ਦਾਊਦ ਦੀ ਜਿੱਤ
(1 ਇਤਿਹਾਸ 18:1-17)
੧ ਇਸ ਤੋਂ ਬਾਅਦ ਅਜਿਹਾ ਹੋਇਆ ਕਿ ਦਾਊਦ ਨੇ ਫ਼ਲਿਸਤੀਆਂ ਨੂੰ ਮਾਰਿਆ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਕਰ ਲਿਆ ਅਤੇ ਦਾਊਦ ਨੇ ਰਾਜਧਾਨੀ ਫ਼ਲਿਸਤੀਆਂ ਦੇ ਹੱਥ ਵਿਚੋਂ ਖੋਹ ਲਈ । ੨ ਅਤੇ ਉਸ ਨੇ ਮੋਆਬ ਨੂੰ ਵੀ ਜਿੱਤ ਲਿਆ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਲੰਮੇ ਪਾ ਕੇ ਡੋਰੀ ਨਾਲ ਉਨ੍ਹਾਂ ਨੂੰ ਮਿਣਿਆ ਅਰਥਾਤ ਦੋ ਡੋਰੀਆਂ ਤੱਕ ਮਿਣੇ ਗਏ ਲੋਕਾਂ ਨੂੰ ਘਾਤ ਕੀਤਾ ਅਤੇ ਇੱਕ ਡੋਰੀ ਤੱਕ ਮਿਣੇ ਗਏ ਲੋਕਾਂ ਨੂੰ ਜੀਉਂਦੇ ਛੱਡ ਦਿੱਤਾ, ਤਦ ਮੋਆਬੀ ਦਾਊਦ ਦੇ ਸੇਵਕ ਬਣੇ ਅਤੇ ਭੇਂਟ ਚੜ੍ਹਾਉਣ ਲਈ ਲਿਆਏ । ੩ ਦਾਊਦ ਨੇ ਸੋਬਾਰ ਦੇ ਰਾਜਾ ਰਹੋਬ ਦੇ ਪੁੱਤਰ ਹਦਦਅਜ਼ਰ ਨੂੰ ਵੀ ਜਿੱਤ ਲਿਆ, ਜਦ ਉਹ ਦਰਿਆ ਉੱਤੇ ਆਪਣੇ ਦੇਸ਼ ਨੂੰ ਛਡਾਉਣ ਨਿੱਕਲਿਆ ਸੀ । ੪ ਦਾਊਦ ਨੇ ਉਸ ਦੇ ਇੱਕ ਹਜ਼ਾਰ ਸੱਤ ਸੌ ਸਵਾਰ ਅਤੇ ਵੀਹ ਹਜ਼ਾਰ ਪਿਆਦੇ ਫੜ ਲਏ । ਦਾਊਦ ਨੇ ਰਥਾਂ ਦੇ ਸਾਰੇ ਘੋੜਿਆਂ ਦੀਆਂ ਨਾੜਾਂ ਨੂੰ ਵੱਡ ਸੁੱਟਿਆਂ ਪਰ ਉਨ੍ਹਾਂ ਵਿੱਚੋਂ ਸੌ ਰਥਾਂ ਦੇ ਲਈ ਘੋੜੇ ਰੱਖ ਲਏ । ੫ ਜਦ ਦੰਮਿਸਕ ਦੇ ਅਰਾਮੀ, ਸੋਬਾਹ ਦੇ ਰਾਜਾ ਹਦਦਅਜ਼ਰ ਦੀ ਸਹਾਇਤਾ ਕਰਨ ਨੂੰ ਆਏ ਤਾਂ ਦਾਊਦ ਨੇ ਦੰਮਿਸਕੀ ਅਰਾਮੀਆਂ ਦੇ ਬਾਈ ਹਜ਼ਾਰ ਮਨੁੱਖ ਮਾਰ ਸੁੱਟੇ । ੬ ਤਦ ਦਾਊਦ ਨੇ ਦੰਮਿਸਕੀ ਅਰਾਮੀਆਂ ਦੇ ਵਿਚਕਾਰ ਚੌਂਕੀਆਂ ਬੈਠਾ ਦਿੱਤੀਆਂ, ਸੋ ਅਰਾਮੀ ਵੀ ਦਾਊਦ ਦੇ ਸੇਵਕ ਬਣੇ ਅਤੇ ਭੇਂਟ ਲਿਆਏ । ਜਿੱਥੇ ਵੀ ਦਾਊਦ ਜਾਂਦਾ ਸੀ, ਯਹੋਵਾਹ ਉਹ ਨੂੰ ਜਿੱਤ ਬਖਸ਼ਦਾ ਸੀ । ੭ ਦਾਊਦ ਨੇ ਹਦਦਅਜ਼ਰ ਦੇ ਦਾਸਾਂ ਦੀਆਂ ਸੁਨਹਿਰੀ ਢਾਲਾਂ ਖੋਹ ਲਈਆਂ ਅਤੇ ਉਨ੍ਹਾਂ ਨੂੰ ਯਰੂਸ਼ਲਮ ਵਿੱਚ ਲੈ ਆਇਆ । ੮ ਅਤੇ ਬਟਹ ਅਤੇ ਬੇਰੋਤਈ ਤੋਂ ਜੋ ਹਦਦਅਜ਼ਰ ਦੇ ਸ਼ਹਿਰਾਂ ਵਿੱਚੋਂ ਸਨ, ਦਾਊਦ ਰਾਜਾ ਢੇਰ ਸਾਰਾ ਪਿੱਤਲ ਲੈ ਆਇਆ । ੯ ਜਦ ਹਮਾਥ ਦੇ ਰਾਜਾ ਤੋਈ ਨੇ ਸੁਣਿਆ ਜੋ ਦਾਊਦ ਨੇ ਹਦਦਅਜ਼ਰ ਦੀ ਸਾਰੀ ਫੋਜ ਨੂੰ ਮਾਰਿਆ ਹੈ, ੧੦ ਤਦ ਤੋਈ ਨੇ ਆਪਣੇ ਪੁੱਤਰ ਯੋਰਾਮ ਨੂੰ ਦਾਊਦ ਰਾਜਾ ਕੋਲ ਭੇਜਿਆ ਜੋ ਉਸ ਦੀ ਸੁੱਖ-ਸਾਂਦ ਪੁੱਛੇ ਅਤੇ ਵਧਾਈ ਦੇਵੇ ਕਿਉਂ ਜੋ ਉਸ ਨੇ ਹਦਦਅਜ਼ਰ ਨਾਲ ਲੜਾਈ ਕਰ ਕੇ ਉਹ ਨੂੰ ਮਾਰ ਲਿਆ ਸੀ, ਕਿਉਂ ਜੋ ਹਦਦਅਜ਼ਰ ਤੋਈ ਨਾਲ ਵੀ ਲੜਾਈ ਕਰਦਾ ਰਹਿੰਦਾ ਸੀ । ਸੋ ਯੋਰਾਮ ਚਾਂਦੀ, ਅਤੇ ਪਿੱਤਲ ਦੇ ਭਾਂਡੇ ਆਪਣੇ ਨਾਲ ਲੈ ਆਇਆ । ੧੧ ਦਾਊਦ ਰਾਜਾ ਨੇ ਉਹ ਸਭ ਕੁਝ ਜੋ ਉਸਨੇ ਕੌਮਾਂ ਤੋਂ ਜਿਤਿਆ ਸੀ, ਉਹਨਾਂ ਦੀ ਚਾਂਦੀ ਅਤੇ ਸੋਨੇ ਸਮੇਤ, ਇਨ੍ਹਾਂ ਨੂੰ ਵੀ ਯਹੋਵਾਹ ਦੇ ਲਈ ਪਵਿੱਤਰ ਕਰ ਕੇ ਰੱਖ ਛੱਡਿਆ । ੧੨ ਅਰਥਾਤ ਅਰਾਮੀਆਂ, ਮੋਆਬੀਆਂ, ਅੰਮੋਨੀਆਂ, ਫ਼ਲਿਸਤੀਆਂ, ਅਮਾਲੇਕੀਆਂ, ਅਤੇ ਸੋਬਾਹ ਦੇ ਰਾਜਾ ਰਹੋਬ ਦੇ ਪੁੱਤਰ ਹਦਦਅਜ਼ਰ ਦੀ ਲੁੱਟ ਵਿੱਚੋਂ ਰੱਖਿਆ, ੧੩ ਜਦ ਦਾਊਦ ਅਠਾਰਾਂ ਹਜ਼ਾਰ ਅਰਾਮੀਆਂ ਨੂੰ ਮਾਰ ਕੇ ਮੁੜ ਆਇਆ ਤਦ ਉਸਦਾ ਨਾਮ ਵੱਡਾ ਹੋਇਆ । ੧੪ ਉਸ ਨੇ ਅਦੋਮ ਵਿੱਚ ਚੌਕੀਆਂ ਬਿਠਾਈਆਂ, ਸਗੋਂ ਸਾਰੇ ਅਦੋਮ ਵਿੱਚ ਚੌਕੀਆਂ ਬਿਠਾਈਆਂ । ਸਾਰੇ ਅਦੋਮੀ ਵੀ ਦਾਊਦ ਦੇ ਅਧੀਨ ਹੋ ਗਏ । ਜਿੱਥੇ-ਜਿੱਥੇ ਦਾਊਦ ਗਿਆ, ਯਹੋਵਾਹ ਦਾਊਦ ਨੂੰ ਜਿੱਤ ਬਖ਼ਸ਼ਦਾ ਰਿਹਾ ।
ਦਾਊਦ ਦੇ ਕਰਮਚਾਰੀਆਂ ਦੇ ਨਾਮ
੧੫ ਦਾਊਦ ਨੇ ਸਾਰੇ ਇਸਰਾਏਲ ਉੱਤੇ ਰਾਜ ਕੀਤਾ ਅਤੇ ਦਾਊਦ ਆਪਣੀ ਸਾਰੀ ਪਰਜਾ ਨਾਲ ਧਰਮ ਅਤੇ ਨਿਆਂ ਦੇ ਕੰਮ ਕਰਦਾ ਸੀ । ੧੬ ਸੂਰਯਾਹ ਦਾ ਪੁੱਤਰ ਯੋਆਬ ਸੈਨਾਪਤੀ ਸੀ । ਅਹੀਲੂਦ ਦਾ ਪੁੱਤਰ ਯਹੋਸਾਫ਼ਾਤ ਅਹੁਦੇਦਾਰ ਸਕੱਤਰ ਸੀ । ੧੭ ਅਹੀਟੂਬ ਦਾ ਪੁੱਤਰ ਸਾਦੋਕ ਅਤੇ ਅਬਯਾਥਾਰ ਦਾ ਪੁੱਤਰ ਅਹੀਮਲਕ ਜਾਜਕ ਸਨ, ਅਤੇ ਸਰਾਯਾਹ ਲਿਖਾਰੀ ਸੀ, ੧੮ ਅਤੇ ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਤੀਆਂ ਅਤੇ ਫ਼ਲੇਤੀਆਂ ਉੱਤੇ ਪ੍ਰਧਾਨ ਸੀ ਅਤੇ ਦਾਊਦ ਦੇ ਪੁੱਤਰ ਦੀਵਾਨ ਸਨ ।