ਨੇਮ ਦਾ ਸੰਦੂਕ ਯਰੂਸ਼ਲਮ ਵਿੱਚ
(1 ਇਤਿਹਾਸ 13:1-14, 15:25—16:6,43)
੧ ਫਿਰ ਦਾਊਦ ਨੇ ਇਸਰਾਏਲ ਦੇ ਸਾਰੇ ਚੁਣੇ ਹੋਏ, ਤੀਹ ਹਜ਼ਾਰ ਜੁਆਨਾਂ ਨੂੰ ਇੱਕਠਿਆਂ ਕੀਤਾ । ੨ ਤਦ ਦਾਊਦ ਉੱਠਿਆ ਅਤੇ ਆਪਣੇ ਨਾਲ ਦੇ ਸਾਰਿਆਂ ਲੋਕਾਂ ਨੂੰ ਲੈ ਕੇ ਬਆਲੇ ਨਾਮ ਦੇ ਸਥਾਨ, ਯਹੂਦਾਹ ਤੋਂ ਤੁਰਿਆ, ਤਾਂ ਜੋ ਪਰਮੇਸ਼ੁਰ ਦੇ ਸੰਦੂਕ ਨੂੰ ਲੈ ਆਵੇ ਜਿਹੜਾ ਉਸ ਨਾਮ ਤੋਂ ਅਰਥਾਤ ਸੈਨਾਂ ਦੇ ਯਹੋਵਾਹ ਦੇ ਨਾਮ ਤੋਂ ਸਦਾਉਂਦਾ ਹੈ, ਜੋ ਕਰੂਬੀਆਂ ਦੇ ਉੱਤੇ ਬਿਰਾਜਮਾਨ ਹੈ । ੩ ਸੋ ਉਨ੍ਹਾਂ ਨੇ ਪਰਮੇਸ਼ੁਰ ਦੇ ਸੰਦੂਕ ਨੂੰ ਨਵੀਂ ਗੱਡੀ ਉੱਤੇ ਰੱਖਿਆ ਅਤੇ ਉਹ ਨੂੰ ਅਬੀਨਾਦਾਬ ਦੇ ਘਰ ਤੋਂ ਜੋ ਗਿਬਆਹ ਵਿੱਚ ਸੀ, ਚੁੱਕ ਲਿਆਏ ਅਤੇ ਅਬੀਨਾਦਾਬ ਦੇ ਪੁੱਤਰਾਂ ਊਜ਼ਾਹ ਅਤੇ ਅਹਯੋ ਨੇ ਉਸ ਨਵੀਂ ਗੱਡੀ ਨੂੰ ਹੱਕਿਆ । ੪ ਉਹ ਉਸ ਨੂੰ ਅਬੀਨਾਦਾਬ ਦੇ ਘਰ ਤੋਂ ਜੋ ਗਿਬਆਹ ਪਹਾੜ ਵਿੱਚ ਸੀ ਚੁੱਕ ਲਿਆਏ ਅਤੇ ਪਰਮੇਸ਼ੁਰ ਦੇ ਸੰਦੂਕ ਦੇ ਨਾਲ-ਨਾਲ ਗਏ । ਅਤੇ ਅਹਯੋ ਸੰਦੂਕ ਦੇ ਅੱਗੇ-ਅੱਗੇ ਤੁਰਿਆ । ੫ ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਚੀਲ ਦੀ ਲੱਕੜ ਦੇ ਸਾਰੇ ਤਰ੍ਹਾਂ ਦੇ ਵਾਜੇ ਅਰਥਾਤ ਬੀਨ, ਮੱਧਮ, ਖੰਜ਼ਰੀਆਂ, ਚਿਮਟਾ ਅਤੇ ਛੈਣੇ ਲੈ ਕੇ ਯਹੋਵਾਹ ਦੇ ਸੰਦੂਕ ਅੱਗੇ-ਅੱਗੇ ਵਜਾਉਂਦੇ ਗਏ । ੬ ਜਦ ਉਹ ਨਾਕੋਨ ਦੇ ਪਿੜ ਕੋਲ ਪਹੁੰਚੇ, ਤਦ ਊਜ਼ਾਹ ਨੇ ਹੱਥ ਵਧਾ ਕੇ ਪਰਮੇਸ਼ੁਰ ਦੇ ਸੰਦੂਕ ਨੂੰ ਫੜ੍ਹ ਕੇ ਸੰਭਾਲਿਆ । ੭ ਕਿਉਂ ਜੋ ਬਲ਼ਦਾਂ ਨੂੰ ਠੋਕਰ ਲੱਗੀ ਸੀ, ਤਦ ਯਹੋਵਾਹ ਦਾ ਕ੍ਰੋਧ ਊਜ਼ਾਹ ਦੇ ਉੱਤੇ ਭੜਕਿਆ ਅਤੇ ਪਰਮੇਸ਼ੁਰ ਨੇ ਉਹ ਦੇ ਦੋਸ਼ ਦੇ ਕਾਰਨ ਉਹ ਨੂੰ ਮਾਰਿਆ ਅਤੇ ਉਹ ਯਹੋਵਾਹ ਦੇ ਸੰਦੂਕ ਦੇ ਕੋਲ ਹੀ ਮਰ ਗਿਆ । ੮ ਦਾਊਦ ਉਦਾਸ ਹੋ ਗਿਆ, ਕਿਉਂ ਜੋ ਯਹੋਵਾਹ ਊਜ਼ਾਹ ਉੱਤੇ ਆਣ ਪਿਆ ਅਤੇ ਉਹ ਨੇ ਉਸ ਥਾਂ ਦਾ ਨਾਮ ਪਰਸ-ਊਜ਼ਾਹ ਰੱਖਿਆ ਜੋ ਅੱਜ ਤੱਕ ਹੈ । ੯ ਦਾਊਦ ਉਸ ਦਿਨ ਯਹੋਵਾਹ ਕੋਲੋਂ ਡਰਿਆ ਅਤੇ ਆਖਿਆ, ਯਹੋਵਾਹ ਦਾ ਸੰਦੂਕ ਮੇਰੇ ਕੋਲ ਕਿਵੇਂ ਆਵੇਗਾ ? ੧੦ ਸੋ ਦਾਊਦ ਦਾ ਜੀਅ ਨਾ ਕੀਤਾ ਜੋ ਯਹੋਵਾਹ ਦੇ ਸੰਦੂਕ ਨੂੰ ਆਪਣੇ ਸ਼ਹਿਰ ਵਿੱਚ ਲੈ ਜਾ ਕੇ ਆਪਣੇ ਕੋਲ ਰੱਖੇ, ਤਦ ਦਾਊਦ ਉਹ ਨੂੰ ਇੱਕ ਪਾਸੇ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਲੈ ਗਿਆ । ੧੧ ਯਹੋਵਾਹ ਦਾ ਸੰਦੂਕ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਤਿੰਨ ਮਹੀਨੇ ਰਿਹਾ । ਯਹੋਵਾਹ ਨੇ ਓਬੇਦ-ਅਦੋਮ ਨੂੰ ਅਤੇ ਉਸ ਦੇ ਸਾਰੇ ਘਰਾਣੇ ਨੂੰ ਬਰਕਤ ਦਿੱਤੀ । ੧੨ ਦਾਊਦ ਰਾਜਾ ਨੂੰ ਲੋਕਾਂ ਨੇ ਇਹ ਖ਼ਬਰ ਦਿੱਤੀ ਕਿ ਓਬੇਦ-ਅਦੋਮ ਦੇ ਘਰ ਨੂੰ ਅਤੇ ਉਸ ਦੀਆਂ ਵਸਤਾਂ ਨੂੰ ਪਰਮੇਸ਼ੁਰ ਦੇ ਸੰਦੂਕ ਦੇ ਕਾਰਨ ਯਹੋਵਾਹ ਨੇ ਬਰਕਤ ਦਿੱਤੀ ਹੈ । ਤਦ ਦਾਊਦ ਗਿਆ ਅਤੇ ਪਰਮੇਸ਼ੁਰ ਦੇ ਸੰਦੂਕ ਨੂੰ ਓਬੇਦ-ਅਦੋਮ ਦੇ ਘਰੋਂ ਦਾਊਦ ਦੇ ਸ਼ਹਿਰ ਵਿੱਚ ਆਨੰਦ ਨਾਲ ਲੈ ਆਇਆ । ੧੩ ਅਤੇ ਜਦ ਯਹੋਵਾਹ ਦੇ ਸੰਦੂਕ ਦੇ ਚੁੱਕਣ ਵਾਲੇ ਛੇ ਕਦਮ ਤੁਰੇ ਤਾਂ ਦਾਊਦ ਨੇ ਬਲਦ ਅਤੇ ਪਲਿਆ ਹੋਇਆ ਵੱਛਾ ਭੇਟ ਕਰ ਕੇ ਚੜ੍ਹਾਇਆ । ੧੪ ਦਾਊਦ ਯਹੋਵਾਹ ਦੇ ਸੰਦੂਕ ਅੱਗੇ ਆਪਣੇ ਸਾਰੇ ਜ਼ੋਰ ਨਾਲ ਨਚਦਾ ਜਾਂਦਾ ਸੀ ਅਤੇ ਦਾਊਦ ਨੇ ਕਤਾਨ ਦਾ ਚੋਗਾ ਪਹਿਨਿਆ ਹੋਇਆ ਸੀ । ੧੫ ਇਸ ਤਰ੍ਹਾਂ ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਯਹੋਵਾਹ ਦੇ ਸੰਦੂਕ ਨੂੰ ਜੈਕਾਰਾ ਬੁਲਾਉਂਦੇ ਅਤੇ ਤੁਰ੍ਹੀਆਂ ਵਜਾਉਂਦੇ ਹੋਏ ਚੁੱਕ ਕੇ ਲੈ ਆਏ । ੧੬ ਜਦ ਯਹੋਵਾਹ ਦਾ ਸੰਦੂਕ ਦਾਊਦ ਦੇ ਸ਼ਹਿਰ ਵਿੱਚ ਆਇਆ ਤਾਂ ਸ਼ਾਊਲ ਦੀ ਧੀ ਮੀਕਲ ਨੇ ਝਾਤੀ ਮਾਰ ਕੇ ਦਾਊਦ ਰਾਜਾ ਨੂੰ ਯਹੋਵਾਹ ਦੇ ਅੱਗੇ ਨਚਦੇ-ਟੱਪਦੇ ਦੇਖਿਆ ਸੋ ਉਸ ਨੇ ਆਪਣੇ ਮਨ ਵਿੱਚ ਉਹ ਨੂੰ ਤੁੱਛ ਜਾਣਿਆ । ੧੭ ਇਸ ਤਰ੍ਹਾਂ ਓਹ ਯਹੋਵਾਹ ਦੇ ਸੰਦੂਕ ਨੂੰ ਅੰਦਰ ਲੈ ਆਏ ਅਤੇ ਉਹ ਨੂੰ ਉਹ ਦੇ ਠੀਕ ਥਾਂ ਵਿੱਚ ਉਸ ਤੰਬੂ ਦੇ ਵਿਚਕਾਰ, ਜੋ ਦਾਊਦ ਨੇ ਉਹ ਦੇ ਲਈ ਲਾਇਆ ਸੀ ਰੱਖ ਦਿੱਤਾ ਅਤੇ ਦਾਊਦ ਨੇ ਹੋਮ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਈਆਂ । ੧੮ ਜਦ ਦਾਊਦ ਹੋਮ ਦੀਆਂ ਬਲੀਆਂ ਅਤੇ ਸੁਖ ਸਾਂਦ ਦੀਆਂ ਭੇਟਾਂ ਚੜ੍ਹਾ ਚੁੱਕਾ ਤਾਂ ਉਸ ਨੇ ਸੈਨਾਂ ਦੇ ਯਹੋਵਾਹ ਦਾ ਨਾਮ ਲੈ ਕੇ ਲੋਕਾਂ ਨੂੰ ਅਸੀਸ ਦਿੱਤੀ । ੧੯ ਅਤੇ ਉਸ ਨੇ ਸਾਰਿਆ ਲੋਕਾਂ ਨੂੰ ਸਗੋਂ ਇਸਰਾਏਲ ਦੀ ਸਾਰੀ ਪਰਜਾ ਨੂੰ ਭਾਵੇ ਇਸਰਤੀ, ਪੁਰਸ਼, ਸਾਰਿਆਂ ਨੂੰ ਇੱਕ-ਇੱਕ ਰੋਟੀ, ਇੱਕ-ਇੱਕ ਮਾਸ ਦੀ ਬੋਟੀ ਅਤੇ ਇੱਕ-ਇੱਕ ਨੂੰ ਸੋਗੀ ਦੀ ਟਿੱਕੀ ਦਿਤੀ ਤਦ ਸਭ ਲੋਕ ਆਪੋ ਆਪਣੇ ਘਰਾਂ ਨੂੰ ਵਿਦਾ ਹੋਏ । ੨੦ ਤਦ ਦਾਊਦ ਆਪਣੇ ਘਰਾਣੇ ਨੂੰ ਅਸੀਸ ਦੇਣ ਲਈ ਮੁੜਿਆ । ਉਸ ਵੇਲੇ ਸ਼ਾਊਲ ਦੀ ਧੀ ਮੀਕਲ ਦਾਊਦ ਦੇ ਮਿਲਣ ਨੂੰ ਨਿੱਕਲੀ ਅਤੇ ਬੋਲੀ, ਇਸਰਾਏਲ ਦਾ ਰਾਜਾ ਅੱਜ ਪ੍ਰਤਾਪੀ ਲੱਗਦਾ ਸੀ, ਜਿਸ ਨੇ ਅੱਜ ਆਪਣੇ ਨੋਕਰਾਂ ਦੀਆਂ ਦਾਸੀਆਂ ਦੀਆਂ ਅੱਖਾਂ ਦੇ ਸਾਹਮਣੇ ਆਪਣੇ ਆਪ ਨੂੰ ਨੰਗਾ ਕੀਤਾ, ਜਿਵੇਂ ਕੋਈ ਲੁੱਚਾ ਆਪ ਨੂੰ ਨਿਰਲੱਜ ਬਣਾ ਕੇ ਨੰਗਾ ਕਰਦਾ ਹੈ । ੨੧ ਦਾਊਦ ਨੇ ਮੀਕਲ ਨੂੰ ਆਖਿਆ, ਇਹ ਯਹੋਵਾਹ ਦੇ ਅੱਗੇ ਸੀ ਜਿਸ ਨੇ ਤੇਰੇ ਪਿਤਾ ਅਤੇ ਉਹ ਦੇ ਸਾਰੇ ਘਰਾਣੇ ਦੇ ਅੱਗੇ ਮੈਨੂੰ ਚੁਣ ਲਿਆ ਅਤੇ ਯਹੋਵਾਹ ਦੀ ਪਰਜਾ ਇਸਰਾਏਲ ਦਾ ਪ੍ਰਧਾਨ ਬਣਾ ਦਿੱਤਾ, ਇਸ ਲਈ ਮੈਂ ਯਹੋਵਾਹ ਦੇ ਅੱਗੇ ਨੱਚਾਂਗਾ ੨੨ ਸਗੋਂ ਮੈਂ ਇਸ ਨਾਲੋਂ ਵੀ ਨੀਚ ਬਣਾਂਗਾ ਅਤੇ ਆਪਣੇ ਆਪ ਨੂੰ ਆਪਣੀ ਨਜ਼ਰ ਵਿੱਚ ਤੁੱਛ ਗਿਣਾਂਗਾ ਅਤੇ ਜਿਹੜੀਆਂ ਦਾਸੀਆਂ ਦੀ ਗੱਲ ਤੂੰ ਕੀਤੀ ਹੈ ਉਹ ਮੇਰਾ ਆਦਰ-ਸਨਮਾਨ ਕਰਨਗੀਆਂ । ੨੩ ਇਸ ਕਾਰਨ ਮੀਕਲ ਸ਼ਾਊਲ ਦੀ ਧੀ ਨੂੰ ਮਰਨ ਤੱਕ ਕੋਈ ਬੱਚਾ ਨਾ ਜੰਮਿਆ ।