੧੩
ਜੇਠਿਆਂ ਨੂੰ ਅਰਪਣ ਕਰਨਾ
੧ ਯਹੋਵਾਹ ਮੂਸਾ ਨਾਲ ਬੋਲਿਆ ਕਿ ੨ ਸਾਰੇ ਜੇਠੇ ਜਿਹੜੇ ਇਸਰਾਏਲੀਆਂ ਵਿੱਚ ਕੁੱਖ ਨੂੰ ਖੋਲ੍ਹਦੇ ਹਨ ਮੇਰੇ ਲਈ ਪਵਿੱਤਰ ਹੋਣ ਭਾਵੇਂ ਆਦਮੀ ਦੇ ਭਾਵੇਂ ਡੰਗਰ ਦੇ ਉਹ ਮੇਰੇ ਹਨ ।
ਅਖ਼ਮੀਰੀ ਰੋਟੀ ਦਾ ਪਰਬ
੩ ਤਾਂ ਮੂਸਾ ਨੇ ਪਰਜਾ ਨੂੰ ਆਖਿਆ, ਤੁਸੀਂ ਇਹ ਦਿਨ ਚੇਤੇ ਰੱਖੋ ਜਿਸ ਵਿੱਚ ਤੁਸੀਂ ਮਿਸਰ ਤੋਂ ਗ਼ੁਲਾਮੀ ਦੇ ਘਰ ਤੋਂ ਬਾਹਰ ਆਏ ਕਿਉਂਕਿ ਯਹੋਵਾਹ ਤੁਹਾਨੂੰ ਹੱਥ ਦੇ ਬਲ ਨਾਲ ਉੱਥੋਂ ਕੱਢ ਲਿਆਇਆ । ਖ਼ਮੀਰੀ ਰੋਟੀ ਨਾ ਖਾਧੀ ਜਾਵੇ । ੪ ਤੁਸੀਂ ਅਬੀਬ ਦੇ ਮਹੀਨੇ ਅੱਜ ਦੇ ਦਿਨ ਬਾਹਰ ਨਿੱਕਲ ਆਏ ਹੋ । ੫ ਅਤੇ ਇਸ ਤਰ੍ਹਾਂ ਹੋਵੇਗਾ ਕਿ ਜਦ ਯਹੋਵਾਹ ਤੁਹਾਨੂੰ ਕਨਾਨੀਆਂ ਹਿੱਤੀਆਂ ਅਮੋਰੀਆਂ ਹਿੱਵੀਆਂ ਅਤੇ ਯਬੂਸੀਆਂ ਦੇ ਦੇਸ ਵਿੱਚ ਜਿਹੜਾ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾ ਕੇ ਤੁਹਾਨੂੰ ਦੇਣ ਲਈ ਆਖਿਆ ਸੀ ਅਤੇ ਜਿਹੜੇ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ ਲਿਆਵੇਗਾ ਤਾਂ ਤੁਸੀਂ ਇਸ ਮਹੀਨੇ ਵਿੱਚ ਇਹ ਉਪਾਸਨਾ ਕਰਿਓ । ੬ ਸੱਤਾਂ ਦਿਨਾਂ ਤੱਕ ਪਤੀਰੀ ਰੋਟੀ ਖਾਣੀ ਅਤੇ ਸੱਤਵੇਂ ਦਿਨ ਯਹੋਵਾਹ ਦਾ ਪਰਬ ਹੈ । ੭ ਪਤੀਰੀ ਰੋਟੀ ਸੱਤਾਂ ਦਿਨਾਂ ਤੱਕ ਖਾਧੀ ਜਾਵੇ ਅਤੇ ਕੋਈ ਖ਼ਮੀਰ ਤੁਹਾਡੇ ਕੋਲ ਨਾ ਵੇਖਿਆ ਜਾਵੇ ਨਾ ਖ਼ਮੀਰ ਤੁਹਾਡੀਆਂ ਸਾਰੀਆਂ ਹੱਦਾਂ ਵਿੱਚ ਵੇਖਿਆ ਜਾਵੇ । ੮ ਤੁਸੀਂ ਉਸ ਦਿਨ ਆਪਣੇ ਪੁੱਤਰਾਂ ਨੂੰ ਇਹ ਦੱਸੋ ਕਿ ਕਾਰਨ ਇਹ ਹੈ ਕਿ ਯਹੋਵਾਹ ਨੇ ਸਾਨੂੰ ਮਿਸਰ ਤੋਂ ਕੱਢਿਆ । ੯ ਇਹ ਤੁਹਾਡੇ ਹੱਥਾਂ ਉੱਤੇ ਨਿਸ਼ਾਨ ਅਤੇ ਤੁਹਾਡੇ ਨੇਤ੍ਰਾਂ ਦੇ ਵਿੱਚ ਯਾਦਗਿਰੀ ਲਈ ਹੋਵੇਗਾ ਤਾਂ ਜੋ ਯਹੋਵਾਹ ਦੀ ਬਿਵਸਥਾ ਤੁਹਾਡੇ ਮੂੰਹ ਵਿੱਚ ਰਹੇ ਕਿਉਂਕਿ ਯਹੋਵਾਹ ਨੇ ਤਕੜੇ ਹੱਥ ਨਾਲ ਤੁਹਾਨੂੰ ਮਿਸਰੋਂ ਕੱਢਿਆ । ੧੦ ਤੁਸੀਂ ਇਸ ਬਿਧੀ ਨੂੰ ਠਹਿਰਾਏ ਹੋਏ ਸਮੇਂ ਉੱਤੇ ਸਾਲ ਦੇ ਸਾਲ ਮਨਾਇਆ ਕਰੋ ।
ਜੇਠੇ
੧੧ ਤਾਂ ਇਸ ਤਰ੍ਹਾਂ ਹੋਵੇਗਾ ਕਿ ਜਦ ਯਹੋਵਾਹ ਤੁਹਾਨੂੰ ਕਨਾਨ ਦੇਸ ਵਿੱਚ ਲਿਆਵੇ ਜਿਵੇਂ ਉਸ ਨੇ ਤੁਹਾਡੇ ਨਾਲ ਅਤੇ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਹੈ ਅਤੇ ਉਹ ਤੁਹਾਨੂੰ ਇਹ ਦੇਵੇ । ੧੨ ਤਾਂ ਹਰ ਇੱਕ ਕੁੱਖ ਦਾ ਖੋਲ੍ਹਣ ਵਾਲਾ ਯਹੋਵਾਹ ਲਈ ਵੱਖਰਾ ਰੱਖੋ ਨਾਲ ਡੰਗਰਾਂ ਵਿੱਚੋਂ ਹਰ ਜੇਠਾ ਬੱਚਾ ਜਿਹੜਾ ਤੁਹਾਡਾ ਹੋਵੇ । ਨਰ ਯਹੋਵਾਹ ਲਈ ਹੋਣਗੇ । ੧੩ ਹਰ ਖੋਤੇ ਦੇ ਜੇਠੇ ਨੂੰ ਲੇਲੇ ਨਾਲ ਛੁਡਾ ਲਵੋ ਪਰ ਜੇਕਰ ਨਾ ਛੁਡਾਉਣਾ ਹੋਵੇ ਤਾਂ ਉਸ ਦੀ ਧੌਣ ਤੋੜ ਸੁੱਟੋ ਅਤੇ ਆਪਣੇ ਪੁੱਤਰਾਂ ਵਿੱਚੋਂ ਆਦਮੀ ਦੇ ਹਰ ਜੇਠੇ ਨੂੰ ਛੁਡਾ ਲਵੋ । ੧੪ ਇਸ ਤਰ੍ਹਾਂ ਹੋਵੇਗਾ ਕਿ ਜਦ ਅੱਗੇ ਨੂੰ ਤੁਹਾਡੇ ਪੁੱਤਰ ਤੁਹਾਡੇ ਤੋਂ ਪੁੱਛਣ ਕਿ ਇਹ ਕੀ ਹੈ ? ਤਾਂ ਤੁਸੀਂ ਉਨ੍ਹਾਂ ਨੂੰ ਆਖੋ ਕਿ ਯਹੋਵਾਹ ਨੇ ਸਾਨੂੰ ਮਿਸਰ ਤੋਂ ਗ਼ੁਲਾਮੀ ਦੇ ਘਰ ਤੋਂ ਹੱਥ ਦੇ ਬਲ ਨਾਲ ਕੱਢਿਆ ਸੀ । ੧੫ ਫੇਰ ਇਸ ਤਰ੍ਹਾਂ ਹੋਇਆ ਕਿ ਜਾਂ ਫ਼ਿਰਊਨ ਨੇ ਸਾਡਾ ਬਾਹਰ ਜਾਣਾ ਔਖਾ ਕਰ ਦਿੱਤਾ ਤਾਂ ਯਹੋਵਾਹ ਨੇ ਮਿਸਰ ਦੇਸ ਦੇ ਸਾਰੇ ਪਲੌਠਿਆਂ ਨੂੰ ਮਾਰ ਸੁੱਟਿਆ ਆਦਮੀ ਦੇ ਜੇਠੇ ਤੋਂ ਲੈ ਕੇ ਡੰਗਰ ਦੇ ਜੇਠੇ ਤੱਕ । ਇਸ ਲਈ ਅਸੀਂ ਯਹੋਵਾਹ ਨੂੰ ਨਰਾਂ ਵਿੱਚੋਂ ਹਰ ਇੱਕ ਕੁੱਖ ਦਾ ਖੋਲ੍ਹਣ ਵਾਲਾ ਬਲੀ ਦਿੰਦੇ ਹਾਂ ਅਤੇ ਆਪਣੇ ਪੁੱਤਰਾਂ ਵਿੱਚੋਂ ਹਰ ਜੇਠੇ ਨੂੰ ਛੁਡਾ ਲੈਂਦੇ ਹਾਂ । ੧੬ ਇਹ ਤੁਹਾਡੇ ਹੱਥਾਂ ਵਿੱਚ ਨਿਸ਼ਾਨ ਅਤੇ ਤੁਹਾਡਿਆਂ ਨੇਤ੍ਰਾਂ ਦੇ ਵਿਚਕਾਰ ਇੱਕ ਤਵੀਤ ਜਿਹਾ ਹੋਵੇਗਾ ਕਿਉਂਕਿ ਯਹੋਵਾਹ ਸਾਨੂੰ ਹੱਥ ਦੇ ਬਲ ਨਾਲ ਮਿਸਰ ਤੋਂ ਕੱਢ ਲਿਆਇਆ ।
ਬੱਦਲ ਅਤੇ ਅੱਗ ਦਾ ਖੰਭਾ
੧੭ ਤਾਂ ਇਸ ਤਰ੍ਹਾਂ ਹੋਇਆ ਕਿ ਜਾਂ ਫ਼ਿਰਊਨ ਨੇ ਲੋਕਾਂ ਨੂੰ ਜਾਣ ਦਿੱਤਾ ਤਾਂ ਪਰਮੇਸ਼ੁਰ ਉਨ੍ਹਾਂ ਨੂੰ ਫ਼ਲਿਸਤੀਆਂ ਦੇ ਦੇਸ ਦੇ ਰਾਹ ਨਾ ਲੈ ਗਿਆ ਭਾਵੇਂ ਉਹ ਨੇੜੇ ਸੀ ਕਿਉਂ ਜੋ ਪਰਮੇਸ਼ੁਰ ਨੇ ਆਖਿਆ, ਸ਼ਾਇਦ ਲੋਕ ਜੰਗ ਨੂੰ ਵੇਖ ਕੇ ਪਛਤਾਉਣ ਅਤੇ ਮਿਸਰ ਨੂੰ ਮੁੜ ਜਾਣ । ੧੮ ਸਗੋਂ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਭੁੰਆ ਕੇ ਲਾਲ ਸਮੁੰਦਰ ਦੀ ਉਜਾੜ ਦੀ ਰਾਹ ਪਾ ਦਿੱਤਾ ਅਤੇ ਇਸਰਾਏਲੀ ਸ਼ਸਤ੍ਰ ਬੰਨ੍ਹ ਕੇ ਮਿਸਰ ਦੇਸ ਤੋਂ ਚੱਲੇ ਆਏ । ੧੯ ਮੂਸਾ ਨੇ ਯੂਸੁਫ਼ ਦੀਆਂ ਹੱਡੀਆਂ ਆਪਣੇ ਨਾਲ ਲੈ ਲਈਆਂ ਕਿਉਂ ਜੋ ਉਸ ਨੇ ਇਸਰਾਏਲੀਆਂ ਕੋਲੋਂ ਸਹੁੰ ਲੈ ਕੇ ਤਗੀਦ ਕੀਤੀ ਸੀ ਕਿ ਪਰਮੇਸ਼ੁਰ ਤੁਹਾਨੂੰ ਜ਼ਰੂਰ ਚੇਤੇ ਕਰੇਗਾ ਅਤੇ ਤੁਸੀਂ ਮੇਰੀਆਂ ਹੱਡੀਆਂ ਨੂੰ ਐਥੋਂ ਆਪਣੇ ਨਾਲ ਲੈ ਜਾਇਓ । ੨੦ ਫੇਰ ਉਨ੍ਹਾਂ ਨੇ ਸੁੱਕੋਥ ਤੋਂ ਕੂਚ ਕਰ ਕੇ ਉਜਾੜ ਦੇ ਕੰਢੇ ਏਥਾਮ ਵਿੱਚ ਡੇਰਾ ਕੀਤਾ । ੨੧ ਯਹੋਵਾਹ ਉਨ੍ਹਾਂ ਨੂੰ ਰਾਹ ਦੱਸਣ ਲਈ ਦਿਨ ਨੂੰ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤੀਂ ਉਨ੍ਹਾਂ ਨੂੰ ਚਾਨਣਾ ਦੇਣ ਲਈ ਅੱਗ ਦੇ ਥੰਮ੍ਹ ਵਿੱਚ ਉਨ੍ਹਾਂ ਦੇ ਅੱਗੇ-ਅੱਗੇ ਤੁਰਦਾ ਸੀ ਤਾਂ ਜੋ ਦਿਨ ਅਤੇ ਰਾਤ ਨੂੰ ਚੱਲਦੇ ਜਾਣ । ੨੨ ਬੱਦਲ ਦਾ ਥੰਮ੍ਹ ਦਿਨ ਨੂੰ ਅਤੇ ਅੱਗ ਦਾ ਥੰਮ੍ਹ ਰਾਤ ਨੂੰ ਉਨ੍ਹਾਂ ਲੋਕਾਂ ਦੇ ਅੱਗੋਂ ਕਦੀ ਨਾ ਹਟਿਆ ।