੩੪
ਪੱਥਰ ਦੀਆਂ ਨਵੀਆਂ ਤੱਖਤੀਆਂ
(ਬਿਵਸਥਾ ਸਾਰ 10:1-5)
੧ ਯਹੋਵਾਹ ਨੇ ਮੂਸਾ ਨੂੰ ਆਖਿਆ, ਤੂੰ ਪਹਿਲੇ ਵਰਗੀਆਂ ਪੱਥਰਾਂ ਦੀਆਂ ਦੋ ਫੱਟੀਆਂ ਘੜ ਅਤੇ ਮੈਂ ਉਨ੍ਹਾਂ ਫੱਟੀਆਂ ਉੱਤੇ ਉਹ ਗੱਲਾਂ ਲਿਖਾਂਗਾ ਜਿਹੜੀਆਂ ਪਹਿਲੀਆਂ ਫੱਟੀਆਂ ਉੱਤੇ ਸਨ ਜਿਨ੍ਹਾਂ ਨੂੰ ਤੂੰ ਭੰਨ ਸੁੱਟਿਆ । ੨ ਸਵੇਰ ਤੋਂ ਤਿਆਰ ਹੋ ਅਤੇ ਸਵੇਰ ਨੂੰ ਸੀਨਈ ਪਹਾੜ ਉੱਤੇ ਚੜ੍ਹ ਅਤੇ ਉੱਥੇ ਪਹਾੜ ਦੀ ਟੀਸੀ ਉੱਤੇ ਮੇਰੇ ਲਈ ਖੜਾ ਰਹਿ । ੩ ਤੇਰੇ ਨਾਲ ਕੋਈ ਮਨੁੱਖ ਨਾ ਚੜ੍ਹੇ ਅਤੇ ਸਾਰੇ ਪਹਾੜ ਵਿੱਚ ਕੋਈ ਵੀ ਮਨੁੱਖ ਨਾ ਦਿੱਸੇ ਅਤੇ ਨਾ ਹੀ ਉਸ ਪਹਾੜ ਦੇ ਅੱਗੇ ਇੱਜੜ ਚੁਗੇ ਅਤੇ ਨਾ ਹੀ ਚੌਣਾ । ੪ ਉਪਰੰਤ ਉਸ ਨੇ ਪਹਿਲੇ ਵਰਗੀਆਂ ਪੱਥਰ ਦੀਆਂ ਦੋ ਫੱਟੀਆਂ ਘੜੀਆਂ ਅਤੇ ਮੂਸਾ ਸਵੇਰ ਨੂੰ ਉੱਠ ਕੇ ਸੀਨਈ ਪਹਾੜ ਉੱਤੇ ਚੜ੍ਹ ਗਿਆ ਜਿਵੇਂ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ ਅਤੇ ਆਪਣੇ ਹੱਥ ਵਿੱਚ ਪੱਥਰ ਦੀਆਂ ਦੋ ਫੱਟੀਆਂ ਲਈਆਂ । ੫ ਯਹੋਵਾਹ ਬੱਦਲ ਵਿੱਚ ਉੱਤਰਿਆ ਅਤੇ ਉੱਥੇ ਉਸ ਦੇ ਨਾਲ ਖੜੇ ਹੋ ਕੇ ਯਹੋਵਾਹ ਦੇ ਨਾਮ ਦਾ ਪਰਚਾਰ ਕੀਤਾ ੬ ਅਤੇ ਯਹੋਵਾਹ ਨੇ ਉਸ ਦੇ ਅੱਗੋਂ ਲੰਘ ਕੇ ਇਸ ਤਰ੍ਹਾਂ ਪਰਚਾਰ ਕੀਤਾ, ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕ੍ਰੋਧ ਵਿੱਚ ਧੀਰਜੀ ਅਤੇ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ ੭ ਅਤੇ ਹਜ਼ਾਰਾਂ ਲਈ ਭਲਿਆਈ ਰੱਖਣ ਵਾਲਾ ਹੈ ਅਤੇ ਕੁਧਰਮ ਅਪਰਾਧ ਅਤੇ ਪਾਪ ਦਾ ਬਖ਼ਸ਼ਣਹਾਰ ਅਤੇ ਕੁਧਰਮੀ ਨੂੰ ਇਸੇ ਤਰ੍ਹਾਂ ਨਹੀਂ ਛੱਡਦਾ ਪਰ ਪੇਵਾਂ ਦਾ ਕੁਧਰਮ ਉਨ੍ਹਾਂ ਦੇ ਪੁੱਤਰਾਂ ਉੱਤੇ ਅਤੇ ਪੁੱਤਰਾਂ ਦੇ ਪੁੱਤਰਾਂ ਉੱਤੇ ਤੀਜੀ ਚੌਥੀ ਪੀੜ੍ਹੀ ਤੱਕ ਬਦਲਾ ਲੈਣ ਹਾਰ ਹੈ । ੮ ਤਾਂ ਮੂਸਾ ਨੇ ਛੇਤੀ ਕਰ ਕੇ ਆਪਣਾ ਸੀਸ ਧਰਤੀ ਉੱਤੇ ਨਿਵਾਇਆ ਅਤੇ ਮੱਥਾ ਟੇਕਿਆ ੯ ਅਤੇ ਉਸ ਆਖਿਆ, ਹੇ ਪ੍ਰਭੂ, ਜੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੈ ਤਾਂ ਪ੍ਰਭੂ ਸਾਡੇ ਨਾਲ ਚੱਲੇ ਭਾਵੇਂ ਇਹ ਹਠੀਏ ਹੀ ਲੋਕ ਹਨ ਅਤੇ ਸਾਡਾ ਕੁਧਰਮ ਅਤੇ ਸਾਡਾ ਪਾਪ ਬਖ਼ਸ਼ੇ ਅਤੇ ਸਾਨੂੰ ਆਪਣਾ ਅਧਿਕਾਰੀ ਬਣਾਵੇ ।
ਨੇਮ ਨੂੰ ਦੁਹਰਾਉਣਾ
(ਕੂਚ 23:14-19; ਬਿਵਸਥਾ ਸਾਰ 7:1-5, 16:1-17)
੧੦ ਉਸ ਆਖਿਆ, ਵੇਖ ਮੈਂ ਇੱਕ ਨੇਮ ਬੰਨ੍ਹਦਾ ਹਾਂ । ਤੇਰੇ ਸਾਰੇ ਲੋਕਾਂ ਦੇ ਸਾਹਮਣੇ ਮੈਂ ਅਜਿਹੇ ਅਚਰਜ ਕਰਾਂਗਾ ਜਿਹੜੇ ਨਾ ਸਾਰੀ ਧਰਤੀ ਉੱਤੇ ਨਾ ਕਿਸੇ ਕੌਮ ਵਿੱਚ ਕੀਤੇ ਗਏ ਹੋਣ ਅਤੇ ਸਾਰੇ ਲੋਕ ਜਿਨ੍ਹਾਂ ਦੇ ਵਿੱਚ ਤੂੰ ਹੈਂ ਯਹੋਵਾਹ ਦੇ ਕੰਮ ਨੂੰ ਵੇਖਣਗੇ ਕਿਉਂ ਜੋ ਉਹ ਇੱਕ ਡਰਾਉਣੀ ਗੱਲ ਹੈ ਜਿਹੜੀ ਮੈਂ ਤੇਰੇ ਨਾਲ ਕਰਦਾ ਹਾਂ । ੧੧ ਜੋ ਮੈਂ ਤੈਨੂੰ ਅੱਜ ਦੇ ਦਿਨ ਹੁਕਮ ਦਿੰਦਾ ਹਾਂ ਉਸ ਨੂੰ ਮੰਨੋ ਅਤੇ ਵੇਖ ਮੈਂ ਤੇਰੇ ਅੱਗੇ ਅਮੋਰੀ, ਕਨਾਨੀ, ਹਿੱਤੀ, ਫ਼ਰਿੱਜੀ, ਹਿੱਵੀ ਅਤੇ ਯਬੂਸੀਆਂ ਨੂੰ ਧੱਕ ਰਿਹਾ ਹਾਂ । ੧੨ ਸੁਚੇਤ ਰਹੁ ਮਤੇ ਤੂੰ ਉਸ ਧਰਤੀ ਦੇ ਵਸਨੀਕਾਂ ਨਾਲ ਨੇਮ ਬੰਨ੍ਹੇਂ ਜਿੱਥੇ ਤੂੰ ਜਾਂਦਾ ਹੈ ਅਜਿਹਾ ਨਾ ਹੋਵੇ ਜੋ ਉਹ ਤੇਰੇ ਵਿਚਕਾਰ ਇੱਕ ਫਾਹੀ ਹੋਵੇ । ੧੩ ਕਿਉਂ ਜੋ ਤੁਸੀਂ ਉਨ੍ਹਾਂ ਦੀਆਂ ਜਗਵੇਦੀਆਂ ਨੂੰ ਢਾਉਣਾ ਅਤੇ ਉਨ੍ਹਾਂ ਦੇ ਥੰਮਾਂ ਨੂੰ ਚੂਰ-ਚੂਰ ਕਰਨਾ ਹੈ ਅਤੇ ਉਨ੍ਹਾਂ ਦੇ ਟੁੰਡਾਂ ਨੂੰ ਵੱਢ ਸੁੱਟਣਾ । ੧੪ ਤੂੰ ਹੋਰ ਕਿਸੇ ਦੇਵਤੇ ਅੱਗੇ ਮੱਥਾ ਨਾ ਟੇਕੀਂ । ਯਹੋਵਾਹ ਜਿਸ ਦਾ ਨਾਮ ਗ਼ੈਰਤ ਵਾਲਾ ਹੈ ਉਹ ਇੱਕ ਗ਼ੈਰਤੀ ਪਰਮੇਸ਼ੁਰ ਹੈ ੧੫ ਕਿਤੇ ਤੂੰ ਉਸ ਦੇਸ ਦੇ ਵਸਨੀਕਾਂ ਨਾਲ ਨੇਮ ਬੰਨ੍ਹੇਂ ਅਤੇ ਜਦ ਉਹ ਆਪਣੇ ਦੇਵਤਿਆਂ ਦੇ ਪਿੱਛੇ ਜ਼ਨਾਕਾਰੀ ਕਰਨ ਅਤੇ ਆਪਣੇ ਦੇਵਤਿਆਂ ਨੂੰ ਬਲੀਆਂ ਚੜ੍ਹਾਉਣ ਤਾਂ ਕੋਈ ਤੈਨੂੰ ਸੱਦੇ ਅਤੇ ਤੂੰ ਉਸ ਦੀ ਬਲੀ ਤੋਂ ਖਾਵੇਂ ੧੬ ਅਤੇ ਤੂੰ ਉਨ੍ਹਾਂ ਦੀਆਂ ਧੀਆਂ ਆਪਣੇ ਪੁੱਤਰਾਂ ਲਈ ਲਵੇਂ ਅਤੇ ਉਨ੍ਹਾਂ ਦੀਆਂ ਧੀਆਂ ਆਪਣੇ ਦੇਵਤਿਆਂ ਦੇ ਪਿੱਛੇ ਜ਼ਨਾਕਾਰੀ ਕਰਨ ਅਤੇ ਤੇਰੇ ਪੁੱਤਰਾਂ ਤੋਂ ਵੀ ਆਪਣੇ ਦੇਵਤਿਆਂ ਦੇ ਮਗਰ ਜ਼ਨਾਕਾਰੀ ਕਰਾਉਣ । ੧੭ ਤੂੰ ਆਪਣੇ ਲਈ ਢਾਲ਼ੇ ਹੋਏ ਦੇਵਤੇ ਨਾ ਬਣਾਈਂ । ੧੮ ਪਤੀਰੀ ਰੋਟੀ ਦਾ ਪਰਬ ਮਨਾਈਂ । ਤੂੰ ਸੱਤ ਦਿਨ ਪਤੀਰੀ ਰੋਟੀ ਖਾਵੀਂ ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਹੈ ਅਬੀਬ ਦੇ ਮਹੀਨੇ ਦੇ ਠਹਿਰਾਏ ਹੋਏ ਸਮੇਂ ਉੱਤੇ ਕਿਉਂ ਜੋ ਤੂੰ ਅਬੀਬ ਦੇ ਮਹੀਨੇ ਮਿਸਰ ਤੋਂ ਬਾਹਰ ਆਇਆ । ੧੯ ਹਰ ਇੱਕ ਕੁੱਖ ਦਾ ਖੋਲ੍ਹਣ ਵਾਲਾ ਅਤੇ ਤੇਰੇ ਸਾਰੇ ਪਸ਼ੂਆਂ ਵਿੱਚੋਂ ਗਾਈਆਂ ਅਤੇ ਭੇਡਾਂ ਦੇ ਜੇਠੇ ਨਰ ਮੇਰੇ ਹਨ ੨੦ ਪਰ ਖੋਤੀ ਦੇ ਜੇਠੇ ਤੂੰ ਇੱਕ ਲੇਲੇ ਦੇ ਵੱਟੇ ਛੁਡਾ ਲਵੀਂ ਅਤੇ ਜੇ ਤੂੰ ਉਸ ਨੂੰ ਨਾ ਛੁਡਾਵੇਂ ਤਾਂ ਤੂੰ ਉਸ ਦੀ ਧੌਣ ਭੰਨ ਸੁੱਟੀਂ । ਆਪਣੇ ਪੁੱਤਰਾਂ ਵਿੱਚੋਂ ਹਰ ਇੱਕ ਜੇਠੇ ਨੂੰ ਤੂੰ ਛੁਡਾਵੀਂ ਅਤੇ ਉਹ ਮੇਰੇ ਸਨਮੁਖ ਸੱਖਣੇ ਹੱਥ ਨਾ ਦਿੱਸਣ । ੨੧ ਛੇ ਦਿਨ ਤੂੰ ਕੰਮ ਕਰੀਂ ਪਰ ਸੱਤਵੇਂ ਦਿਨ ਤੂੰ ਵਿਸ਼ਰਾਮ ਕਰੀਂ । ਵਾਹੁਣ ਦੇ ਵੇਲੇ ਅਤੇ ਵੱਢਣ ਦੇ ਵੇਲੇ ਤੂੰ ਵਿਸ਼ਰਾਮ ਕਰੀਂ । ੨੨ ਅਤੇ ਤੂੰ ਅਠਵਾਰੇ ਦਾ ਪਰਬ ਅਤੇ ਕਣਕ ਦੀ ਫ਼ਸਲ ਦੇ ਪਹਿਲੇ ਫਲ ਅਤੇ ਸਾਲ ਦੇ ਅੰਤ ਵਿੱਚ ਫ਼ਸਲ ਦੇ ਸਾਂਭਣ ਦਾ ਪਰਬ ਮਨਾਈਂ । ੨੩ ਸਾਲ ਵਿੱਚ ਤਿੰਨ ਵਾਰੀ ਤੇਰੇ ਸਾਰੇ ਨਰ ਪ੍ਰਭੂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਸਾਹਮਣੇ ਦਿਖਾਈ ਦੇਣ । ੨੪ ਕਿਉਂ ਜੋ ਮੈਂ ਤੇਰੇ ਅੱਗੋਂ ਕੌਮਾਂ ਨੂੰ ਕੱਢਾਂਗਾ ਅਤੇ ਤੇਰੀਆਂ ਹੱਦਾਂ ਨੂੰ ਵਧਾਵਾਂਗਾ ਅਤੇ ਕੋਈ ਮਨੁੱਖ ਤੇਰੀ ਧਰਤੀ ਦਾ ਲੋਭ ਨਾ ਕਰੇਗਾ ਜਦ ਤੂੰ ਸਾਲ ਵਿੱਚ ਤਿੰਨ ਵਾਰੀ ਆਪਣੇ ਯਹੋਵਾਹ ਪਰਮੇਸ਼ੁਰ ਦੇ ਸਨਮੁਖ ਦਿਖਾਈ ਦੇਵੇਂ । ੨੫ ਤੂੰ ਮੇਰੀ ਬਲੀ ਦਾ ਲਹੂ ਖ਼ਮੀਰੀ ਰੋਟੀ ਨਾਲ ਨਾ ਚੜ੍ਹਾਵੀਂ ਅਤੇ ਨਾ ਪਸਾਹ ਦੇ ਪਰਬ ਦੀ ਬਲੀ ਤੋਂ ਸਵੇਰ ਤੱਕ ਰੱਖ ਛੱਡੀਂ । ੨੬ ਤੂੰ ਆਪਣੀ ਜ਼ਮੀਨ ਦੇ ਪਹਿਲੇ ਫਲਾਂ ਵਿੱਚੋਂ ਪਹਿਲਾ ਫਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਲਿਆਵੀਂ । ਤੂੰ ਪਠੋਰੇ ਨੂੰ ਉਸ ਦੀ ਮਾਂ ਦੇ ਦੁੱਧ ਵਿੱਚ ਨਾ ਉਬਾਲੀਂ । ੨੭ ਯਹੋਵਾਹ ਨੇ ਮੂਸਾ ਨੂੰ ਆਖਿਆ, ਤੂੰ ਇਨ੍ਹਾਂ ਗੱਲਾਂ ਨੂੰ ਲਿਖ ਕਿਉਂ ਜੋ ਇਨ੍ਹਾਂ ਗੱਲਾਂ ਦੇ ਅਨੁਸਾਰ ਮੈਂ ਤੇਰੇ ਅਤੇ ਇਸਰਾਏਲ ਦੇ ਨਾਲ ਨੇਮ ਕੀਤਾ ਹੈ । ੨੮ ਉਹ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤਾਂ ਯਹੋਵਾਹ ਨਾਲ ਉੱਥੇ ਹੀ ਰਿਹਾ । ਨਾ ਉਸ ਰੋਟੀ ਖਾਧੀ ਨਾ ਪਾਣੀ ਪੀਤਾ ਅਤੇ ਉਸ ਨੇ ਉਨ੍ਹਾਂ ਫੱਟੀਆਂ ਉੱਤੇ ਨੇਮ ਦੀਆਂ ਗੱਲਾਂ ਅਰਥਾਤ ਦਸ ਹੁਕਮ ਲਿਖੇ ।
ਮੂਸਾ ਪਹਾੜ ਤੋਂ ਉਤਰਦਾ ਹੈ
੨੯ ਇਸ ਤਰ੍ਹਾਂ ਹੋਇਆ ਕਿ ਜਦ ਮੂਸਾ ਸੀਨਈ ਪਹਾੜ ਤੋਂ ਉੱਤਰਿਆ ਤਾਂ ਮੂਸਾ ਦੇ ਹੱਥ ਵਿੱਚ ਪਹਾੜ ਤੋਂ ਉਤਰਨ ਦੇ ਸਮੇਂ ਸਾਖ਼ੀ ਦੀਆਂ ਦੋ ਫੱਟੀਆਂ ਸਨ ਅਤੇ ਮੂਸਾ ਨੂੰ ਮਲੂਮ ਨਾ ਹੋਇਆ ਕਿ ਉਸ ਦਾ ਚਿਹਰਾ ਉਸ ਦੇ ਨਾਲ ਬੋਲਣ ਦੇ ਕਾਰਨ ਚਮਕਦਾ ਹੈ । ੩੦ ਜਦ ਹਾਰੂਨ ਨੇ ਅਤੇ ਇਸਰਾਏਲੀਆਂ ਨੇ ਮੂਸਾ ਨੂੰ ਵੇਖਿਆ ਤਾਂ ਉਸ ਦਾ ਚਿਹਰਾ ਚਮਕਦਾ ਸੀ ਅਤੇ ਉਹ ਉਸ ਦੇ ਨੇੜੇ ਜਾਣ ਤੋਂ ਡਰੇ । ੩੧ ਮੂਸਾ ਨੇ ਉਨ੍ਹਾਂ ਨੂੰ ਬੁਲਾਇਆ ਅਤੇ ਹਾਰੂਨ ਅਤੇ ਮੰਡਲੀ ਦੇ ਸਾਰੇ ਪਰਧਾਨ ਉਸ ਦੇ ਕੋਲ ਮੁੜ ਆਏ ਅਤੇ ਮੂਸਾ ਨੇ ਉਨ੍ਹਾਂ ਦੇ ਨਾਲ ਗੱਲਾਂ ਕੀਤੀਆਂ । ੩੨ ਫੇਰ ਸਾਰੇ ਇਸਰਾਏਲੀ ਉਸ ਦੇ ਨੇੜੇ ਆਏ ਤਾਂ ਉਸ ਨੇ ਸਾਰੇ ਹੁਕਮ ਜਿਹੜੇ ਯਹੋਵਾਹ ਨੇ ਉਸ ਨੂੰ ਸੀਨਈ ਪਹਾੜ ਉੱਤੇ ਆਖੇ ਸਨ ਉਨ੍ਹਾਂ ਨੂੰ ਦਿੱਤੇ । ੩੩ ਜਦ ਮੂਸਾ ਉਨ੍ਹਾਂ ਨਾਲ ਗੱਲਾਂ ਕਰ ਚੁੱਕਿਆ ਤਾਂ ਆਪਣੇ ਮੂੰਹ ਉੱਤੇ ਪਰਦਾ ਪਾ ਲਿਆ । ੩੪ ਜਦ ਮੂਸਾ ਯਹੋਵਾਹ ਦੇ ਸਨਮੁਖ ਗੱਲਾਂ ਕਰਨ ਲਈ ਜਾਂਦਾ ਸੀ ਤਾਂ ਪਰਦਾ ਲਾਹ ਸੁੱਟਦਾ ਸੀ ਜਦ ਤੱਕ ਉਹ ਬਾਹਰ ਨਹੀਂ ਸੀ ਆਉਂਦਾ ਅਤੇ ਬਾਹਰ ਆ ਕੇ ਉਹ ਇਸਰਾਏਲੀਆਂ ਨੂੰ ਜੋ ਉਹ ਨੂੰ ਹੁਕਮ ਹੁੰਦਾ ਸੀ ਦੱਸਦਾ ਸੀ । ੩੫ ਇਸਰਾਏਲੀ ਮੂਸਾ ਦੇ ਮੂੰਹ ਨੂੰ ਵੇਖਦੇ ਸਨ ਕਿ ਮੂਸਾ ਦਾ ਚਿਹਰਾ ਚਮਕਦਾ ਹੈ ਤਾਂ ਮੂਸਾ ਫੇਰ ਆਪਣੇ ਮੂੰਹ ਉੱਤੇ ਪਰਦਾ ਪਾ ਲੈਂਦਾ ਸੀ ਜਦ ਤੱਕ ਉਹ ਦੇ ਨਾਲ ਗੱਲਾਂ ਕਰਨ ਨੂੰ ਅੰਦਰ ਨਾ ਆਉਂਦਾ ਸੀ ।