ਪ੍ਰਾਰਥਨਾ ਕਰਨ ਲਈ ਬੇਨਤੀ
੧ ਅੰਤ ਵਿੱਚ, ਹੇ ਭਰਾਵੋ, ਸਾਡੇ ਲਈ ਵੀ ਪ੍ਰਾਰਥਨਾ ਕਰੋ ਕਿ ਪ੍ਰਭੂ ਦਾ ਉਪਦੇਸ਼ ਤੇਜੀ ਨਾਲ ਫ਼ੈਲੇ ਅਤੇ ਮਹਿਮਾ ਪਾਵੇ ਜਿਵੇਂ ਕਿ ਤੁਹਾਡੇ ਵਿੱਚ ਹੋਇਆ । ੨ ਅਤੇ ਪ੍ਰਾਰਥਨਾ ਕਰੋ ਕਿ ਅਸੀਂ ਬੁਰੇ ਅਤੇ ਬਦੀ ਕਰਨ ਵਾਲੇ ਲੋਕਾਂ ਤੋਂ ਬਚੇ ਰਹੀਏ । ਜਿਵੇਂ ਕਿ ਤੁਸੀਂ ਜਾਣਦੇ ਹੋ, ਸਾਰੇ ਲੋਕੀ ਪ੍ਰਭੂ ਵਿੱਚ ਵਿਸ਼ਵਾਸ ਨਹੀਂ ਰੱਖਦੇ । ੩ ਪਰ ਪ੍ਰਭੂ ਵਫ਼ਾਦਾਰ ਹੈ, ਉਹ ਤੁਹਾਨੂੰ ਤਾਕਤ ਦੇਵੇਗਾ ਅਤੇ ਤੁਹਾਨੂੰ ਦੁਸ਼ਟ ਤੋਂ ਬਚਾਵੇਗਾ । ੪ ਪ੍ਰਭੂ ਸਾਨੂੰ ਵਿਸ਼ਵਾਸ ਦਿੰਦਾ ਹੈ ਕਿ ਤੁਸੀਂ ਉਹੀ ਗੱਲਾਂ ਕਰ ਰਹੇ ਹੋ ਜੋ ਅਸੀਂ ਤੁਹਾਨੂੰ ਆਖੀਆਂ ਹਨ ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਇਨ੍ਹਾਂ ਗੱਲਾਂ ਨੂੰ ਲਗਾਤਾਰ ਕਰਦੇ ਰਹੋਗੇ । ੫ ਅਤੇ ਪ੍ਰਭੂ ਤੁਹਾਡੇ ਦਿਲਾਂ ਨੂੰ ਪਰਮੇਸ਼ੁਰ ਦੇ ਪਿਆਰ ਅਤੇ ਮਸੀਹ ਦੇ ਸਬਰ ਵੱਲ ਜਾਣ ਲਈ ਅਗਵਾਈ ਕਰੇਗਾ ।
ਆਲਸੀਪਣ ਦੇ ਵਿਰੋਧ ਵਿੱਚ ਚਿਤਾਵਨੀ
੬ ਹੇ ਭਰਾਵੋ, ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਤੁਹਾਨੂੰ ਇਹ ਹੁਕਮ ਦਿੰਦੇ ਹਾਂ ਕਿ ਤੁਸੀਂ ਉਸ ਹਰੇਕ ਭਰਾ ਤੋਂ ਦੂਰ ਰਹੋ, ਜਿਹੜਾ ਉਸ ਸਿੱਖਿਆ ਦੇ ਅਨੁਸਾਰ ਨਹੀਂ ਚੱਲਦਾ ਜੋ ਤੁਸੀਂ ਸਾਡੇ ਕੋਲੋਂ ਪਾਈ ਪਰ ਕੁਰਾਹੇ ਚੱਲਦਾ ਹੈ । ੭ ਤੁਸੀਂ ਆਪ ਹੀ ਜਾਣਦੇ ਹੋ ਕਿ ਤੁਹਾਨੂੰ ਵੀ ਕਿਵੇਂ ਸਾਡੀ ਤਰ੍ਹਾਂ ਚੱਲਣਾ ਚਾਹੀਦਾ ਹੈ ਕਿਉਂ ਜੋ ਅਸੀਂ ਆਲਸ ਦੀ ਚਾਲ ਨਾ ਚੱਲੇ । ੮ ਅਤੇ ਜਦੋਂ ਵੀ ਅਸੀਂ ਕਿਸੇ ਦੂਸਰੇ ਵਿਅਕਤੀ ਦਾ ਭੋਜਨ ਖਾਧਾ ਅਸੀਂ ਹਮੇਸ਼ਾਂ ਉਸ ਦੀ ਕੀਮਤ ਦਿੱਤੀ, ਅਸੀਂ ਸਖ਼ਤ ਮਿਹਨਤ ਕੀਤੀ ਤਾਂ ਜੋ ਅਸੀਂ ਤੁਹਾਡੇ ਕਿਸੇ ਲਈ ਵੀ ਕਸ਼ਟ ਦਾ ਕਾਰਨ ਨਾ ਬਣੀਏ । ਅਸੀਂ ਲੱਗਭਗ ਦਿਨ ਰਾਤ ਕੰਮ ਕਰਦੇ ਰਹੇ । ੯ ਸਾਡੇ ਕੋਲ ਅਧਿਕਾਰ ਸੀ ਕਿ ਤੁਹਾਡੇ ਕੋਲੋਂ ਸਹਾਇਤਾ ਲਈਏ, ਪਰ ਅਸੀਂ ਆਪਣੀਆਂ ਲੋੜਾਂ ਲਈ ਕੰਮ ਕੀਤਾ ਤਾਂ ਜੋ ਅਸੀਂ ਤੁਹਾਡੇ ਲਈ ਇੱਕ ਉਦਾਹਰਣ ਬਣ ਸਕੀਏ । ੧੦ ਜਦੋਂ ਅਸੀਂ ਤੁਹਾਡੇ ਕੋਲ ਸੀ ਅਸੀਂ ਤੁਹਾਨੂੰ ਇਹ ਨਿਯਮ ਦਿੱਤਾ, “ਜੇ ਕੋਈ ਵਿਅਕਤੀ ਕੰਮ ਨਹੀਂ ਕਰਦਾ, ਤਾਂ ਉਹ ਭੋਜਨ ਵੀ ਨਾ ਕਰੇ ।” ੧੧ ਅਸੀਂ ਸੁਣਦੇ ਹਾਂ ਕਿ ਤੁਹਾਡੇ ਸਮੂਹ ਵਿੱਚੋਂ ਕੁੱਝ ਲੋਕ ਕੰਮ ਕਰਨ ਤੋਂ ਇੰਨਕਾਰ ਕਰਦੇ ਹਨ । ਉਹ ਕੁੱਝ ਨਹੀਂ ਕਰਦੇ ਪਰ ਆਪਣੇ ਆਪ ਨੂੰ ਹੋਰਨਾਂ ਲੋਕਾਂ ਦੇ ਜੀਵਨ ਵਿੱਚ ਰੁਝਾਈ ਰੱਖਦੇ ਹਨ । ੧੨ ਅਸੀਂ ਉਨ੍ਹਾਂ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਆਗਿਆ ਦਿੰਦੇ ਹਾਂ ਕਿ ਆਪਣਾ ਕੰਮ ਕਰਕੇ ਰੋਟੀ ਖਾਇਆ ਕਰਨ l ੧੩ ਹੇ ਭਰਾਵੋ, ਤੁਸੀਂ ਭਲਿਆਈ ਕਰਦਿਆਂ ਨਾ ਥੱਕੋ । ੧੪ ਜੇਕਰ ਕੋਈ ਵਿਅਕਤੀ ਜਿਸ ਬਾਰੇ ਅਸੀਂ ਇਸ ਚਿੱਠੀ ਵਿੱਚ ਲਿਖਿਆ ਹੈ ਉਸ ਨੂੰ ਨਹੀਂ ਮੰਨਦਾ, ਤਾਂ ਉਸਦਾ ਧਿਆਨ ਰੱਖੋ ਕਿ ਤੁਸੀਂ ਉਸ ਵਿਅਕਤੀ ਨਾਲ ਸੰਗਤ ਨਾ ਕਰੋ, ਤਾਂ ਜੋ ਉਹ ਸ਼ਰਮਿੰਦਾ ਹੋਵੇ । ੧੫ ਉਸ ਨੂੰ ਆਪਣਾ ਵੈਰੀ ਨਾ ਸਮਝੋ ਸਗੋਂ ਉਸ ਨੂੰ ਇੱਕ ਭਰਾ ਦੀ ਤਰ੍ਹਾਂ ਚਿਤਾਵਨੀ ਦਿਉ ।
ਆਖਰੀ ਨਮਸਕਾਰ
੧੬ ਸ਼ਾਂਤੀ ਦਾ ਪ੍ਰਭੂ ਤੁਹਾਨੂੰ ਹਮੇਸ਼ਾਂ ਹਰ ਤਰ੍ਹਾਂ ਨਾਲ ਸ਼ਾਂਤੀ ਦੇਵੇ । ਪ੍ਰਭੂ ਤੁਹਾਡੇ ਸਾਰਿਆਂ ਦੇ ਅੰਗ-ਸੰਗ ਰਹੇ । ੧੭ ਮੈਂ ਪੌਲੁਸ, ਇਹ ਸ਼ੁਭਕਾਮਨਾਵਾਂ ਆਪਣੇ ਹੱਥੀਂ ਲਿਖ ਰਿਹਾ ਹਾਂ । ਮੇਰੇ ਸਾਰੇ ਪੱਤਰਾਂ ਉੱਤੇ ਇਹ ਖ਼ਾਸ ਨਿਸ਼ਾਨ ਹੈ ਅਤੇ ਇਹ ਦਰਸਾਉਂਦੇ ਹਨ ਕਿ ਉਹ ਮੇਰੇ ਵੱਲੋਂ ਹਨ । ਮੈਂ ਇਸੇ ਤਰ੍ਹਾਂ ਹੀ ਲਿਖਦਾ ਹਾਂ । ੧੮ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ ।