੪੪
ਚਾਂਦੀ ਦਾ ਕਟੋਰਾ 
 ੧ ਤਦ ਉਸ ਨੇ ਆਪਣੇ ਘਰ ਦੇ ਮੁਖੀਏ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਮਨੁੱਖਾਂ ਦੇ ਬੋਰਿਆਂ ਵਿੱਚ ਜਿੰਨ੍ਹਾਂ ਉਹ ਲੈ ਸਕਣ ਅੰਨ ਭਰ ਦੇ ਅਤੇ ਹਰ ਇੱਕ ਦੀ ਚਾਂਦੀ ਉਸ ਦੇ ਬੋਰੇ ਦੇ ਮੂੰਹ ਵਿੱਚ ਰੱਖਦੇ  ੨ ਅਤੇ ਮੇਰਾ ਚਾਂਦੀ ਦਾ ਪਿਆਲਾ ਛੋਟੇ ਭਰਾ ਦੇ ਬੋਰੇ ਦੇ ਮੂੰਹ ਉੱਤੇ ਉਸ ਦੇ ਅੰਨ ਖਰੀਦਣ ਦੀ ਚਾਂਦੀ ਸਮੇਤ ਰੱਖਦੇ । ਸੋ ਉਸ ਨੇ ਯੂਸੁਫ਼ ਦੇ ਆਖੇ ਅਨੁਸਾਰ ਹੀ ਕੀਤਾ ।  ੩ ਸਵੇਰ ਹੁੰਦਿਆਂ ਹੀ ਉਹ ਮਨੁੱਖ ਅਤੇ ਉਨ੍ਹਾਂ ਦੇ ਗਧੇ ਤੋਰ ਦਿੱਤੇ ਗਏ ।  ੪ ਓਹ ਨਗਰ ਤੋਂ ਬਾਹਰ ਅਜੇ ਦੂਰ ਨਹੀਂ ਗਏ ਸਨ ਕਿ ਯੂਸੁਫ਼ ਨੇ ਆਪਣੇ ਘਰ ਦੇ ਮੁਖੀਏ ਨੂੰ ਹੁਕਮ ਦਿੱਤਾ, ਉੱਠ ਉਨ੍ਹਾਂ ਮਨੁੱਖਾਂ ਦਾ ਪਿੱਛਾ ਕਰ ਅਤੇ ਜਦ ਤੂੰ ਉਨ੍ਹਾਂ ਕੋਲ ਪਹੁੰਚ ਜਾਵੇਂ ਤਾਂ ਉਨ੍ਹਾਂ ਨੂੰ ਆਖੀਂ, ਤੁਸੀਂ ਭਲਿਆਈ ਦੇ ਬਦਲੇ ਬੁਰਿਆਈ ਕਿਉਂ ਕੀਤੀ ?  ੫ ਕੀ ਇਹ ਉਹ ਪਿਆਲਾ ਨਹੀਂ ਜਿਸ ਵਿੱਚ ਮੇਰਾ ਸਵਾਮੀ ਪੀਂਦਾ ਹੈ ਅਤੇ ਜਿਸ ਦੇ ਨਾਲ ਉਹ ਆਤਮਿਕ ਗੱਲਾਂ ਵਿਚਾਰਦਾ ਹੈ ? ਤੁਸੀਂ ਜੋ ਇਹ ਕੀਤਾ ਹੈ ਸੋ ਬੁਰਾ ਹੀ ਕੀਤਾ ਹੈ ।  ੬ ਤਦ ਉਸ ਨੇ ਉਨ੍ਹਾਂ ਨੂੰ ਜਾ ਫੜ੍ਹਿਆ ਅਤੇ ਇਹੋ ਗੱਲਾਂ ਉਨ੍ਹਾਂ ਨੂੰ ਆਖੀਆਂ ।  ੭ ਉਨ੍ਹਾਂ ਨੇ ਉਹ ਨੂੰ ਆਖਿਆ, ਸਾਡਾ ਸਵਾਮੀ ਅਜਿਹੀਆਂ ਗੱਲਾਂ ਕਿਉਂ ਬੋਲਦਾ ਹੈ ? ਤੁਹਾਡੇ ਦਾਸਾਂ ਤੋਂ ਅਜਿਹਾ ਕੰਮ ਕਰਨਾ ਦੂਰ ਰਹੇ ।  ੮ ਵੇਖੋ, ਜਦ ਉਹ ਚਾਂਦੀ ਜਿਹੜੀ ਸਾਨੂੰ ਸਾਡੇ ਬੋਰਿਆਂ ਦੇ ਮੂੰਹ ਵਿੱਚ ਲੱਭੀ ਸੀ, ਅਸੀਂ ਉਹ ਕਨਾਨ ਦੇਸ਼ ਤੋਂ ਮੋੜ ਕੇ ਤੁਹਾਡੇ ਕੋਲ ਲੈ ਆਏ ਹਾਂ, ਤਾਂ ਕਿਵੇਂ ਅਸੀਂ ਤੁਹਾਡੇ ਸਵਾਮੀ ਦੇ ਘਰ ਵਿੱਚੋਂ ਚਾਂਦੀ ਜਾਂ ਸੋਨਾ ਚੁਰਾ ਸਕਦੇ ਹਾਂ ?  ੯ ਤੁਹਾਡੇ ਦਾਸਾਂ ਵਿੱਚੋਂ ਜਿਸ ਦੇ ਕੋਲੋਂ ਉਹ ਲੱਭੇ, ਉਹ ਮਾਰਿਆ ਜਾਵੇ ਅਤੇ ਅਸੀਂ ਵੀ ਆਪਣੇ ਸਵਾਮੀ ਦੇ ਗ਼ੁਲਾਮ ਹੋ ਜਾਂਵਾਂਗੇ ।  ੧੦ ਤਦ ਉਸ ਨੇ ਆਖਿਆ, ਹੁਣ ਤੁਹਾਡੀਆਂ ਗੱਲਾਂ ਦੇ ਅਨੁਸਾਰ ਹੀ ਹੋਵੇਗਾ । ਜਿਸ ਦੇ ਕੋਲੋਂ ਉਹ ਲੱਭੇਗਾ, ਉਹ ਮੇਰਾ ਗ਼ੁਲਾਮ ਹੋਵੇਗਾ ਪਰ ਤੁਸੀਂ ਨਿਰਦੋਸ਼ੀ ਠਹਿਰੋਗੇ ।  ੧੧ ਉਨ੍ਹਾਂ ਨੇ ਛੇਤੀ ਨਾਲ ਆਪੋ ਆਪਣੇ ਬੋਰੇ ਜ਼ਮੀਨ ਉੱਤੇ ਲਾਹ ਕੇ ਖੋਲ੍ਹ ਦਿੱਤੇ  ੧੨ ਅਤੇ ਉਸ ਨੇ ਵੱਡੇ ਤੋਂ ਲੈ ਕੇ ਛੋਟੇ ਤੱਕ ਸਭ ਦੀ ਤਲਾਸ਼ੀ ਲਈ ਅਤੇ ਉਹ ਪਿਆਲਾ ਬਿਨਯਾਮੀਨ ਦੇ ਬੋਰੇ ਵਿੱਚ ਲੱਭਿਆ ।  ੧੩ ਤਦ ਉਨ੍ਹਾਂ ਨੇ ਆਪਣੇ ਬਸਤਰ ਪਾੜੇ ਅਤੇ ਹਰ ਇੱਕ ਨੇ ਆਪਣਾ ਗਧਾ ਲੱਦਿਆ ਅਤੇ ਓਹ ਨਗਰ ਨੂੰ ਮੁੜ ਆਏ ।  ੧੪ ਜਦ ਯਹੂਦਾਹ ਅਤੇ ਉਸ ਦੇ ਭਰਾ ਯੂਸੁਫ਼ ਦੇ ਘਰ ਆਏ ਅਤੇ ਉਹ ਅਜੇ ਤੱਕ ਉੱਥੇ ਹੀ ਸੀ ਤਾਂ ਓਹ ਉਸ ਦੇ ਅੱਗੇ ਧਰਤੀ ਉੱਤੇ ਡਿੱਗ ਪਏ ।  ੧੫ ਫੇਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਇਹ ਕੀ ਕਰਤੂਤ ਹੈ ਜੋ ਤੁਸੀਂ ਕੀਤੀ ? ਕੀ ਤੁਸੀਂ ਨਹੀਂ ਜਾਣਦੇ ਸੀ ਕਿ ਮੇਰੇ ਵਰਗਾ ਆਦਮੀ ਆਤਮਿਕ ਗੱਲਾਂ ਵਿਚਾਰ ਸਕਦਾ ਹੈ ?  ੧੬ ਯਹੂਦਾਹ ਨੇ ਆਖਿਆ, ਅਸੀਂ ਆਪਣੇ ਸਵਾਮੀ ਨੂੰ ਕੀ ਆਖੀਏ ਅਤੇ ਕੀ ਬੋਲੀਏ ਅਤੇ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਨਿਰਦੋਸ਼ ਸਾਬਤ ਕਰੀਏ ? ਪਰਮੇਸ਼ੁਰ ਨੇ ਤੁਹਾਡੇ ਦਾਸਾਂ ਦੀ ਬੁਰਿਆਈ ਲੱਭ ਲਈ ਹੈ । ਵੇਖੋ, ਅਸੀਂ ਆਪਣੇ ਸਵਾਮੀ ਦੇ ਗ਼ੁਲਾਮ ਹਾਂ, ਅਸੀਂ ਵੀ ਅਤੇ ਉਹ ਵੀ ਜਿਸ ਦੇ ਕੋਲੋਂ ਇਹ ਪਿਆਲਾ ਲੱਭਿਆ ਹੈ ।  ੧੭ ਪਰ ਯੂਸੁਫ਼ ਨੇ ਆਖਿਆ, ਇਹ ਕੰਮ ਮੈਥੋਂ ਦੂਰ ਹੋਵੇ । ਉਹ ਮਨੁੱਖ ਜਿਸ ਦੇ ਕੋਲੋਂ ਪਿਆਲਾ ਲੱਭਿਆ ਹੈ ਉਹ ਹੀ ਮੇਰਾ ਗ਼ੁਲਾਮ ਹੋਵੇਗਾ ਪਰ ਤੁਸੀਂ ਸਲਾਮਤੀ ਨਾਲ ਆਪਣੇ ਪਿਤਾ ਦੇ ਕੋਲ ਵਾਪਿਸ ਚਲੇ ਜਾਓ । 
ਬਿਨਯਾਮੀਨ ਦੇ ਲਈ ਯਹੂਦਾਹ ਦੁਆਰਾ ਬੇਨਤੀ 
 ੧੮ ਫੇਰ ਯਹੂਦਾਹ ਨੇ ਉਸ ਦੇ ਨੇੜੇ ਜਾ ਕੇ ਆਖਿਆ, ਮੇਰੇ ਸਵਾਮੀ ਜੀ, ਮੇਰੀ ਬੇਨਤੀ ਹੈ ਕਿ ਤੁਹਾਡਾ ਦਾਸ ਆਪਣੇ ਸਵਾਮੀ ਦੇ ਕੰਨਾਂ ਵਿੱਚ ਗੱਲ ਕਰੇ ਅਤੇ ਤੁਹਾਡਾ ਕਰੋਧ ਤੁਹਾਡੇ ਦਾਸ ਦੇ ਵਿਰੁੱਧ ਨਾ ਭੜਕੇ, ਕਿਉਂ ਜੋ ਤੁਸੀਂ ਫ਼ਿਰਊਨ ਦੇ ਸਮਾਨ ਹੋ ।  ੧੯ ਮੇਰੇ ਸਵਾਮੀ ਨੇ ਆਪਣੇ ਦਾਸਾਂ ਤੋਂ ਇਹ ਪੁੱਛਿਆ ਸੀ, ਕੀ ਤੁਹਾਡਾ ਪਿਤਾ ਜਾਂ ਭਰਾ ਹੈ ?  ੨੦ ਅਤੇ ਅਸੀਂ ਆਪਣੇ ਸਵਾਮੀ ਨੂੰ ਆਖਿਆ ਸੀ ਕਿ ਸਾਡਾ ਬਜ਼ੁਰਗ ਪਿਤਾ ਹੈ, ਅਤੇ ਉਸ ਦੀ ਬਿਰਧ ਅਵਸਥਾ ਦਾ ਇੱਕ ਛੋਟਾ ਪੁੱਤਰ ਹੈ ਅਤੇ ਉਸ ਦਾ ਭਰਾ ਮਰ ਗਿਆ ਹੈ, ਅਤੇ ਉਹ ਆਪਣੀ ਮਾਤਾ ਦਾ ਇਕੱਲਾ ਹੀ ਹੈ ਅਤੇ ਉਸ ਦਾ ਪਿਤਾ ਉਸ ਨੂੰ ਪਿਆਰ ਕਰਦਾ ਹੈ ।  ੨੧ ਤੁਸੀਂ ਆਪਣੇ ਦਾਸਾਂ ਨੂੰ ਆਖਿਆ ਕਿ ਉਸ ਨੂੰ ਮੇਰੇ ਕੋਲ ਲਿਆਓ ਤਾਂ ਜੋ ਮੈਂ ਉਸ ਮੁੰਡੇ ਨੂੰ ਆਪਣੀਆਂ ਅੱਖਾਂ ਨਾਲ ਵੇਖਾਂ ।  ੨੨ ਤਾਂ ਅਸੀਂ ਆਪਣੇ ਸਵਾਮੀ ਨੂੰ ਆਖਿਆ ਕਿ ਮੁੰਡਾ ਆਪਣੇ ਪਿਤਾ ਨੂੰ ਛੱਡ ਨਹੀਂ ਸਕਦਾ । ਜੇਕਰ ਉਹ ਉਸ ਨੂੰ ਛੱਡੇ ਤਾਂ ਸਾਡਾ ਪਿਤਾ ਮਰ ਜਾਵੇਗਾ ।  ੨੩ ਫੇਰ ਤੁਸੀਂ ਆਪਣੇ ਦਾਸਾਂ ਨੂੰ ਆਖਿਆ ਸੀ ਕਿ ਜਦ ਤੱਕ ਤੁਹਾਡਾ ਛੋਟਾ ਭਰਾ ਤੁਹਾਡੇ ਨਾਲ ਨਾ ਆਵੇ ਤੁਸੀਂ ਮੇਰਾ ਮੂੰਹ ਫੇਰ ਨਾ ਵੇਖੋਗੇ ।  ੨੪ ਇਸ ਲਈ ਜਦ ਅਸੀਂ ਤੁਹਾਡੇ ਦਾਸ ਆਪਣੇ ਪਿਤਾ ਕੋਲ ਗਏ ਤਾਂ ਅਸੀਂ ਆਪਣੇ ਸਵਾਮੀ ਦੀਆਂ ਗੱਲਾਂ ਉਸ ਨੂੰ ਦੱਸੀਆਂ ।  ੨੫ ਤਦ ਸਾਡੇ ਪਿਤਾ ਨੇ ਆਖਿਆ, ਮੁੜ ਕੇ ਜਾਓ ਅਤੇ ਥੋੜ੍ਹਾ ਅੰਨ ਸਾਡੇ ਲਈ ਮੁੱਲ ਲੈ ਆਓ ।  ੨੬ ਪਰ ਅਸੀਂ ਆਖਿਆ, ਅਸੀਂ ਨਹੀਂ ਜਾ ਸਕਦੇ । ਜੇਕਰ ਸਾਡਾ ਛੋਟਾ ਭਰਾ ਸਾਡੇ ਨਾਲ ਹੋਵੇ ਤਾਂ ਹੀ ਅਸੀਂ ਜਾਂਵਾਂਗੇ ਕਿਉਂ ਜੋ ਜਦ ਤੱਕ ਸਾਡਾ ਛੋਟਾ ਭਰਾ ਸਾਡੇ ਨਾਲ ਨਾ ਜਾਵੇ ਅਸੀਂ ਉਸ ਮਨੁੱਖ ਦਾ ਮੂੰਹ ਨਾ ਵੇਖ ਸਕਾਂਗੇ ।  ੨੭ ਤਦ ਤੁਹਾਡੇ ਦਾਸ ਸਾਡੇ ਪਿਤਾ ਨੇ ਸਾਨੂੰ ਆਖਿਆ, ਤੁਸੀਂ ਜਾਣਦੇ ਹੋ ਕਿ ਮੇਰੀ ਪਤਨੀ ਨੇ ਮੇਰੇ ਲਈ ਦੋ ਪੁੱਤਰਾਂ ਨੂੰ ਜਨਮ ਦਿੱਤਾ ।  ੨੮ ਉਨ੍ਹਾਂ ਵਿੱਚੋਂ ਇੱਕ ਤਾਂ ਮੈਨੂੰ ਛੱਡ ਕੇ ਚਲਾ ਗਿਆ ਅਤੇ ਮੈਂ ਮੰਨ ਲਿਆ ਕਿ ਉਹ ਸੱਚ-ਮੁੱਚ ਪਾੜਿਆ ਗਿਆ ਹੈ ਅਤੇ ਮੈਂ ਉਸ ਨੂੰ ਹੁਣ ਤੱਕ ਨਹੀਂ ਵੇਖਿਆ ।  ੨੯ ਪਰ ਜੇਕਰ ਤੁਸੀਂ ਇਸ ਨੂੰ ਵੀ ਮੇਰੇ ਅੱਗੋਂ ਲੈ ਜਾਓਗੇ ਅਤੇ ਕੋਈ ਬਿਪਤਾ ਉਸ ਉੱਤੇ ਆ ਪਈ ਤਾਂ ਤੁਸੀਂ ਮੈਨੂੰ ਇਸ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰੋਗੇ ।  ੩੦ ਹੁਣ ਜਦ ਮੈਂ ਤੁਹਾਡੇ ਦਾਸ ਆਪਣੇ ਪਿਤਾ ਦੇ ਕੋਲ ਜਾਂਵਾਂ ਅਤੇ ਇਹ ਮੁੰਡਾ ਨਾਲ ਨਾ ਹੋਵੇ ਤਾਂ ਕਿਉਂ ਜੋ ਉਹ ਦੇ ਪ੍ਰਾਣ ਇਸ ਮੁੰਡੇ ਦੇ ਪ੍ਰਾਣਾਂ ਨਾਲ ਬੱਧੇ ਹੋਏ ਹਨ  ੩੧ ਅਤੇ ਜਦ ਉਹ ਵੇਖੇਗਾ ਕਿ ਇਹ ਮੁੰਡਾ ਨਾਲ ਨਹੀਂ ਹੈ ਤਾਂ ਉਹ ਮਰ ਜਾਵੇਗਾ ਅਤੇ ਤੁਹਾਡੇ ਦਾਸ ਆਪਣੇ ਪਿਤਾ ਨੂੰ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰਨਗੇ ।  ੩੨ ਕਿਉਂ ਜੋ ਤੁਹਾਡਾ ਦਾਸ ਆਪਣੇ ਪਿਤਾ ਨੂੰ ਇਹ ਆਖ ਕੇ ਇਸ ਮੁੰਡੇ ਦਾ ਜ਼ਿੰਮੇਵਾਰ ਹੋਇਆ ਹੈ ਕਿ ਜੇਕਰ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਤਾਂ ਮੈਂ ਸਦਾ ਤੱਕ ਆਪਣੇ ਪਿਤਾ ਦਾ ਪਾਪੀ ਹੋਵਾਂਗਾ ।  ੩੩ ਹੁਣ ਤੁਹਾਡਾ ਦਾਸ ਇਸ ਮੁੰਡੇ ਦੇ ਸਥਾਨ ਤੇ ਮੇਰੇ ਸਵਾਮੀ ਦਾ ਗ਼ੁਲਾਮ ਬਣ ਕੇ ਰਹੇਗਾ ਪਰ ਇਸ ਮੁੰਡੇ ਨੂੰ ਆਪਣੇ ਭਰਾਵਾਂ ਦੇ ਨਾਲ ਵਾਪਿਸ ਜਾਣ ਦਿੱਤਾ ਜਾਵੇ ।  ੩੪ ਕਿਉਂਕਿ ਮੈਂ ਆਪਣੇ ਪਿਤਾ ਦੇ ਕੋਲ ਕਿਵੇਂ ਜਾਂਵਾਂ, ਜੇਕਰ ਇਹ ਮੁੰਡਾ ਮੇਰੇ ਨਾਲ ਨਾ ਹੋਵੇ ? ਅਜਿਹਾ ਨਾ ਹੋਵੇ ਕਿ ਉਹ ਬੁਰਿਆਈ ਜਿਹੜੀ ਮੇਰੇ ਪਿਤਾ ਉੱਤੇ ਆਵੇਗੀ, ਮੈਨੂੰ ਵੇਖਣੀ ਪਵੇ ।