ਯਹੂਦੀਆਂ ਨੂੰ ਆਪਣੀ ਰੱਖਿਆ ਕਰਨ ਦਾ ਅਧਿਕਾਰ ਮਿਲਣਾ
੧ ਉਸੇ ਦਿਨ ਰਾਜਾ ਅਹਸ਼ਵੇਰੋਸ਼ ਨੇ ਯਹੂਦੀਆਂ ਦੇ ਵਿਰੋਧੀ ਹਾਮਾਨ ਦਾ ਘਰ ਰਾਣੀ ਅਸਤਰ ਨੂੰ ਦੇ ਦਿੱਤਾ । ਮਾਰਦਕਈ ਰਾਜਾ ਦੇ ਸਾਹਮਣੇ ਆਇਆ ਕਿਉਂਕਿ ਅਸਤਰ ਨੇ ਰਾਜਾ ਨੂੰ ਦੱਸ ਦਿੱਤਾ ਸੀ ਕਿ ਉਸ ਦੇ ਨਾਲ ਅਸਤਰ ਦਾ ਕੀ ਰਿਸ਼ਤਾ ਸੀ । ੨ ਤਦ ਰਾਜਾ ਨੇ ਆਪਣੀ ਮੋਹਰ ਦੀ ਅੰਗੂਠੀ ਜਿਹੜੀ ਉਸ ਨੇ ਹਾਮਾਨ ਤੋਂ ਲੈ ਲਈ ਸੀ, ਉਤਾਰ ਕੇ ਮਾਰਦਕਈ ਨੂੰ ਦੇ ਦਿੱਤੀ ਅਤੇ ਅਸਤਰ ਨੇ ਮਾਰਦਕਈ ਨੂੰ ਹਾਮਾਨ ਦੇ ਘਰ ਉੱਤੇ ਨਿਯੁਕਤ ਕਰ ਦਿੱਤਾ ।
੩ ਫਿਰ ਅਸਤਰ ਨੇ ਦੂਜੀ ਵਾਰੀ ਰਾਜਾ ਦੇ ਨਾਲ ਗੱਲ ਕੀਤੀ ਅਤੇ ਉਸ ਦੇ ਪੈਰਾਂ ਉੱਤੇ ਡਿੱਗ ਕੇ ਅਤੇ ਰੋ-ਰੋ ਕੇ ਉਸ ਦੇ ਅੱਗੇ ਮਿੰਨਤ ਕੀਤੀ ਕਿ ਉਹ ਹਾਮਾਨ ਅਗਾਗੀ ਦੀ ਬੁਰਿਆਈ ਦੀ ਯੋਜਨਾ ਨੂੰ ਜਿਹੜੀ ਉਸ ਨੇ ਯਹੂਦੀਆਂ ਦੇ ਵਿਰੁੱਧ ਬਣਾਈ ਸੀ, ਰੱਦ ਕਰ ਦੇਵੇ । ੪ ਫਿਰ ਰਾਜਾ ਨੇ ਅਸਤਰ ਦੇ ਵੱਲ ਸੋਨੇ ਦਾ ਆੱਸਾ ਵਧਾਇਆ ਤਾਂ ਅਸਤਰ ਉੱਠ ਕੇ ਰਾਜਾ ਦੇ ਸਾਹਮਣੇ ਜਾ ਖੜ੍ਹੀ ਹੋ ਗਈ । ੫ ਫਿਰ ਉਸ ਨੇ ਕਿਹਾ, “ਜੇਕਰ ਰਾਜਾ ਨੂੰ ਸਵੀਕਾਰ ਹੋਵੇ ਅਤੇ ਜੇਕਰ ਉਹ ਮੇਰੇ ਤੋਂ ਪ੍ਰਸੰਨ ਹੈ ਅਤੇ ਜੇ ਇਹ ਗੱਲ ਰਾਜਾ ਨੂੰ ਵੀ ਠੀਕ ਲੱਗੇ ਅਤੇ ਜੇਕਰ ਮੈਂ ਵੀ ਉਸ ਦੀ ਨਿਗਾਹ ਵਿੱਚ ਚੰਗੀ ਹਾਂ, ਤਾਂ ਉਹ ਹੁਕਮਨਾਮੇ ਜਿਹੜੇ ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੇ ਰਾਜਾ ਦੇ ਸਾਰੇ ਸੂਬਿਆਂ ਵਿੱਚ ਯਹੂਦੀਆਂ ਨੂੰ ਨਾਸ ਕਰਨ ਦੀ ਯੋਜਨਾ ਬਣਾ ਕੇ ਲਿਖਵਾਏ ਸਨ, ਉਨ੍ਹਾਂ ਨੂੰ ਬਦਲਣ ਲਈ ਲਿਖਿਆ ਜਾਵੇ । ੬ ਕਿਉਂਕਿ ਮੈਂ ਉਸ ਬੁਰਿਆਈ ਨੂੰ ਜਿਹੜੀ ਮੇਰੇ ਲੋਕਾਂ ਉੱਤੇ ਆਉਣ ਵਾਲੀ ਹੈ ਕਿਵੇਂ ਵੇਖ ਸਕਾਂਗੀ ? ਅਤੇ ਕਿਵੇਂ ਮੈਂ ਆਪਣੇ ਘਰਾਣੇ ਦਾ ਨਾਸ ਕੀਤਾ ਜਾਣਾ ਵੇਖਾਂਗੀ ? “ ੭ ਤਦ ਰਾਜਾ ਅਹਸ਼ਵੇਰੋਸ਼ ਨੇ ਰਾਣੀ ਅਸਤਰ ਅਤੇ ਮਾਰਦਕਈ ਨੂੰ ਕਿਹਾ, “ਵੇਖੋ, ਮੈਂ ਹਾਮਾਨ ਦਾ ਘਰ ਅਸਤਰ ਨੂੰ ਦੇ ਦਿੱਤਾ ਹੈ ਅਤੇ ਉਸ ਨੂੰ ਫਾਂਸੀ ਦੇ ਕੇ ਲਟਕਾ ਦਿੱਤਾ ਗਿਆ ਹੈ, ਇਸ ਲਈ ਕਿ ਉਸ ਨੇ ਯਹੂਦੀਆਂ ਉੱਤੇ ਹੱਥ ਚਲਾਇਆ ਸੀ । ੮ ਹੁਣ ਤੁਸੀਂ ਵੀ ਜਿਵੇਂ ਤੁਹਾਨੂੰ ਠੀਕ ਲੱਗੇ ਰਾਜਾ ਦੇ ਨਾਮ ਤੇ ਯਹੂਦੀਆਂ ਲਈ ਲਿਖੋ, ਅਤੇ ਉਸ ਉੱਤੇ ਰਾਜਾ ਦੀ ਅੰਗੂਠੀ ਦੀ ਮੋਹਰ ਵੀ ਲਾ ਦਿਉ, ਕਿਉਂਕਿ ਜਿਹੜੀ ਲਿਖਤ ਰਾਜਾ ਦੇ ਨਾਮ ਉੱਤੇ ਲਿਖੀ ਜਾਵੇ ਅਤੇ ਉਸ ਦੇ ਉੱਤੇ ਰਾਜਾ ਦੀ ਅੰਗੂਠੀ ਦੀ ਮੋਹਰ ਲੱਗ ਜਾਵੇ ਤਾਂ ਉਸ ਨੂੰ ਕੋਈ ਵੀ ਬਦਲ ਨਹੀਂ ਸਕਦਾ ।”
੯ ਉਸੇ ਸਮੇਂ ਅਰਥਾਤ ਸੀਵਾਨ ਨਾਮਕ ਤੀਸਰੇ ਮਹੀਨੇ ਦੀ ਤੇਈਵੀਂ ਤਾਰੀਖ ਨੂੰ ਰਾਜਾ ਦੇ ਲਿਖਾਰੀ ਬੁਲਾਏ ਗਏ ਅਤੇ ਮਾਰਦਕਈ ਦੇ ਹੁਕਮ ਅਨੁਸਾਰ ਯਹੂਦੀਆਂ ਦੇ ਲਈ ਅਤੇ ਹਾਕਮਾਂ ਅਤੇ ਪ੍ਰਧਾਨਾਂ ਲਈ ਅਤੇ ਹਿੰਦੁਸਤਾਨ ਤੋਂ ਲੈ ਕੇ ਕੂਸ਼ ਤੱਕ ਇੱਕ ਸੌ ਸਤਾਈ ਸੂਬਿਆਂ ਦੇ ਸਾਰੇ ਹਾਕਮਾਂ ਅਤੇ ਪ੍ਰਧਾਨਾਂ ਲਈ, ਹਰ ਇੱਕ ਸੂਬੇ ਦੀ ਲਿਖਤ ਅਤੇ ਹਰ ਇੱਕ ਜਾਤੀ ਦੇ ਲੋਕਾਂ ਦੀ ਭਾਸ਼ਾ ਵਿੱਚ ਅਤੇ ਯਹੂਦੀਆਂ ਨੂੰ ਉਨ੍ਹਾਂ ਦੀ ਲਿਖਤ ਅਤੇ ਭਾਸ਼ਾ ਵਿੱਚ ਲਿਖਿਆ ਗਿਆ । ੧੦ ਅਤੇ ਮਾਰਦਕਈ ਨੇ ਰਾਜਾ ਅਹਸ਼ਵੇਰੋਸ਼ ਦੇ ਨਾਮ ਉੱਤੇ ਹੁਕਮਨਾਮੇ ਲਿਖਵਾਏ ਅਤੇ ਉਨ੍ਹਾਂ ਉੱਤੇ ਰਾਜਾ ਦੀ ਅੰਗੂਠੀ ਦੀ ਮੋਹਰ ਲਗਾ ਕੇ, ਤੇਜ਼ ਭੱਜਣ ਵਾਲੇ ਸ਼ਾਹੀ ਘੋੜਿਆਂ, ਖੱਚਰਾਂ, ਊਠਾਂ ਅਤੇ ਸਾਨ੍ਹਾਂ ਉੱਤੇ ਸਵਾਰ ਸੰਦੇਸ਼-ਵਾਹਕਾਂ ਦੇ ਹੱਥ ਭੇਜ ਦਿੱਤੇ । ੧੧ ਉਨ੍ਹਾਂ ਹੁਕਮਨਾਮਿਆਂ ਵਿੱਚ ਰਾਜਾ ਵੱਲੋਂ ਸਾਰੇ ਯਹੂਦੀਆਂ ਨੂੰ ਜਿਹੜੇ ਸਾਰੇ ਸ਼ਹਿਰਾਂ ਵਿੱਚ ਰਹਿੰਦੇ ਸਨ, ਹੁਕਮ ਦਿੱਤਾ ਗਿਆ ਕਿ ਉਹ ਸਾਰੇ ਇੱਕਠੇ ਹੋ ਜਾਣ ਅਤੇ ਆਪਣੀ ਜਾਣ ਬਚਾਉਣ ਲਈ ਤਿਆਰ ਰਹਿਣ ਅਤੇ ਜਿਸ ਜਾਤੀ ਜਾਂ ਸੂਬੇ ਦੇ ਲੋਕ ਉਨ੍ਹਾਂ ਉੱਤੇ ਜਾਂ ਉਨ੍ਹਾਂ ਦੀਆਂ ਇਸਤਰੀਆਂ ਅਤੇ ਬੱਚਿਆਂ ਉੱਤੇ ਵਾਰ ਕਰਨ, ਯਹੂਦੀ ਉਨ੍ਹਾਂ ਸਾਰਿਆਂ ਨੂੰ ਮਾਰ ਦੇਣ, ਨਾਸ ਕਰਨ, ਮਿਟਾ ਦੇਣ ਅਤੇ ਉਨ੍ਹਾਂ ਦਾ ਮਾਲ ਧਨ ਲੁੱਟ ਲੈਣ । ੧੨ ਅਤੇ ਇਹ ਰਾਜਾ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ ਬਾਰਵੇਂ ਮਹੀਨੇ ਅਰਥਾਤ ਅਦਾਰ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਇੱਕ ਹੀ ਦਿਨ ਵਿੱਚ ਕੀਤਾ ਜਾਵੇ । ੧੩ ਇਸ ਹੁਕਮਨਾਮੇ ਦੀ ਲਿਖਤ ਦੀ ਇੱਕ-ਇੱਕ ਨਕਲ, ਸਾਰਿਆਂ ਸੂਬਿਆਂ ਵਿੱਚ ਸਾਰੀਆਂ ਜਾਤੀਆਂ ਦੇ ਲੋਕਾਂ ਲਈ ਖੁੱਲ੍ਹੀ ਭੇਜੀ ਗਈ ਤਾਂ ਜੋ ਯਹੂਦੀ ਉਸ ਦਿਨ ਆਪਣੇ ਵੈਰੀਆਂ ਤੋਂ ਬਦਲਾ ਲੈਣ ਲਈ ਤਿਆਰ ਰਹਿਣ । ੧੪ ਇਸ ਤਰ੍ਹਾਂ ਸੰਦੇਸ਼-ਵਾਹਕ ਤੇਜ਼ ਭੱਜਣ ਵਾਲੇ ਘੋੜਿਆਂ ਉੱਤੇ ਸਵਾਰ ਹੋ ਕੇ, ਰਾਜਾ ਦੇ ਹੁਕਮ ਅਨੁਸਾਰ ਛੇਤੀ ਨਾਲ ਨਿੱਕਲ ਗਏ ਅਤੇ ਇਹ ਹੁਕਮ ਸ਼ੂਸ਼ਨ ਦੇ ਮਹਿਲ ਵਿੱਚ ਵੀ ਦਿੱਤਾ ਗਿਆ ।
੧੫ ਤਦ ਮਾਰਦਕਈ ਰਾਜਾ ਦੇ ਹਜ਼ੂਰੋਂ ਨੀਲਾ ਅਤੇ ਸਫ਼ੇਦ ਸ਼ਾਹੀ ਬਸਤਰ ਪਹਿਨ ਕੇ ਅਤੇ ਸਿਰ ਉੱਤੇ ਸੋਨੇ ਦਾ ਇੱਕ ਵੱਡਾ ਮੁਕਟ ਰੱਖ ਕੇ ਅਤੇ ਕਤਾਨੀ ਅਤੇ ਬੈਂਗਣੀ ਚੋਗਾ ਪਾ ਕੇ, ਬਾਹਰ ਨਿੱਕਲਿਆ ਅਤੇ ਸ਼ੂਸ਼ਨ ਸ਼ਹਿਰ ਦੇ ਲੋਕ ਅਨੰਦ ਅਤੇ ਪ੍ਰਸੰਨ ਹੋ ਗਏ । ੧੬ ਅਤੇ ਯਹੂਦੀਆਂ ਨੂੰ ਸੁੱਖ ਤੇ ਅਨੰਦ ਮਿਲਿਆ ਅਤੇ ਉਨ੍ਹਾਂ ਦਾ ਬਹੁਤ ਹੀ ਸਨਮਾਨ ਹੋਇਆ । ੧੭ ਅਤੇ ਹਰ ਸੂਬੇ ਅਤੇ ਹਰ ਸ਼ਹਿਰ ਵਿੱਚ, ਜਿੱਥੇ ਕਿਤੇ ਵੀ ਰਾਜਾ ਦਾ ਹੁਕਮ ਅਤੇ ਨਿਯਮ ਗਿਆ, ਉੱਥੇ ਯਹੂਦੀਆਂ ਨੂੰ ਅਨੰਦ ਅਤੇ ਸੁੱਖ ਮਿਲਿਆ, ਅਤੇ ਉਨ੍ਹਾਂ ਨੇ ਦਾਵਤਾਂ ਕੀਤੀਆਂ, ਇਹ ਉਨ੍ਹਾਂ ਲਈ ਬਹੁਤ ਹੀ ਖੁਸ਼ੀ ਦਾ ਦਿਨ ਸੀ । ਅਤੇ ਉਨ੍ਹਾਂ ਦੇਸ਼ਾਂ ਦੇ ਬਹੁਤ ਸਾਰੇ ਲੋਕ ਯਹੂਦੀ ਬਣ ਗਏ, ਕਿਉਂਕਿ ਯਹੂਦੀਆਂ ਦਾ ਭੈ ਉਨ੍ਹਾਂ ਉੱਤੇ ਛਾ ਗਿਆ ।