੧੨
ਯਹੂਦਾਹ ਦਾ ਰਾਜਾ ਯਹੋਆਸ਼
(2 ਇਤਿਹਾਸ 24:1-16)
੧ ਯੇਹੂ ਦੇ ਸੱਤਵੇਂ ਸਾਲ ਯਹੋਆਸ਼ ਰਾਜ ਕਰਨ ਲੱਗਾ ਅਤੇ ਉਹ ਨੇ ਯਰੂਸ਼ਲਮ ਵਿੱਚ ਚਾਲੀ ਸਾਲ ਰਾਜ ਕੀਤਾ, ਉਹ ਦੀ ਮਾਤਾ ਦਾ ਨਾਮ ਸਿਬਯਾਹ ਸੀ, ਜੋ ਬਏਰਸ਼ਬਾ ਦੀ ਸੀ । ੨ ਯਹੋਆਸ਼ ਆਪਣੀ ਸਾਰੀ ਉਮਰ ਜਦ ਤੱਕ ਯਹੋਯਾਦਾ ਜਾਜਕ ਉਹ ਨੂੰ ਸਿਖਿਆ ਦਿੰਦਾ ਰਿਹਾ, ਉਹ ਹੀ ਕੰਮ ਕਰਦਾ ਰਿਹਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ । ੩ ਤਦ ਵੀ ਉੱਚੇ ਥਾਂ ਉਨ੍ਹਾਂ ਨੇ ਨਾ ਢਾਏ । ਅਜੇ ਤੱਕ ਲੋਕ ਉੱਚਿਆਂ ਥਾਵਾਂ ਉੱਤੇ ਬਲੀ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ । ੪ ਯਹੋਆਸ਼ ਨੇ ਜਾਜਕਾਂ ਨੂੰ ਆਖਿਆ, ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਦਾ ਉਹ ਸਾਰਾ ਰੁਪਿਆ, ਜੋ ਯਹੋਵਾਹ ਦੇ ਭਵਨ ਵਿੱਚ ਲਿਆਇਆ ਜਾਵੇ ਅਰਥਾਤ ਗਿਣਿਆ ਹੋਇਆ ਲੋਕਾਂ ਦਾ ਰੁਪਿਆ ਅਤੇ ਉਹ ਸਭ ਰੁਪਿਆ ਜੋ ਕੋਈ ਆਦਮੀ ਆਪਣੀ ਇੱਛਾ ਨਾਲ ਯਹੋਵਾਹ ਦੇ ਭਵਨ ਵਿੱਚ ਲਿਆਵੇ । ੫ ਜਾਜਕ ਆਪਣੇ ਪਹਿਚਾਣ ਵਾਲਿਆਂ ਕੋਲੋਂ ਲੈ ਲਿਆ ਕਰਨ ਅਤੇ ਜਿੱਥੇ ਕਿਤੇ ਯਹੋਵਾਹ ਦੇ ਭਵਨ ਵਿੱਚ ਟੁੱਟ-ਫੁੱਟ ਹੋਵੇ ਉਨ੍ਹਾਂ ਟੁੱਟਾਂ-ਫੁੱਟਾਂ ਦੀ ਮੁਰੰਮਤ ਕਰਨ । ੬ ਪਰ ਅਜਿਹਾ ਹੋਇਆ ਕਿ ਯਹੋਆਸ਼ ਦੇ ਰਾਜ ਦੇ ਤੇਈਵੇਂ ਸਾਲ ਤੱਕ ਜਾਜਕਾਂ ਨੇ ਭਵਨ ਦੀ ਟੁੱਟ-ਫੁੱਟ ਦੀ ਮੁਰੰਮਤ ਨਾ ਕੀਤੀ । ੭ ਉਪਰੰਤ ਯਹੋਆਸ਼ ਰਾਜਾ ਨੇ ਯਹੋਯਾਦਾ ਜਾਜਕ ਅਤੇ ਦੂਜੇ ਜਾਜਕਾਂ ਨੂੰ ਸੱਦ ਕੇ ਉਹਨਾਂ ਨੂੰ ਆਖਿਆ, ਤੁਸੀਂ ਭਵਨ ਦੀ ਟੁੱਟ-ਫੁੱਟ ਦੀ ਮੁਰੰਮਤ ਕਿਉਂ ਨਹੀਂ ਕਰਦੇ ? ਇਸ ਲਈ ਆਪਣੇ ਜਾਣਨ ਵਾਲਿਆਂ ਕੋਲੋਂ ਹੁਣ ਰੁਪਿਆ ਨਾ ਲਵੋ ਪਰ ਭਵਨ ਦੀ ਟੁੱਟ-ਫੁੱਟ ਲਈ ਦੇਵੋ । ੮ ਇਸ ਲਈ ਜਾਜਕਾ ਨੇ ਮੰਨ ਲਿਆ ਕਿ ਨਾ ਤਾਂ ਅਸੀਂ ਲੋਕਾਂ ਕੋਲੋਂ ਚਾਂਦੀ ਲਵਾਂਗੇ, ਨਾ ਭਵਨ ਦੀ ਟੁੱਟ-ਫੁੱਟ ਦੀ ਮੁਰੰਮਤ ਕਰਾਂਗੇ । ੯ ਤਦ ਯਹੋਯਾਦਾ ਜਾਜਕ ਨੇ ਇੱਕ ਸੰਦੂਕ ਲਿਆ, ਉਹ ਦੇ ਢੱਕਣ ਵਿੱਚ ਮੋਰੀ ਕੀਤੀ ਅਤੇ ਉਸ ਨੂੰ ਜਗਵੇਦੀ ਦੇ ਕੋਲ ਇਸ ਤਰ੍ਹਾਂ ਟਿਕਾਇਆ ਕਿ ਯਹੋਵਾਹ ਦੇ ਭਵਨ ਵਿੱਚ ਵੜਨ ਵਾਲੇ ਦੇ ਸੱਜੇ ਪਾਸੇ ਰਹੇ ਅਤੇ ਉਹ ਜਾਜਕ ਜੋ ਡਿਉੜ੍ਹੀ ਦੀ ਰਖਵਾਲੀ ਕਰਦੇ ਸਨ, ਉਹ ਸਾਰਾ ਰੁਪਿਆ ਜੋ ਯਹੋਵਾਹ ਦੇ ਭਵਨ ਵਿੱਚ ਲਿਆਇਆ ਜਾਂਦਾ ਸੀ, ਉਸ ਵਿੱਚ ਪਾ ਦਿੰਦੇ ਸਨ । ੧੦ ਜਦ ਉਹ ਵੇਖਦੇ ਸਨ ਕਿ ਸੰਦੂਕ ਵਿੱਚ ਬਹੁਤ ਰੁਪਿਆ ਹੋ ਗਿਆ ਹੈ ਤਦ ਰਾਜਾ ਦਾ ਪ੍ਰਧਾਨ ਅਤੇ ਮਹਾਂ ਜਾਜਕ ਉੱਥੇ ਆ ਕੇ ਉਸ ਰੁਪਏ ਨੂੰ ਜਿਹੜਾ ਯਹੋਵਾਹ ਦੇ ਭਵਨ ਵਿੱਚ ਮਿਲਦਾ ਸੀ, ਥੈਲੀਆਂ ਵਿੱਚ ਪਾ ਕੇ ਗਿਣ ਲੈਂਦੇ ਸਨ । ੧੧ ਤਦ ਉਹ ਉਸ ਰੁਪਏ ਨੂੰ ਜੋ ਤੋਲਿਆ ਹੁੰਦਾ ਸੀ, ਉਨ੍ਹਾਂ ਕੰਮ ਕਰਨ ਵਾਲਿਆਂ ਦੇ ਹੱਥ ਵਿੱਚ ਦੇ ਦਿੰਦੇ ਸਨ, ਜੋ ਯਹੋਵਾਹ ਦੇ ਭਵਨ ਦੀ ਦੇਖਭਾਲ ਕਰਦੇ ਸਨ ਅਤੇ ਉਹ ਤਰਖਾਣਾਂ ਦੇ ਉਸਾਰੀ ਕਰਨ ਵਾਲਿਆਂ ਨੂੰ ਜੋ ਯਹੋਵਾਹ ਦੇ ਭਵਨ ਦਾ ਕੰਮ ਕਰਦੇ ਸਨ, ੧੨ ਰਾਜ ਮਿਸਤਰੀਆਂ ਨੂੰ, ਪੱਥਰ ਕੱਟਣ ਵਾਲਿਆਂ ਨੂੰ ਅਤੇ ਯਹੋਵਾਹ ਦੇ ਭਵਨ ਦੀ ਟੁੱਟ ਫੁੱਟ ਦੀ ਮੁਰੰਮਤ ਦੇ ਲਈ ਲੱਕੜ ਤੇ ਕੱਟੇ ਹੋਏ ਪੱਥਰ ਮੁੱਲ ਲੈਣ ਲਈ ਸਭ ਕੁਝ ਲਈ ਜੋ ਭਵਨ ਦੀ ਮੁਰੰਮਤ ਦੇ ਲਈ ਆਉਂਦਾ ਸੀ ਦੇ ਦਿੰਦੇ ਸਨ । ੧੩ ਪਰ ਜੋ ਰੁਪਿਆ ਯਹੋਵਾਹ ਦੇ ਭਵਨ ਵਿੱਚ ਲਿਆਂਦਾ ਜਾਂਦਾ ਸੀ, ਉਹ ਦੇ ਵਿੱਚੋਂ ਯਹੋਵਾਹ ਦੇ ਭਵਨ ਦੇ ਲਈ ਚਾਂਦੀ ਦੇ ਪਿਆਲੇ, ਗੁਲਤਰਾਸ਼, ਬਾਟਾਂ, ਤੁਰ੍ਹੀਆਂ, ਸੋਨੇ ਦੇ ਭਾਂਡੇ ਜਾਂ ਚਾਂਦੀ ਦੇ ਭਾਂਡੇ ਨਾ ਬਣਾਏ ਗਏ । ੧੪ ਕਿਉਂ ਜੋ ਉਹ ਕਾਰੀਗਰਾਂ ਨੂੰ ਦਿੰਦੇ ਹੁੰਦੇ ਸਨ, ਉਨ੍ਹਾਂ ਨੇ ਉਸ ਨਾਲ ਯਹੋਵਾਹ ਦੇ ਭਵਨ ਦੀ ਮੁਰੰਮਤ ਕੀਤੀ । ੧੫ ਜਿਨ੍ਹਾਂ ਆਦਮੀਆਂ ਦੇ ਹੱਥ ਵਿੱਚ ਉਹ ਕੰਮ ਕਰਨ ਵਾਲਿਆਂ ਨੂੰ ਦੇਣ ਲਈ ਰੁਪਿਆ ਦਿੰਦੇ ਸਨ, ਉਹਨਾਂ ਕੋਲੋਂ ਹਿਸਾਬ ਨਹੀਂ ਲੈਂਦੇ ਸਨ ਕਿਉਂ ਜੋ ਉਹ ਇਮਾਨਦਾਰੀ ਨਾਲ ਕੰਮ ਕਰਦੇ ਸਨ । ੧੬ ਦੋਸ਼ ਦੀਆਂ ਬਲੀਆਂ ਦਾ ਰੁਪਿਆ ਅਤੇ ਪਾਪ ਦੀਆਂ ਬਲੀਆਂ ਦਾ ਰੁਪਿਆ ਯਹੋਵਾਹ ਦੇ ਭਵਨ ਵਿੱਚ ਨਹੀਂ ਲਿਆਇਆ ਜਾਂਦਾ ਸੀ, ਉਹ ਜਾਜਕਾਂ ਦਾ ਹੁੰਦਾ ਸੀ । ੧੭ ਤਦ ਅਰਾਮ ਦੇ ਰਾਜਾ ਹਜ਼ਾਏਲ ਨੇ ਚੜ੍ਹਾਈ ਕੀਤੀ ਅਤੇ ਗਥ ਨਾਲ ਲੜ ਕੇ ਉਸ ਨੂੰ ਲੈ ਲਿਆ । ਤਦ ਹਜ਼ਾਏਲ ਨੇ ਯਰੂਸ਼ਲਮ ਵੱਲ ਮੂੰਹ ਮੋੜਿਆ ਕਿ ਉਹ ਦੇ ਉੱਤੇ ਵੀ ਚੜ੍ਹਾਈ ਕਰੇ । ੧੮ ਇਸ ਲਈ ਯਹੂਦਾਹ ਦੇ ਰਾਜਾ ਯਹੋਆਸ਼ ਨੇ ਸਾਰੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਜਿਨ੍ਹਾਂ ਨੂੰ ਉਹ ਦੇ ਪਿਉ-ਦਾਦਿਆਂ ਯਹੋਸ਼ਾਫਾਟ, ਯਹੋਰਾਮ ਅਤੇ ਅਹਜ਼ਯਾਹ ਯਹੂਦਾਹ ਦੇ ਰਾਜਿਆਂ ਨੇ ਪਵਿੱਤਰ ਕੀਤਾ ਸੀ, ਆਪਣੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਅਤੇ ਜਿੰਨਾ ਸੋਨਾ ਯਹੋਵਾਹ ਦੇ ਭਵਨ ਦੇ ਖਜ਼ਾਨਿਆਂ ਵਿੱਚ ਅਤੇ ਰਾਜਾ ਦੇ ਮਹਿਲ ਵਿੱਚ ਮਿਲਿਆ ਉਹ ਲੈ ਕੇ ਅਰਾਮ ਦੇ ਰਾਜਾ ਹਜ਼ਾਏਲ ਨੂੰ ਭੇਜ ਦਿੱਤਾ ਤਦ ਉਹ ਯਰੂਸ਼ਲਮ ਵੱਲੋਂ ਚਲਾ ਗਿਆ । ੧੯ ਯੋਆਸ਼ ਦੀ ਬਾਕੀ ਘਟਨਾ ਅਤੇ ਉਹ ਸਭ ਕੁਝ ਜੋ ਉਸ ਨੇ ਕੀਤਾ, ਕੀ ਉਹ ਯਹੂਦਾਹ ਦੇ ਰਾਜਿਆਂ ਦੀ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ? ੨੦ ਫਿਰ ਉਸ ਦੇ ਟਹਿਲੂਆਂ ਨੇ ਉੱਠ ਕੇ ਮਤਾ ਪਕਾਇਆ ਅਤੇ ਯੋਆਸ਼ ਨੂੰ ਮਿੱਲੋ ਦੇ ਘਰ ਵਿੱਚ ਜੋ ਸਿੱਲਾ ਦੀ ਢਾਲ ਉੱਤੇ ਹੈ ਮਾਰ ਛੱਡਿਆ । ੨੧ ਅਰਥਾਤ ਉਸ ਦੇ ਸੇਵਕ ਸਿਮਾਥ ਦੇ ਪੁੱਤਰ ਯੋਜਾਕਾਰ ਅਤੇ ਸ਼ੋਮੇਰ ਦੇ ਪੁੱਤਰ ਯਹੋਜ਼ਾਬਾਦ ਨੇ ਉਸ ਨੂੰ ਇਸ ਤਰ੍ਹਾਂ ਮਾਰਿਆ ਕਿ ਉਹ ਮਰ ਗਿਆ ਅਤੇ ਉਹ ਆਪਣੇ ਪਿਉ-ਦਾਦਿਆਂ ਨਾਲ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਅਮਸਯਾਹ ਉਸ ਦੇ ਥਾਂ ਰਾਜ ਕਰਨ ਲੱਗਾ ।