੩੫
ਪਸਾਹ ਦਾ ਤਿਉਹਾਰ ਮਨਾਉਣਾ
(2 ਰਾਜਿਆਂ 23:21-23)
੧ ਯੋਸੀਯਾਹ ਨੇ ਯਰੂਸ਼ਲਮ ਵਿੱਚ ਯਹੋਵਾਹ ਲਈ ਪਸਾਹ ਕੀਤੀ ਅਤੇ ਉਨ੍ਹਾਂ ਨੇ ਪਹਿਲੇ ਮਹੀਨੇ ਦੀ ਚੌਧਵੀਂ ਤਰੀਖ਼ ਨੂੰ ਪਸਾਹ ਕੱਟਿਆ । ੨ ਉਸ ਨੇ ਜਾਜਕਾਂ ਨੂੰ ਉਨ੍ਹਾਂ ਦੀ ਜੁੰਮੇਵਾਰੀ ਉੱਤੇ ਖੜ੍ਹਾ ਕੀਤਾ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਦੀ ਸੇਵਾ ਲਈ ਤਕੜਾ ਕੀਤਾ ੩ ਅਤੇ ਉਸ ਨੇ ਲੇਵੀਆਂ ਨੂੰ ਜਿਹੜੇ ਯਹੋਵਾਹ ਲਈ ਪਵਿੱਤਰ ਹੋ ਕੇ ਸਾਰੇ ਇਸਰਾਏਲ ਨੂੰ ਸਿੱਖਿਆ ਦਿੰਦੇ ਸਨ ਕਿ ਪਵਿੱਤਰ ਸੰਦੂਕ ਨੂੰ ਉਸ ਭਵਨ ਵਿੱਚ ਜਿਸ ਨੂੰ ਦਾਊਦ ਦੇ ਪੁੱਤਰ ਸੁਲੇਮਾਨ ਇਸਰਾਏਲ ਦੇ ਪਾਤਸ਼ਾਹ ਨੇ ਬਣਾਇਆ ਹੈ ਰੱਖੋ ਤਾਂ ਅੱਗੇ ਨੂੰ ਤੁਹਾਡਿਆਂ ਮੋਢਿਆਂ ਉੱਤੇ ਕੋਈ ਭਾਰ ਨਹੀਂ ਹੋਵੇਗਾ । ਸੋ ਹੁਣ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਅਤੇ ਉਸ ਦੀ ਪਰਜਾ ਇਸਰਾਏਲ ਦੀ ਸੇਵਾ ਕਰੋ । ੪ ਆਪਣੇ ਪਿਉ-ਦਾਦਿਆਂ ਦੇ ਘਰਾਣਿਆਂ ਅਤੇ ਆਪਣੀਆਂ ਵਾਰੀਆਂ ਅਨੁਸਾਰ ਜਿਵੇਂ ਇਸਰਾਏਲ ਦੇ ਪਾਤਸ਼ਾਹ ਦਾਊਦ ਨੂੰ ਲਿਖਿਆ ਹੈ ਅਤੇ ਉਸ ਦੇ ਪੁੱਤਰ ਸੁਲੇਮਾਨ ਨੇ ਲਿਖਿਆ ਹੈ ਆਪਣੇ ਆਪ ਨੂੰ ਤਿਆਰ ਕਰ ਲਵੋ ੫ ਅਤੇ ਤੁਸੀਂ ਪਵਿੱਤਰ ਸਥਾਨ ਵਿੱਚ ਪਿਤਰਾਂ ਦੇ ਘਰਾਣਿਆਂ ਦੀ ਵੰਡ ਅਨੁਸਾਰ ਅਤੇ ਆਪਣੇ ਭਰਾਵਾਂ ਆਮ ਲੋਕਾਂ ਦੇ ਅਨੁਸਾਰ ਖੜ੍ਹੇ ਹੋਵੋ ਅਤੇ ਲੇਵੀਆਂ ਦੇ ਪਿਤਰਾਂ ਦੇ ਘਰਾਣੇ ਦਾ ਹਿੱਸਾ ਹਰੇਕ ਲਈ ਹੋਵੇ ੬ ਅਤੇ ਪਸਾਹ ਨੂੰ ਕੱਟੋ ਅਤੇ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਯਹੋਵਾਹ ਦੇ ਵਾਕ ਅਨੁਸਾਰ ਜੋ ਮੂਸਾ ਦੇ ਰਾਹੀਂ ਆਇਆ ਸੀ ਆਪਣੇ ਭਰਾਵਾਂ ਨੂੰ ਪੂਰਾ ਕਰਨ ਲਈ ਤਿਆਰ ਕਰੋ । ੭ ਯੋਸੀਯਾਹ ਨੇ ਆਮ ਲੋਕਾਂ ਲਈ ਜਿੰਨੇ ਉੱਥੇ ਸਨ ਇੱਜੜ ਵਿੱਚੋਂ ਛੱਤ੍ਰੇ ਲੇਲੇ ਪਸਾਹ ਲਈ ਦਿੱਤੇ ਜਿਹੜੇ ਗਿਣਤੀ ਵਿੱਚ ਤੀਹ ਹਜ਼ਾਰ ਸਨ ਅਤੇ ਤਿੰਨ ਹਜ਼ਾਰ ਵਹਿੜੇ । ਇਹ ਸਾਰੇ ਸ਼ਾਹੀ ਮਾਲ ਵਿੱਚੋਂ ਸਨ । ੮ ਉਸ ਦੇ ਸਰਦਾਰਾਂ ਨੇ ਖੁਸ਼ੀ ਦੇ ਚੜ੍ਹਾਵੇ ਲੋਕਾਂ ਲਈ ਅਤੇ ਜਾਜਕਾਂ ਅਤੇ ਲੇਵੀਆਂ ਲਈ ਦਿੱਤੇ ਅਤੇ ਹਿਲਕੀਯਾਹ ਅਤੇ ਜ਼ਕਰਯਾਹ ਅਤੇ ਯਹੀਏਲ ਨੇ ਜਿਹੜੇ ਪਰਮੇਸ਼ੁਰ ਦੇ ਭਵਨ ਦੇ ਹਾਕਮ ਸਨ ਜਾਜਕਾਂ ਨੂੰ ਪਸਾਹ ਲਈ ਦੋ ਹਜ਼ਾਰ ਛੇ ਸੌ ਭੇਡਾਂ ਬੱਕਰੀਆਂ ਅਤੇ ਤਿੰਨ ਸੌ ਵਹਿੜੇ ਦਿੱਤੇ ੯ ਅਤੇ ਕਾਨਨਯਾਹ, ਸ਼ਮਆਯਾਹ ਅਤੇ ਨਥਨਏਲ, ਉਸ ਦੇ ਭਰਾ ਅਤੇ ਹਸ਼ਬਯਾਹ ਅਤੇ ਯਹੀਏਲ ਅਤੇ ਯੋਜ਼ਾਬਾਦ ਲੇਵੀਆਂ ਦੇ ਸਰਦਾਰਾਂ ਨੇ ਪਸਾਹ ਲਈ ਲੇਵੀਆਂ ਨੂੰ ਪੰਜ ਹਜ਼ਾਰ ਭੇਡਾਂ ਬੱਕਰੀਆਂ ਅਤੇ ਪੰਜ ਸੌ ਵਹਿੜੇ ਦਿੱਤੇ । ੧੦ ਸੋ ਉਪਾਸਨਾ ਦਾ ਕੰਮ ਪੂਰਾ ਹੋਇਆ, ਤਾਂ ਜਾਜਕ ਆਪਣੇ ਥਾਂ ਅਤੇ ਲੇਵੀ ਆਪਣੀ ਆਪਣੀ ਵਾਰੀ ਉੱਤੇ ਪਾਤਸ਼ਾਹ ਦੇ ਹੁਕਮ ਅਨੁਸਾਰ ਖੜ੍ਹੇ ਹੋ ਗਏ । ੧੧ ਉਨ੍ਹਾਂ ਨੇ ਪਸਾਹ ਨੂੰ ਕੱਟਿਆ ਅਤੇ ਜਾਜਕਾਂ ਨੇ ਉਨ੍ਹਾਂ ਦੇ ਹੱਥੋਂ ਲਹੂ ਲੈ ਕੇ ਛਿੜਕਿਆ ਅਤੇ ਲੇਵੀਆਂ ਨੇ ਖੱਲਾਂ ਲਾਹੀਆਂ ੧੨ ਤਾਂ ਉਹ ਹੋਮ ਬਲੀਆਂ ਨੂੰ ਲੈ ਗਏ ਅਤੇ ਆਮ ਲੋਕਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਦੀ ਵੰਡ ਅਨੁਸਾਰ ਯਹੋਵਾਹ ਦੇ ਹਜ਼ੂਰ ਭੇਟ ਚੜ੍ਹਾਉਣ ਲਈ ਉਨ੍ਹਾਂ ਨੂੰ ਦਿੱਤਾ ਜਿਵੇਂ ਮੂਸਾ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਅਤੇ ਏਵੇਂ ਹੀ ਉਨ੍ਹਾਂ ਨੇ ਵਹਿੜਿਆਂ ਨਾਲ ਕੀਤਾ । ੧੩ ਉਨ੍ਹਾਂ ਨੇ ਪਸਾਹ ਨੂੰ ਬਿਧੀ ਦੇ ਅਨੁਸਾਰ ਅੱਗ ਉੱਤੇ ਭੁੰਨਿਆ ਅਤੇ ਪਵਿੱਤਰ ਭੇਟਾਂ ਉਨ੍ਹਾਂ ਨੇ ਦੇਗਾਂ, ਤਉੜੀਆਂ ਅਤੇ ਕੜਾਹੀਆਂ ਵਿੱਚ ਪਕਾਈਆਂ ਅਤੇ ਉਨ੍ਹਾਂ ਨੂੰ ਆਮ ਲੋਕਾਂ ਤੱਕ ਛੇਤੀ ਨਾਲ ਪੁਚਾ ਦਿੱਤਾ । ੧੪ ਇਸ ਦੇ ਮਗਰੋਂ ਉਨ੍ਹਾਂ ਨੇ ਆਪਣੇ ਲਈ ਅਤੇ ਜਾਜਕਾਂ ਲਈ ਤਿਆਰ ਕੀਤਾ ਕਿਉਂ ਜੋ ਹਾਰੂਨ ਦੀ ਵੰਸ ਦੇ ਜਾਜਕ ਹੋਮ ਬਲੀਆਂ ਅਤੇ ਚਰਬੀ ਚੜ੍ਹਾਉਣ ਲਈ ਰਾਤ ਤੱਕ ਲੱਗੇ ਰਹੇ ਸੋ ਲੇਵੀਆਂ ਨੇ ਆਪਣੇ ਲਈ ਅਤੇ ਹਾਰੂਨ ਦੀ ਵੰਸ ਦੇ ਜਾਜਕਾਂ ਲਈ ਤਿਆਰ ਕੀਤਾ, ੧੫ ਅਤੇ ਆਸਾਫ ਦੀ ਵੰਸ ਦੇ ਗਵੱਯੇ ਦਾਊਦ ਅਤੇ ਆਸਾਫ ਅਤੇ ਹੇਮਾਨ ਅਤੇ ਪਾਤਸ਼ਾਹ ਦੇ ਗੈਬਦਾਨ ਯਦੂਥੁਨ ਦੇ ਹੁਕਮ ਅਨੁਸਾਰ ਆਪਣੀ ਆਪਣੀ ਥਾਂ ਉੱਤੇ ਖੜ੍ਹੇ ਸਨ ਅਤੇ ਹਰ ਫਾਟਕ ਉੱਤੇ ਦਰਬਾਨ ਸਨ ਅਤੇ ਉਨ੍ਹਾਂ ਨੂੰ ਆਪਣੀ ਟਹਿਲ ਸੇਵਾ ਤੋਂ ਅੱਡ ਹੋਣਾ ਨਾ ਪਿਆ ਕਿਉਂ ਜੋ ਉਨ੍ਹਾਂ ਦੇ ਭਰਾਵਾਂ ਲੇਵੀਆਂ ਨੇ ਉਨ੍ਹਾਂ ਲਈ ਤਿਆਰ ਕੀਤਾ । ੧੬ ਸੋ ਉਸ ਦਿਨ ਯੋਸੀਯਾਹ ਪਾਤਸ਼ਾਹ ਦੇ ਹੁਕਮ ਅਨੁਸਾਰ ਪਸਾਹ ਕਰਨ ਲਈ ਅਤੇ ਯਹੋਵਾਹ ਦੀ ਜਗਵੇਦੀ ਉੱਤੇ ਹੋਮ ਬਲੀ ਚੜ੍ਹਾਉਣ ਲਈ ਯਹੋਵਾਹ ਦੀ ਉਪਾਸਨਾ ਦਾ ਸਾਰਾ ਕੰਮ ਪੂਰਾ ਕੀਤਾ ਗਿਆ । ੧੭ ਇਸਰਾਏਲੀਆਂ ਨੇ ਜਿਹੜੇ ਹਾਜ਼ਰ ਸਨ ਉਸ ਵੇਲੇ ਪਸਾਹ ਨੂੰ ਅਤੇ ਪਤੀਰੀ ਰੋਟੀ ਦੇ ਪਰਬ ਨੂੰ ਸੱਤਾਂ ਦਿਨਾਂ ਤੱਕ ਮਨਾਇਆ । ੧੮ ਇਹੋ ਜੇਹੀ ਪਸਾਹ ਇਸਰਾਏਲ ਵਿੱਚ ਸਮੂਏਲ ਨਬੀ ਦੇ ਦਿਨਾਂ ਤੋਂ ਨਹੀਂ ਮਨਾਈ ਗਈ ਅਤੇ ਇਸਰਾਏਲ ਦੇ ਕਿਸੇ ਪਾਤਸ਼ਾਹ ਨੇ ਇਹੋ ਜੇਹੀ ਪਸਾਹ ਨਹੀਂ ਮਨਾਈ ਜਿਹੜੀ ਯੋਸੀਯਾਹ ਅਤੇ ਜਾਜਕਾਂ ਅਤੇ ਲੇਵੀਆਂ ਅਤੇ ਸਾਰੇ ਯਹੂਦਾਹ ਅਤੇ ਇਸਰਾਏਲ ਜਿਹੜੇ ਹਾਜ਼ਰ ਸਨ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਮਨਾਈ । ੧੯ ਇਹ ਪਸਾਹ ਯੋਸੀਯਾਹ ਦੇ ਰਾਜ ਦੇ ਅਠਾਰਵੇਂ ਸਾਲ ਮਨਾਈ ਗਈ ।
ਯੋਸੀਯਾਹ ਦੇ ਰਾਜ ਦਾ ਅੰਤ ਅਤੇ ਉਸ ਦੀ ਮੌਤ
(2 ਰਾਜਿਆਂ 23:28-30)
੨੦ ਇਸ ਸਾਰੇ ਦੇ ਮਗਰੋਂ ਜਦ ਯੋਸੀਯਾਹ ਭਵਨ ਨੂੰ ਪੂਰਾ ਕਰ ਚੁੱਕਿਆ ਤਾਂ ਮਿਸਰ ਦੇ ਰਾਜੇ ਨਕੋ ਨੇ ਕਰਕਮੀਸ਼ ਦੇ ਵਿਰੁੱਧ ਜੋ ਫਰਾਤ ਉੱਤੇ ਹੈ ਲੜਨ ਲਈ ਚੜ੍ਹਾਈ ਕੀਤੀ ਤਾਂ ਯੋਸੀਯਾਹ ਉਸ ਦੇ ਟਾਕਰੇ ਲਈ ਬਾਹਰ ਨਿੱਕਲਿਆ । ੨੧ ਪਰ ਉਸ ਨੇ ਉਹ ਦੇ ਕੋਲ ਦੂਤਾਂ ਦੇ ਰਾਹੀਂ ਸੰਦੇਸ਼ ਭੇਜਿਆ ਕਿ ਹੇ ਯਹੂਦਾਹ ਦੇ ਪਾਤਸ਼ਾਹ, ਤੇਰੇ ਨਾਲ ਮੇਰਾ ਕੀ ਕੰਮ ? ਮੈਂ ਅੱਜ ਦੇ ਦਿਨ ਤੇਰੇ ਉੱਤੇ ਨਹੀਂ, ਸਗੋਂ ਇੱਕ ਹੋਰ ਘਰਾਣੇ ਉੱਤੇ ਚੜ੍ਹਾਈ ਕਰ ਰਿਹਾ ਹਾਂ ਅਤੇ ਪਰਮੇਸ਼ੁਰ ਨੇ ਮੈਨੂੰ ਛੇਤੀ ਕਰਨ ਦਾ ਹੁਕਮ ਦਿੱਤਾ ਹੈ, ਸੋ ਤੂੰ ਪਰਮੇਸ਼ੁਰ ਦੇ ਵਿਰੁੱਧ ਜਿਹੜਾ ਮੇਰੇ ਅੰਗ-ਸੰਗ ਹੈ ਟਾਕਰਾ ਨਾ ਕਰ ਮਤੇ ਉਹ ਤੈਨੂੰ ਮਾਰ ਸੁੱਟੇ ੨੨ ਪਰ ਤਾਂ ਵੀ ਯੋਸੀਯਾਹ ਨੇ ਉਸ ਵੱਲੋਂ ਮੂੰਹ ਨਾ ਮੋੜਿਆ ਸਗੋਂ ਉਹ ਦੇ ਨਾਲ ਲੜਨ ਲਈ ਆਪਣਾ ਭੇਸ ਬਦਲਿਆ ਅਤੇ ਨਕੋ ਦੀ ਗੱਲ ਜਿਹੜੀ ਪਰਮੇਸ਼ੁਰ ਦੇ ਮੂਹੋਂ ਨਿੱਕਲੀ ਸੀ ਨਾ ਸੁਣੀ ਸਗੋਂ ਲੜਾਈ ਲਈ ਮਗਿੱਦੋ ਦੀ ਵਾਦੀ ਵਿੱਚ ਗਿਆ ੨੩ ਤਾਂ ਤੀਰ ਅੰਦਾਜ਼ਾਂ ਨੇ ਯੋਸੀਯਾਹ ਪਾਤਸ਼ਾਹ ਨੂੰ ਤੀਰ ਮਾਰਿਆ ਤਾਂ ਪਾਤਸ਼ਾਹ ਨੇ ਆਪਣੇ ਨੌਕਰਾਂ ਨੂੰ ਆਖਿਆ ਕਿ ਮੈਨੂੰ ਕੱਢ ਲੈ ਚੱਲੋ ਕਿਉਂ ਜੋ ਮੈਂ ਵੱਡਾ ਫੱਟੜ ਹੋ ਗਿਆ ਹਾਂ ੨੪ ਸੋ ਉਸ ਦੇ ਨੌਕਰਾਂ ਨੇ ਉਸ ਨੂੰ ਰਥ ਤੋਂ ਲਾਹ ਕੇ ਉਸ ਦੇ ਦੂਜੇ ਰਥ ਵਿੱਚ ਚੜ੍ਹਾਇਆ ਅਤੇ ਉਹ ਨੂੰ ਯਰੂਸ਼ਲਮ ਨੂੰ ਲੈ ਗਏ ਜਿੱਥੇ ਉਹ ਮਰ ਗਿਆ ਅਤੇ ਆਪਣੇ ਪਿਉ-ਦਾਦਿਆਂ ਦੀਆਂ ਕਬਰਾਂ ਵਿੱਚ ਦੱਬਿਆ ਗਿਆ । ਤਾਂ ਸਾਰੇ ਯਹੂਦਾਹ ਅਤੇ ਯਰੂਸ਼ਲਮ ਨੇ ਯੋਸੀਯਾਹ ਲਈ ਦੇ ਸੋਗ ਕੀਤਾ । ੨੫ ਯਿਰਮਿਯਾਹ ਨੇ ਯੋਸੀਯਾਹ ਉੱਤੇ ਵੈਣ ਪਾਏ ਅਤੇ ਰਾਗੀ ਅਤੇ ਰਾਗਣਾਂ ਸਾਰੇ ਆਪਣੇ ਸੋਗ ਦੇ ਗਾਉਣ ਵਿੱਚ ਅੱਜ ਦੇ ਦਿਨ ਤੱਕ ਯੋਸੀਯਾਹ ਦਾ ਨਾਮ ਲੈਂਦੇ ਹਨ ਅਤੇ ਉਨ੍ਹਾਂ ਨੇ ਇਸਰਾਏਲ ਵਿੱਚ ਇਸ ਨੂੰ ਇੱਕ ਦਸਤੂਰ ਬਣਾ ਲਿਆ ਹੈ ਅਤੇ ਵੇਖੋ, ਉਹ ਸਿਆਪਿਆਂ ਦੀ ਪੋਥੀ ਵਿੱਚ ਲਿਖੀਆਂ ਹਨ ੨੬ ਅਤੇ ਯੋਸੀਯਾਹ ਦੇ ਬਾਕੀ ਕੰਮ ਅਤੇ ਉਸ ਦੀ ਦਯਾ ਉਸ ਦੇ ਅਨੁਸਾਰ ਜੋ ਯਹੋਵਾਹ ਦੀ ਬਿਵਸਥਾ ਵਿੱਚ ਲਿਖਿਆ ਹੈ ੨੭ ਅਤੇ ਉਸ ਦੀਆਂ ਗੱਲਾਂ ਆਦ ਤੋਂ ਅੰਤ ਤੱਕ, ਵੇਖੋ, ਉਹ ਇਸਰਾਏਲ ਅਤੇ ਯਹੂਦਾਹ ਦੇ ਪਾਤਸ਼ਾਹਾਂ ਦੀ ਪੋਥੀ ਉੱਤੇ ਲਿਖੀਆਂ ਹਨ ॥