇਵੇਂ ਅਤੇ ਉਹ ਵੈਰੀ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਦੂਰ ਜਾਂ ਨੇੜੇ ਦੇ ਦੇਸ ਵਿੱਚ ਲੈ ਜਾਵੇ ੩੭ ਤਦ ਵੀ ਜੇਕਰ ਉਹ ਉਸ ਦੇਸ ਵਿੱਚ ਜਿੱਥੇ ਉਹ ਗ਼ੁਲਾਮੀ ਵਿੱਚ ਹੋਣ ਤੇਰਾ ਧਿਆਨ ਧਾਰ ਕੇ ਫਿਰਨ ਅਤੇ ਆਪਣੀ ਗ਼ੁਲਾਮੀ ਦੇ ਦੇਸ ਵਿੱਚ ਤੇਰੇ ਅੱਗੇ ਇਹ ਆਖ ਕੇ ਬੇਨਤੀ ਕਰਨ ਕਿ ਅਸੀਂ ਪਾਪ ਕੀਤਾ, ਅਸੀਂ ਅਪਰਾਧ ਕੀਤਾ ਅਤੇ ਅਸੀਂ ਬਦੀ ਕੀਤੀ ੩੮ ਸੋ ਜੇ ਉਹ ਉਸ ਗ਼ੁਲਾਮੀ ਦੇ ਦੇਸ ਵਿੱਚੋਂ ਜਿੱਥੇ ਉਹ ਬੰਧੂਏ ਹੋ ਕੇ ਲਿਆਏ ਗਏ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਤੇਰੀ ਵੱਲ ਮੁੜਨ ਅਤੇ ਆਪਣੇ ਇਸ ਦੇਸ ਵੱਲ ਜੋ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤਾ ਅਤੇ ਉਸ ਸ਼ਹਿਰ ਵੱਲ ਜੋ ਤੂੰ ਚੁਣਿਆ ਅਤੇ ਇਸ ਭਵਨ ਵੱਲ ਜੋ ਮੈਂ ਤੇਰੇ ਲਈ ਬਣਾਇਆ ਬੇਨਤੀ ਕਰਨ ੩੯ ਤਾਂ ਤੂੰ ਆਪਣੇ ਸਵਰਗੀ ਭਵਨ ਤੋਂ ਉਨ੍ਹਾਂ ਦੀ ਪ੍ਰਾਰਥਨਾ ਤੇ ਬੇਨਤੀ ਨੂੰ ਸੁਣੀਂ ਅਤੇ ਉਨ੍ਹਾਂ ਦੇ ਹੱਕ ਦਾ ਨਿਆਂ ਕਰੀਂ ਅਤੇ ਆਪਣੀ ਪਰਜਾ ਨੂੰ ਜਿਸ ਤੇਰਾ ਪਾਪ ਕੀਤਾ ਹੈ ਮਾਫ਼ ਕਰੀਂ ੪੦ ਸੋ ਹੇ ਮੇਰੇ ਪਰਮੇਸ਼ੁਰ, ਹੁਣ ਉਸ ਪ੍ਰਾਰਥਨਾ ਵੱਲ ਜੋ ਇਸ ਸਥਾਨ ਉੱਤੇ ਕੀਤੀ ਜਾਵੇ ਤੇਰੀਆਂ ਅੱਖਾਂ ਖੁੱਲੀਆਂ ਰਹਿਣ ਤੇ ਤੇਰੇ ਕੰਨ ਲੱਗੇ ਰਹਿਣ ੪੧ ਹੇ ਯਹੋਵਾਹ ਪਰਮੇਸ਼ੁਰ, ਤੂੰ ਆਪਣੀ ਸ਼ਕਤੀ ਦੇ ਸੰਦੂਕ ਸਣੇ ਉੱਠ ਕੇ ਆਪਣੇ ਵਿਸਰਾਮ ਸਥਾਨ ਵਿੱਚ ਚੱਲ ! ਹੇ ਯਹੋਵਾਹ ਪਰਮੇਸ਼ੁਰ, ਤੇਰੇ ਜਾਜਕਾਂ ਨੂੰ ਸ਼ਕਤੀ ਪਹਿਨਾਈ ਜਾਵੇ ਅਤੇ ਤੇਰੇ ਸੰਤ ਜਨ ਤੇਰੀ ਭਲਿਆਈ ਵਿੱਚ ਅਨੰਦ ਹੋਣ l ੪੨ ਹੇ ਯਹੋਵਾਹ ਪਰਮੇਸ਼ੁਰ, ਤੂੰ ਆਪਣਾ ਮੂੰਹ ਆਪਣੇ ਮਸਹ ਕੀਤੇ ਹੋਏ ਤੋਂ ਨਾ ਮੋੜੀਂ । ਤੂੰ ਆਪਣੇ ਦਾਸ ਦਾਊਦ ਉੱਤੇ ਆਪਣੀ ਦਯਾ ਨੂੰ ਚੇਤੇ ਰੱਖੀਂ ।