੧੨
ਪੌਲੁਸ ਦਾ ਦਰਸ਼ਣ ਅਤੇ ਕੰਡਾ
੧ ਮੈਂ ਤਾਂ ਮਾਣ ਕਰਨਾ ਹੀ ਹੈ ਭਾਵੇਂ ਮੇਰੇ ਲਈ ਠੀਕ ਨਹੀਂ ਪਰ ਮੈਂ ਹੁਣ ਪ੍ਰਭੂ ਦੇ ਦਰਸ਼ਨਾਂ ਅਤੇ ਪ੍ਰਕਾਸ਼ਣ ਦੇ ਬਚਨਾਂ ਦੀ ਚਰਚਾ ਕਰਨ ਆਇਆ ਹਾਂ । ੨ ਮੈਂ ਮਸੀਹ ਵਿੱਚ ਇੱਕ ਮਨੁੱਖ ਨੂੰ ਜਾਣਦਾ ਹਾਂ ਜਿਹੜਾ ਚੌਦਾਂ ਸਾਲ ਪਹਿਲਾਂ ਤੀਜੇ ਅਕਾਸ਼ ਉੱਤੇ ਅਚਾਨਕ ਚੁੱਕਿਆ ਗਿਆ । ਮੈਂ ਨਹੀਂ ਜਾਣਦਾ ਕੀ ਉਹ ਸਰੀਰ ਸਹਿਤ ਜਾਂ ਸਰੀਰ ਰਹਿਤ ਚੁੱਕਿਆ ਗਿਆ ਪਰ ਪਰਮੇਸ਼ੁਰ ਜਾਣਦਾ ਹੈ । ੩ ਅਤੇ ਮੈਂ ਅਜਿਹੇ ਮਨੁੱਖ ਨੂੰ ਜਾਣਦਾ ਹਾਂ ਜੋ ਉਹ ਸਰੀਰ ਦੇ ਨਾਲ ਜਾਂ ਸਰੀਰ ਤੋਂ ਵੱਖਰਾ ਮੈਂ ਨਹੀਂ ਜਾਣਦਾ, ਪਰਮੇਸ਼ੁਰ ਜਾਣਦਾ ਹੈ ! ੪ ਉਹ ਸਵਰਗ ਉੱਤੇ ਅਚਾਨਕ ਚੁੱਕਿਆ ਗਿਆ ਅਤੇ ਉਸ ਨੇ ਉਹ ਗੱਲਾਂ ਸੁਣੀਆਂ ਜੋ ਆਖਣ ਵਾਲੀਆਂ ਨਹੀਂ ਅਤੇ ਜਿਨ੍ਹਾਂ ਦਾ ਬੋਲਣਾ ਮਨੁੱਖ ਲਈ ਚੰਗਾ ਨਹੀਂ । ੫ ਅਜਿਹੇ ਮਨੁੱਖ ਉੱਤੇ ਮੈਂ ਮਾਣ ਕਰਾਂਗਾ ਪਰ ਮੈਂ ਆਪਣੇ ਉੱਤੇ ਆਪਣੀਆਂ ਨਿਰਬਲਤਾਈਆਂ ਉੱਤੇ ਮਾਣ ਨਹੀਂ ਕਰਾਂਗਾ । ੬ ਕਿਉਂਕਿ ਜੇ ਮੈਂ ਮਾਣ ਕਰਨਾ ਚਾਹਾਂ ਤਾਂ ਵੀ ਮੂਰਖ ਨਾ ਬਣਾਂਗਾ ਇਸ ਲਈ ਜੋ ਮੈਂ ਸੱਚ ਬੋਲਾਂਗਾ । ਪਰ ਮੈਂ ਆਪਣੇ ਆਪ ਨੂੰ ਰੋਕ ਰੱਖਦਾ ਹਾਂ ਅਜਿਹਾ ਨਾ ਹੋਵੇ ਕਿ ਕੋਈ ਮੈਨੂੰ ਉਸ ਤੋਂ ਵੱਧ ਨਾ ਸਮਝ ਲਵੇ ਜੋ ਮੈਨੂੰ ਵੇਖਦਾ ਜਾਂ ਮੇਰੇ ਕੋਲੋਂ ਸੁਣਦਾ ਹੈ । ੭ ਅਤੇ ਇਸ ਲਈ ਜੋ ਮੈਂ ਪ੍ਰਕਾਸ਼ ਬਾਣੀਆਂ ਦੀ ਬਹੁਤਾਇਤ ਦੇ ਕਾਰਨ ਹੱਦੋਂ ਬਾਹਰ ਫੁੱਲ ਨਾ ਜਾਂਵਾਂ ਇਸ ਲਈ ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ ਅਰਥਾਤ ਸ਼ੈਤਾਨ ਦਾ ਭੇਜਿਆ ਹੋਇਆ, ਜੋ ਉਹ ਮੈਨੂੰ ਹੂਰੇ ਮਾਰੇ ਤਾਂ ਜੋ ਮੈਂ ਹੱਦੋਂ ਬਾਹਰ ਫੁੱਲ ਨਾ ਜਾਂਵਾਂ । ੮ ਇਸ ਦੇ ਲਈ ਮੈਂ ਪ੍ਰਭੂ ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਜੋ ਇਹ ਮੇਰੇ ਕੋਲੋਂ ਦੂਰ ਹੋ ਜਾਵੇ । ੯ ਅਤੇ ਉਸ ਨੇ ਮੈਨੂੰ ਆਖਿਆ ਕਿ ਮੇਰੀ ਕਿਰਪਾ ਹੀ ਤੇਰੇ ਲਈ ਬਹੁਤ ਹੈ ਕਿਉਂ ਜੋ ਮੇਰੀ ਸ਼ਕਤੀ ਕਮਜ਼ੋਰੀਆਂ ਵਿੱਚ ਸਿੱਧ ਹੁੰਦੀ ਹੈ । ਇਸ ਲਈ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਵੱਡੇ ਅਨੰਦ ਨਾਲ ਮਾਣ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਬਣੀ ਰਹੇ । ੧੦ ਇਸ ਕਾਰਨ ਮੈਂ ਮਸੀਹ ਦੇ ਲਈ ਕਮਜ਼ੋਰੀਆਂ ਵਿੱਚ, ਮਿਹਣਿਆਂ ਵਿੱਚ, ਤੰਗੀਆਂ ਵਿੱਚ, ਸਤਾਏ ਜਾਣ ਵਿੱਚ, ਸੰਕਟਾਂ ਵਿੱਚ ਪ੍ਰਸੰਨ ਹਾਂ ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦ ਹੀ ਮੈਂ ਸਮਰੱਥੀ ਹੁੰਦਾ ਹਾਂ ।
ਕੁਰਿੰਥੀਆਂ ਦੇ ਲਈ ਪੌਲੁਸ ਦੀ ਚਿੰਤਾ
੧੧ ਮੈਂ ਮੂਰਖ ਬਣਿਆ ਹਾਂ ਪਰ ਤੁਸੀਂ ਹੀ ਮੈਨੂੰ ਮਜ਼ਬੂਰ ਕੀਤਾ ਕਿਉਂਕਿ ਚਾਹੀਦਾ ਹੈ ਕਿ ਤੁਸੀਂ ਮੇਰੀ ਵਡਿਆਈ ਕਰੋ ਭਾਵੇਂ ਮੈਂ ਕੁੱਝ ਵੀ ਨਹੀਂ ਹਾਂ ਤਾਂ ਵੀ ਉਹਨਾਂ ਮਹਾਨ ਰਸੂਲਾਂ ਤੋਂ ਕੁੱਝ ਘੱਟ ਨਹੀਂ ਹਾਂ । ੧੨ ਰਸੂਲਾਂ ਦੇ ਚਿੰਨ੍ਹ ਪੂਰੀ ਧੀਰਜ ਨਾਲ ਨਿਸ਼ਾਨੀਆਂ, ਚਮਤਕਾਰਾਂ ਅਤੇ ਕਰਾਮਾਤਾਂ ਤੋਂ ਤੁਹਾਡੇ ਵਿੱਚ ਠੀਕ ਵਿਖਾਏ ਗਏ । ੧੩ ਕਿਉਂ ਜੋ ਉਹ ਕਿਹੜੀ ਗੱਲ ਹੈ ਜਿਸ ਦੇ ਵਿੱਚ ਤੁਸੀਂ ਹੋਰਨਾਂ ਕਲੀਸਿਯਾਵਾਂ ਨਾਲੋਂ ਘੱਟ ਹੋ, ਬਿਨ੍ਹਾਂ ਇਸ ਦੇ ਜੋ ਮੈਂ ਆਪ ਤੁਹਾਡੇ ਉੱਤੇ ਭਾਰ ਨਾ ਪਾਇਆ । ਤੁਸੀਂ ਮੇਰੀ ਗਲਤੀਆਂ ਨੂੰ ਮਾਫ਼ ਕਰੋ !
੧੪ ਵੇਖੋ, ਇਹ ਤੀਜੀ ਵਾਰ ਮੈਂ ਤੁਹਾਡੇ ਕੋਲ ਆਉਣ ਨੂੰ ਤਿਆਰ ਹਾਂ ਅਤੇ ਤੁਹਾਡੇ ਉੱਤੇ ਭਾਰ ਨਾ ਪਾਵਾਂਗਾ ਕਿਉਂ ਜੋ ਮੈਂ ਤੁਹਾਡਾ ਧਨ ਨਹੀਂ ਸਗੋਂ ਤੁਹਾਨੂੰ ਚਾਹੁੰਦਾ ਹਾਂ । ਬਾਲ ਬੱਚਿਆਂ ਨੂੰ ਮਾਤਾ-ਪਿਤਾ ਲਈ ਨਹੀਂ ਸਗੋਂ ਮਾਤਾ-ਪਿਤਾ ਨੂੰ ਬਾਲ ਬੱਚਿਆਂ ਲਈ ਜੋੜਨਾ ਚਾਹੀਦਾ ਹੈ । ੧੫ ਮੈਂ ਤੁਹਾਡੇ ਲਈ ਬਹੁਤ ਅਨੰਦ ਨਾਲ ਖ਼ਰਚ ਕਰਾਂਗਾ ਅਤੇ ਆਪ ਹੀ ਤੁਹਾਡੇ ਲਈ ਖ਼ਰਚ ਹੋ ਜਾਂਵਾਂਗਾ । ਜੇ ਮੈਂ ਤੁਹਾਡੇ ਨਾਲ ਵੱਧ ਪਿਆਰ ਕਰਦਾ ਹਾਂ ਤਾਂ ਭਲਾ, ਕਿ ਤੁਸੀਂ ਮੇਰੇ ਨਾਲ ਘੱਟ ਪਿਆਰ ਕਰੋਗੇ ? ੧੬ ਭਲਾ, ਇਹ ਹੋ ਸਕਦਾ ਹੈ, ਮੈਂ ਆਪੇ ਤੁਹਾਡੇ ਉੱਤੇ ਭਾਰ ਨਾ ਪਾਇਆ ਪਰ ਚਤੁਰ ਹੋ ਕੇ ਮੈਂ ਤੁਹਾਨੂੰ ਛਲ ਨਾਲ ਫੜਿਆ ! ੧੭ ਜਿਨ੍ਹਾਂ ਨੂੰ ਮੈਂ ਤੁਹਾਡੇ ਕੋਲ ਭੇਜਿਆ, ਕੀ ਉਨ੍ਹਾਂ ਵਿੱਚੋਂ ਕਿਸੇ ਦੇ ਰਾਹੀਂ ਮੈਂ ਤੁਹਾਡੇ ਕੋਲੋਂ ਕੋਈ ਮੁਨਾਫਾ ਕੀਤਾ ? ੧੮ ਮੈਂ ਤੀਤੁਸ ਦੇ ਅੱਗੇ ਬੇਨਤੀ ਕੀਤੀ ਅਤੇ ਉਸ ਦੇ ਨਾਲ ਉਸ ਭਰਾ ਨੂੰ ਭੇਜਿਆ । ਕੀ ਤੀਤੁਸ ਨੇ ਤੁਹਾਡੇ ਕੋਲੋਂ ਕੋਈ ਮੁਨਾਫਾ ਕੀਤਾ ? ਭਲਾ, ਅਸੀਂ ਇੱਕੋ ਆਤਮਾ ਤੋਂ, ਇੱਕੋ ਕਦਮਾਂ ਉੱਤੇ ਨਹੀਂ ਚੱਲੇ ? ।
੧੯ ਭਲਾ, ਤੁਸੀਂ ਅਜੇ ਤੱਕ ਸਮਝਦੇ ਹੋ ਜੋ ਅਸੀਂ ਤੁਹਾਡੇ ਅੱਗੇ ਬਹਾਨੇ ਕਰਦੇ ਹਾਂ ? ਅਸੀਂ ਪਰਮੇਸ਼ੁਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ । ਪਰ ਹੇ ਪਿਆਰਿਓ, ਇਹ ਸਾਰੀਆਂ ਗੱਲਾਂ ਤੁਹਾਡੇ ਹੀ ਫਾਇਦੇ ਲਈ ਹਨ । ੨੦ ਕਿਉਂ ਜੋ ਮੈਂ ਡਰਦਾ ਹਾਂ ਕਿ ਕਿਤੇ ਇਹ ਨਾ ਹੋਵੇ ਜੋ ਮੈਂ ਆਣ ਕੇ ਜਿਸ ਤਰ੍ਹਾਂ ਦਾ ਤੁਹਾਨੂੰ ਚਾਹੁੰਦਾ ਹਾਂ ਉਸ ਤਰ੍ਹਾਂ ਨਾ ਪਾਵਾਂ ਅਤੇ ਤੁਸੀਂ ਮੈਨੂੰ ਵੀ ਉਸ ਤਰ੍ਹਾਂ ਪਾਓ ਜਿਸ ਤਰ੍ਹਾਂ ਨਹੀਂ ਚਾਹੁੰਦੇ ਹੋ ਅਤੇ ਝਗੜਾ, ਈਰਖਾ, ਕ੍ਰੋਧ, ਧੜੇਬਾਜ਼ੀਆਂ, ਚੁਗਲੀਆਂ, ਵਿਰੋਧ, ਆਕੜਾਂ ਅਤੇ ਘਮਸਾਣ ਹੋਣ । ੨੧ ਅਤੇ ਅਜਿਹਾ ਨਾ ਹੋਵੇ ਕਿ ਜਦ ਮੈਂ ਫਿਰ ਆਵਾਂ ਤਾਂ ਮੇਰਾ ਪਰਮੇਸ਼ੁਰ ਮੈਨੂੰ ਤੁਹਾਡੇ ਅੱਗੇ ਹਲਕਾ ਪਾਵੇ ਅਤੇ ਮੈਂ ਉਨ੍ਹਾਂ ਵਿੱਚੋਂ ਬਹੁਤਿਆਂ ਦੇ ਲਈ ਦੁੱਖ ਕਰਾਂ, ਜਿਨ੍ਹਾਂ ਨੇ ਅੱਗੇ ਪਾਪ ਕੀਤਾ ਹੈ ਅਤੇ ਮੁੜ ਆਪਣੇ ਗੰਦੇ ਕੰਮਾਂ ਅਤੇ ਹਰਾਮਕਾਰੀ ਅਤੇ ਲੁੱਚਪੁਣੇ ਤੋਂ ਤੋਬਾ ਨਾ ਕੀਤੀ ਹੋਵੇ ।