੧੦
ਗੈਰ-ਕੌਮੀ ਇਸਤਰੀਆਂ ਨੂੰ ਦੂਰ ਕਰਨਾ
੧ ਜਦ ਅਜ਼ਰਾ ਨੇ ਪਰਮੇਸ਼ੁਰ ਦੇ ਭਵਨ ਦੇ ਅੱਗੇ ਡਿੱਗ ਕੇ ਪ੍ਰਾਰਥਨਾ ਕੀਤੀ ਅਤੇ ਰੋ-ਰੋ ਕੇ ਪਾਪਾਂ ਦਾ ਇਕਰਾਰ ਕੀਤਾ ਤਾਂ ਇਸਰਾਏਲ ਵਿੱਚੋਂ ਪੁਰਖਾਂ, ਇਸਤਰੀਆਂ ਅਤੇ ਬੱਚਿਆਂ ਦੀ ਇੱਕ ਬਹੁਤ ਵੱਡੀ ਸਭਾ ਉਸ ਦੇ ਕੋਲ ਇਕੱਠੀ ਹੋ ਗਈ ਅਤੇ ਲੋਕ ਫੁੱਟ-ਫੁੱਟ ਕੇ ਰੋਂਦੇ ਸਨ । ੨ ਤਦ ਏਲਾਮ ਦੇ ਪੁੱਤਰਾਂ ਵਿੱਚੋਂ, ਯਹੀਏਲ ਦੇ ਪੁੱਤਰ ਸ਼ਕਨਯਾਹ ਨੇ ਅਜ਼ਰਾ ਨੂੰ ਕਿਹਾ, “ਅਸੀਂ ਇਸ ਦੇਸ਼ ਦੇ ਲੋਕਾਂ ਵਿੱਚੋਂ ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕਰਕੇ ਆਪਣੇ ਪਰਮੇਸ਼ੁਰ ਨਾਲ ਧੋਖਾ ਤਾਂ ਕੀਤਾ ਹੈ, ਪਰ ਇਸ ਸਥਿਤੀ ਵਿੱਚ ਵੀ ਇਸਰਾਏਲ ਦੇ ਲਈ ਇੱਕ ਉਮੀਦ ਹੈ । ੩ ਹੁਣ ਅਸੀਂ ਆਪਣੇ ਪਰਮੇਸ਼ੁਰ ਨਾਲ ਇੱਕ ਨੇਮ ਬੰਨ੍ਹੀਏ ਅਤੇ ਇਨ੍ਹਾਂ ਸਾਰੀਆਂ ਇਸਤਰੀਆਂ ਅਤੇ ਇਨ੍ਹਾਂ ਦੇ ਬੱਚਿਆਂ ਨੂੰ, ਪਰਮੇਸ਼ੁਰ ਦੀ ਆਗਿਆ ਅਤੇ ਉਨ੍ਹਾਂ ਦੀ ਸਲਾਹ ਨਾਲ ਜਿਹੜੇ ਸਾਡੇ ਪਰਮੇਸ਼ੁਰ ਦੇ ਹੁਕਮ ਤੋਂ ਕੰਬਦੇ ਹਨ, ਆਪਣੇ ਵਿੱਚੋਂ ਕੱਢ ਦੇਈਏ ਅਤੇ ਇਹ ਕੰਮ ਬਿਵਸਥਾ ਦੇ ਅਨੁਸਾਰ ਕੀਤਾ ਜਾਵੇ । ੪ ਉੱਠ, ਕਿਉਂ ਜੋ ਹੁਣ ਇਹ ਗੱਲ ਤੇਰੇ ਹੱਥ ਵਿੱਚ ਹੈ ਅਤੇ ਅਸੀਂ ਤੇਰੇ ਨਾਲ ਹਾਂ, ਇਸ ਲਈ ਤਕੜਾ ਹੋ ਕੇ ਇਹ ਕੰਮ ਕਰ !” ੫ ਤਦ ਅਜ਼ਰਾ ਉੱਠਿਆ ਅਤੇ ਜਾਜਕਾਂ, ਲੇਵੀਆਂ ਅਤੇ ਸਾਰੇ ਇਸਰਾਏਲੀਆਂ ਨੂੰ ਸੌਂਹ ਦਿੱਤੀ ਕਿ ਅਸੀਂ ਇਸੇ ਬਚਨ ਦੇ ਅਨੁਸਾਰ ਇਹ ਕੰਮ ਕਰਾਂਗੇ ਅਤੇ ਉਨ੍ਹਾਂ ਨੇ ਉਸੇ ਤਰ੍ਹਾਂ ਸੌਂਹ ਖਾਧੀ ।
੬ ਤਾਂ ਅਜ਼ਰਾ ਪਰਮੇਸ਼ੁਰ ਦੇ ਭਵਨ ਦੇ ਅੱਗਿਓਂ ਉੱਠਿਆ ਅਤੇ ਅਲਯਾਸੀਬ ਦੇ ਪੁੱਤਰ ਯੋਹਾਨਾਨ ਦੀ ਕੋਠੜੀ ਵਿੱਚ ਗਿਆ, ਅਤੇ ਉੱਥੇ ਜਾ ਕੇ ਨਾ ਰੋਟੀ ਖਾਧੀ ਤੇ ਨਾ ਪਾਣੀ ਪੀਤਾ, ਕਿਉਂ ਜੋ ਉਹ ਗ਼ੁਲਾਮੀ ਤੋਂ ਮੁੜ ਕੇ ਆਏ ਹੋਏ ਲੋਕਾਂ ਦੇ ਧੋਖੇ ਦੇ ਕਾਰਨ ਰੋਂਦਾ ਰਿਹਾ । ੭ ਤਾਂ ਉਨ੍ਹਾਂ ਨੇ ਯਹੂਦਾਹ ਤੇ ਯਰੂਸ਼ਲਮ ਵਿੱਚ ਗ਼ੁਲਾਮੀ ਤੋਂ ਮੁੜ ਕੇ ਆਏ ਹੋਏ ਸਾਰੇ ਲੋਕਾਂ ਲਈ ਮੁਨਾਦੀ ਕਰਵਾਈ ਕਿ ਉਹ ਯਰੂਸ਼ਲਮ ਵਿੱਚ ਇਕੱਠੇ ਹੋ ਜਾਣ । ੮ ਅਤੇ ਜੋ ਕੋਈ ਹਾਕਮਾਂ ਅਤੇ ਬੁਜ਼ਰਗਾਂ ਦੀ ਸਲਾਹ ਅਨੁਸਾਰ ਤਿੰਨ ਦਿਨਾਂ ਵਿੱਚ ਨਾ ਆਵੇ, ਉਸ ਦਾ ਸਾਰਾ ਮਾਲ-ਧਨ ਨਾਸ਼ ਕੀਤਾ ਜਾਵੇਗਾ ਅਤੇ ਉਸ ਨੂੰ ਗ਼ੁਲਾਮੀ ਤੋਂ ਮੁੜੇ ਹੋਇਆਂ ਦੀ ਸਭਾ ਵਿੱਚੋਂ ਛੇਕਿਆ ਜਾਵੇਗਾ ।
੯ ਤਾਂ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਮਨੁੱਖ ਤਿੰਨ ਦਿਨਾਂ ਦੇ ਵਿੱਚ ਯਰੂਸ਼ਲਮ ਵਿੱਚ ਇੱਕਠੇ ਹੋਏ । ਇਹ ਨੌਵੇਂ ਮਹੀਨੇ ਦੀ ਵੀਹ ਤਰੀਖ ਸੀ ਅਤੇ ਸਾਰੀ ਪਰਜਾ ਪਰਮੇਸ਼ੁਰ ਦੇ ਭਵਨ ਦੇ ਵਿਹੜੇ ਵਿੱਚ ਬੈਠੀ ਹੋਈ, ਇਸ ਗੱਲ ਦੇ ਕਾਰਨ ਅਤੇ ਤੇਜ਼ ਮੀਂਹ ਦੇ ਕਾਰਨ ਕੰਬਦੀ ਸੀ ।
੧੦ ਤਦ ਅਜ਼ਰਾ ਜਾਜਕ ਉੱਠਿਆ ਅਤੇ ਉਨ੍ਹਾਂ ਨੂੰ ਕਿਹਾ, “ਤੁਸੀਂ ਧੋਖਾ ਕੀਤਾ ਹੈ, ਅਤੇ ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕਰਕੇ ਇਸਰਾਏਲ ਦੇ ਦੋਸ਼ ਨੂੰ ਵਧਾਇਆ ਹੈ । ੧੧ ਹੁਣ ਤੁਸੀਂ ਯਹੋਵਾਹ, ਆਪਣੇ ਪੁਰਖਿਆਂ ਦੇ ਪਰਮੇਸ਼ੁਰ ਅੱਗੇ, ਆਪਣੇ ਪਾਪਾਂ ਦਾ ਇਕਰਾਰ ਕਰੋ ਅਤੇ ਉਸ ਦੀ ਇੱਛਾ ਪੂਰੀ ਕਰੋ ਅਤੇ ਇਸ ਦੇਸ਼ ਦੇ ਲੋਕਾਂ ਤੋਂ ਅਤੇ ਗੈਰ-ਕੌਮੀ ਇਸਤਰੀਆਂ ਤੋਂ ਅਲੱਗ ਹੋ ਜਾਓ ।” ੧੨ ਤਾਂ ਸਾਰੀ ਸਭਾ ਨੇ ਉੱਤਰ ਦਿੱਤਾ ਅਤੇ ਉੱਚੀ ਅਵਾਜ਼ ਨਾਲ ਕਿਹਾ, “ਇਸੇ ਤਰ੍ਹਾਂ ਹੀ ਹੋਵੇਗਾ ! ਜਿਵੇਂ ਤੁਸੀਂ ਕਿਹਾ ਹੈ ਅਸੀਂ ਉਸੇ ਤਰ੍ਹਾਂ ਹੀ ਕਰਾਂਗੇ !” ੧੩ ਪਰ ਲੋਕ ਬਹੁਤ ਸਾਰੇ ਹਨ ਅਤੇ ਇਹ ਮੀਂਹ ਦਾ ਮੌਸਮ ਹੈ, ਇਸ ਕਾਰਨ ਅਸੀਂ ਬਾਹਰ ਨਹੀਂ ਖਲੋ ਸਕਦੇ ! ਨਾਲੇ ਇਹ ਇੱਕ ਜਾਂ ਦੋ ਦਿਨ ਦਾ ਕੰਮ ਨਹੀਂ ਹੈ, ਕਿਉਂ ਜੋ ਅਸੀਂ ਇਸ ਗੱਲ ਵਿੱਚ ਵੱਡਾ ਅਪਰਾਧ ਕੀਤਾ ਹੈ ! ੧੪ ਹੁਣ ਸਾਰੀ ਸਭਾ ਦੇ ਵੱਲੋਂ ਸਾਡੇ ਹਾਕਮ ਕੰਮ ਕਰਨ ਅਤੇ ਸਾਡੇ ਸ਼ਹਿਰਾਂ ਵਿੱਚੋਂ ਉਹ ਸਾਰੇ, ਜਿਨ੍ਹਾਂ ਨੇ ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕੀਤਾ ਹੈ ਠਹਿਰਾਏ ਹੋਏ ਸਮੇਂ ਉੱਤੇ ਆਉਣ, ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸ਼ਹਿਰ ਦੇ ਬਜ਼ੁਰਗ ਅਤੇ ਨਿਆਈ ਵੀ ਆਉਣ, ਜਦ ਤੱਕ ਕਿ ਸਾਡੇ ਪਰਮੇਸ਼ੁਰ ਦਾ ਕ੍ਰੋਧ ਜੋ ਇਸ ਗੱਲ ਦੇ ਕਾਰਨ ਹੈ, ਸਾਡੇ ਤੋਂ ਮੁੜ ਨਾ ਜਾਵੇ ।” ੧੫ ਸਿਰਫ਼ ਅਸਾਹੇਲ ਦਾ ਪੁੱਤਰ ਯੋਨਾਥਾਨ ਅਤੇ ਤਿਕਵਾਹ ਦਾ ਪੁੱਤਰ ਯਹਜ਼ਯਾਹ ਇਸ ਗੱਲ ਦੇ ਵਿਰੁੱਧ ਉੱਠੇ, ਅਤੇ ਮਸ਼ੁੱਲਾਮ ਤੇ ਸ਼ਬਤਈ ਲੇਵੀਆਂ ਨੇ ਉਨ੍ਹਾਂ ਦੀ ਸਹਾਇਤਾ ਕੀਤੀ
੧੬ ਪਰ ਗ਼ੁਲਾਮੀ ਤੋਂ ਮੁੜੇ ਹੋਏ ਲੋਕਾਂ ਨੇ ਉਸੇ ਤਰ੍ਹਾਂ ਹੀ ਕੀਤਾ । ਤਦ ਅਜ਼ਰਾ ਜਾਜਕ ਅਤੇ ਬਜ਼ੁਰਗਾਂ ਦੇ ਘਰਾਣਿਆਂ ਦੇ ਕਈ ਆਗੂ, ਆਪੋ ਆਪਣੇ ਬਜ਼ੁਰਗਾਂ ਦੇ ਘਰਾਣਿਆਂ ਅਨੁਸਾਰ ਆਪਣੇ ਨਾਮ ਲਿਖਾ ਕੇ ਅਲੱਗ ਹੋਏ ਅਤੇ ਇਸ ਗੱਲ ਦੀ ਜਾਂਚ-ਪੜਤਾਲ ਕਰਨ ਲਈ ਦਸਵੇਂ ਮਹੀਨੇ ਦੀ ਪਹਿਲੀ ਤਰੀਖ ਨੂੰ ਬੈਠ ਗਏ । ੧੭ ਅਤੇ ਪਹਿਲੇ ਮਹੀਨੇ ਦੀ ਪਹਿਲੀ ਤਰੀਖ ਤੱਕ ਉਨ੍ਹਾਂ ਨੇ ਉਹਨਾਂ ਸਾਰਿਆਂ ਮਨੁੱਖਾਂ ਦੀ ਜਾਂਚ-ਪੜਤਾਲ ਕੱਢ ਲਈ ਜਿਨ੍ਹਾਂ ਨੇ ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕਰ ਲਿਆ ਸੀ ।
ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕਰਨ ਵਾਲਿਆਂ ਦੇ ਨਾਮ
੧੮ ਅਤੇ ਜਾਜਕਾਂ ਦੇ ਪੁੱਤਰਾਂ ਵਿੱਚੋਂ ਜਿਨ੍ਹਾਂ ਨੇ ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕੀਤਾ ਸੀ, ਉਹ ਇਹ ਸਨ: ਯੋਸਾਦਾਕ ਦੇ ਪੁੱਤਰ ਯੇਸ਼ੂਆ ਦੇ ਪੁੱਤਰਾਂ ਵਿੱਚੋਂ ਅਤੇ ਉਸ ਦੇ ਭਰਾ ਮਅਸੇਯਾਹ ਤੇ ਅਲੀਅਜ਼ਰ ਤੇ ਯਰੀਬ ਤੇ ਗਦਲਯਾਹ । ੧੯ ਉਨ੍ਹਾਂ ਨੇ ਆਪਣੀਆਂ ਪਤਨੀਆਂ ਨੂੰ ਕੱਢ ਦੇਣ ਦਾ ਬਚਨ ਦਿੱਤਾ, ਅਤੇ ਦੋਸ਼ੀ ਹੋਣ ਦੇ ਕਾਰਨ ਇੱਜੜ ਵਿੱਚੋਂ ਆਪਣੇ-ਆਪਣੇ ਲਈ ਇੱਕ-ਇੱਕ ਭੇਡੂ ਦੋਸ਼ ਦੀ ਬਲੀ ਲਈ ਚੜ੍ਹਾਇਆ । ੨੦ ਅਤੇ ਇੰਮੇਰ ਦੇ ਪੁੱਤਰਾਂ ਵਿੱਚੋਂ - ਹਨਾਨੀ ਤੇ ਜ਼ਬਦਯਾਹ । ੨੧ ਅਤੇ ਹਾਰੀਮ ਦੇ ਪੁੱਤਰਾਂ ਵਿੱਚੋਂ - ਮਅਸ਼ੇਯਾਹ ਤੇ ਏਲੀਯਾਹ ਤੇ ਸ਼ਮਅਯਾਹ ਤੇ ਯਹੀਏਲ ਤੇ ਉੱਜ਼ੀਯਾਹ ੨੨ ਅਤੇ ਪਸ਼ਹੂਰ ਦੇ ਪੁੱਤਰਾਂ ਵਿੱਚੋਂ ਅਲਯੋਏਨਈ, ਮਅਸ਼ੇਯਾਹ, ਇਸਮਾਏਲ, ਨਥਨਏਲ, ਯੋਜ਼ਾਬਾਦ ਤੇ ਅਲਆਸਾਹ
੨੩ ਅਤੇ ਲੇਵੀਆਂ ਵਿੱਚੋਂ - ਯੋਜ਼ਾਬਾਦ ਤੇ ਸ਼ਿਮਈ ਤੇ ਕੇਲਾਯਾਹ ਜੋ ਕਲੀਟਾ ਵੀ ਹੈ, ਪਥਹਯਾਹ, ਯੂਦਯਾਹ ਤੇ ਅਲੀਅਜ਼ਰ । ੨੪ ਅਤੇ ਗਾਇਕਾਂ ਵਿੱਚੋਂ - ਅਲਯਾਸ਼ੀਬ ਅਤੇ ਦਰਬਾਨਾਂ ਵਿੱਚੋਂ - ਸ਼ੱਲੁਮ ਤੇ ਟਲਮ ਤੇ ਊਰੀ ।
੨੫ ਅਤੇ ਇਸਰਾਏਲ ਵਿੱਚੋਂ - ਪਰੋਸ਼ ਦੇ ਪੁੱਤਰਾਂ ਵਿੱਚੋਂ - ਰਮਯਾਹ, ਯਿਜ਼ਯਾਹ, ਮਲਕੀਯਾਹ, ਮੀਯਾਮੀਨ, ਅਲਆਜ਼ਾਰ, ਮਲਕੀਯਾਹ ਤੇ ਬਨਾਯਾਹ ੨੬ ਅਤੇ ਏਲਾਮ ਦੇ ਪੁੱਤਰਾਂ ਵਿੱਚੋਂ - ਮੱਤਨਯਾਹ, ਜ਼ਕਰਯਾਹ, ਯਹੀਏਲ, ਅਬਦੀ, ਯਰੇਮੋਥ ਤੇ ਏਲੀਯਾਹ ੨੭ ਅਤੇ ਜ਼ੱਤੂ ਦੇ ਪੁੱਤਰਾਂ ਵਿੱਚੋਂ - ਅਲਯੋਏਨਈ, ਅਲਯਾਸੀਬ, ਮੱਤਨਯਾਹ, ਯਰੇਮੋਥ, ਜ਼ਾਬਾਦ ਤੇ ਅਜ਼ੀਜ਼ਾ ੨੮ ਅਤੇ ਬੋਬਈ ਦੇ ਪੁੱਤਰਾਂ ਵਿੱਚੋਂ - ਯਹੋਹਾਨਾਨ, ਹਨਨਯਾਹ, ਜ਼ੱਬਈ, ਅਥਲਈ ੨੯ ਅਤੇ ਬਾਨੀ ਦੇ ਪੁੱਤਰਾਂ ਵਿੱਚੋਂ - ਮਸ਼ੁੱਲਾਮ, ਮੱਲੂਕ, ਅਦਾਯਾਹ, ਯਾਸ਼ੂਬ, ਸ਼ਆਲ ਤੇ ਰਾਮੋਥ ੩੦ ਅਤੇ ਪਹਥ-ਮੋਆਬ ਦੇ ਪੁੱਤਰਾਂ ਵਿੱਚੋਂ - ਅਦਨਾ ਤੇ ਕਲਾਲ, ਬਨਾਯਾਹ ਮਅਸੇਆਹ, ਮੱਤਨਯਾਹ, ਬਸਲੇਲ, ਬਿੰਨੂਈ ਤੇ ਮਨੱਸ਼ਹ ੩੧ ਹਰੀਮ ਦੇ ਪੁੱਤਰਾਂ ਵਿੱਚੋਂ - ਅਲੀਅਜ਼ਰ, ਯਿੱਸ਼ੀਯਾਹ, ਮਲਕੀਯਾਹ, ਸ਼ਮਅਯਾਹ, ਸ਼ਿਮਓਨ ੩੨ ਬਿਨਯਾਮੀਨ, ਮੱਲੂਕ ਸ਼ਮਰਯਾਹ ੩੩ ਹਾਸ਼ੁਮ ਦੇ ਪੁੱਤਰਾਂ ਵਿੱਚੋਂ - ਮਤਨਈ, ਮਤੱਤਾਹ, ਜ਼ਾਬਾਦ, ਅਲੀਫਲਟ, ਯਰੇਮਈ, ਮਨੱਸ਼ਹ ਸ਼ਿਮਈ, ੩੪ ਬਾਨੀ ਦੇ ਪੁੱਤਰਾਂ ਵਿੱਚੋਂ - ਮਅਦਈ, ਅਮਰਾਮ ਤੇ ਊਏਲ, ੩੫ ਬਨਾਯਾਹ, ਬੇਦਯਾਹ, ਕਲੂਹੀ, ੩੬ ਵਨਯਾਹ, ਮਰੇਮੋਥ, ਅਲਯਾਸ਼ੀਬ, ੩੭ ਮੱਤਨਯਾਹ, ਮੱਤਨਈ, ਤੇ ਯਅਸਾਈ, ੩੮ ਅਤੇ ਬਾਨੀ ਤੇ ਬਿੰਨੂਈ, ਸ਼ਿਮਈ, ੩੯ ਅਤੇ ਸ਼ਲਮਯਾਹ, ਨਾਥਾਨ ਤੇ ਅਦਾਯਾਹ ੪੦ ਮਕਦਨਬਈ, ਸ਼ਾਸ਼ਈ, ਸ਼ਾਰਈ, ੪੧ ਅਜ਼ਰੇਲ ਤੇ ਸ਼ਲਮਯਾਹ, ਸ਼ਮਰਯਾਹ, ੪੨ ਸ਼ੱਲੂਮ, ਅਮਰਯਾਹ, ਯੂਸੁਫ਼ ੪੩ ਨਬੋ ਦੇ ਪੁੱਤਰਾਂ ਵਿੱਚੋਂ - ਯਈਏਲ, ਮੱਤਿਥਯਾਹ, ਜ਼ਾਬਾਦ, ਜ਼ਬੀਨਾ, ਯੱਦਈ, ਯੋਏਲ ਤੇ ਬਨਾਯਾਹ ੪੪ ਇਹਨਾਂ ਸਾਰਿਆਂ ਨੇ ਗੈਰ-ਕੌਮੀ ਇਸਤਰੀਆਂ ਵਿਆਹ ਲਈਆਂ ਸਨ ਅਤੇ ਉਨ੍ਹਾਂ ਵਿੱਚੋਂ ਕਈ ਇਸਤਰੀਆਂ ਦੇ ਬੱਚੇ ਵੀ ਸਨ ।