੨੧
ਗਿਬਓਨੀਆਂ ਦਾ ਬਦਲਾ ਲਿਆ ਜਾਣਾ
੧ ਫਿਰ ਦਾਊਦ ਦੇ ਸਮੇਂ ਵਿੱਚ ਤਿੰਨ ਸਾਲ ਤੱਕ ਲਗਾਤਾਰ ਕਾਲ ਪਿਆ ਅਤੇ ਦਾਊਦ ਨੇ ਯਹੋਵਾਹ ਦੀ ਹਜ਼ੂਰੀ ਨੂੰ ਭਾਲਿਆ ਸੋ ਯਹੋਵਾਹ ਨੇ ਆਖਿਆ, ਇਹ ਸ਼ਾਊਲ ਦੇ ਅਤੇ ਉਹ ਦੇ ਖੂਨੀ ਘਰਾਣੇ ਦੇ ਕਾਰਨ ਹੈ ਕਿਉਂ ਜੋ ਉਸ ਨੇ ਗਿਬਓਨੀਆਂ ਨੂੰ ਵੱਡ ਸੁੱਟਿਆ ੨ ਤਦ ਰਾਜਾ ਨੇ ਗਿਬਓਨੀਆਂ ਨੂੰ ਸੱਦ ਕੇ ਉਨ੍ਹਾਂ ਨੂੰ ਆਖਿਆ ( ਇਹ ਇਸਰਾਏਲ ਦੀ ਸੰਤਾਨ ਵਿੱਚੋਂ ਨਹੀਂ ਸਨ ਸਗੋਂ ਅਮੋਰੀਆਂ ਦੇ ਬਚੇ ਹੋਏ ਸਨ ਅਤੇ ਇਸਰਾਏਲੀਆਂ ਨੇ ਉਨ੍ਹਾਂ ਨਾਲ ਸਹੁੰ ਖਾਧੀ ਸੀ ਪਰ ਸ਼ਾਊਲ ਨੇ ਇਸਰਾਏਲੀਆਂ ਅਤੇ ਯਹੂਦੀਆਂ ਲਈ ਜਤਨ ਕਰ ਕੇ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਸੀ ) ੩ ਇਸ ਲਈ ਦਾਊਦ ਨੇ ਗਿਬਓਨੀਆਂ ਨੂੰ ਆਖਿਆ, ਮੈਂ ਤੁਹਾਡੇ ਲਈ ਕੀ ਕਰਾਂ ਅਤੇ ਕਿਸ ਵਸਤੂ ਨਾਲ ਮੈਂ ਪਰਾਸਚਿਤ ਕਰਾਂ ਤਾਂ ਜੋ ਤੁਸੀਂ ਯਹੋਵਾਹ ਦੇ ਨਿੱਜ-ਭਾਗ ਨੂੰ ਅਸੀਸ ਦਿਓ ? ੪ ਤਦ ਗਿਬਓਨੀਆਂ ਨੇ ਉਹ ਨੂੰ ਆਖਿਆ, ਸਾਡਾ ਸ਼ਾਊਲ ਤੋਂ ਅਤੇ ਉਸ ਦੇ ਘਰਾਣੇ ਤੋਂ ਚਾਂਦੀ-ਸੋਨੇ ਦਾ ਕੋਈ ਝਗੜਾ ਅਤੇ ਨਾ ਤੁਸੀਂ ਸਾਡੇ ਲਈ ਇਸਰਾਏਲ ਦੇ ਕਿਸੇ ਮਨੁੱਖ ਨੂੰ ਜਾਨ ਤੋਂ ਦਿੱਤਾ । ਸੋ ਉਸ ਆਖਿਆ, ਫ਼ੇਰ ਤੁਸੀਂ ਕੀ ਆਖਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ ? ੫ ਤਦ ਉਨ੍ਹਾਂ ਨੇ ਰਾਜਾ ਨੂੰ ਉੱਤਰ ਦਿੱਤਾ, ਉਹ ਮਨੁੱਖ ਜਿਸ ਨੇ ਸਾਨੂੰ ਨਾਸ਼ ਕੀਤਾ ਅਤੇ ਸਾਡੇ ਵਿਰੁੱਧ ਵਿੱਚ ਸਾਨੂੰ ਨਾਸ਼ ਕਰਨ ਦੀ ਅਜਿਹੀ ਯੋਜਨਾ ਬਣਾਈ ਕਿ ਅਸੀਂ ਇਸਰਾਏਲ ਦੇ ਕਿਸੇ ਬੰਨੇ ਵਿੱਚ ਨਾ ਟਿਕੀਏ । ੬ ਸੋ ਉਹ ਦੇ ਪੁੱਤਰਾਂ ਵਿੱਚੋਂ ਸੱਤ ਜਣੇ ਸਾਨੂੰ ਸੌਂਪ ਦਿਓ ਜੋ ਅਸੀਂ ਉਨ੍ਹਾਂ ਨੂੰ ਯਹੋਵਾਹ ਦੇ ਲਈ ਯਹੋਵਾਹ ਦੇ ਚੁਣੇ ਹੋਏ ਸ਼ਾਊਲ ਦੇ ਗਿਬਆਹ ਵਿੱਚ ਫਾਹੇ ਦੇਈਏ । ਤਦ ਰਾਜਾ ਨੇ ਆਖਿਆ, ਮੈਂ ਉਨ੍ਹਾਂ ਨੂੰ ਸੌਂਪ ਦਿਆਂਗਾ ੭ ਪਰ ਰਾਜਾ ਨੇ ਸ਼ਾਊਲ ਦੇ ਪੋਤਰੇ ਯੋਨਾਥਨ ਦੇ ਪੁੱਤਰ ਮਫੀਬੋਸ਼ਥ ਉੱਤੇ ਤਰਸ ਕੀਤਾ ਅਤੇ ਉਸ ਸਹੁੰ ਦੇ ਕਾਰਨ ਜੋ ਉਨ੍ਹਾਂ ਨੇ ਅਰਥਾਤ ਦਾਊਦ ਅਤੇ ਸ਼ਾਊਲ ਦੇ ਪੁੱਤਰ ਯੋਨਾਥਨ ਨੇ ਯਹੋਵਾਹ ਨੂੰ ਵਿੱਚ ਰੱਖ ਕੇ ਖਾਧੀ ਸੀ । ੮ ਪਰ ਰਾਜਾ ਨੇ ਅੱਯਾਹ ਦੀ ਧੀ ਰਿਸਫਾਹ ਦੇ ਦੋ ਪੁੱਤਰ ਜਿਨ੍ਹਾਂ ਨੂੰ ਉਸ ਨੇ ਸ਼ਾਊਲ ਦੇ ਲਈ ਜਣਿਆ ਸੀ ਅਰਥਾਤ ਅਰਮੋਨੀ ਅਤੇ ਅਫੀਬੋਸ਼ਥ ਅਤੇ ਸ਼ਾਊਲ ਦੀ ਧੀ ਮੀਕਲ ਦੇ ਪੰਜ ਪੁੱਤਰ ਜੋ ਉਸ ਨੇ ਬਰਜ਼ਿੱਲਈ ਮਹੋਲਾਥੀ ਦੇ ਪੁੱਤਰ ਅਦਰੀਏਲ ਦੇ ਲਈ ਜਣੇ ਸਨ, ਫੜ੍ਹ ਲਏ ੯ ਅਤੇ ਉਨ੍ਹਾਂ ਨੂੰ ਗਿਬਓਨੀਆਂ ਦੇ ਹੱਥ ਸੌਂਪ ਦਿੱਤਾ ਅਤੇ ਉਨ੍ਹਾਂ ਨੇ ਓਹਨਾਂ ਨੂੰ ਟਿੱਬੇ ਉੱਤੇ ਯਹੋਵਾਹ ਦੇ ਸਨਮੁਖ ਫਾਹੇ ਦੇ ਦਿੱਤਾ । ਓਹ ਸੱਤੇ ਦੇ ਸੱਤੇ ਨਾਸ਼ ਹੋ ਗਏ ਅਤੇ ਫ਼ਸਲ ਦੇ ਦਿਨਾਂ ਵਿੱਚ ਅਰਥਾਤ ਉਨ੍ਹਾਂ ਪਹਿਲੇ ਦਿਨਾਂ ਵਿੱਚ ਜਦੋਂ ਜਵਾਂ ਦੀਆਂ ਵਾਢੀਆਂ ਅਰੰਭ ਹੁੰਦੀਆਂ ਹਨ, ਮਾਰੇ ਗਏ । ੧੦ ਤਦ ਅੱਯਾਹ ਦੀ ਧੀ ਰੀਸਫਾਹ ਨੇ ਤੱਪੜ ਲੈ ਕੇ ਵਾਢੀਆਂ ਦੇ ਅਰੰਭ ਵਿੱਚ ਆਪਣੇ ਲਈ ਪੱਥਰ ਦੇ ਉੱਤੇ ਵਿਛਾ ਦਿੱਤਾ ਜਦ ਤੱਕ ਅਕਾਸ਼ੋਂ ਓਹਨਾਂ ਉੱਤੇ ਕਣੀਆਂ ਨਾ ਵਰਹੀਆਂ ਅਤੇ ਉਸ ਨੇ ਓਹਨਾਂ ਨੂੰ ਦਿਨ ਵਿੱਚ ਅਕਾਸ਼ ਦੇ ਪੰਛੀਆਂ ਅਤੇ ਰਾਤ ਨੂੰ ਜੰਗਲੀ ਜਾਨਵਰਾਂ ਤੋਂ ਬਚਾ ਕੇ ਰੱਖਿਆ ਜੋ ਓਹਨਾਂ ਨੂੰ ਨਾ ਛੂਹਣ ੧੧ ਤਦ ਦਾਊਦ ਨੂੰ ਖ਼ਬਰ ਹੋਈ ਕਿ ਸ਼ਾਊਲ ਦੀ ਰਖੈਲ ਅੱਯਾਹ ਦੀ ਧੀ ਰਿਸਫਾਹ ਨੇ ਇਸ ਤਰ੍ਹਾਂ ਕੀਤਾ । ੧੨ ਸੋ ਦਾਊਦ ਨੇ ਜਾ ਕੇ ਸ਼ਾਊਲ ਦੀਆਂ ਹੱਡੀਆਂ ਅਤੇ ਉਹ ਦੇ ਪੁੱਤਰ ਯੋਨਾਥਨ ਦੀਆਂ ਹੱਡੀਆਂ ਨੂੰ ਯਾਬੇਸ਼ ਗਿਲਆਦੀਆਂ ਤੋਂ ਵਾਪਿਸ ਲਿਆ ਕਿਉਂ ਜੋ ਓਹ ਉਨ੍ਹਾਂ ਨੂੰ ਬੈਤ-ਸ਼ਾਨ ਦੇ ਚੌਂਕ ਵਿੱਚੋਂ ਜਿਸ ਵੇਲੇ ਫ਼ਲਿਸਤੀਆਂ ਨੇ ਸ਼ਾਊਲ ਨੂੰ ਗਿਲਬੋਆ ਵਿੱਚ ਮਾਰਿਆ ਅਤੇ ਉਨ੍ਹਾਂ ਨੂੰ ਟੰਗ ਦਿੱਤਾ ਸੀ ਚੁਰਾ ਲੈ ਗਏ ਸਨ । ੧੩ ਸੋ ਉਹ ਸ਼ਾਊਲ ਅਤੇ ਉਸ ਦੇ ਪੁੱਤਰ ਦੀਆਂ ਹੱਡੀਆਂ ਨੂੰ ਉਥੋਂ ਲੈ ਆਇਆ ਅਤੇ ਇਨ੍ਹਾਂ ਸਾਰਿਆਂ ਦੀਆਂ ਹੱਡੀਆਂ ਨੂੰ ਜੋ ਟੰਗੇ ਗਏ ਸਨ ਇਕੱਠਾ ਕੀਤਾ । ੧੪ ਤਾਂ ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਨ ਦੀਆਂ ਹੱਡੀਆਂ ਨੂੰ ਬਿਨਯਾਮੀਨ ਦੇ ਦੇਸ਼ ਦੇ ਸੇਲਾ ਵਿੱਚ ਉਸ ਦੇ ਪਿਤਾ ਕੇਸ਼ ਦੇ ਮਕਬਰੇ ਵਿੱਚ ਦੱਬ ਦਿੱਤਾ ਅਤੇ ਜੋ ਕੁਝ ਰਾਜਾ ਨੇ ਹੁਕਮ ਦਿੱਤਾ ਸੀ ਉਹ ਸਭ ਕੁਝ ਉਨ੍ਹਾਂ ਨੇ ਕੀਤਾ ਅਤੇ ਇਸ ਤੋਂ ਬਾਅਦ ਉਸ ਦੇਸ਼ ਦੇ ਲਈ ਪਰਮੇਸ਼ੁਰ ਨੇ ਬੇਨਤੀਆਂ ਸੁਣ ਲਈਆਂ ।
ਫਲਿਸਤੀਆਂ ਨਾਲ ਯੁੱਧ
(1 ਇਤਿਹਾਸ 20:4-8)
੧੫ ਫਲਿਸਤੀ ਫਿਰ ਇਸਰਾਏਲ ਦੇ ਨਾਲ ਲੜੇ ਅਤੇ ਦਾਊਦ ਆਪਣੇ ਸੇਵਕਾਂ ਨੂੰ ਨਾਲ ਲੈ ਕੇ ਉਤਰਿਆ ਅਤੇ ਫ਼ਲਿਸਤੀਆਂ ਨਾਲ ਲੜਿਆ ਅਤੇ ਦਾਊਦ ਥੱਕ ਗਿਆ । ੧੬ ਉਸ ਵੇਲੇ ਦੈਂਤ ਦੇ ਪੁੱਤਰਾਂ ਵਿੱਚੋਂ ਇਸ਼ਬੀ- ਬਨੇਥ ਨੇ ਜਿਸ ਦੇ ਬਰਛੇ ਦਾ ਫਲ ਤੋਲ ਵਿੱਚ ਪੋਣੇ ਚਾਰ ਸੇਰ ਪਿੱਤਲ ਦਾ ਸੀ ਉਹ ਇੱਕ ਨਵੀਂ ਤਲਵਾਰ ਬੰਨ੍ਹ ਕੇ ਦਾਊਦ ਨੂੰ ਮਾਰਨਾ ਚਾਹੁੰਦਾ ਸੀ । ੧੭ ਪਰ ਯਹੂਦਾਹ ਦੇ ਪੁੱਤਰ ਅਬੀਸ਼ਈ ਨੇ ਦਾਊਦ ਦੀ ਸਹਾਇਤਾ ਕੀਤੀ ਅਤੇ ਉਸ ਨੇ ਫਲਿਸਤੀ ਨੂੰ ਮਾਰ ਕੇ ਵੱਢ ਸੁੱਟਿਆ । ਤਦ ਦਾਊਦ ਦੇ ਲੋਕਾਂ ਨੇ ਉਹ ਦੇ ਨਾਲ ਸਹੁੰ ਖਾ ਕੇ ਆਖਿਆ, ਤੁਸੀਂ ਫਿਰ ਕਦੀ ਸਾਡੇ ਨਾਲ ਲੜਾਈ ਵਿੱਚ ਨਾ ਨਿੱਕਲੋ ਕਿਤੇ ਇਸਰਾਏਲ ਦਾ ਦੀਵਾ ਨਾ ਬੁਝ ਜਾਵੇ । ੧੮ ਅਤੇ ਅਜਿਹਾ ਹੋਇਆ ਜੋ ਇਸ ਤੋਂ ਬਾਅਦ ਗੋਬ ਵਿੱਚ ਫ਼ਲਿਸਤੀਆਂ ਨਾਲ ਫਿਰ ਲੜਾਈ ਹੋਈ ਤਦ ਹੁਸ਼ਾਤੀ ਸਿਬਕੀ ਨੇ ਸਫ ਨੂੰ ਜੋ ਦੈਂਤ ਦੇ ਪੁੱਤਰਾਂ ਵਿੱਚੋਂ ਸੀ ਵੱਢ ਸੁੱਟਿਆ । ੧੯ ਅਤੇ ਫਿਰ ਫ਼ਲਿਸਤੀਆਂ ਨਾਲ ਗੋਬ ਵਿੱਚ ਇੱਕ ਹੋਰ ਲੜਾਈ ਹੋਈ ਤਦ ਯਆਰੋ ਓਰਗੀਮ ਦੇ ਪੁੱਤਰ ਅਲਹਨਾਨ ਨੇ ਜੋ ਬੈਤਹਲਮ ਦਾ ਸੀ ਗਿੱਤੀ ਗੋਲਿਅਥ ਦੇ ਭਰਾ ਨੂੰ ਜਿਸ ਦੀ ਬਰਛੀ ਜੁਲਾਹੇ ਦੇ ਤੁਰ ਵਰਗੀ ਸੀ ਮਾਰਿਆ । ੨੦ ਫਿਰ ਗਥ ਵਿੱਚ ਇੱਕ ਹੋਰ ਲੜਾਈ ਹੋਈ ਅਤੇ ਉੱਥੇ ਇੱਕ ਵੱਡੀ ਡੀਲ ਡੌਲ ਵਾਲਾ ਮਨੁੱਖ ਸੀ । ਉਹ ਦੇ ਇੱਕ-ਇੱਕ ਹੱਥ ਵਿੱਚ ਛੇ-ਛੇ ਉਂਗਲੀਆਂ ਅਤੇ ਇੱਕ-ਇੱਕ ਪੈਰ ਵਿੱਚ ਵੀ ਛੇ-ਛੇ ਉਂਗਲੀਆਂ ਸਨ ਅਰਥਾਤ ਚੌਵੀ ਉਂਗਲੀਆਂ ਸਨ ਅਤੇ ਇਹ ਵੀ ਦੈਂਤ ਦੇ ਵੰਸ਼ ਵਿੱਚੋਂ ਸੀ । ੨੧ ਜਿਸ ਵੇਲੇ ਉਸ ਨੇ ਇਸਰਾਏਲ ਨੂੰ ਲਲਕਾਰਿਆ ਸੀ ਉਸ ਵੇਲੇ ਦਾਊਦ ਦੇ ਭਰਾ ਸ਼ਿਮਅਈ ਦੇ ਪੁੱਤਰ ਯੋਨਾਥਨ ਨੇ ਉਹ ਨੂੰ ਮਾਰਿਆ । ੨੨ ਇਹ ਚਾਰੇ ਗਥ ਵਿੱਚ ਦੈਂਤ ਤੋਂ ਜੰਮੇ ਸਨ ਅਤੇ ਅਤੇ ਦਾਊਦ ਦੇ ਹੱਥੋਂ ਅਤੇ ਉਹ ਦੇ ਸੇਵਕਾਂ ਦੇ ਹੱਥੋਂ ਮਾਰੇ ਗਏ ਸਨ ।