੧ ਹੇ ਇਸਰਾਏਲੀਓ, ਇਹ ਬਚਨ ਸੁਣੋ ਜਿਹੜਾ ਯਹੋਵਾਹ ਨੇ ਤੁਹਾਡੇ ਵਿਰੁੱਧ ਅਰਥਾਤ ਉਸ ਸਾਰੇ ਘਰਾਣੇ ਦੇ ਵਿਰੁੱਧ ਬੋਲਿਆ ਹੈ ਜਿਸ ਨੂੰ ਮੈਂ ਮਿਸਰ ਦੇਸ਼ ਤੋਂ ਕੱਢ ਲਿਆਇਆ, ੨ “ਧਰਤੀ ਦੇ ਸਾਰੇ ਘਰਾਣਿਆਂ ਵਿੱਚੋਂ ਮੈਂ ਸਿਰਫ਼ ਤੁਹਾਨੂੰ ਹੀ ਚੁਣਿਆ ਹੈ, ਇਸ ਲਈ ਮੈਂ ਤੁਹਾਡੇ ਸਾਰੇ ਅਪਰਾਧਾਂ ਦੀ ਸਜ਼ਾ ਤੁਹਾਡੇ ਉੱਤੇ ਲਿਆਵਾਂਗਾ !”
ਨਬੀ ਦਾ ਕੰਮ
੩ “ਭਲਾ, ਦੋ ਮਨੁੱਖ ਇਕੱਠੇ ਚੱਲ ਸਕਦੇ ਹਨ, ਜੇ ਉਹ ਸਹਿਮਤ ਨਾ ਹੋਣ ? ੪ ਕੀ ਬੱਬਰ ਸ਼ੇਰ ਬਿਨ੍ਹਾਂ ਕੋਈ ਸ਼ਿਕਾਰ ਮਿਲੇ ਜੰਗਲ ਵਿੱਚ ਗੱਜੇਗਾ ? ਕੀ ਜੁਆਨ ਸ਼ੇਰ ਬਿਨ੍ਹਾਂ ਕੁਝ ਫੜ੍ਹੇ ਆਪਣੀ ਗੁਫ਼ਾ ਵਿੱਚੋਂ ਅਵਾਜ਼ ਕੱਢੇਗਾ ? ੫ ਭਲਾ, ਪੰਛੀ ਧਰਤੀ ਉੱਤੇ ਬਿਨ੍ਹਾਂ ਜਾਲ ਵਿਛਾਏ ਉਸ ਵਿੱਚ ਫਸੇਗਾ ? ਕੀ ਬਿਨ੍ਹਾਂ ਕੁਝ ਫੜ੍ਹੇ ਜਾਲ ਧਰਤੀ ਉੱਤੋਂ ਉੱਛਲੇਗਾ ? ੬ ਭਲਾ, ਸ਼ਹਿਰ ਵਿੱਚ ਤੁਰ੍ਹੀ ਫੂਕੀ ਜਾਵੇ ਅਤੇ ਲੋਕ ਨਾ ਡਰਨ ? ਭਲਾ, ਜੇ ਯਹੋਵਾਹ ਨਾ ਭੇਜੇ ਤਾਂ ਕੀ ਕੋਈ ਬਿਪਤਾ ਕਿਸੇ ਸ਼ਹਿਰ ਉੱਤੇ ਆਵੇਗੀ ? ੭ ਸੱਚ-ਮੁੱਚ ਪ੍ਰਭੂ ਯਹੋਵਾਹ ਆਪਣੇ ਸੇਵਕ ਨਬੀਆਂ ਉੱਤੇ ਆਪਣਾ ਭੇਤ ਪਰਗਟ ਕੀਤੇ ਬਿਨ੍ਹਾਂ ਕੋਈ ਕੰਮ ਨਹੀਂ ਕਰੇਗਾ । ੮ ਬੱਬਰ ਸ਼ੇਰ ਗੱਜਿਆ ਹੈ, ਕੌਣ ਨਾ ਡਰੇਗਾ ? ਪ੍ਰਭੂ ਯਹੋਵਾਹ ਬੋਲਿਆ, ਕੌਣ ਭਵਿੱਖਬਾਣੀ ਨਾ ਕਰੇਗਾ ? “
ਸਾਮਰਿਯਾ ਦਾ ਵਿਨਾਸ਼
੯ ਅਸ਼ਦੋਦ ਦੇ ਗੜ੍ਹਾਂ ਨੂੰ ਅਤੇ ਮਿਸਰ ਦੇਸ਼ ਦੇ ਸ਼ਾਹੀ ਮਹਿਲਾਂ ਨੂੰ ਪ੍ਰਚਾਰ ਕਰਕੇ ਆਖੋ, “ਸਾਮਰਿਯਾ ਦੇ ਪਹਾੜਾਂ ਉੱਤੇ ਇਕੱਠੇ ਹੋ ਜਾਓ ਅਤੇ ਵੇਖੋ ਕਿ ਉਸ ਵਿੱਚ ਕਿੰਨਾਂ ਰੌਲਾ ਹੈ ਅਤੇ ਉਸ ਦੇ ਵਿਚਕਾਰ ਕਿੰਨਾਂ ਜ਼ੁਲਮ ਹੈ !” ੧੦ ਯਹੋਵਾਹ ਦਾ ਬਚਨ ਹੈ, “ਜਿਹੜੇ ਆਪਣੇ ਗੜ੍ਹਾਂ ਵਿੱਚ ਹਨੇਰ ਅਤੇ ਲੁੱਟ ਦਾ ਮਾਲ ਜਮ੍ਹਾਂ ਕਰਦੇ ਹਨ, ਉਹ ਨੇਕੀ ਕਰਨਾ ਨਹੀਂ ਜਾਣਦੇ ।” ੧੧ ਇਸ ਲਈ ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, “ਇੱਕ ਵਿਰੋਧੀ ਦੇਸ਼ ਨੂੰ ਘੇਰ ਲਵੇਗਾ ਅਤੇ ਤੇਰੀ ਸ਼ਕਤੀ ਤੇਰੇ ਤੋਂ ਖੋਹ ਲਵੇਗਾ ਅਤੇ ਤੇਰੇ ਗੜ੍ਹ ਲੁੱਟੇ ਜਾਣਗੇ ।”
੧੨ ਯਹੋਵਾਹ ਇਹ ਫ਼ਰਮਾਉਂਦਾ ਹੈ, “ਜਿਵੇਂ ਅਯਾਲੀ ਬੱਬਰ ਸ਼ੇਰ ਦੇ ਮੂੰਹੋਂ ਦੋ ਲੱਤਾਂ ਜਾਂ ਕੰਨ ਦਾ ਟੁੱਕੜਾ ਛੁਡਾ ਲੈਂਦਾ ਹੈ, ਉਸੇ ਤਰ੍ਹਾਂ ਹੀ ਇਸਰਾਏਲੀ ਜਿਹੜੇ ਸਾਮਰਿਯਾ ਵਿੱਚ ਮੰਜੀਆਂ ਦੇ ਸਿਰ੍ਹਿਆਂ ਉੱਤੇ ਅਤੇ ਪਲੰਘਾਂ ਦੇ ਰੇਸ਼ਮੀ ਗੱਦਿਆਂ ਉੱਤੇ ਬੈਠਦੇ ਹਨ, ਉਹ ਵੀ ਛੁਡਾਏ ਜਾਣਗੇ ।”
੧੩ ਸੈਨਾਂ ਦੇ ਪਰਮੇਸ਼ੁਰ, ਪ੍ਰਭੂ ਯਹੋਵਾਹ ਦਾ ਵਾਕ ਹੈ, “ਸੁਣੋ ਅਤੇ ਯਾਕੂਬ ਦੇ ਘਰਾਣੇ ਦੇ ਵਿਰੁੱਧ ਇਹ ਗਵਾਹੀ ਦਿਓ, ੧੪ ਜਿਸ ਦਿਨ ਮੈਂ ਇਸਰਾਏਲ ਦੇ ਅਪਰਾਧਾਂ ਦੀ ਸਜ਼ਾ ਉਸ ਉੱਤੇ ਲਿਆਵਾਂਗਾ, ਉਸੇ ਦਿਨ ਮੈਂ ਬੈਤਏਲ ਦੀਆਂ ਜਗਵੇਦੀਆਂ ਨੂੰ ਵੀ ਨਾਸ਼ ਕਰਾਂਗਾ ਅਤੇ ਜਗਵੇਦੀ ਦੇ ਸਿੰਗ ਕੱਟੇ ਜਾਣਗੇ ਅਤੇ ਉਹ ਧਰਤੀ ਉੱਤੇ ਡਿੱਗ ਪੈਣਗੇ । ੧੫ ਮੈਂ ਸਰਦੀ ਦੇ ਮਹਿਲਾਂ ਅਤੇ ਗਰਮੀ ਦੇ ਮਹਿਲਾਂ ਨੂੰ ਢਾਹ ਦਿਆਂਗਾ, ਹਾਥੀ ਦੰਦ ਨਾਲ ਬਣਾਏ ਹੋਏ ਮਹਿਲ ਵੀ ਬਰਬਾਦ ਹੋ ਜਾਣਗੇ ਅਤੇ ਵੱਡੇ-ਵੱਡੇ ਭਵਨ ਵੀ ਨਾਸ਼ ਹੋਣਗੇ !” ਪ੍ਰਭੂ ਯਹੋਵਾਹ ਦਾ ਵਾਕ ਹੈ ।