੧੨
ਪਰਮੇਸ਼ੁਰ ਦਾ ਭੈ ਸਾਰੇ ਬਚਨਾਂ ਦਾ ਸਾਰ
੧ ਆਪਣੀ ਜੁਆਨੀ ਦੇ ਦਿਨਾਂ ਵਿੱਚ ਆਪਣੇ ਸਿਰਜਣਹਾਰ ਨੂੰ ਯਾਦ ਰੱਖ, ਇਸ ਤੋਂ ਪਹਿਲਾਂ ਕਿ ਉਹ ਮਾੜੇ ਦਿਨ ਆਉਣ ਅਤੇ ਉਹ ਸਾਲ ਨੇੜੇ ਪਹੁੰਚਣ ਜਿਨ੍ਹਾਂ ਵਿੱਚ ਤੂੰ ਆਖੇਂਗਾ, ਇਹਨਾਂ ਵਿੱਚ ਮੈਨੂੰ ਕੁਝ ਖੁਸ਼ੀ ਨਹੀਂ ਮਿਲਦੀ, ੨ ਜਦ ਤੱਕ ਸੂਰਜ ਅਤੇ ਚਾਨਣ, ਚੰਦਰਮਾ ਅਤੇ ਤਾਰੇ ਹਨੇਰੇ ਨਹੀਂ ਹੁੰਦੇ ਅਤੇ ਮੀਂਹ ਵਰ੍ਹਨ ਤੋਂ ਬਾਅਦ ਬੱਦਲ ਮੁੜ ਆਉਣ - ੩ ਜਿਸ ਦਿਨ ਘਰ ਦੇ ਰਖਵਾਲੇ ਕੰਬਣ ਲੱਗ ਪੈਣ ਅਤੇ ਤਕੜੇ ਲੋਕ ਕੁੱਬੇ ਹੋ ਜਾਣ ਅਤੇ ਪੀਹਣ ਵਾਲੀਆਂ ਥੋੜ੍ਹੀਆਂ ਹੋਣ ਦੇ ਕਾਰਨ ਕੰਮ ਕਰਨਾ ਛੱਡ ਦੇਣ ਅਤੇ ਉਹ ਜੋ ਬਾਰੀਆਂ ਵਿੱਚੋਂ ਤੱਕਦੀਆਂ ਹਨ, ਧੁੰਦਲੀਆਂ ਹੋ ਜਾਣ ੪ ਅਤੇ ਗਲੀ ਦੇ ਬੂਹੇ ਬੰਦ ਹੋ ਜਾਣ, ਜਦ ਚੱਕੀ ਪੀਸਣ ਦੀ ਅਵਾਜ਼ ਹੌਲੀ ਹੋ ਜਾਵੇ ਅਤੇ ਪੰਛੀ ਦੀ ਅਵਾਜ਼ ਤੋਂ ਉਹ ਚੌਂਕ ਕੇ ਉੱਠ ਜਾਣ ਅਤੇ ਰਾਗ ਦੀਆਂ ਸਾਰੀਆਂ ਧੀਆਂ ਲਿੱਸੀਆਂ ਹੋ ਜਾਣ, ੫ ਫੇਰ ਉਹ ਉਚਿਆਈ ਤੋਂ ਵੀ ਡਰਨਗੇ ਅਤੇ ਰਾਹ ਵਿੱਚ ਖੌਫ਼ ਖਾਣਗੇ, ਬਦਾਮ ਦਾ ਬੂਟਾ ਫਲੇਗਾ ਅਤੇ ਟਿੱਡੀ ਵੀ ਭਾਰੀ ਲੱਗੇਗੀ ਅਤੇ ਇੱਛਾ ਮਿਟ ਜਾਵੇਗੀ, ਕਿਉਂ ਜੋ ਮਨੁੱਖ ਆਪਣੇ ਸਦੀਪਕਾਲ ਦੇ ਟਿਕਾਣੇ ਨੂੰ ਤੁਰ ਜਾਂਦਾ ਹੈ ਅਤੇ ਸੋਗ ਕਰਨ ਵਾਲੇ ਗਲੀ-ਗਲੀ ਫਿਰਦੇ ਹਨ, ੬ ਇਸ ਤੋਂ ਪਹਿਲਾਂ ਕਿ ਚਾਂਦੀ ਦੀ ਡੋਰੀ ਖੋਲ੍ਹੀ ਜਾਵੇ ਜਾਂ ਸੋਨੇ ਦਾ ਕਟੋਰਾ ਟੁੱਟ ਜਾਵੇ, ਜਾਂ ਘੜਾ ਸੋਤੇ ਦੇ ਕੋਲ ਭੰਨਿਆ ਜਾਵੇ, ਜਾਂ ਤਲਾਬ ਦੇ ਕੋਲ ਚਰਖੜੀ ਟੁੱਟ ਜਾਵੇ ੭ ਅਤੇ ਮਿੱਟੀ ਮਿੱਟੀ ਨਾਲ ਪਹਿਲਾਂ ਵਾਂਗੂੰ ਜਾ ਰਲੇ ਅਤੇ ਆਤਮਾ ਪਰਮੇਸ਼ੁਰ ਦੇ ਕੋਲ ਮੁੜ ਜਾਵੇ, ਜਿਸ ਨੇ ਉਸ ਨੂੰ ਬਖਸ਼ਿਆ ਸੀ । ੮ ਵਿਅਰਥ ਹੀ ਵਿਅਰਥ, ਉਪਦੇਸ਼ਕ ਆਖਦਾ ਹੈ, ਸਭ ਕੁਝ ਵਿਅਰਥ ਹੈ !
ਮਨੁੱਖ ਦਾ ਸੰਪੂਰਨ ਫਰਜ਼
੯ ਉਪਰੰਤ ਉਪਦੇਸ਼ਕ ਜੋ ਬੁੱਧਵਾਨ ਸੀ, ਉਸ ਨੇ ਲੋਕਾਂ ਨੂੰ ਗਿਆਨ ਦੀ ਸਿੱਖਿਆ ਦਿੱਤੀ, ਹਾਂ, ਉਸ ਨੇ ਚੰਗੀ ਤਰ੍ਹਾਂ ਵਿਚਾਰ ਕੀਤਾ ਅਤੇ ਭਾਲ-ਭਾਲ ਕੇ ਬਹੁਤ ਸਾਰੀਆਂ ਕਹਾਉਤਾਂ ਰਚੀਆਂ । ੧੦ ਉਪਦੇਸ਼ਕ ਨੇ ਮਨ ਭਾਉਂਦੀਆਂ ਗੱਲਾਂ ਖੋਜੀਆਂ ਅਤੇ ਜੋ ਕੁਝ ਉਸ ਨੇ ਲਿਖਿਆ, ਉਹ ਸਿੱਧੀਆਂ ਅਤੇ ਸਚਿਆਈ ਦੀਆਂ ਗੱਲਾਂ ਸਨ ।
੧੧ ਬੁੱਧਵਾਨਾਂ ਦੇ ਬਚਨ ਸੋਟੀਆਂ ਵਰਗੇ ਹਨ ਅਤੇ ਸਭਾ ਦੇ ਪ੍ਰਧਾਨਾਂ ਦੇ ਬਚਨ ਚੰਗੀ ਤਰ੍ਹਾਂ ਠੋਕੀਆਂ ਹੋਈਆਂ ਕਿੱਲਾਂ ਵਰਗੇ ਹਨ, ਜਿਹੜੇ ਇੱਕ ਅਯਾਲੀ ਵੱਲੋਂ ਦਿੱਤੇ ਗਏ ਹਨ । ੧੨ ਸੋ ਹੁਣ, ਹੇ ਮੇਰੇ ਪੁੱਤਰ, ਤੂੰ ਇਹਨਾਂ ਤੋਂ ਹੁਸ਼ਿਆਰੀ ਸਿੱਖ, - ਬਹੁਤ ਪੋਥੀਆਂ ਦੇ ਰਚਣ ਦਾ ਅੰਤ ਨਹੀਂ ਹੁੰਦਾ ਅਤੇ ਬਹੁਤ ਪੜ੍ਹਨਾ ਸਰੀਰ ਨੂੰ ਥਕਾਉਂਦਾ ਹੈ ।
੧੩ ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ, ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੇ ਹੁਕਮਾਂ ਨੂੰ ਮੰਨ ਕਿਉਂ ਜੋ ਮਨੁੱਖ ਦਾ ਇਹੋ ਫ਼ਰਜ਼ ਹੈ । ੧੪ ਪਰਮੇਸ਼ੁਰ ਤਾਂ ਇੱਕ-ਇੱਕ ਕੰਮ ਦਾ ਅਤੇ ਇੱਕ-ਇੱਕ ਗੁਪਤ ਗੱਲ ਦਾ ਨਿਆਂ ਕਰੇਗਾ, ਭਾਵੇਂ ਉਹ ਚੰਗੀ ਹੋਵੇ ਭਾਵੇਂ ਮਾੜੀ ।