ਸੌਲੁਸ ਦਾ ਮਸੀਹੀ ਹੋਣਾ
(ਰਸੂਲਾਂ ਦੇ ਕਰਤੱਬ 22:6-16, 26:12-18)
੧ ਸੌਲੁਸ ਅਜੇ ਵੀ ਪ੍ਰਭੂ ਦੇ ਚੇਲਿਆਂ ਨੂੰ ਦਬਕਾਉਂਦਾ ਅਤੇ ਉਹਨਾਂ ਦਾ ਕਤਲ ਕਰਦਾ, ਪ੍ਰਧਾਨ ਜਾਜਕ ਦੇ ਕੋਲ ਗਿਆ । ੨ ਅਤੇ ਉਸ ਦੇ ਕੋਲੋਂ ਦੰਮਿਸਕ ਦੇ ਪ੍ਰਾਰਥਨਾ ਘਰਾਂ ਦੇ ਨਾਮ ਇਸ ਪਰਕਾਰ ਦੀਆਂ ਚਿੱਠੀਆਂ ਮੰਗੀਆਂ ਕਿ, ਜੋ ਇਸ ਪੰਥ ਦੇ ਮੰਨਣ ਵਾਲੇ ਮੈਨੂੰ ਮਿਲਣ, ਚਾਹੇ ਆਦਮੀ ਜਾਂ ਔਰਤਾਂ ਹੋਣ ਤਾਂ ਉਹਨਾਂ ਨੂੰ ਬੰਨ ਕੇ, ਯਰੂਸ਼ਲਮ ਵਿੱਚ ਲਿਆਵਾਂ । ੩ ਜਦੋਂ ਉਹ ਚੱਲਿਆ ਜਾਂਦਾ ਸੀ, ਤਦ ਇਸ ਤਰ੍ਹਾਂ ਹੋਇਆ ਜੋ ਉਹ ਦੰਮਿਸਕ ਦੇ ਨੇੜੇ ਆਇਆ ਅਤੇ ਅਚਾਨਕ ਅਕਾਸ਼ ਵਿੱਚੋਂ ਇੱਕ ਜੋਤੀ ਉਹ ਦੇ ਆਲੇ-ਦੁਆਲੇ ਚਮਕੀ, ੪ ਤਾਂ ਉਹ ਹੇਠਾਂ ਡਿੱਗ ਪਿਆ ਅਤੇ ਇੱਕ ਅਵਾਜ਼ ਸੁਣੀ, ਜੋ ਉਸ ਨੂੰ ਕਹਿੰਦੀ ਸੀ, ਹੇ ਸੌਲੁਸ, ਹੇ ਸੌਲੁਸ ! ਤੂੰ ਮੈਨੂੰ ਕਿਉਂ ਸਤਾਉਂਦਾ ਹੈਂ ? ੫ ਉਸ ਨੇ ਪੁੱਛਿਆ, ਪ੍ਰਭੂ ਜੀ, ਤੁਸੀਂ ਕੌਣ ਹੋ ? ਉਸ ਨੇ ਕਿਹਾ, ਮੈਂ ਯਿਸੂ ਹਾਂ, ਜਿਸ ਨੂੰ ਤੂੰ ਸਤਾਉਂਦਾ ਹੈਂ । ੬ ਪਰ ਉੱਠ ਅਤੇ ਸ਼ਹਿਰ ਵਿੱਚ ਜਾ ਅਤੇ ਜੋ ਕੁੱਝ ਤੈਨੂੰ ਕਰਨਾ ਚਾਹੀਦਾ ਹੈ ਉਹ ਮੈਂ ਤੈਨੂੰ ਦੱਸਾਂਗਾ । ੭ ਜਿਹੜੇ ਆਦਮੀ ਉਹ ਦੇ ਨਾਲ ਤੁਰੇ ਜਾਂਦੇ ਸਨ, ਉਹ ਚੁੱਪ-ਚਾਪ ਖੜੇ ਰਹੇ ਕਿ ਉਨ੍ਹਾਂ ਅਵਾਜ਼ ਤਾਂ ਸੁਣੀ ਪਰ ਕਿਸੇ ਨੂੰ ਵੇਖਿਆ ਨਹੀਂ ਸੀ । ੮ ਸੌਲੁਸ ਜ਼ਮੀਨ ਤੋਂ ਉੱਠਿਆ ਪਰ ਜਦੋਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਹ ਨੂੰ ਕੁੱਝ ਵੀ ਨਜ਼ਰ ਨਹੀਂ ਆ ਰਿਹਾ ਸੀ, ਅਤੇ ਉਹ ਦਾ ਹੱਥ ਫੜ੍ਹ ਕੇ ਦੰਮਿਸਕ ਵਿੱਚ ਲਿਆਏ । ੯ ਅਤੇ ਉਹ ਤਿੰਨ ਦਿਨ ਤੱਕ ਕੁੱਝ ਵੇਖ ਨਾ ਸਕਿਆ ਅਤੇ ਨਾ ਕੁੱਝ ਖਾਧਾ ਨਾ ਪੀਤਾ ।
੧੦ ਦੰਮਿਸਕ ਵਿੱਚ ਹਨਾਨਿਯਾਹ ਨਾਮ ਦਾ ਇੱਕ ਚੇਲਾ ਸੀ । ਉਹ ਨੂੰ ਪ੍ਰਭੂ ਨੇ ਦਰਸ਼ਣ ਦੇ ਕੇ ਕਿਹਾ, ਹਨਾਨਿਯਾਹ ! ਉਸ ਨੇ ਆਖਿਆ, ਪ੍ਰਭੂ ਜੀ ਵੇਖ, ਮੈਂ ਹਾਜ਼ਰ ਹਾਂ । ੧੧ ਤਾਂ ਪ੍ਰਭੂ ਨੇ ਉਹ ਨੂੰ ਕਿਹਾ, ਉੱਠ ਅਤੇ ਉਸ ਗਲੀ ਵਿੱਚ ਜਾ ਜੋ “ਸਿੱਧੀ” ਕਹਾਉਂਦੀ ਹੈ, ਅਤੇ ਯਹੂਦਾ ਦੇ ਘਰ ਵਿੱਚ ਸੌਲੁਸ ਨਾਮ ਦਾ ਮਨੁੱਖ ਜੋ ਤਰਸੁਸ ਦਾ ਰਹਿਣ ਵਾਲਾ ਹੈ, ਉਸ ਬਾਰੇ ਪੁੱਛ ਕਿਉਂਕਿ ਵੇਖ ਉਹ ਪ੍ਰਾਰਥਨਾ ਕਰ ਰਿਹਾ ਹੈ । ੧੨ ਅਤੇ ਉਸ ਨੇ ਹਨਾਨਿਯਾਹ ਨਾਮ ਦੇ ਇੱਕ ਮਨੁੱਖ ਨੂੰ ਅੰਦਰ ਆਉਂਦਿਆਂ ਅਤੇ ਆਪਣੇ ਉੱਤੇ ਹੱਥ ਰੱਖਦਿਆਂ ਵੇਖਿਆ ਤਾਂ ਜੋ ਫੇਰ ਸੁਜਾਖਾ ਹੋਵੇ । ੧੩ ਪਰ ਹਨਾਨਿਯਾਹ ਨੇ ਉੱਤਰ ਦਿੱਤਾ ਕਿ ਪ੍ਰਭੂ ਜੀ ਮੈਂ ਬਹੁਤਿਆਂ ਕੋਲੋਂ ਇਸ ਮਨੁੱਖ ਦੀ ਗੱਲ ਸੁਣੀ ਹੈ, ਇਹ ਨੇ ਯਰੂਸ਼ਲਮ ਵਿੱਚ ਤੇਰੇ ਸੰਤਾਂ ਨਾਲ ਬਹੁਤ ਬੁਰਿਆਈ ਕੀਤੀ ਹੈ ! ੧੪ ਅਤੇ ਉਸ ਨੇ ਮੁੱਖ ਜਾਜਕਾਂ ਦੀ ਵੱਲੋਂ ਇਸ ਗੱਲ ਦਾ ਅਧਿਕਾਰ ਪਾਇਆ ਹੈ ਕਿ ਇੱਥੇ ਵੀ ਤੇਰੇ ਨਾਮ ਲੈਣ ਵਾਲਿਆਂ ਸਭਨਾਂ ਨੂੰ ਸਤਾਵੇ । ੧੫ ਪਰ ਪ੍ਰਭੂ ਨੇ ਉਹ ਨੂੰ ਆਖਿਆ, ਤੂੰ ਚੱਲਿਆ ਜਾ ਕਿਉਂ ਜੋ ਉਹ ਮੇਰੇ ਲਈ ਇੱਕ ਚੁਣਿਆ ਹੋਇਆ ਵਸੀਲਾ ਹੈ, ਜੋ ਪਰਾਈਆਂ ਕੌਮਾਂ ਅਤੇ ਰਾਜਿਆਂ ਅਤੇ ਇਸਰਾਏਲ ਦੀ ਪਰਜਾ ਅੱਗੇ ਮੇਰੇ ਨਾਮ ਦੀ ਚਰਚਾ ਕਰੇ । ੧੬ ਕਿਉਂਕਿ ਮੈਂ ਉਸ ਨੂੰ ਵਿਖਾਵਾਂਗਾ ਜੋ ਮੇਰੇ ਨਾਮ ਦੇ ਬਦਲੇ ਉਸ ਨੂੰ ਕੀ ਕੁੱਝ ਝੱਲਣਾ ਪਵੇਗਾ । ੧੭ ਤਦ ਹਨਾਨਿਯਾਹ ਚੱਲਿਆ ਗਿਆ ਅਤੇ ਉਸ ਘਰ ਵਿੱਚ ਜਾ ਵੜਿਆ ਅਤੇ ਉਸ ਤੇ ਹੱਥ ਰੱਖ ਕੇ ਬੋਲਿਆ, ਹੇ ਭਾਈ ਸੌਲੁਸ, ਪ੍ਰਭੂ ਅਰਥਾਤ ਯਿਸੂ ਨੇ ਜੋ ਤੈਨੂੰ ਉਸ ਰਾਹ ਵਿੱਚ ਵਿਖਾਈ ਦਿੱਤਾ, ਜਿਸ ਤੋਂ ਤੂੰ ਆਇਆ ਸੀ, ਮੈਨੂੰ ਭੇਜਿਆ ਹੈ ਕਿ ਤੂੰ ਸੁਜਾਖਾ ਹੋ ਜਾਵੇਂ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੇਂ । ੧੮ ਉਸੇ ਘੜੀ ਉਸ ਦੀਆਂ ਅੱਖਾਂ ਤੋਂ ਛਿਲਕੇ ਡਿੱਗੇ ਅਤੇ ਉਹ ਸੁਜਾਖਾ ਹੋ ਗਿਆ, ਅਤੇ ਉੱਠ ਕੇ ਬਪਤਿਸਮਾ ਲਿਆ ਅਤੇ ਭੋਜਨ ਖਾਧਾ ਅਤੇ ਬਲ ਪ੍ਰਾਪਤ ਕੀਤਾ ।
ਦੰਮਿਸਕ ਵਿੱਚ ਸੌਲੁਸ ਦੁਆਰਾ ਪ੍ਰਚਾਰ
੧੯ ਫੇਰ ਉਹ ਕਈ ਦਿਨ ਦੰਮਿਸਕ ਵਿੱਚ ਚੇਲਿਆਂ ਦੇ ਨਾਲ ਰਿਹਾ । ੨੦ ਅਤੇ ਉਹ ਤੁਰੰਤ ਪ੍ਰਾਰਥਨਾ ਘਰਾਂ ਵਿੱਚ ਯਿਸੂ ਦਾ ਪਰਚਾਰ ਕਰਨ ਲੱਗਾ ਜੋ ਉਹ ਪਰਮੇਸ਼ੁਰ ਦਾ ਪੁੱਤਰ ਹੈ । ੨੧ ਅਤੇ ਸਭ ਸੁਣਨ ਵਾਲੇ ਅਚਰਜ ਹੋ ਕੇ ਬੋਲੇ, ਕੀ ਇਹ ਉਹ ਹੀ ਨਹੀਂ ਜਿਹੜਾ ਯਰੂਸ਼ਲਮ ਵਿੱਚ ਇਸ ਨਾਮ ਦੇ ਲੈਣ ਵਾਲਿਆਂ ਨੂੰ ਬਰਬਾਦ ਕਰਦਾ ਸੀ ਅਤੇ ਉਹ ਇਸੇ ਗੱਲ ਲਈ ਇੱਥੇ ਆਇਆ ਸੀ ਕਿ ਉਨ੍ਹਾਂ ਨੂੰ ਬੰਨੇ ਅਤੇ ਮੁੱਖ ਜਾਜਕਾਂ ਦੇ ਅੱਗੇ ਲੈ ਜਾਵੇ ? ੨੨ ਪਰ ਸੌਲੁਸ ਹੋਰ ਵੀ ਤਕੜਾ ਹੁੰਦਾ ਗਿਆ ਅਤੇ ਇਸ ਗੱਲ ਨੂੰ ਸਾਬਤ ਕੀਤਾ ਕਿ ਮਸੀਹ ਇਹ ਹੀ ਹੈ ਉਨ੍ਹਾਂ ਯਹੂਦੀਆਂ ਦਾ ਮੂੰਹ ਬੰਦ ਕਰ ਦਿੱਤਾ ਜਿਹੜੇ ਦੰਮਿਸਕ ਵਿੱਚ ਰਹਿੰਦੇ ਸਨ । ੨੩ ਜਦੋਂ ਬਹੁਤ ਦਿਨ ਬੀਤ ਗਏ ਤਾਂ ਯਹੂਦੀਆਂ ਨੇ ਉਹ ਨੂੰ ਮਾਰਨ ਦੀ ਯੋਜਨਾਂ ਬਣਾਈ । ੨੪ ਪਰ ਉਨ੍ਹਾਂ ਦੀ ਯੋਜਨਾਂ ਸੌਲੁਸ ਨੂੰ ਪਤਾ ਲੱਗ ਗਈ ਅਤੇ ਉਨਾਂ ਨੇ ਰਾਤ-ਦਿਨ ਦਰਵਾਜਿਆਂ ਦੀ ਵੀ ਰਾਖੀ ਕੀਤੀ ਕਿ ਉਹ ਨੂੰ ਮਾਰ ਸੁੱਟਣ । ੨੫ ਪਰ ਉਹ ਦੇ ਚੇਲਿਆਂ ਨੇ ਰਾਤ ਦੇ ਸਮੇਂ ਉਹ ਨੂੰ ਟੋਕਰੇ ਵਿੱਚ ਬਿਠਾ ਕੇ ਸ਼ਹਿਰਪਨਾਹ ਉੱਪਰੋਂ ਉਤਾਰ ਦਿੱਤਾ ।
ਯਰੂਸ਼ਲਮ ਵਿੱਚ ਸੌਲੁਸ
੨੬ ਜਦੋਂ ਉਹ ਯਰੂਸ਼ਲਮ ਵਿੱਚ ਆਇਆ ਤਾਂ ਚੇਲਿਆਂ ਵਿੱਚ ਰਲ ਜਾਣ ਦਾ ਯਤਨ ਕੀਤਾ ਪਰ ਸਭ ਉਸ ਤੋਂ ਡਰਦੇ ਸਨ ਕਿਉਂ ਜੋ ਉਨਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਉਹ ਵੀ ਚੇਲਾ ਹੈ । ੨੭ ਪਰ ਬਰਨਬਾਸ ਉਹ ਨੂੰ ਰਸੂਲਾਂ ਦੇ ਕੋਲ ਲੈ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਨੇ ਕਿਸ ਪਰਕਾਰ ਰਾਹ ਵਿੱਚ ਪ੍ਰਭੂ ਨੂੰ ਦੇਖਿਆ ਸੀ ਅਤੇ ਉਸ ਨੇ ਉਹ ਦੇ ਨਾਲ ਗੱਲਾਂ ਕੀਤੀਆਂ ਅਤੇ ਉਹ ਕਿਸ ਤਰ੍ਹਾਂ ਦੰਮਿਸ਼ਕ ਵਿੱਚ ਯਿਸੂ ਦੇ ਨਾਮ ਉੱਤੇ ਬਿਨ੍ਹਾਂ ਡਰੇ ਬਚਨ ਸੁਣਾਉਂਦਾ ਸੀ । ੨੮ ਤਦ ਉਹ ਉਨ੍ਹਾਂ ਦੇ ਨਾਲ ਯਰੂਸ਼ਲਮ ਵਿੱਚ ਆਉਂਦਾ ਜਾਂਦਾ ਰਿਹਾ । ੨੯ ਅਤੇ ਪ੍ਰਭੂ ਦੇ ਨਾਮ ਤੇ ਬਿਨ੍ਹਾਂ ਡਰੇ ਬਚਨ ਸੁਣਾਉਂਦਾ ਸੀ, ਯੂਨਾਨੀ ਅਤੇ ਯਹੂਦੀਆਂ ਨਾਲ ਗੱਲਾਂ ਅਤੇ ਬਹਿਸ ਕਰਦਾ ਸੀ ਪਰ ਉਹ ਉਸ ਨੂੰ ਮਾਰਨ ਦੀ ਯੋਜਨਾਂ ਬਣਾ ਰਹੇ ਸੀ । ੩੦ ਜਦੋਂ ਭਰਾਵਾਂ ਨੂੰ ਇਹ ਪਤਾ ਲੱਗਿਆ ਤਾਂ ਉਹ ਉਸ ਨੂੰ ਕੈਸਰਿਯਾ ਵਿੱਚ ਲਿਆਏ ਅਤੇ ਤਰਸੁਸ ਦੀ ਵੱਲ ਭੇਜ ਦਿੱਤਾ । ੩੧ ਸਾਰੇ ਯਹੂਦਿਯਾ, ਗਲੀਲ, ਸਾਮਰਿਯਾ ਵਿੱਚ ਕਲੀਸਿਯਾ ਨੂੰ ਸ਼ਾਂਤੀ ਮਿਲੀ ਅਤੇ ਮੇਲ-ਮਿਲਾਪ ਦਾ ਅਨੰਦ ਲਿਆ ਅਤੇ ਕਲੀਸਿਯਾ ਵੱਧਦੀ ਗਈ ਅਤੇ ਪ੍ਰਭੂ ਦੇ ਡਰ ਅਤੇ ਪਵਿੱਤਰ ਆਤਮਾ ਦੇ ਹੌਂਸਲੇ ਵਿੱਚ ਵਧਦੀ ਗਈ ।
ਲੁੱਦਾ ਅਤੇ ਯਾਪਾ ਵਿੱਚ ਪਤਰਸ
੩੨ ਫਿਰ ਇਸ ਤਰ੍ਹਾਂ ਹੋਇਆ ਕਿ ਪਤਰਸ ਸਭ ਪਾਸੇ ਫਿਰਦਾ ਫਿਰਦਾ ਉਨ੍ਹਾਂ ਸੰਤਾਂ ਕੋਲ ਵੀ ਆਇਆ ਜਿਹੜੇ ਲੁੱਦਾ ਵਿੱਚ ਰਹਿੰਦੇ ਸਨ । ੩੩ ਅਤੇ ਉੱਥੇ ਐਨਿਯਾਸ ਨਾਮ ਦਾ ਇੱਕ ਮਨੁੱਖ ਉਹ ਨੂੰ ਮਿਲਿਆ ਜਿਹੜਾ ਅੱਠ ਸਾਲਾਂ ਤੋਂ ਅਧਰੰਗ ਦੀ ਬਿਮਾਰੀ ਕਰਕੇ ਮੰਜੇ ਉੱਤੇ ਪਿਆ ਹੋਇਆ ਸੀ । ੩੪ ਪਤਰਸ ਨੇ ਉਸ ਨੂੰ ਆਖਿਆ, ਐਨਿਯਾਸ, ਯਿਸੂ ਮਸੀਹ ਤੈਨੂੰ ਚੰਗਾ ਕਰਦਾ ਹੈ, ਉੱਠ ਅਤੇ ਆਪਣਾ ਵਿਛਾਉਣਾ ਸੁਧਾਰ, ਅਤੇ ਉਹ ਉਸੇ ਵੇਲੇ ਉੱਠ ਖੜ੍ਹਾ ਹੋਇਆ ! ੩੫ ਤਾਂ ਲੁੱਦਾ ਅਤੇ ਸ਼ਰੋਨ ਦੇ ਸਾਰੇ ਵਾਸੀਆਂ ਨੇ ਉਸ ਨੂੰ ਵੇਖਿਆ ਅਤੇ ਪ੍ਰਭੂ ਦੀ ਵੱਲ ਫਿਰੇ ।
੩੬ ਯਾਪਾ ਵਿੱਚ ਤਬਿਥਾ ਨਾਮ ਦੀ ਇੱਕ ਚੇਲੀ ਸੀ ਜਿਸ ਦਾ ਅਰਥ ਹਰਨੀ ਹੈ । ਇਹ ਔਰਤ ਭਲੇ ਕੰਮਾਂ ਅਤੇ ਪੁੰਨ ਦਾਨ ਕਰਨ ਵਿੱਚ ਰੁੱਝੀ ਰਹਿੰਦੀ ਸੀ । ੩੭ ਤਾਂ ਐਉਂ ਹੋਇਆ ਕਿ ਉਨ੍ਹੀਂ ਦਿਨੀਂ ਬਿਮਾਰ ਹੋ ਕੇ ਉਹ ਮਰ ਗਈ ਅਤੇ ਉਸ ਨੂੰ ਇਸਨਾਨ ਕਰਵਾ ਕੇ ਇੱਕ ਚੁਬਾਰੇ ਵਿੱਚ ਰੱਖ ਦਿੱਤਾ । ੩੮ ਅਤੇ ਇਸ ਲਈ ਲੁੱਦਾ, ਜੋ ਯਾਪਾ ਦੇ ਨੇੜੇ ਸੀ, ਚੇਲਿਆਂ ਨੇ ਇਹ ਸੁਣ ਕੇ ਜੋ ਪਤਰਸ ਉੱਥੇ ਹੀ ਹੈ ਦੋ ਮਨੁੱਖ ਭੇਜ ਕੇ ਉਹ ਦੀ ਮਿੰਨਤ ਕੀਤੀ ਜੋ ਸਾਡੇ ਕੋਲ ਆਉਣ ਵਿੱਚ ਦੇਰ ਨਾ ਕਰਿਓ । ੩੯ ਤਦ ਪਤਰਸ ਉੱਠ ਕੇ ਉਨ੍ਹਾਂ ਦੇ ਨਾਲ ਤੁਰ ਪਿਆ ਅਤੇ ਜਦੋਂ ਉੱਥੇ ਪੁੱਜਿਆ ਤਾਂ ਉਹ ਉਸ ਨੂੰ ਉਸ ਚੁਬਾਰੇ ਵਿੱਚ ਲੈ ਗਏ ਅਤੇ ਸਭ ਵਿਧਵਾਂ ਉਹ ਦੇ ਕੋਲ ਖੜੀਆਂ ਰੋਂਦੀਆਂ ਸਨ ਅਤੇ ਉਹ ਕੁੜਤੇ ਅਤੇ ਬਸਤਰ ਜੋ ਦੋਰਕਸ ਨੇ ਉਹਨਾਂ ਦੇ ਨਾਲ ਹੁੰਦਿਆਂ ਬਣਾਏ ਵਿਖਾਲਦੀਆਂ ਸਨ । ੪੦ ਪਰ ਪਤਰਸ ਨੇ ਸਭਨਾਂ ਨੂੰ ਬਾਹਰ ਭੇਜਿਆ ਅਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ ਅਤੇ ਮ੍ਰਿਤਕ ਵੱਲ ਮੁੜ ਕੇ ਕਿਹਾ, ਹੇ ਤਬਿਥਾ, ਉੱਠ ! ਤਾਂ ਉਸ ਨੇ ਆਪਣੀਆਂ ਅੱਖੀਆਂ ਖੋਲ੍ਹੀਆਂ ਅਤੇ ਪਤਰਸ ਨੂੰ ਵੇਖ ਕੇ ਉੱਠ ਬੈਠੀ ! ੪੧ ਉਹ ਨੇ ਹੱਥ ਫੜ੍ਹ ਕੇ ਉਸ ਨੂੰ ਉੱਠਾਇਆ, ਸੰਤਾਂ ਅਤੇ ਵਿਧਵਾ ਔਰਤਾਂ ਨੂੰ ਸੱਦ ਕੇ ਉਸ ਨੂੰ ਉਨ੍ਹਾਂ ਦੇ ਅੱਗੇ ਜਿਉਂਦੀ ਹਾਜ਼ਰ ਕੀਤਾ । ੪੨ ਇਹ ਗੱਲ ਸਾਰੇ ਯਾਪਾ ਵਿੱਚ ਉਜਾਗਰ ਹੋ ਗਈ ਅਤੇ ਬਹੁਤਿਆਂ ਨੇ ਪ੍ਰਭੂ ਉੱਤੇ ਵਿਸ਼ਵਾਸ ਕੀਤਾ । ੪੩ ਫਿਰ ਇਸ ਤਰ੍ਹਾਂ ਹੋਇਆ ਕਿ ਉਹ ਬਹੁਤ ਦਿਨ ਯਾਪਾ ਵਿੱਚ ਸ਼ਮਊਨ ਨਾਮ ਦੇ ਇੱਕ ਚਮੜੇ ਦਾ ਕੰਮ ਕਰਨ ਵਾਲੇ ਦੇ ਘਰ ਵਿੱਚ ਰਿਹਾ ।