੩੦
੧ ਜਦ ਰਾਖ਼ੇਲ ਨੇ ਵੇਖਿਆ ਕਿ ਮੈਂ ਯਾਕੂਬ ਲਈ ਸੰਤਾਨ ਨਹੀਂ ਜਣਦੀ ਤਾਂ ਰਾਖ਼ੇਲ ਆਪਣੀ ਭੈਣ ਤੋਂ ਈਰਖਾ ਕਰਨ ਲੱਗ ਪਈ ਅਤੇ ਯਾਕੂਬ ਨੂੰ ਆਖਿਆ, ਮੈਨੂੰ ਪੁੱਤਰ ਦੇ ਨਹੀਂ ਤਾਂ ਮੈਂ ਮਰ ਜਾਵਾਂਗੀ । ੨ ਤਦ ਯਾਕੂਬ ਦਾ ਗੁੱਸਾ ਰਾਖ਼ੇਲ ਉੱਤੇ ਭੜਕਿਆ ਅਤੇ ਉਸ ਨੇ ਆਖਿਆ, ਕੀ ਮੈਂ ਪਰਮੇਸ਼ੁਰ ਦੀ ਥਾਂ ਹਾਂ, ਜਿਸ ਨੇ ਤੇਰੀ ਕੁੱਖ ਨੂੰ ਫਲਵੰਤ ਹੋਣ ਤੋਂ ਰੋਕਿਆ ਹੈ ? ੩ ਰਾਖ਼ੇਲ ਨੇ ਆਖਿਆ, ਵੇਖ, ਮੇਰੀ ਦਾਸੀ ਬਿਲਹਾਹ ਹੈ । ਉਸ ਦੇ ਕੋਲ ਜਾ ਅਤੇ ਉਹ ਮੇਰੇ ਗੋਡਿਆਂ ਉੱਤੇ ਜਣੇਗੀ ਤਾਂ ਜੋ ਮੈਂ ਵੀ ਉਸ ਤੋਂ ਸੰਤਾਨ ਵਾਲੀ ਬਣ ਜਾਂਵਾਂ । ੪ ਫੇਰ ਉਸ ਨੇ ਆਪਣੀ ਦਾਸੀ ਬਿਲਹਾਹ ਉਸ ਨੂੰ ਦਿੱਤੀ ਜੋ ਉਸ ਦੀ ਪਤਨੀ ਹੋਵੇ । ਯਾਕੂਬ ਉਸ ਦੇ ਕੋਲ ਗਿਆ, ੫ ਤਾਂ ਬਿਲਹਾਹ ਗਰਭਵਤੀ ਹੋਈ ਅਤੇ ਯਾਕੂਬ ਤੋਂ ਇੱਕ ਪੁੱਤਰ ਨੂੰ ਜਨਮ ਦਿੱਤਾ । ੬ ਤਦ ਰਾਖ਼ੇਲ ਨੇ ਆਖਿਆ, ਪਰਮੇਸ਼ੁਰ ਨੇ ਮੇਰਾ ਨਿਆਂ ਕੀਤਾ ਅਤੇ ਮੇਰੀ ਅਵਾਜ਼ ਸੁਣ ਕੇ ਮੈਨੂੰ ਇੱਕ ਪੁੱਤਰ ਵੀ ਦਿੱਤਾ । ਇਸ ਕਾਰਨ ਉਸ ਦਾ ਨਾਮ ਦਾਨ ਰੱਖਿਆ । ੭ ਰਾਖ਼ੇਲ ਦੀ ਦਾਸੀ ਬਿਲਹਾਹ ਫੇਰ ਗਰਭਵਤੀ ਹੋਈ ਅਤੇ ਯਾਕੂਬ ਤੋਂ ਦੂਜਾ ਪੁੱਤਰ ਜਣੀ । ੮ ਰਾਖ਼ੇਲ ਨੇ ਆਖਿਆ, ਮੇਰੀ ਆਪਣੀ ਭੈਣ ਨਾਲ ਮੇਰਾ ਵੱਡਾ ਘੋਲ ਹੋਇਆ ਪਰ ਮੈਂ ਜਿੱਤ ਗਈ, ਇਸ ਲਈ ਉਸ ਦਾ ਨਾਮ ਨਫ਼ਤਾਲੀ ਰੱਖਿਆ । ੯ ਜਦ ਲੇਆਹ ਨੇ ਵੇਖਿਆ ਕਿ ਮੈਂ ਜਣਨ ਤੋਂ ਰਹਿ ਗਈ ਹਾਂ ਤਾਂ ਉਸ ਨੇ ਆਪਣੀ ਦਾਸੀ ਜਿਲਫਾਹ ਨੂੰ ਲੈ ਕੇ ਯਾਕੂਬ ਨੂੰ ਉਸ ਦੀ ਪਤਨੀ ਹੋਣ ਲਈ ਦਿੱਤਾ । ੧੦ ਲੇਆਹ ਦੀ ਦਾਸੀ ਜਿਲਫਾਹ ਨੇ ਵੀ ਯਾਕੂਬ ਤੋਂ ਇੱਕ ਪੁੱਤਰ ਨੂੰ ਜਨਮ ਦਿੱਤਾ ੧੧ ਤਦ ਲੇਆਹ ਨੇ ਆਖਿਆ, ਮੇਰੇ ਭਾਗ ਜਾਗੇ ਹਨ, ਤਾਂ ਉਸ ਨੇ ਉਹ ਦਾ ਨਾਮ ਗਾਦ ਨੇ ਰੱਖਿਆ । ੧੨ ਫੇਰ ਲੇਆਹ ਦੀ ਦਾਸੀ ਜਿਲਫਾਹ ਨੇ ਯਾਕੂਬ ਤੋਂ ਦੂਜਾ ਪੁੱਤਰ ਜਣਿਆ, ੧੩ ਤਦ ਲੇਆਹ ਆਖਿਆ, ਮੈਂ ਧੰਨ ਹਾਂ, ਇਸ ਕਾਰਨ ਇਸਤਰੀਆਂ ਮੈਨੂੰ ਧੰਨ ਆਖਣਗੀਆਂ । ਇਸ ਲਈ ਉਸ ਦਾ ਨਾਮ ਆਸ਼ੇਰ ਰੱਖਿਆ । ੧੪ ਰਊਬੇਨ ਨੇ ਕਣਕ ਦੀ ਵਾਢੀ ਦੇ ਦਿਨਾਂ ਵਿੱਚ ਬਾਹਰ ਨਿੱਕਲ ਕੇ ਦੂਦਾਂ ਫ਼ਲ ਪਾਈਆਂ ਅਤੇ ਉਨ੍ਹਾਂ ਨੂੰ ਆਪਣੀ ਮਾਤਾ ਲੇਆਹ ਕੋਲ ਲਿਆਇਆ ਤਾਂ ਰਾਖਲ ਨੇ ਲੇਆਹ ਨੂੰ ਆਖਿਆ, ਆਪਣੇ ਪੁੱਤਰ ਦੇ ਦੂਦਾਂ ਫਲ ਵਿੱਚੋਂ ਮੈਨੂੰ ਦੇ । ੧੫ ਉਸ ਨੇ ਉਹ ਨੂੰ ਆਖਿਆ, ਕੀ ਇਹ ਛੋਟੀ ਗੱਲ ਹੈ ਕਿ ਤੂੰ ਮੇਰੇ ਪਤੀ ਨੂੰ ਲੈ ਲਿਆ ਹੈ ਅਤੇ ਹੁਣ ਤੂੰ ਮੇਰੇ ਪੁੱਤਰ ਦਾ ਦੂਦਾਂ ਫਲ ਵੀ ਲੈ ਲਵੇਂਗੀ ? ਰਾਖ਼ੇਲ ਨੇ ਆਖਿਆ, ਇਸ ਲਈ ਤੇਰੇ ਪੁੱਤਰ ਦੇ ਦੂਦਾਂ ਫਲ ਦੇ ਬਦਲੇ, ਉਹ ਅੱਜ ਰਾਤ ਤੇਰੇ ਸੰਗ ਲੇਟੇਗਾ । ੧੬ ਜਦ ਯਾਕੂਬ ਸ਼ਾਮ ਦੇ ਵੇਲੇ ਖੇਤ ਤੋਂ ਆਇਆ ਤਾਂ ਲੇਆਹ ਉਸ ਨੂੰ ਮਿਲਣ ਲਈ ਬਾਹਰ ਆਈ ਅਤੇ ਆਖਿਆ, ਤੂੰ ਮੇਰੇ ਕੋਲ ਆਵੀਂ ਕਿਉਂ ਜੋ ਮੈਂ ਤੈਨੂੰ ਆਪਣੇ ਪੁੱਤਰ ਦੀਆਂ ਦੂਦੀਆਂ ਨਾਲ ਭਾੜੇ ਉੱਤੇ ਲਿਆ ਹੈ । ਇਸ ਲਈ ਉਹ ਉਸ ਰਾਤ ਉਸ ਦੇ ਨਾਲ ਲੇਟਿਆ । ੧੭ ਤਦ ਪਰਮੇਸ਼ੁਰ ਨੇ ਲੇਆਹ ਦੀ ਸੁਣੀ ਅਤੇ ਉਹ ਗਰਭਵਤੀ ਹੋਈ ਅਤੇ ਯਾਕੂਬ ਲਈ ਪੰਜਵਾਂ ਪੁੱਤਰ ਜਣੀ । ੧੮ ਤਦ ਲੇਆਹ ਨੇ ਆਖਿਆ, ਪਰਮੇਸ਼ੁਰ ਨੇ ਮੇਰਾ ਭਾੜਾ ਦਿੱਤਾ ਹੈ ਕਿਉਂ ਜੋ ਮੈਂ ਆਪਣੀ ਦਾਸੀ ਆਪਣੇ ਪਤੀ ਨੂੰ ਦਿੱਤੀ ਅਤੇ ਉਸ ਨੇ ਉਹ ਦਾ ਨਾਮ ਯਿੱਸਾਕਾਰ ਰੱਖਿਆ । ੧੯ ਲੇਆਹ ਫੇਰ ਗਰਭਵਤੀ ਹੋਈ ਅਤੇ ਯਾਕੂਬ ਲਈ ਛੇਵਾਂ ਪੁੱਤਰ ਜਣੀ । ੨੦ ਲੇਆਹ ਨੇ ਆਖਿਆ, ਪਰਮੇਸ਼ੁਰ ਨੇ ਮੈਨੂੰ ਚੰਗਾ ਦਾਨ ਦਿੱਤਾ ਹੈ । ਹੁਣ ਮੇਰਾ ਪਤੀ ਮੇਰੇ ਸੰਗ ਰਹੇਗਾ ਕਿਉਂ ਜੋ ਮੈਂ ਉਹ ਦੇ ਲਈ ਛੇ ਪੁੱਤਰਾਂ ਨੂੰ ਜਨਮ ਦਿੱਤਾ ਹੈ ਤਾਂ ਉਸ ਨੇ ਉਹ ਦਾ ਨਾਮ ਜਬੁਲੂਨ ਰੱਖਿਆ । ੨੧ ਫੇਰ ਉਸ ਨੇ ਇੱਕ ਧੀ ਨੂੰ ਜਨਮ ਦਿੱਤਾ ਅਤੇ ਉਹ ਦਾ ਨਾਮ ਦੀਨਾਹ ਰੱਖਿਆ । ੨੨ ਤਦ ਪਰਮੇਸ਼ੁਰ ਨੇ ਰਾਖ਼ਲ ਨੂੰ ਯਾਦ ਕੀਤਾ ਅਤੇ ਉਹ ਦੀ ਸੁਣੀ ਅਤੇ ਉਹ ਦੀ ਕੁੱਖ ਨੂੰ ਖੋਲ੍ਹਿਆ । ੨੩ ਉਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਪਰਮੇਸ਼ੁਰ ਨੇ ਮੇਰੀ ਨਿੰਦਿਆ ਨੂੰ ਦੂਰ ਕੀਤਾ ਹੈ । ੨੪ ਤਦ ਉਸ ਨੇ ਇਹ ਆਖ ਕੇ ਉਹ ਦਾ ਨਾਮ ਯੂਸੁਫ਼ ਰੱਖਿਆ ਕਿ ਯਹੋਵਾਹ ਮੈਨੂੰ ਇੱਕ ਹੋਰ ਪੁੱਤਰ ਦੇਵੇਗਾ ।
ਯਾਕੂਬ ਅਤੇ ਲਾਬਾਨ ਦੇ ਵਿਚਕਾਰ ਝਗੜਾ
੨੫ ਜਦ ਯੂਸੁਫ਼ ਰਾਖ਼ਲ ਤੋਂ ਜੰਮਿਆ ਤਾਂ ਯਾਕੂਬ ਨੇ ਲਾਬਾਨ ਨੂੰ ਆਖਿਆ, ਮੈਨੂੰ ਵਿਦਿਆ ਕਰ ਤਾਂ ਜੋ ਮੈਂ ਆਪਣੇ ਸਥਾਨ ਅਤੇ ਆਪਣੇ ਦੇਸ਼ ਨੂੰ ਚਲਿਆ ਜਾਂਵਾਂ । ੨੬ ਮੇਰੀਆਂ ਪਤਨੀਆਂ ਅਤੇ ਮੇਰੇ ਬੱਚੇ ਜਿਨ੍ਹਾਂ ਲਈ ਮੈਂ ਤੇਰੀ ਸੇਵਾ ਕੀਤੀ ਹੈ ਮੈਨੂੰ ਦੇ, ਤਾਂ ਮੈਂ ਚਲਿਆ ਜਾਂਵਾਂਗਾ ਕਿਉਂ ਜੋ ਤੂੰ ਮੇਰੀ ਸੇਵਾ ਨੂੰ ਜਾਣਦਾ ਹੈਂ, ਜੋ ਮੈਂ ਤੇਰੇ ਲਈ ਕੀਤੀ । ੨੭ ਲਾਬਾਨ ਨੇ ਉਹ ਨੂੰ ਆਖਿਆ, ਜੇਕਰ ਮੇਰੇ ਉੱਤੇ ਤੇਰੀ ਦਇਆ ਦੀ ਨਜ਼ਰ ਹੋਵੇ ਤਾਂ ਇੱਥੇ ਹੀ ਰਹਿ ਜਾ, ਕਿਉਂ ਜੋ ਮੈਂ ਜਾਣ ਲਿਆ ਹੈ ਕਿ ਯਹੋਵਾਹ ਨੇ ਮੈਨੂੰ ਤੇਰੇ ਕਾਰਨ ਬਰਕਤ ਦਿੱਤੀ ਹੈ । ੨੮ ਲਾਬਾਨ ਨੇ ਆਖਿਆ, ਆਪਣੀ ਮਜ਼ਦੂਰੀ ਮੇਰੇ ਨਾਲ ਠਹਿਰਾ ਲੈ ਅਤੇ ਮੈਂ ਤੈਨੂੰ ਦਿਆਂਗਾ । ੨੯ ਯਾਕੂਬ ਨੇ ਉਸ ਨੂੰ ਆਖਿਆ, ਤੂੰ ਜਾਣਦਾ ਹੈਂ ਕਿ ਮੈਂ ਕਿਵੇਂ ਤੇਰੀ ਸੇਵਾ ਕੀਤੀ ਅਤੇ ਤੇਰੇ ਪਸ਼ੂ ਮੇਰੇ ਨਾਲ ਕਿਵੇਂ ਰਹੇ । ੩੦ ਕਿਉਂ ਜੋ ਮੇਰੇ ਆਉਣ ਤੋਂ ਪਹਿਲਾਂ ਤੇਰੇ ਕੋਲ ਥੋੜ੍ਹਾ ਸੀ, ਪਰ ਹੁਣ ਬਹੁਤ ਵੱਧ ਗਿਆ ਹੈ । ਯਹੋਵਾਹ ਨੇ ਕਦਮ-ਕਦਮ ਤੇ ਤੈਨੂੰ ਬਰਕਤ ਦਿੱਤੀ ਹੈ । ਪਰ ਮੈਂ ਆਪਣੇ ਘਰ ਲਈ ਕੁਝ ਕਦੋਂ ਕਰਾਂਗਾ ? ੩੧ ਉਸ ਨੇ ਆਖਿਆ, ਮੈਂ ਤੈਨੂੰ ਕੀ ਦੇਵਾਂ ? ਤਾਂ ਯਾਕੂਬ ਨੇ ਆਖਿਆ, ਮੈਨੂੰ ਕੁਝ ਨਾ ਦੇ । ਜੇਕਰ ਤੂੰ ਮੇਰੇ ਲਈ ਇਹ ਕਰੇਂ ਤਾਂ ਮੈਂ ਤੇਰੇ ਇੱਜੜਾਂ ਨੂੰ ਫੇਰ ਚਾਰਾਂਵਾਂਗਾ ਅਤੇ ਰਾਖੀ ਕਰਾਂਗਾ । ੩੨ ਮੈਂ ਅੱਜ ਤੇਰੇ ਸਾਰੇ ਇੱਜੜ ਦੇ ਵਿੱਚੋਂ ਦੀ ਲੰਘ ਕੇ ਭੇਡਾਂ ਵਿੱਚੋਂ ਜਿੰਨ੍ਹੀਆਂ ਚਿਤਲੀਆਂ ਅਤੇ ਡੱਬੀਆਂ ਹੋਣ ਅਤੇ ਜੋ ਭੇਡਾਂ ਕਾਲੀਆਂ ਹੋਣ ਬੱਕਰੀਆਂ ਵਿੱਚੋਂ ਵੀ ਜਿੰਨ੍ਹੀਆਂ ਡੱਬੀਆਂ ਅਤੇ ਚਿਤਲੀਆਂ ਹੋਣ ਉਨ੍ਹਾਂ ਨੂੰ ਕੱਢਾਂਗਾ ਅਤੇ ਓਹ ਮੇਰੀ ਮਜ਼ਦੂਰੀ ਹੋਣਗੀਆਂ । ੩੩ ਮੇਰਾ ਧਰਮ ਮੇਰੇ ਲਈ ਆਉਣ ਵਾਲੇ ਦਿਨ ਵਿੱਚ ਉੱਤਰ ਦੇਵੇਗਾ ਜਦ ਤੂੰ ਮੇਰੇ ਸਨਮੁਖ ਮੇਰੀ ਮਜ਼ਦੂਰੀ ਦੇਣ ਲਈ ਆਵੇਂਗਾ ਤਾਂ ਬੱਕਰੀਆਂ ਵਿੱਚੋਂ ਹਰ ਇੱਕ ਜਿਹੜੀ ਚਿਤਲੀ ਅਤੇ ਡੱਬੀ ਅਤੇ ਭੇਡਾਂ ਵਿੱਚ ਜਿਹੜੀ ਕਾਲੀ ਨਾ ਹੋਵੇ, ਜੇ ਉਹ ਮੇਰੇ ਕੋਲੋਂ ਨਿੱਕਲੇ ਤਾਂ ਚੋਰੀ ਦੀ ਹੋਵੇਗੀ । ੩੪ ਤਦ ਲਾਬਾਨ ਨੇ ਆਖਿਆ, ਵੇਖ, ਤੇਰੀ ਗੱਲ ਦੇ ਅਨੁਸਾਰ ਹੋਵੇ । ੩੫ ਉਸ ਨੇ ਉਸੇ ਦਿਨ ਸਾਰੇ ਧਾਰੀ ਵਾਲੇ ਅਤੇ ਡੱਬੇ ਬੱਕਰੇ ਅਤੇ ਸਾਰੀਆਂ ਚਿਤਲੀਆਂ ਅਤੇ ਡੱਬੀਆਂ ਬੱਕਰੀਆਂ ਅਰਥਾਤ ਜਿਸ ਕਿਸੇ ਵਿੱਚ ਸਫੇਦੀ ਸੀ ਅਤੇ ਭੇਡਾਂ ਵਿੱਚੋਂ ਜਿੰਨੀਆਂ ਕਾਲੀਆਂ ਸਨ, ਸਭ ਨੂੰ ਕੱਢਿਆ ਅਤੇ ਆਪਣੇ ਪੁੱਤਰਾਂ ਦੇ ਹੱਥਾਂ ਵਿੱਚ ਦਿੱਤਾ । ੩੬ ਲਾਬਾਨ ਨੇ ਆਪਣੇ ਅਤੇ ਯਾਕੂਬ ਦੇ ਵਿੱਚ ਤਿੰਨ ਦਿਨਾਂ ਦੇ ਸਫ਼ਰ ਦਾ ਫ਼ਾਸਲਾ ਠਹਿਰਾਇਆ ਅਤੇ ਯਾਕੂਬ ਲਾਬਾਨ ਦੇ ਬਾਕੀ ਇੱਜੜਾਂ ਨੂੰ ਚਾਰਨ ਲੱਗ ਪਿਆ । ੩੭ ਤਦ ਯਾਕੂਬ ਨੇ ਹਰੇ ਸਫ਼ੇਦੇ ਅਤੇ ਬਦਾਮ ਅਤੇ ਸਰੂ ਦੀਆਂ ਛਿਟੀਆਂ ਲੈ ਕੇ ਉਨ੍ਹਾਂ ਉੱਤੇ ਅਜਿਹੀਆਂ ਧਾਰੀਆਂ ਪਾਈਆਂ ਕਿ ਉਨ੍ਹਾਂ ਦੀ ਸਫ਼ੇਦੀ ਦਿੱਸਣ ਲੱਗ ਪਈ । ੩੮ ਤਦ ਉਨ੍ਹਾਂ ਛਿਟੀਆਂ ਨੂੰ ਜਿਨ੍ਹਾਂ ਉੱਤੇ ਉਸ ਨੇ ਧਾਰੀਆਂ ਪਾਈਆਂ ਸਨ, ਹੌਦਾਂ ਅਤੇ ਨਾਲਿਆਂ ਵਿੱਚ ਜਿੱਥੇ ਇੱਜੜ ਪਾਣੀ ਪੀਣ ਆਉਂਦੇ ਸਨ, ਉਨ੍ਹਾਂ ਦੇ ਸਾਹਮਣੇ ਰੱਖ ਦਿੱਤਾ ਅਤੇ ਜਦ ਓਹ ਪਾਣੀ ਪੀਂਦੀਆਂ ਸਨ ਤਾਂ ਓਹ ਆਸੇ ਲੱਗਣ ਲੱਗ ਪਈਆਂ । ੩੯ ਇਸ ਤਰ੍ਹਾਂ ਇੱਜੜ ਛਿਟੀਆਂ ਦੇ ਅੱਗੇ ਆਸੇ ਲੱਗਿਆ ਤਾਂ ਉਨ੍ਹਾਂ ਨੇ ਗਦਰੇ ਅਤੇ ਚਿਤਲੇ ਅਤੇ ਡੱਬੇ ਬੱਚੇ ਦਿੱਤੇ । ੪੦ ਤਦ ਯਾਕੂਬ ਨੇ ਲੇਲੇ ਅੱਡ ਕੀਤੇ ਅਤੇ ਲਾਬਾਨ ਦੇ ਇੱਜੜ ਦੀਆਂ ਭੇਡ-ਬੱਕਰੀਆਂ ਦੇ ਮੂੰਹ ਸਭ ਗਦਰੀਆਂ ਅਤੇ ਸਭ ਕਾਲੀਆਂ ਭੇਡਾਂ ਵੱਲ ਫੇਰ ਦਿੱਤੇ ਅਤੇ ਉਸ ਨੇ ਆਪਣੇ ਇੱਜੜਾਂ ਨੂੰ ਲਾਬਾਨ ਦੇ ਇੱਜੜਾਂ ਤੋਂ ਵੱਖਰਿਆਂ ਕੀਤਾ ਅਤੇ ਨਾਲ ਰਲਣ ਨਾ ਦਿੱਤਾ । ੪੧ ਅਤੇ ਜਦ ਤਕੜੀਆਂ ਭੇਡਾਂ ਦੇ ਆਸੇ ਲੱਗਣ ਦਾ ਸਮਾਂ ਆਇਆ ਤਾਂ ਯਾਕੂਬ ਨੇ ਉਹ ਛਿਟੀਆਂ ਉਨ੍ਹਾਂ ਦੀਆਂ ਅੱਖਾਂ ਦੇ ਅੱਗੇ ਰੱਖੀਆਂ, ਇਸ ਲਈ ਕਿ ਓਹ ਉਨ੍ਹਾਂ ਛਿਟੀਆਂ ਦੇ ਅੱਗੇ ਆਸੇ ਲੱਗਣ । ੪੨ ਪਰ ਜਿਹੜਾ ਇੱਜੜ ਕਮਜ਼ੋਰ ਸੀ, ਤਦ ਉਹ ਛਿਟੀਆਂ ਨੂੰ ਉਨ੍ਹਾਂ ਦੇ ਅੱਗੇ ਨਹੀਂ ਰੱਖਦਾ ਸੀ । ਇਸ ਕਾਰਨ ਲਾਬਾਨ ਦੇ ਪੱਠੇ ਕਮਜ਼ੋਰ ਅਤੇ ਯਾਕੂਬ ਦੇ ਤਕੜੇ ਸਨ । ੪੩ ਇਸ ਤਰ੍ਹਾਂ ਉਹ ਮਨੁੱਖ ਬਹੁਤ ਹੀ ਵੱਧ ਗਿਆ ਅਤੇ ਉਹ ਦੇ ਕੋਲ ਬਹੁਤ ਇੱਜੜ ਅਤੇ ਦਾਸ-ਦਾਸੀਆਂ, ਊਠ ਅਤੇ ਗਧੇ ਹੋ ਗਏ ।