੧ ਹੇ ਜਾਜਕੋ, ਇਹ ਨਾ ਸੁਣੋ !
ਹੇ ਇਸਰਾਏਲ ਦੇ ਘਰਾਣੇ ਵਾਲਿਓ, ਧਿਆਨ ਦਿਓ !
ਹੇ ਰਾਜਾ ਦੇ ਘਰਾਣੇ ਵਾਲਿਓ, ਕੰਨ ਲਾਓ !
ਕਿਉਂ ਜੋ ਤੁਹਾਡਾ ਨਿਆਂ ਆ ਗਿਆ ਹੈ,
ਤੂੰ ਮਿਸਪਾਹ ਲਈ ਫੰਦਾ ਹੋਇਆ ਹੈਂ,
ਅਤੇ ਤਾਬੋਰ ਉੱਤੇ ਇੱਕ ਵਿਛਾਇਆ ਹੋਇਆ ਜਾਲ ।
੨ ਬਾਗੀ ਵੱਢਣ ਟੁੱਕਣ ਵਿੱਚ ਨਾਸ਼ ਹੋ ਰਹੇ ਹਨ,
ਪਰ ਮੈਂ ਉਹਨਾਂ ਸਾਰਿਆਂ ਨੂੰ ਸੁਧਾਰਨ ਵਾਲਾ ਹਾਂ ।
੩ ਮੈਂ ਅਫ਼ਰਾਈਮ ਨੂੰ ਜਾਣਦਾ ਹਾਂ,
ਅਤੇ ਇਸਰਾਏਲ ਮੇਰੇ ਤੋਂ ਲੁਕਿਆ ਹੋਇਆ ਨਹੀਂ,
ਹੇ ਅਫ਼ਰਾਈਮ, ਤੂੰ ਹੁਣ ਵਿਭਚਾਰ ਕੀਤਾ,
ਇਸਰਾਏਲ ਪਲੀਤ ਹੋ ਗਈ ।
ਮੂਰਤੀ ਪੂਜਾ ਦੇ ਵਿਰੋਧ ਵਿੱਚ ਹੋਸ਼ੇਆ ਦੀ ਚੇਤਾਵਨੀ
੪ ਉਹਨਾਂ ਦੀਆਂ ਕਰਤੂਤਾਂ ਉਹਨਾਂ ਨੂੰ ਉਹਨਾਂ ਦੇ ਪਰਮੇਸ਼ੁਰ ਵੱਲ ਮੁੜਨ ਨਹੀਂ ਦਿੰਦੀਆਂ,
ਕਿਉਂ ਜੋ ਵਿਭਚਾਰ ਦੀ ਰੂਹ ਉਹਨਾਂ ਦੇ ਅੰਦਰ ਹੈ,
ਅਤੇ ਉਹ ਯਹੋਵਾਹ ਨੂੰ ਨਹੀਂ ਜਾਣਦੇ ।
੫ ਇਸਰਾਏਲ ਦਾ ਹੰਕਾਰ ਉਹ ਦੇ ਮੂੰਹ ਉੱਤੇ ਗਵਾਹੀ ਦਿੰਦਾ ਹੈ,
ਇਸਰਾਏਲ ਅਤੇ ਅਫ਼ਰਾਈਮ ਆਪਣੀ ਬਦੀ ਦੇ ਕਾਰਨ ਠੋਕਰ ਖਾਣਗੇ,
ਯਹੂਦਾਹ ਵੀ ਉਹਨਾਂ ਦੇ ਨਾਲ ਠੋਕਰ ਖਾਵੇਗਾ ।
੬ ਉਹ ਆਪਣੇ ਇੱਜੜਾਂ ਅਤੇ ਵੱਗਾਂ ਨਾਲ
ਯਹੋਵਾਹ ਨੂੰ ਭਾਲਣ ਲਈ ਨਿੱਕਲਣਗੇ,
ਪਰ ਉਹ ਉਹਨਾਂ ਨੂੰ ਨਾ ਲੱਭਣਗੇ,
ਉਹ ਉਹਨਾਂ ਤੋਂ ਦੂਰ ਹੋ ਗਿਆ ਹੈ ।
੭ ਉਹਨਾਂ ਨੇ ਯਹੋਵਾਹ ਨਾਲ ਧੋਖਾ ਕੀਤਾ ਹੈ,
ਕਿਉਂ ਜੋ ਉਹਨਾਂ ਤੋਂ ਨਜ਼ਾਇਜ ਬੱਚੇ ਜੰਮੇ,
ਹੁਣ ਨਵਾਂ ਚੰਦ ਉਹਨਾਂ ਨੂੰ ਉਹਨਾਂ ਦੇ ਖੇਤਾਂ ਦੇ ਨਾਲ ਖਾ ਜਾਵੇਗਾ ।
ਇਸਰਾਏਲ ਅਤੇ ਯਹੂਦਾਹ ਦੇ ਵਿੱਚ ਯੁੱਧ
੮ ਗਿਬਆਹ ਵਿੱਚ ਨਰਸਿੰਗਾ ਫੂਕੋ !
ਰਾਮਾਹ ਵਿੱਚ ਤੁਰ੍ਹੀ !
ਬੈਤ-ਆਵਨ ਵਿੱਚ ਢੋਲ ਵਜਾਓ, -
ਹੇ ਬਿਨਯਾਮੀਨ, ਪਿੱਛੇ ਵੇਖ !
੯ ਝਿੜਕ ਦੇ ਦਿਨ ਅਫ਼ਰਾਈਮ ਵਿਰਾਨ ਹੋ ਜਾਵੇਗਾ,
ਇਸਰਾਏਲ ਦੇ ਗੋਤਾਂ ਵਿੱਚ ਮੈਂ ਓਹੀ ਦੱਸਦਾ ਹਾਂ ਜੋ ਪੱਕਾ ਹੈ ।
੧੦ ਯਹੂਦਾਹ ਦੇ ਹਾਕਮ ਬਾੜਿਆਂ ਦੇ ਭੰਨਣ ਵਾਲਿਆਂ ਵਰਗੇ ਹੋ ਗਏ ਹਨ,
ਮੈਂ ਆਪਣਾ ਕਹਿਰ ਪਾਣੀ ਵਾਂਗੂੰ ਉਨ੍ਹਾਂ ਦੇ ਉੱਤੇ ਵਹਾਵਾਂਗਾ !
੧੧ ਅਫ਼ਰਾਈਮ ਦਬਾਇਆ ਗਿਆ ਹੈ,
ਉਹ ਨਿਆਂ ਨਾਲ ਚਿੱਥਿਆ ਗਿਆ ਹੈ,
ਕਿਉਂ ਜੋ ਉਹ ਜ਼ਿੱਦ ਨਾਲ ਵਿਅਰਥ ਬਿਧੀਆਂ ਦੇ ਪਿੱਛੇ ਲੱਗਾ ਰਿਹਾ ।
੧੨ ਇਸ ਲਈ ਮੈਂ ਅਫ਼ਰਾਈਮ ਲਈ ਨਾਸ਼ ਕਰਨ ਵਾਲੇ ਕੀੜੇ ਵਾਂਗੂੰ,
ਅਤੇ ਯਹੂਦਾਹ ਦੇ ਘਰਾਣੇ ਲਈ ਘੁਣ ਵਾਂਗੂੰ ਹਾਂ ।
੧੩ ਜਦ ਅਫ਼ਰਾਈਮ ਨੇ ਆਪਣਾ ਰੋਗ ਵੇਖਿਆ,
ਅਤੇ ਯਹੂਦਾਹ ਨੇ ਆਪਣੇ ਜ਼ਖਮ ਨੂੰ,
ਤਾਂ ਅਫ਼ਰਾਈਮ ਅੱਸ਼ੂਰ ਨੂੰ ਗਿਆ,
ਅਤੇ ਇੱਕ ਝਗੜਾਲੂ ਰਾਜੇ ਕੋਲ ਸੁਨੇਹਾ ਭੇਜਿਆ,
ਪਰ ਉਹ ਤੁਹਾਨੂੰ ਚੰਗਾ ਨਹੀਂ ਕਰ ਸਕਦਾ,
ਨਾ ਤੁਹਾਡੇ ਜ਼ਖਮ ਨੂੰ ਠੀਕ ਕਰ ਸਕਦਾ ਹੈ ।
੧੪ ਮੈਂ ਤਾਂ ਆਫਰਾਈਮ ਲਈ ਬੱਬਰ ਸ਼ੇਰ ਵਾਂਗੂੰ ਹੋਵਾਂਗਾ,
ਅਤੇ ਯਹੂਦਾਹ ਦੇ ਘਰਾਣੇ ਲਈ ਜੁਆਨ ਸ਼ੇਰ ਵਾਂਗੂੰ,
ਮੈਂ, ਹਾਂ, ਮੈਂ ਹੀ ਪਾੜਾਂਗਾ ਅਤੇ ਚਲਾ ਜਾਂਵਾਂਗਾ,
ਮੈਂ ਚੁੱਕ ਲੈ ਜਾਂਵਾਂਗਾ ਅਤੇ ਛੁਡਾਉਣ ਵਾਲਾ ਕੋਈ ਨਾ ਹੋਵੇਗਾ ।
੧੫ ਮੈਂ ਚਲਾ ਜਾਂਵਾਂਗਾ ਅਤੇ ਆਪਣੇ ਸਥਾਨ ਨੂੰ ਮੁੜਾਂਗਾ,
ਜਦ ਤੱਕ ਉਹ ਆਪਣੇ ਦੋਸ਼ ਨਾ ਮੰਨ ਲੈਣ,
ਅਤੇ ਮੇਰੇ ਦਰਸ਼ਨ ਦੇ ਖੋਜੀ ਨਾ ਹੋਣ ।
ਉਹ ਆਪਣੇ ਕਸ਼ਟ ਵਿੱਚ ਮੈਨੂੰ ਧਿਆਨ ਨਾਲ ਭਾਲਣਗੇ ।