ਹੈਕਲ ਦਾ ਸਮਰਪਣ
(1 ਰਾਜਿਆਂ 8:62-66)
੧ ਜਦ ਸੁਲੇਮਾਨ ਪ੍ਰਾਰਥਨਾ ਕਰ ਚੁੱਕਿਆ, ਤਾਂ ਆਕਾਸ਼ ਉੱਤੋਂ ਅੱਗ ਉੱਤਰੀ ਅਤੇ ਹੋਮ ਦੀ ਭੇਟ ਤੇ ਬਲੀਆਂ ਨੂੰ ਭੱਖ ਲਿਆ ਅਤੇ ਉਹ ਭਵਨ ਯਹੋਵਾਹ ਦੇ ਪਰਤਾਪ ਨਾਲ ਭਰ ਗਿਆ ੨ ਤਾਂ ਜਾਜਕ ਯਹੋਵਾਹ ਦੇ ਭਵਨ ਦੇ ਅੰਦਰ ਨਾ ਜਾ ਸਕੇ ਕਿਉਂ ਜੋ ਯਹੋਵਾਹ ਦਾ ਭਵਨ ਯਹੋਵਾਹ ਦੇ ਪਰਤਾਪ ਨਾਲ ਭਰ ਗਿਆ ਸੀ । ੩ ਜਦੋਂ ਅੱਗ ਉੱਤਰੀ ਅਤੇ ਯਹੋਵਾਹ ਦਾ ਪਰਤਾਪ ਉਸ ਭਵਨ ਉੱਤੇ ਸੀ ਤਾਂ ਸਾਰੇ ਇਸਰਾਏਲੀ ਵੇਖ ਰਹੇ ਸਨ ਸੋ ਉਨ੍ਹਾਂ ਨੇ ਉੱਥੇ ਹੀ ਧਰਤੀ ਉੱਤੇ ਮੂੰਹ ਪਰਨੇ ਫਰਸ਼ ਤੇ ਡਿੱਗ ਕੇ ਮੱਥਾ ਟੇਕਿਆ ਅਤੇ ਯਹੋਵਾਹ ਦਾ ਧੰਨਵਾਦ ਕੀਤਾ ਕਿ ਉਹ ਭਲਾ ਹੈ, ਉਸ ਦੀ ਦਯਾ ਜੋ ਸਦਾ ਦੀ ਹੈ ! ੪ ਤਦ ਪਾਤਸ਼ਾਹ ਤੇ ਸਾਰੀ ਪਰਜਾ ਨੇ ਯਹੋਵਾਹ ਦੇ ਸਾਹਮਣੇ ਬਲੀਆਂ ਚੜ੍ਹਾਈਆਂ ੫ ਅਤੇ ਸੁਲੇਮਾਨ ਪਾਤਸ਼ਾਹ ਨੇ ਬਾਈ ਹਜ਼ਾਰ ਬਲ਼ਦਾਂ ਤੇ ਇੱਕ ਲੱਖ ਵੀਹ ਹਜ਼ਾਰ ਭੇਡਾਂ ਬੱਕਰੀਆਂ ਦੀ ਭੇਟ ਚੜ੍ਹਾਈ ਐਉਂ ਪਾਤਸ਼ਾਹ ਨੇ ਅਤੇ ਸਾਰੀ ਪਰਜਾ ਨੇ ਪਰਮੇਸ਼ੁਰ ਦੇ ਭਵਨ ਨੂੰ ਅਰਪਣ ਕੀਤਾ ੬ ਅਤੇ ਜਾਜਕ ਆਪਣੇ-ਆਪਣੇ ਕੰਮਾਂ ਅਨੁਸਾਰ ਖੜ੍ਹੇ ਸਨ ਅਤੇ ਲੇਵੀ ਵੀ ਯਹੋਵਾਹ ਲਈ ਗਾਉਣ ਵਜਾਉਣ ਦੇ ਸਾਜ਼ ਲੈ ਕੇ ਖੜ੍ਹੇ ਸਨ ਜਿਨ੍ਹਾਂ ਨੂੰ ਦਾਊਦ ਪਾਤਸ਼ਾਹ ਨੇ ਯਹੋਵਾਹ ਦਾ ਧੰਨਵਾਦ ਕਰਨ ਲਈ ਬਣਾਇਆ ਸੀ ਤਾਂ ਜੋ ਉਨ੍ਹਾਂ ਸਲਾਹੁਤਾਂ ਦੇ ਰਾਹੀਂ ਪਰਮੇਸ਼ੁਰ ਦਾ ਧੰਨਵਾਦ ਕੀਤਾ ਜਾਵੇ ਕਿਉਂ ਜੋ ਉਸ ਦੀ ਦਯਾ ਸਦਾ ਦੀ ਹੈ ਅਤੇ ਜਾਜਕ ਉਨ੍ਹਾਂ ਦੇ ਅੱਗੇ ਨਰਸਿੰਗੇ ਫੂਕਦੇ ਰਹੇ ਅਤੇ ਸਾਰੇ ਇਸਰਾਏਲੀ ਖੜ੍ਹੇ ਰਹੇ ੭ ਤਾਂ ਸੁਲੇਮਾਨ ਨੇ ਉਸ ਵਿਹੜੇ ਦੇ ਵਿਚਲੇ ਹਿੱਸੇ ਨੂੰ ਜੋ ਯਹੋਵਾਹ ਦੇ ਭਵਨ ਦੇ ਸਾਹਮਣੇ ਸੀ ਪਵਿੱਤਰ ਕੀਤਾ ਕਿਉਂ ਜੋ ਉਸ ਨੇ ਉੱਥੇ ਹੋਮ ਦੀਆਂ ਬਲੀਆਂ ਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜ੍ਹਾਈ ਇਸ ਲਈ ਜੋ ਉਸ ਪਿੱਤਲ ਦੀ ਜਗਵੇਦੀ ਉੱਤੇ ਜਿਸ ਨੂੰ ਸੁਲੇਮਾਨ ਨੇ ਬਣਾਇਆ ਸੀ ਹੋਮ ਬਲੀ ਅਤੇ ਮੈਦੇ ਦੀ ਭੇਟ ਅਤੇ ਚਰਬੀ ਲਈ ਥਾਂ ਨਹੀਂ ਸੀ ੮ ਐਉਂ ਸੁਲੇਮਾਨ ਨੇ ਉਸ ਵੇਲੇ ਸਾਰੇ ਇਸਰਾਏਲ ਸਣੇ ਜੋ ਇੱਕ ਬਹੁਤ ਵੱਡੀ ਸਭਾ ਸੀ ਹਮਾਥ ਦੇ ਲਾਂਘੇ ਤੋਂ ਮਿਸਰ ਦੀ ਨਦੀ ਤੱਕ ਉਸ ਪਰਬ ਨੂੰ ਸੱਤਾਂ ਦਿਨਾਂ ਤੱਕ ਮਨਾਇਆ ੯ ਅਤੇ ਅੱਠਵੇਂ ਦਿਨ ਉਨ੍ਹਾਂ ਨੇ ਸ਼੍ਰੋਮਣੀ ਸਭਾ ਕੀਤੀ ਇਸ ਲਈ ਜੋ ਉਹ ਸੱਤ ਦਿਨਾਂ ਤੱਕ ਉਸ ਜਗਵੇਦੀ ਦਾ ਅਰਪਣ ਕਰਦੇ ਰਹੇ ਅਤੇ ਪਰਬ ਮਨਾਉਂਦੇ ਰਹੇ ੧੦ ਅਤੇ ਸੱਤਵੇਂ ਮਹੀਨੇ ਦੀ ਤੇਈਵੀਂ ਤਰੀਖ ਨੂੰ ਉਸ ਨੇ ਲੋਕਾਂ ਨੂੰ ਉਨ੍ਹਾਂ ਦੇ ਤੰਬੂਆਂ ਨੂੰ ਤੋਰ ਦਿੱਤਾ ਸੋ ਉਹ ਉਸ ਭਲਿਆਈ ਦੇ ਕਾਰਨ ਜੋ ਯਹੋਵਾਹ ਨੇ ਦਾਊਦ ਅਤੇ ਸੁਲੇਮਾਨ ਅਤੇ ਆਪਣੀ ਪਰਜਾ ਇਸਰਾਏਲ ਨਾਲ ਕੀਤੀ ਸੀ ਖੁਸ਼ ਤੇ ਪਰਸੰਨ ਹੋਏ ।
ਰਾਜਾ ਸੁਲੇਮਾਨ ਨੂੰ ਪਰਮੇਸ਼ੁਰ ਦਾ ਦੁਬਾਰਾ ਦਰਸ਼ਣ
(1 ਰਾਜਿਆਂ 9:1-9)
੧੧ ਇਸ ਤਰ੍ਹਾਂ ਸੁਲੇਮਾਨ ਨੇ ਯਹੋਵਾਹ ਦੇ ਭਵਨ ਅਤੇ ਪਾਤਸ਼ਾਹ ਦੇ ਮਹਿਲ ਨੂੰ ਸੰਪੂਰਨ ਕੀਤਾ ਅਤੇ ਜੋ ਕੁਝ ਸੁਲੇਮਾਨ ਦੇ ਦਿਲ ਵਿੱਚ ਆਇਆ ਕਿ ਯਹੋਵਾਹ ਦੇ ਭਵਨ ਅਤੇ ਆਪਣੇ ਮਹਿਲ ਲਈ ਬਣਾਵੇ ਸੋ ਚੰਗੀ ਤਰ੍ਹਾਂ ਸਫ਼ਲ ਹੋਇਆ ੧੨ ਤਾਂ ਯਹੋਵਾਹ ਨੇ ਰਾਤ ਨੂੰ ਸੁਲੇਮਾਨ ਨੂੰ ਦਰਸ਼ਣ ਦਿੱਤਾ ਅਤੇ ਉਸ ਨੂੰ ਆਖਿਆ ਕਿ ਮੈਂ ਤੇਰੀ ਪ੍ਰਾਰਥਨਾ ਸੁਣ ਲਈ ਅਤੇ ਇਸ ਥਾਂ ਨੂੰ ਆਪਣੇ ਲਈ ਚੁਣ ਲਿਆ ਹੈ ਕਿ ਇਹ ਬਲੀਦਾਨ ਲਈ ਭਵਨ ਹੋਵੇ ੧੩ ਜੇ ਮੈਂ ਆਕਾਸ਼ ਨੂੰ ਕਦੀ ਬੰਦ ਕਰ ਦੇਵਾਂ ਕਿ ਮੀਂਹ ਨਾ ਪਵੇ ਜਾਂ ਟਿੱਡੀਆਂ ਨੂੰ ਹੁਕਮ ਦੇਵਾਂ ਕਿ ਦੇਸ ਨੂੰ ਚੱਟ ਲਵੇ ਜਾਂ ਆਪਣੀ ਪਰਜਾ ਦੇ ਵਿੱਚ ਬਿਮਾਰੀ ਭੇਜਾਂ ੧੪ ਅਤੇ ਜੇ ਮੇਰੀ ਪਰਜਾ ਜੋ ਮੇਰੇ ਨਾਮ ਤੇ ਕਹਾਉਂਦੀ ਹੈ ਅਧੀਨ ਹੋ ਕੇ ਪ੍ਰਾਰਥਨਾ ਕਰੇ ਅਤੇ ਮੇਰੇ ਦਰਸ਼ਣ ਦੀ ਚਾਹਵੰਦ ਹੋਵੇ ਅਤੇ ਆਪਣੇ ਭੈੜੇ ਰਾਹ ਤੋਂ ਮੁੜੇ ਤਾਂ ਮੈਂ ਸਵਰਗ ਉੱਤੋਂ ਸੁਣ ਕੇ ਉਨ੍ਹਾਂ ਦੇ ਪਾਪ ਮਾਫ਼ ਕਰਾਂਗਾ ਅਤੇ ਉਨ੍ਹਾਂ ਦੇ ਦੇਸ ਨੂੰ ਬਹਾਲ ਕਰ ਦਿਆਂਗਾ ੧੫ ਹੁਣ ਜਿਹੜੀ ਪ੍ਰਾਰਥਨਾ ਇਸ ਥਾਂ ਕੀਤੀ ਜਾਵੇਗੀ ਉਸ ਉੱਤੇ ਮੇਰੀਆਂ ਅੱਖਾਂ ਖੁੱਲ੍ਹੀਆਂ ਰਹਿਣਗੀਆਂ ਅਤੇ ਮੇਰੇ ਕੰਨ ਲੱਗੇ ਰਹਿਣਗੇ ੧੬ ਕਿਉਂ ਜੋ ਹੁਣ ਮੈਂ ਇਸ ਭਵਨ ਨੂੰ ਚੁਣਿਆ ਤੇ ਪਵਿੱਤਰ ਕੀਤਾ ਹੈ ਤਾਂ ਜੋ ਮੇਰਾ ਨਾਮ ਸਦਾ ਉੱਥੇ ਰਹੇ ਅਤੇ ਮੇਰੀਆਂ ਅੱਖਾਂ ਅਤੇ ਮੇਰਾ ਦਿਲ ਸਾਰੇ ਦਿਨਾਂ ਤੱਕ ਉੱਥੇ ਲੱਗੇ ਰਹਿਣਗੇ ੧੭ ਅਤੇ ਜੇ ਤੂੰ ਮੇਰੇ ਸਨਮੁਖ ਉਸੇ ਤਰ੍ਹਾਂ ਚੱਲੇਂਗਾ ਜਿਵੇਂ ਤੇਰਾ ਪਿਤਾ ਦਾਊਦ ਚੱਲਦਾ ਰਿਹਾ ਅਤੇ ਜੋ ਹੁਕਮ ਮੈਂ ਤੈਨੂੰ ਦਿੱਤਾ ਉਸ ਦੇ ਅਨੁਸਾਰ ਕੰਮ ਕਰੇਂ ਅਤੇ ਮੇਰੀਆਂ ਬਿਧੀਆਂ ਅਤੇ ਨਿਆਵਾਂ ਦੀ ਪਾਲਣਾ ਕਰੇਂ ੧੮ ਤਾਂ ਮੈਂ ਤੇਰੀ ਰਾਜ ਗੱਦੀ ਨੂੰ ਕਾਇਮ ਰੱਖਾਂਗਾ ਜਿਵੇਂ ਮੈਂ ਤੇਰੇ ਪਿਤਾ ਦਾਊਦ ਨਾਲ ਨੇਮ ਕੀਤਾ ਕਿ ਇਸਰਾਏਲ ਵਿੱਚ ਹਾਕਮ ਬਣਨ ਲਈ ਤੈਨੂੰ ਮਨੁੱਖ ਦੀ ਥੁੜ ਕਦੇ ਨਾ ਹੋਵੇਗੀ ੧੯ ਪਰ ਜੇ ਤੁਸੀਂ ਬੇਮੁੱਖ ਹੋ ਜਾਓ ਅਤੇ ਮੇਰੀਆਂ ਬਿਧੀਆਂ ਤੇ ਹੁਕਮਾਂ ਨੂੰ ਜੋ ਮੈਂ ਤੁਹਾਡੇ ਅੱਗੇ ਰੱਖੇ ਹਨ ਛੱਡ ਦਿਓ ਅਤੇ ਜਾ ਕੇ ਦੂਜੇ ਦੇਵਤਿਆਂ ਦੀ ਪੂਜਾ ਕਰੋ ਅਤੇ ਉਨ੍ਹਾਂ ਨੂੰ ਮੱਥਾ ਟੇਕੋ ੨੦ ਤਾਂ ਮੈਂ ਉਨ੍ਹਾਂ ਨੂੰ ਮੇਰੀ ਭੂਮੀ ਉੱਤੋਂ ਜੋ ਮੈਂ ਉਨ੍ਹਾਂ ਨੂੰ ਦਿੱਤੀ ਜੜ੍ਹ ਤੋਂ ਪੁੱਟ ਸੁੱਟਾਂਗਾ ਅਤੇ ਇਸ ਭਵਨ ਨੂੰ ਜਿਸ ਨੂੰ ਮੈਂ ਆਪਣੇ ਨਾਮ ਦੇ ਲਈ ਪਵਿੱਤਰ ਕੀਤਾ ਆਪਣੀ ਨਿਗਾਹ ਤੋਂ ਲਾਹ ਸੁੱਟਾਂਗਾ ਅਤੇ ਇਸ ਨੂੰ ਸਾਰਿਆਂ ਲੋਕਾਂ ਵਿੱਚ ਇੱਕ ਕਹਾਉਤ ਤੇ ਮਖੌਲ ਬਣਾ ਦਿਆਂਗਾ ੨੧ ਭਾਵੇਂ ਇਹ ਭਵਨ ਅੱਤ ਉੱਚਾ ਹੈ ਪਰ ਹਰ ਲੰਘਣ ਵਾਲਾ ਅਚਰਜ ਹੋ ਕੇ ਆਖੇਗਾ ਕਿ ਯਹੋਵਾਹ ਨੇ ਇਸ ਭਵਨ ਅਤੇ ਇਸ ਦੇਸ ਨਾਲ ਇਹੋ ਜਿਹਾ ਕਿਉਂ ਕੀਤਾ ? ੨੨ ਤਦ ਉਹ ਆਖਣਗੇ, ਇਸ ਲਈ ਉਨ੍ਹਾਂ ਨੇ ਯਹੋਵਾਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੂੰ ਜੋ ਉਨ੍ਹਾਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਸੀ ਛੱਡ ਦਿੱਤਾ ਅਤੇ ਦੂਜੇ ਦੇਵਤਿਆਂ ਦੇ ਮਗਰ ਲੱਗੇ ਅਤੇ ਉਹਨਾਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਦੀ ਪੂਜਾ ਕੀਤੀ, ਇਸ ਲਈ ਯਹੋਵਾਹ ਉਨ੍ਹਾਂ ਉੱਤੇ ਇਹ ਸਾਰੀ ਬੁਰਿਆਈ ਲਿਆਇਆ ਹੈ ।