ਹਬੱਕੂਕ ਦੀ ਪ੍ਰਾਰਥਨਾ
੧ ਸ਼ਿਗਯੋਨੋਥ ਉੱਤੇ ਹਬੱਕੂਕ ਨਬੀ ਦੀ ਪ੍ਰਾਰਥਨਾ । ੨ ਹੇ ਯਹੋਵਾਹ, ਮੈਂ ਤੇਰੀ ਪ੍ਰਸਿੱਧੀ ਦੇ ਵਿਖੇ ਸੁਣਿਆ, ਅਤੇ ਡਰ ਗਿਆ ।
ਹੇ ਯਹੋਵਾਹ, ਵਰਤਮਾਨ ਸਮਿਆਂ ਵਿੱਚ ਆਪਣਾ ਕੰਮ ਬਹਾਲ ਕਰ,
ਸਾਡੇ ਸਮੇਂ ਵਿੱਚ ਉਹ ਨੂੰ ਪ੍ਰਗਟ ਕਰ,
ਆਪਣੇ ਕ੍ਰੋਧ ਵਿੱਚ ਵੀ ਦਯਾ ਨੂੰ ਯਾਦ ਰੱਖ !
੩ ਪਰਮੇਸ਼ੁਰ ਤੇਮਾਨ ਤੋਂ ਆਇਆ,
ਪਵਿੱਤਰ ਪ੍ਰਭੂ ਪਰਾਨ ਦੇ ਪਰਬਤ ਤੋਂ ॥ ਸਲਹ ॥
ਉਹ ਦੀ ਮਹਿਮਾ ਨੇ ਅਕਾਸ਼ ਨੂੰ ਢੱਕਿਆ ਹੋਇਆ ਹੈ,
ਅਤੇ ਧਰਤੀ ਉਹ ਦੀ ਉਸਤਤ ਨਾਲ ਭਰਪੂਰ ਹੋਈ ।
੪ ਉਹ ਦੀ ਸ਼ੋਭਾ ਸੂਰਜ ਦੀ ਰੋਸ਼ਨੀ ਵਰਗੀ ਸੀ,
ਉਸ ਦੇ ਹੱਥਾਂ ਵਿੱਚੋਂ ਕਿਰਨਾਂ ਚਮਕਦੀਆਂ ਸਨ,
ਅਤੇ ਉੱਥੇ ਉਸ ਦੀ ਸਮਰੱਥਾ ਲੁਕੀ ਹੋਈ ਸੀ ।
੫ ਉਹ ਦੇ ਅੱਗੇ-ਅੱਗੇ ਬਵਾ ਚੱਲਦੀ ਸੀ,
ਅਤੇ ਮਹਾਮਾਰੀ ਉਹ ਦੇ ਪੈਰਾਂ ਦੇ ਪਿੱਛੇ-ਪਿੱਛੇ ਚੱਲਦੀ ਸੀ !
੬ ਉਹ ਖੜ੍ਹਾ ਹੋ ਗਿਆ ਅਤੇ ਧਰਤੀ ਦਾ ਮਾਪ ਲਿਆ,
ਉਸ ਨੇ ਵੇਖਿਆ ਅਤੇ ਕੌਮਾਂ ਕੰਬ ਉੱਠੀਆਂ,
ਸਨਾਤਨ ਪਹਾੜ ਢਹਿ ਗਏ,
ਅਨਾਦੀ ਟਿੱਲੇ ਝੁੱਕ ਗਏ,
ਉਹ ਦੇ ਮਾਰਗ ਸਦੀਪਕਾਲ ਦੇ ਹਨ ।
੭ ਮੈਂ ਕੂਸ਼ ਦੇ ਤੰਬੂ ਕਸ਼ਟ ਹੇਠ ਵੇਖੇ,
ਮਿਦਯਾਨ ਦੇ ਵਸੇਬੇ ਥਰਥਰਾ ਗਏ ।
੮ ਹੇ ਯਹੋਵਾਹ, ਕੀ ਤੂੰ ਨਦੀਆਂ ਤੋਂ ਗੁੱਸੇ ਹੋਇਆ ?
ਕੀ ਤੇਰਾ ਕ੍ਰੋਧ ਨਦੀਆਂ ਉੱਤੇ ਭੜਕਿਆ,
ਜਾਂ ਤੇਰਾ ਕਹਿਰ ਸਮੁੰਦਰ ਉੱਤੇ ਸੀ,
ਜਦ ਤੂੰ ਆਪਣੇ ਘੋੜਿਆਂ ਉੱਤੇ, ਅਤੇ ਆਪਣੇ ਛੁਡਾਉਣ ਵਾਲੇ ਰਥਾਂ ਉੱਤੇ ਸਵਾਰ ਸੀ ?
੯ ਤੇਰਾ ਧਣੁਖ ਖੋਲ੍ਹ ਵਿੱਚੋਂ ਕੱਢਿਆ ਗਿਆ,
ਤੂੰ ਆਪਣੇ ਦੰਡ ਦੇ ਤੀਰਾਂ ਨੂੰ ਸਹੁੰ ਦੇ ਕੇ ਬੁਲਾਇਆ ॥ ਸਲਹ ॥
ਤੂੰ ਧਰਤੀ ਨੂੰ ਨਦੀਆਂ ਨਾਲ ਚੀਰ ਦਿੱਤਾ ।
੧੦ ਪਹਾੜਾਂ ਨੇ ਤੈਨੂੰ ਵੇਖਿਆ, ਉਹ ਘਬਰਾ ਗਏ,
ਜ਼ੋਰ ਦਾ ਹੜ੍ਹ ਲੰਘ ਗਿਆ,
ਡੁੰਘਿਆਈ ਗਰਜ਼ ਉੱਠੀ ਅਤੇ ਆਪਣੇ ਹੱਥ ਉਤਾਹਾਂ ਉਠਾਏ ।
੧੧ ਤੇਰੇ ਤੀਰਾਂ ਦੀ ਚਮਕ ਦੇ ਕਾਰਨ ਜਦ ਉਹ ਚੱਲਦੇ ਸਨ,
ਤੇਰੇ ਚਮਕਦਾਰ ਬਰਛੇ ਦੀ ਲਸ਼ਕ ਦੇ ਕਾਰਨ,
ਸੂਰਜ ਅਤੇ ਚੰਦ ਆਪਣੇ ਸਥਾਨ ਤੇ ਠਹਿਰ ਗਏ ।
੧੨ ਤੂੰ ਕਹਿਰ ਵਿੱਚ ਧਰਤੀ ਉੱਤੋਂ ਲੰਘਿਆ,
ਤੂੰ ਕੌਮਾਂ ਨੂੰ ਕ੍ਰੋਧ ਵਿੱਚ ਕੁਚਲ ਦਿੱਤਾ ।
੧੩ ਤੂੰ ਆਪਣੀ ਪਰਜਾ ਦੇ ਬਚਾਓ ਲਈ ਨਿਕਲਿਆ,
ਆਪਣੇ ਮਸਹ ਕੀਤੇ ਹੋਏ ਦੇ ਬਚਾਓ ਲਈ ।
ਤੂੰ ਦੁਸ਼ਟ ਦੇ ਘਰਾਣੇ ਦੇ ਮੁਖੀਏ ਨੂੰ ਵੱਢ ਸੁੱਟਿਆ,
ਤੂੰ ਗਲੇ ਤੱਕ ਉਸ ਦੀ ਨੀਂਹ ਨੂੰ ਨੰਗਾ ਕੀਤਾ ॥ ਸਲਹ ॥
੧੪ ਤੂੰ ਉਸ ਦੇ ਸੂਰਮਿਆਂ ਦੇ ਸਿਰਾਂ ਨੂੰ ਉਨ੍ਹਾਂ ਦੀਆਂ ਆਪਣੀਆਂ ਬਰਛੀਆਂ ਨਾਲ ਹੀ ਵਿੰਨ੍ਹ ਦਿੱਤਾ,
ਉਹ ਤੂਫ਼ਾਨ ਵਾਂਗੂੰ ਮੈਨੂੰ ਉਡਾਉਣ ਲਈ ਆਏ,
ਅਤੇ ਉਨ੍ਹਾਂ ਦੀ ਤਰ੍ਹਾਂ ਅਨੰਦ ਹੋਏ ਜਿਹੜੇ ਚੁੱਪ-ਚੁਪੀਤੇ ਦੀਨ ਲੋਕਾਂ ਨੂੰ ਨਾਸ਼ ਕਰਨ ਲਈ ਘਾਤ ਲਗਾਉਂਦੇ ਹਨ ।
੧੫ ਤੂੰ ਆਪਣੇ ਘੋੜਿਆਂ ਨਾਲ ਸਮੁੰਦਰ ਨੂੰ ਲਤਾੜਿਆ,
ਅਤੇ ਵੱਡੇ ਪਾਣੀ ਉੱਛਲ ਪਏ ।
੧੬ ਮੈਂ ਸੁਣਿਆ ਅਤੇ ਮੇਰਾ ਕਾਲਜਾ ਕੰਬਣ ਲੱਗਾ,
ਉਸ ਦੀ ਅਵਾਜ਼ ਤੋਂ ਮੇਰੇ ਬੁੱਲ੍ਹ ਥਰਥਰਾ ਗਏ,
ਮੇਰੀਆਂ ਹੱਡੀਆਂ ਸੜਨ ਲੱਗੀਆਂ,
ਮੈਂ ਆਪਣੇ ਸਥਾਨ ਤੇ ਖੜ੍ਹਾ-ਖੜ੍ਹਾ ਕੰਬਣ ਲੱਗਾ,
ਇਸ ਲਈ ਮੈਂ ਅਰਾਮ ਨਾਲ ਬਿਪਤਾ ਦੇ ਦਿਨ ਨੂੰ ਉਡੀਕਾਂਗਾ,
ਭਈ ਉਹ ਉਹਨਾਂ ਲੋਕਾਂ ਉੱਤੇ ਆਵੇ, ਜੋ ਸਾਡੇ ਉੱਤੇ ਚੜ੍ਹਾਈ ਕਰਦੇ ਹਨ ।
੧੭ ਭਾਵੇਂ ਹੰਜ਼ੀਰ ਦੇ ਰੁੱਖ ਨਾ ਫਲਣ,
ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ,
ਭਾਵੇਂ ਜੈਤੂਨ ਦੇ ਰੁੱਖ ਦੀ ਪੈਦਾਵਾਰ ਘਟੇ,
ਅਤੇ ਖੇਤਾਂ ਵਿੱਚ ਅੰਨ ਨਾ ਉਪਜੇ,
ਭਾਵੇਂ ਇੱਜੜ ਵਾੜੇ ਵਿੱਚੋਂ ਘੱਟ ਜਾਣ,
ਅਤੇ ਖੁਰਲੀਆਂ ਉੱਤੇ ਵੱਗ ਨਾ ਹੋਣ,
੧੮ ਤਾਂ ਵੀ ਮੈਂ ਯਹੋਵਾਹ ਵਿੱਚ ਅਨੰਦ ਅਤੇ ਮਗਨ ਹੋਵਾਂਗਾ,
ਮੈਂ ਆਪਣੇ ਮੁਕਤੀਦਾਤੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਵਾਂਗਾ ।
੧੯ ਪ੍ਰਭੂ ਯਹੋਵਾਹ ਮੇਰਾ ਬਲ ਹੈ,
ਉਹ ਮੇਰੇ ਪੈਰ ਹਰਨੀਆਂ ਵਰਗੇ ਬਣਾਉਂਦਾ ਹੈ,
ਅਤੇ ਮੈਨੂੰ ਉੱਚਿਆਈਆਂ ਉੱਤੇ ਤੋਰਦਾ ਹੈ !
(ਸਾਜ ਵਜਾਉਣ ਵਾਲੇ ਲਈ ਮੇਰੇ ਤਾਰ ਵਾਲੇ ਵਾਜਿਆਂ ਉੱਤੇ)