੨੩
ਦਾਊਦ ਦੇ ਅੰਤਿਮ ਵਚਨ
੧ ਇਹ ਦਾਊਦ ਦੇ ਆਖਰੀ ਬਚਨ ਹਨ । ਦਾਊਦ ਯੱਸੀ ਦੇ ਪੁੱਤਰ ਦਾ ਵਾਕ ਅਤੇ ਉਸ ਮਨੁੱਖ ਦਾ ਵਾਕ ਹੈ, ਜੋ ਉੱਚਾ ਕੀਤਾ ਗਿਆ, ਜੋ ਯਾਕੂਬ ਦੇ ਪਰਮੇਸ਼ੁਰ ਦਾ ਮਸਹ ਕੀਤਾ ਹੋਇਆ, ਅਤੇ ਇਸਰਾਏਲ ਵਿੱਚ ਰਸੀਲਾ ਕਵੀਸ਼ਰ ਸੀ । ੨ ਯਹੋਵਾਹ ਦਾ ਆਤਮਾ ਮੇਰੇ ਵਿੱਚੋਂ ਬੋਲਿਆ, ਅਤੇ ਉਹ ਦਾ ਬਚਨ ਮੇਰੀ ਜੀਭ ਉੱਤੇ ਸੀ । ੩ ਇਸਰਾਏਲ ਦੇ ਪਰਮੇਸ਼ੁਰ ਨੇ ਆਖਿਆ, ਇਸਰਾਏਲ ਦੀ ਚੱਟਾਨ ਨੇ ਮੇਰੇ ਨਾਲ ਗੱਲਾਂ ਕੀਤੀਆਂ, ਜਿਹੜਾ ਆਦਮੀਆਂ ਉੱਤੇ ਧਰਮ ਨਾਲ ਰਾਜ ਕਰਦਾ ਹੈ, ਜੋ ਪਰਮੇਸ਼ੁਰ ਦੇ ਭੈਅ ਨਾਲ ਰਾਜ ਕਰਦਾ ਹੈ, ੪ ਉਹ ਸਵੇਰ ਦੇ ਚਾਨਣ ਵਰਗਾ ਹੋਵੇਗਾ ਜਦ ਸੂਰਜ ਨਿੱਕਲਦਾ ਹੀ ਹੈ, ਅਜਿਹੀ ਸਵੇਰ ਜਿਸ ਦੇ ਵਿੱਚ ਬੱਦਲ ਨਾ ਹੋਣ, ਅਤੇ ਘਾਹ ਵਰਗਾ ਜੋ ਮੀਂਹ ਦੇ ਪਿੱਛੋਂ ਤਿੱਖੀ ਧੁੱਪ ਦੇ ਕਾਰਨ ਧਰਤੀ ਵਿੱਚੋਂ ਉੱਗਦਾ ਹੈ । ੫ ਭਾਵੇਂ ਮੇਰਾ ਘਰਾਣਾ ਪਰਮੇਸ਼ੁਰ ਦੇ ਅੱਗੇ ਅਜਿਹਾ ਨਹੀਂ, ਫਿਰ ਵੀ ਉਹ ਨੇ ਇੱਕ ਸਦਾ ਦਾ ਨੇਮ ਮੇਰੇ ਨਾਲ ਕੀਤਾ ਹੈ, ਜੋ ਸਾਰਿਆਂ ਗੱਲਾਂ ਵਿੱਚ ਠੀਕ-ਠਾਕ ਅਤੇ ਪੱਕਾ ਹੈ । ਇਹ ਮੇਰਾ ਸਾਰਾ ਨਿਸਤਾਰਾ ਅਤੇ ਮੇਰੀ ਸਾਰੀ ਚਾਹ ਹੈ । ਭਲਾ, ਉਹ ਉਸ ਨੂੰ ਸਫਲ ਨਾ ਕਰੇਗਾ ? ੬ ਪਰ ਬੇਧਰਮ ਲੋਕ ਸਾਰਿਆਂ ਦੇ ਸਾਰੇ ਕੰਡਿਆਂ ਵਾਂਗੂੰ ਦੂਰ ਸੁੱਟੇ ਜਾਣਗੇ, ਕਿਉਂ ਜੋ ਓਹ ਹਥਾਂ ਨਾਲ ਫੜ੍ਹੇ ਨਹੀਂ ਜਾਂਦੇ । ੭ ਪਰ ਜੇ ਮਨੁੱਖ ਉਨ੍ਹਾਂ ਨੂੰ ਛੂਹਣਾ ਚਾਹੇ, ਤਾਂ ਜ਼ਰੂਰੀ ਹੈ ਕਿ ਲੋਹੇ ਜਾਂ ਬਰਛੀ ਦੇ ਫਲ ਨੂੰ ਵਰਤੇ, ਅਤੇ ਉਹ ਉੱਥੇ ਹੀ ਅੱਗ ਨਾਲ ਸਾੜੇ ਜਾਣਗੇ ।
ਦਾਊਦ ਦੇ ਸੂਰਬੀਰਾਂ ਦੇ ਨਾਮ
(1 ਇਤਿਹਾਸ 11:10-41)
੮ ਦਾਊਦ ਦੇ ਸੂਰਮਿਆਂ ਦੇ ਨਾਮ ਇਹ ਹਨ ਪਹਿਲਾਂ ਤਾਂ ਤਾਹਕਮੋਨੀ ਯੇਸ਼ੋਬ-ਬਸ਼ਬਥ, ਉਹ ਪ੍ਰਧਾਨਾਂ ਵਿੱਚੋਂ ਵੱਡਾ ਸੀ, ਉਹੋ ਹੀ ਅਦੀਨੋ ਜਿਹੜਾ ਅਜਨੀ ਸਦਾਉਂਦਾ ਸੀ । ਉਸੇ ਨੇ ਅੱਠ ਸੌ ਮਨੁੱਖਾਂ ਉੱਤੇ ਬਰਛੀ ਚਲਾਈ ਅਤੇ ਉਨ੍ਹਾਂ ਨੂੰ ਇੱਕੋ ਵਾਰ ਹੀ ਵੱਢ ਸੁੱਟਿਆ । ੯ ਉਹ ਦੇ ਪਿੱਛੋਂ ਡੋਡੀ ਦਾ ਪੁੱਤਰ ਅਲਾਆਜ਼ਾਰ ਦਾ ਪੋਤਰਾ ਇਹ ਉਨ੍ਹਾਂ ਤਿੰਨਾਂ ਸੂਰਮਿਆਂ ਵਿਚੋਂ ਸੀ ਜੋ ਦਾਊਦ ਦੇ ਨਾਲ ਚੜ੍ਹੇ ਸਨ ਜਿਸ ਵੇਲੇ ਉਸ ਨੇ ਉਨ੍ਹਾਂ ਫ਼ਲਿਸਤੀਆਂ ਨੂੰ ਜੋ ਯੁੱਧ ਕਰਨ ਨੂੰ ਇੱਕਠੇ ਹੋਏ ਸਨ ਲਲਕਾਰਿਆ ਸੀ ਅਤੇ ਸਾਰੇ ਇਸਰਾਏਲ ਦੇ ਮਨੁੱਖ ਚੱਲੇ ਗਏ ਸਨ । ੧੦ ਸੋ ਉਸ ਨੇ ਉੱਠ ਕੇ ਫ਼ਲਿਸਤੀਆਂ ਨੂੰ ਮਾਰਿਆ ਐਥੋਂ ਤੱਕ ਜੋ ਉਹ ਦਾ ਹੱਥ ਥੱਕ ਗਿਆ ਅਤੇ ਉਹ ਦਾ ਹੱਥ ਤਲਵਾਰ ਦੀ ਮੁੱਠ ਨਾਲ ਚੰਬੜ ਗਿਆ ਅਤੇ ਯਹੋਵਾਹ ਨੇ ਉਸ ਦਿਨ ਵੱਡੀ ਜਿੱਤ ਦਿੱਤੀ ਅਤੇ ਲੋਕ ਉਸ ਦੇ ਪਿੱਛੇ ਸਿਰਫ਼ ਲੁੱਟਣ ਲਈ ਹੀ ਮੁੜ ਆਏ । ੧੧ ਉਸ ਦੇ ਪਿੱਛੋਂ ਹਰਾਰੀ ਅਗੇ ਦਾ ਪੁੱਤਰ ਸ਼ੰਮਾਹ ਸੀ । ਜਿਸ ਵੇਲੇ ਫ਼ਲਿਸਤੀ ਇੱਕ ਪੈਲੀ ਵਿੱਚ ਜਿੱਥੇ ਮਸਰ ਬੀਜੇ ਹੋਏ ਸਨ ਪੱਠੇ ਲੈਣ ਲਈ ਇਕੱਠੇ ਹੋਏ ਸਨ ਅਤੇ ਸਭ ਲੋਕ ਫ਼ਲਿਸਤੀਆਂ ਦੇ ਅੱਗੋਂ ਨੱਸ ਗਏ । ੧੨ ਉਹ ਉਸ ਪੈਲੀ ਦੇ ਵਿੱਚਕਾਰ ਖੜ੍ਹਾ ਰਿਹਾ ਅਤੇ ਉਸ ਨੂੰ ਬਚਾਇਆ ਅਤੇ ਫ਼ਲਿਸਤੀਆਂ ਨੂੰ ਵੱਢ ਸੁੱਟਿਆ ਸੋ ਯਹੋਵਾਹ ਨੇ ਵੱਡੀ ਜਿੱਤ ਲੈ ਦਿੱਤੀ । ੧੩ ਉਨ੍ਹਾਂ ਤੀਹਾਂ ਮੁਖੀਆਂ ਵਿੱਚੋਂ ਤਿੰਨ ਨਿੱਕਲ ਗਏ ਅਤੇ ਅਦਲਾਮ ਦੀ ਗੁਫਾ ਨੂੰ ਵਾਢੀਆਂ ਦੇ ਵੇਲੇ ਦਾਊਦ ਕੋਲ ਆਏ ਅਤੇ ਫ਼ਲਿਸਤੀਆਂ ਦੇ ਦਲ ਨੇ ਰਫਾਈਮ ਦੀ ਘਾਟੀ ਵਿੱਚ ਤੰਬੂ ਲਾਏ ਸਨ । ੧੪ ਤਾਂ ਦਾਊਦ ਉਸ ਵੇਲੇ ਇੱਕ ਗੜ੍ਹ ਵਿੱਚ ਸੀ ਅਤੇ ਫ਼ਲਿਸਤੀਆਂ ਦੀ ਛਾਉਣੀ ਬੈਤਹਲਮ ਦੇ ਵਿੱਚ ਸੀ ੧੫ ਅਤੇ ਦਾਊਦ ਨੇ ਦਿਆਂ ਹੋਇਆਂ ਆਖਿਆ, ਕਾਸ਼ ਕਿ ਕੋਈ ਮਨੁੱਖ ਉਸ ਖੂਹ ਦਾ ਜੋ ਬੈਤਹਲਮ ਦੇ ਫਾਟਕ ਕੋਲ ਹੈ ਇੱਕ ਘੁੱਟ ਪਾਣੀ ਦਾ ਮੈਨੂੰ ਪਿਲਾਵੇ । ੧੬ ਤਦ ਉਨ੍ਹਾਂ ਤਿੰਨਾਂ ਨੇ ਫ਼ਲਿਸਤੀਆਂ ਦੇ ਡੇਰੇ ਦੇ ਵਿੱਚੋਂ ਦੀ ਲੰਘ ਕੇ ਬੈਤਹਲਮ ਦੇ ਖੂਹ ਤੋਂ ਪਾਣੀ ਭਰਿਆ ਜਿਹੜਾ ਫਾਟਕ ਉੱਤੇ ਸੀ ਅਤੇ ਦਾਊਦ ਨੂੰ ਲਿਆ ਦਿੱਤਾ ਪਰ ਉਸ ਨੇ ਨਾ ਪੀਤਾ ਸਗੋਂ ਯਹੋਵਾਹ ਦੇ ਅੱਗੇ ਡੋਲ੍ਹ ਦਿੱਤਾ । ੧੭ ਅਤੇ ਉਸ ਨੇ ਆਖਿਆ, ਹੇ ਯਹੋਵਾਹ ਅਜਿਹਾ ਕਰਨਾ ਮੇਰੇ ਤੋਂ ਦੂਰ ਹੋਵੇ ਕਿਉਂ ਜੋ ਇਹ ਉਨ੍ਹਾਂ ਲੋਕਾਂ ਦਾ ਲਹੂ ਹੈ ਜੋ ਆਪਣੀ ਜਾਨ ਨੂੰ ਤਲੀ ਉੱਤੇ ਰੱਖ ਕੇ ਗਏ ! ਸੋ ਉਸ ਨੇ ਉਹ ਨੂੰ ਪੀਣ ਵੱਲੋਂ ਨਾਂਹ ਕੀਤੀ । ਉਨ੍ਹਾਂ ਤਿੰਨਾਂ ਸੂਰਮਿਆਂ ਨੇ ਇਹ ਕੰਮ ਕੀਤੇ । ੧੮ ਅਤੇ ਸੂਰਯਾਹ ਦੇ ਪੁੱਤਰ ਯੋਆਬ ਦਾ ਭਰਾ ਅਬੀਸ਼ਈ ਤਿੰਨਾਂ ਵਿੱਚੋਂ ਮੁਖਿਆ ਸੀ । ਉਸ ਨੇ ਤਿੰਨ ਸੌ ਉੱਤੇ ਬਰਛੀ ਚਲਾਈ ਅਤੇ ਉਨ੍ਹਾਂ ਨੂੰ ਵੱਢ ਸੁੱਟਿਆ ਅਤੇ ਤਿੰਨਾਂ ਵਿੱਚੋਂ ਨਾਮੀ ਬਣਿਆ । ੧੯ ਉਹ ਤਾਂ ਤਿੰਨਾਂ ਵਿਚੋਂ ਸਾਰੇ ਨਾਲੋਂ ਵੱਡਾ ਪਤਵਾਲਾ ਸੀ ਤਦ ਉਹ ਉਨ੍ਹਾਂ ਦਾ ਪ੍ਰਧਾਨ ਬਣਿਆ ਪਰ ਉਨ੍ਹਾਂ ਪਹਿਲੇ ਤਿੰਨਾਂ ਵਰਗਾ ਨਹੀਂ ਸੀ । ੨੦ ਯਹੋਯਾਦਾ ਦਾ ਪੁੱਤਰ ਬਨਾਯਾਹ ਕਬਸਏਲ ਵਿੱਚ ਇੱਕ ਵੱਡੇ ਸੂਰਮੇ ਮਨੁੱਖ ਦਾ ਪੋਤਰਾ ਸੀ ਜਿਸ ਨੇ ਕਈ ਵੱਡੇ ਕੰਮ ਕੀਤੇ ਸਨ ਉਸ ਨੇ ਮੋਆਬ ਦੇ ਦੋ ਸ਼ੀਹ ਵਰਗੇ ਜੁਆਨਾਂ ਨੂੰ ਮਾਰ ਸੁੱਟਿਆ ਅਤੇ ਬਰਫ਼ ਦੇ ਦਿਨਾਂ ਵਿੱਚ ਇੱਕ ਟੋਏ ਵਿੱਚ ਇੱਕ ਸ਼ੇਰ ਨੂੰ ਜਾ ਮਾਰਿਆ । ੨੧ ਅਤੇ ਉਸ ਨੇ ਇੱਕ ਸੋਹਣੇ ਮਿਸਰੀ ਨੂੰ ਵੱਢ ਸੁੱਟਿਆ । ਉਸ ਮਿਸਰੀ ਦੇ ਹੱਥ ਵਿੱਚ ਇੱਕ ਬਰਛੀ ਸੀ ਪਰ ਉਹ ਲਾਠੀ ਲੈ ਕੇ ਉਹ ਦੇ ਉੱਤੇ ਆਣ ਪਿਆ ਅਤੇ ਉਸ ਮਿਸਰੀ ਦੇ ਹੱਥ ਵਿੱਚੋਂ ਬਰਛੀ ਖੋਹ ਕੇ ਉਸੇ ਨਾ ਉਹ ਨੂੰ ਮਾਰਿਆ । ੨੨ ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਇਹ ਕੰਮ ਕੀਤੇ ਅਤੇ ਤਿੰਨਾਂ ਸੂਰਮਿਆਂ ਵਿੱਚ ਉਸ ਦਾ ਨਾਮ ਸੀ । ੨੩ ਉਹ ਉਨ੍ਹਾਂ ਤੀਹਾਂ ਵਿੱਚੋਂ ਵੱਧ ਪਤਵਾਲਾ ਸੀ ਪਰ ਉਹ ਉਨ੍ਹਾਂ ਪਹਿਲੇ ਤਿੰਨਾਂ ਵਰਗਾ ਨਹੀਂ ਸੀ ਅਤੇ ਦਾਊਦ ਨੇ ਉਸ ਨੂੰ ਆਪਣੀ ਸਭਾ ਦਾ ਮੁੱਖੀਆ ਠਹਿਰਾਇਆ । ੨੪ ਯੋਆਬ ਦਾ ਭਰਾ ਅਸਾਹੇਲ ਉਨ੍ਹਾਂ ਤੀਹਾਂ ਵਿੱਚੋਂ ਸੀ ਨਾਲੇ ਬੈਤਲਹਮੀ ਦੋਦੋ ਦਾ ਪੁੱਤਰ ਅਲਹਾਨਾਨ, ੨੫ ਸ਼ੰਮਾਹ ਹਰੋਡੀ ਅਤੇ ਅਲੀਕਾ ਹਰੋਦੀ ੨੬ ਹਸਲ ਪਲਟੀ ਅਤੇ ਇੱਕੇਸ਼ ਤਕੋਈ ਦਾ ਪੁੱਤਰ ਈਰਾ ੨੭ ਅਬੀਅਜ਼ਰ ਅੰਨਥੋਥੀ ਮਬੁੰਨਈ ਹੁਸ਼ਾਥੀ ੨੮ ਸਲਮੋਨ ਅਹੋਹੀ ਤੇ ਮਹਰਦੀ ਨਟੋਫਾਥੀ, ੨੯ ਬਆਨਾਹ ਦਾ ਪੁੱਤਰ ਹੇਲਬ ਇੱਕ ਨਟੋਫਾਥੀ ਤੇ ਰੀਬਈ ਦਾ ਪੁੱਤਰ ਇੱਤਈ ਜੋ ਬਿਨਯਾਮੀਨੀਆਂ ਵਿੱਚੋਂ ਗਿਬਆਹ ਤੋਂ ਸੀ । ੩੦ ਬਨਾਯਾਹ ਪਿਰਥੋਨੀ ਤੇ ਗਆਸ਼ ਦੀਆਂ ਨਦੀਆਂ ਤੋਂ ਹਿੱਦਈ, ੩੧ ਅਬੀ-ਅਲਬੋਨ ਅਰਬਾਥੀ ਤੇ ਅਜ਼ਮਾਵਥ ਬਰਹੁਮੀ, ੩੨ ਅਲਯਹਬਾ ਸ਼ਅਲਬੋਨੀ ਤੇ ਯਾਸੇਨ ਦੇ ਪੁੱਤਰਾਂ ਤੋਂ ਯੋਨਾਥਨ ੩੩ ਸ਼ੰਮਾਹ ਹਰਾਰੀ ਤੇ ਸ਼ਰਾਰ ਅਰਾਰੀ ਦਾ ਪੁੱਤਰ ਅਹੀਆਮ । ੩੪ ਉਸ ਮਆਕਾਥੀ ਦਾ ਪੋਤ੍ਰਾ ਅਹਸਬਈ ਦਾ ਪੁੱਤਰ ਅਲੀਫਲਟ ਤੇ ਅਹੀਥੋਫ਼ਲ ਗਿਲੋਨੀ ਦਾ ਪੁੱਤਰ ਅਲੀਆਮ, ੩੫ ਹਸਰਈ ਕਰਮਲੀ ਤੇ ਪਅਰਈ ਅਰਬੀ, ੩੬ ਸੋਬਾਹ ਤੋਂ ਨਾਥਾਨ ਦਾ ਪੁੱਤਰ ਯਿਗਾਲ ਤੇ ਬਾਨੀ ਗਾਦੀ । ੩੭ ਸਲਕ ਅੰਮੋਨੀ ਤੇ ਨਹਰਈ ਬਏਰੋਥੀ ਜੋ ਸੂਰਯਾਹ ਦੇ ਪੁੱਤਰ ਯੋਆਬ ਦੇ ਸ਼ਸਤਰ ਚੁੱਕਣ ਵਾਲੇ ਸਨ । ੩੮ ਈਰਾ ਯਿਥਰੀ ਤੇ ਗ਼ਾਰੇਬ ਯਿਥਰੀ । ੩੯ ਊਰਿਯਾੱਹ ਹਿੱਤੀ - ਸਾਰੇ ਸੈਂਤੀ ਸਨ ।