੨੫
ਅੰਮੋਨ ਦੇ ਵਿਰੁੱਧ ਭਵਿੱਖਬਾਣੀ 
 ੧ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ  ੨ ਹੇ ਮਨੁੱਖ ਦੇ ਪੁੱਤਰ, ਅੰਮੋਨੀਆਂ ਵੱਲ ਆਪਣਾ ਮੂੰਹ ਕਰ ਕੇ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ  ੩ ਅਤੇ ਤੂੰ ਅੰਮੋਨੀਆਂ ਨੂੰ ਆਖ ਕਿ ਪ੍ਰਭੂ ਯਹੋਵਾਹ ਦਾ ਬਚਨ ਸੁਣੋ ! ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸ ਲਈ ਕਿ ਤੂੰ ਮੇਰੇ ਸਥਾਨ ਦੇ ਉੱਤੇ ਜਦੋਂ ਉਹ ਪਲੀਤ ਕੀਤਾ ਗਿਆ ਅਤੇ ਇਸਰਾਏਲ ਦੀ ਭੂਮੀ ਉੱਤੇ ਜਦੋਂ ਉਹ ਉਜਾੜੀ ਗਈ ਅਤੇ ਯਹੂਦਾਹ ਦੇ ਘਰਾਣੇ ਉੱਤੇ ਜਦੋਂ ਉਹ ਗੁਲਾਮੀ ਵਿੱਚ ਗਿਆ, “ਆਹਾ ਹਾ” ਆਖਿਆ ।  ੪ ਇਸ ਲਈ ਵੇਖ, ਮੈਂ ਤੈਨੂੰ ਪੂਰਬ ਵਾਸੀਆਂ ਨੂੰ ਸੌਂਪ ਦਿਆਂਗਾ, ਕਿ ਤੂੰ ਉਹਨਾਂ ਦੀ ਮਿਲਖ ਹੋਵੇਂ, ਉਹ ਤੇਰੇ ਵਿੱਚ ਆਪਣੀਆਂ ਛਾਉਣੀਆਂ ਬਣਾਉਣਗੇ, ਤੇਰੇ ਵਿੱਚ ਆਪਣੇ ਘਰ ਪਾਉਣਗੇ, ਤੇਰੇ ਮੇਵੇ ਖਾਣਗੇ ਅਤੇ ਤੇਰਾ ਦੁੱਧ ਪੀਣਗੇ ।  ੫ ਮੈਂ ਰਬਾਹ ਨੂੰ ਊਠਾਂ ਦੀ ਜੂਹ ਲਈ ਅਤੇ ਅੰਮੋਨੀਆਂ ਨੂੰ ਇੱਜੜਾਂ ਦੇ ਬੈਠਣ ਲਈ ਦਿਆਂਗਾ, ਭਈ ਤੁਸੀਂ ਜਾਣੋ ਕਿ ਮੈਂ ਯਹੋਵਾਹ ਹਾਂ !  ੬ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸ ਲਈ ਕਿ ਤੂੰ ਤਾੜੀਆਂ ਵਜਾਈਆਂ ਅਤੇ ਆਪਣੇ ਪੈਰ ਧਰਤੀ ਤੇ ਮਾਰੇ ਅਤੇ ਇਸਰਾਏਲ ਦੀ ਭੂਮੀ ਲਈ ਜਾਨ ਨਾਲ ਸਾਰੀ ਨਿਆਦਰੀ ਕਰ ਕੇ ਅਨੰਦ ਹੋਇਆ ।  ੭ ਇਸ ਲਈ ਵੇਖ, ਮੈਂ ਆਪਣਾ ਹੱਥ ਤੇਰੇ ਵਿਰੁੱਧ ਚੁੱਕਿਆ ਅਤੇ ਤੈਨੂੰ ਕੌਮਾਂ ਨੂੰ ਦਿਆਂਗਾ, ਤਾਂ ਜੋ ਉਹ ਤੈਨੂੰ ਲੁੱਟ ਲੈਣ ਅਤੇ ਮੈਂ ਤੈਨੂੰ ਲੋਕਾਂ ਵਿੱਚੋਂ ਵੱਢ ਦਿਆਂਗਾ ਅਤੇ ਦੇਸਾਂ ਵਿੱਚੋਂ ਤੈਨੂੰ ਮਲੀਆ ਮੇਟ ਕਰ ਦਿਆਂਗਾ, ਮੈਂ ਤੈਨੂੰ ਨਾਸ਼ ਕਰਾਂਗਾ ਅਤੇ ਤੂੰ ਜਾਣੇਂਗਾ ਕਿ ਯਹੋਵਾਹ ਮੈਂ ਹੀ ਹਾਂ ! 
ਮੋਆਬ ਦੇ ਵਿਰੁੱਧ ਭਵਿੱਖਬਾਣੀ 
 ੮ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸ ਲਈ ਕਿ ਮੋਆਬ ਅਤੇ ਸ਼ੇਈਰ ਆਖਦੇ ਹਨ, ਕਿ ਯਹੂਦਾਹ ਦਾ ਘਰਾਣਾ ਸਾਰੀਆਂ ਕੌਮਾਂ ਵਰਗਾ ਹੈ ।  ੯ ਇਸ ਲਈ ਵੇਖ, ਮੈਂ ਮੋਆਬ ਦੇ ਪਾਸੇ ਨੂੰ ਇਹਨਾਂ ਸ਼ਹਿਰਾਂ ਤੋਂ, ਉਹ ਦੇ ਹੱਦਾਂ ਵਾਲਿਆਂ ਸ਼ਹਿਰਾਂ ਤੋਂ ਜਿਹੜੇ ਧਰਤੀ ਦੀ ਵਡਿਆਈ ਹਨ, ਅਰਥਾਤ ਬੈਤ-ਯਸ਼ੀਮੋਥ, ਬਅਲ-ਮਅੋਨ ਅਤੇ ਕਿਰਯਾਥਇਮ, ਖੋਲ੍ਹ ਦਿਆਂਗਾ ।  ੧੦ ਮੈਂ ਪੂਰਬ ਵਾਸੀਆਂ ਨੂੰ ਉਹ ਨੂੰ ਅੰਮੋਨੀਆਂ ਦੇ ਨਾਲ ਅਧਿਕਾਰ ਲਈ ਦਿਆਂਗਾ, ਤਾਂ ਜੋ ਕੌਮਾਂ ਦੇ ਵਿੱਚ ਅੰਮੋਨੀ ਚੇਤੇ ਨਾ ਕੀਤੇ ਜਾਣ ।  ੧੧ ਮੈਂ ਮੋਆਬ ਦਾ ਨਿਆਂ ਕਰਾਂਗਾ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹੈ ! 
ਅਦੋਮ ਦੇ ਵਿਰੁੱਧ ਭਵਿੱਖਬਾਣੀ 
 ੧੨ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸ ਲਈ ਜੋ ਅਦੋਮ ਨੇ ਯਹੂਦਾਹ ਦੇ ਘਰਾਣੇ ਨਾਲ ਬਦਲਾ ਲੈਣ ਵਿੱਚ ਸਖਤੀ ਕੀਤੀ ਅਤੇ ਬਦਲੇ ਦਾ ਦੋਸ਼ ਉਹਨਾਂ ਉੱਤੇ ਰੱਖਿਆ ।  ੧੩ ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਅਦੋਮ ਉੱਤੇ ਆਪਣਾ ਹੱਥ ਚੁੱਕਾਂਗਾ ਅਤੇ ਉਸ ਦੇ ਵਿੱਚੋਂ ਮਨੁੱਖ ਅਤੇ ਡੰਗਰ ਨੂੰ ਕੱਟ ਦਿਆਂਗਾ, ਅਤੇ ਤੀਮਾਨ ਤੋਂ ਲੈ ਕੇ ਦਦਾਨ ਤੱਕ ਉਹ ਨੂੰ ਉਜਾੜਾਂਗਾ ਅਤੇ ਉਹ ਤਲਵਾਰ ਨਾਲ ਡਿੱਗ ਪੈਣਗੇ ।  ੧੪ ਮੈਂ ਆਪਣੀ ਪਰਜਾ ਇਸਰਾਏਲ ਦੇ ਹੱਥੋਂ ਅਦੋਮ ਤੋਂ ਬਦਲਾ ਲਵਾਂਗਾ ਅਤੇ ਉਹ ਮੇਰੇ ਕ੍ਰੋਧ ਅਤੇ ਕਹਿਰ ਦੇ ਅਨੁਸਾਰ ਅਦੋਮ ਵਿੱਚ ਕਰਨਗੇ ਅਤੇ ਉਹ ਮੇਰੇ ਬਦਲੇ ਨੂੰ ਜਾਣਨਗੇ, ਪ੍ਰਭੂ ਯਹੋਵਾਹ ਦਾ ਵਾਕ ਹੈ । 
ਫ਼ਲਿਸਤੀਆਂ ਦੇ ਵਿਰੁੱਧ ਭਵਿੱਖਬਾਣੀ 
 ੧੫ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸ ਲਈ ਕਿ ਫਲਿਸਤੀਆਂ ਨੇ ਬਦਲੇ ਲਈ ਇਹ ਕੀਤਾ ਅਤੇ ਆਪਣੀ ਜਾਨ ਦੀ ਘਿਣ ਅਨੁਸਾਰ ਬਦਲਾ ਲਿਆ, ਤਾਂ ਜੋ ਸਦਾ ਲਈ ਉਹਨਾਂ ਨੂੰ ਨਾਸ਼ ਕਰ ਦੇਣ ।  ੧੬ ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਫਲਿਸਤੀਆਂ ਉੱਤੇ ਹੱਥ ਚੁੱਕਾਂਗਾ, ਕਰੇਤੀਆਂ ਨੂੰ ਵੱਢ ਸੁੱਟਾਂਗਾ ਅਤੇ ਸਾਗਰ ਦੇ ਕੰਢੇ ਬਾਕੀਆਂ ਨੂੰ ਨਾਸ਼ ਕਰ ਦਿਆਂਗਾ ।  ੧੭ ਮੈਂ ਉਹਨਾਂ ਉੱਤੇ ਵੱਡਾ ਬਦਲਾ ਕ੍ਰੋਧ ਦੀ ਮਾਰ ਨਾਲ ਪੂਰਾ ਕਰਾਂਗਾ, ਅਤੇ ਜਦੋਂ ਮੈਂ ਉਹਨਾਂ ਤੋਂ ਬਦਲਾ ਲਵਾਂਗਾ, ਤਾਂ ਉਹ ਜਾਣਨਗੇ, ਕਿ ਮੈਂ ਯਹੋਵਾਹ ਹਾਂ !