ਰਾਜਾ ਆਹਾਜ਼ ਨੂੰ ਇੱਕ ਸੰਦੇਸ
੧ ਤਦ ਅਜਿਹਾ ਹੋਇਆ ਕਿ ਉੱਜ਼ੀਯਾਹ ਦੇ ਪੋਤਰੇ, ਯੋਥਾਮ ਦੇ ਪੁੱਤਰ ਆਹਾਜ਼ ਜੋ ਯਹੂਦਾਹ ਦਾ ਰਾਜਾ ਸੀ, ਉਸ ਦੇ ਦਿਨਾਂ ਵਿੱਚ ਅਰਾਮ ਦਾ ਰਾਜੇ ਰਸੀਨ ਅਤੇ ਇਸਰਾਏਲ ਦੇ ਰਾਜੇ ਰਮਲਯਾਹ ਦਾ ਪੁੱਤਰ ਫਕਹ ਨੇ ਯਰੂਸ਼ਲਮ ਉੱਤੇ ਚੜ੍ਹਾਈ ਕੀਤੀ ਤਾਂ ਜੋ ਉਸ ਦੇ ਵਿਰੁੱਧ ਯੁੱਧ ਕਰਨ, ਪਰ ਉਹ ਨੂੰ ਜਿੱਤ ਨਾ ਸਕੇ । ੨ ਜਦ ਦਾਊਦ ਦੇ ਘਰਾਣੇ ਨੂੰ ਦੱਸਿਆ ਗਿਆ ਕਿ ਅਰਾਮ ਇਫ਼ਰਾਈਮ ਨਾਲ ਮਿਲ ਗਿਆ ਹੈ, ਤਾਂ ਆਹਾਜ਼ ਦਾ ਦਿਲ ਅਤੇ ਉਹ ਦੀ ਪਰਜਾ ਦਾ ਦਿਲ ਅਜਿਹਾ ਕੰਬ ਗਿਆ, ਜਿਵੇਂ ਜੰਗਲ ਰੁੱਖ ਪੌਣ ਦੇ ਅੱਗੇ ਕੰਬ ਜਾਂਦੇ ਹਨ । ੩ ਤਦ ਯਹੋਵਾਹ ਨੇ ਯਸਾਯਾਹ ਨੂੰ ਆਖਿਆ, ਤੂੰ ਅਤੇ ਤੇਰਾ ਪੁੱਤਰ ਸ਼ਆਰ ਯਾਸ਼ੂਬ ਉੱਪਰਲੇ ਤਲਾਬ ਦੇ ਸੂਏ ਦੇ ਸਿਰੇ ਉੱਤੇ ਧੋਬੀ ਘਾਟ ਦੇ ਰਾਹ ਤੇ ਆਹਾਜ਼ ਨੂੰ ਮਿਲੋ ੪ ਅਤੇ ਤੂੰ ਉਹ ਨੂੰ ਆਖ, ਖ਼ਬਰਦਾਰ, ਚੁੱਪ ਰਹਿ ਅਤੇ ਨਾ ਡਰ ! ਇਨ੍ਹਾਂ ਚੁਆਤੀਆਂ ਦੇ ਦੋਹਾਂ ਸੁਲਗਦੇ ਟੁੰਡਾਂ ਤੋਂ ਅਰਥਾਤ ਰਮਲਯਾਹ ਦੇ ਪੁੱਤਰ ਅਰਾਮ ਅਤੇ ਰਸੀਨ ਦੇ ਬਲਦੇ ਕ੍ਰੋਧ ਤੋਂ ਤੇਰਾ ਦਿਲ ਘਬਰਾ ਨਾ ਜਾਵੇ, ੫ ਕਿਉਂ ਜੋ ਅਰਾਮ ਅਤੇ ਰਮਲਯਾਹ ਦੇ ਪੁੱਤਰ ਅਤੇ ਇਫ਼ਰਾਈਮ ਨੇ ਤੇਰੇ ਵਿਰੁੱਧ ਬਦੀ ਦੀ ਯੋਜਨਾ ਬਣਾਈ ਹੈ ਅਤੇ ਆਖਿਆ, ੬ ਆਓ, ਅਸੀਂ ਯਹੂਦਾਹ ਉੱਤੇ ਹਮਲਾ ਕਰਕੇ ਉਸ ਨੂੰ ਘਬਰਾ ਦੇਈਏ ਅਤੇ ਉਹ ਦੇ ਵਿੱਚ ਫੁੱਟ ਪਾ ਕੇ ਉਸ ਨੂੰ ਆਪਸ ਵਿੱਚ ਵੰਡ ਲਈਏ ਅਤੇ ਟਾਬਲ ਦੇ ਪੁੱਤਰ ਨੂੰ ਉਹ ਦੇ ਵਿੱਚ ਰਾਜਾ ਬਣਾਈਏ । ੭ ਪਰ ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, ਇਹ ਯੋਜਨਾ ਸਫ਼ਲ ਨਹੀਂ ਹੋਵੇਗੀ ਅਤੇ ਨਾ ਹੀ ਪੂਰੀ ਹੋਵੇਗੀ, ੮ ਕਿਉਂ ਜੋ ਅਰਾਮ ਦਾ ਸਿਰ ਦੰਮਿਸਕ ਹੈ ਅਤੇ ਦੰਮਿਸਕ ਦਾ ਸਿਰ ਰਸੀਨ ਹੈ, ਪਰ ਪੈਂਹਟ ਸਾਲਾਂ ਦੇ ਅੰਦਰ ਇਫ਼ਰਾਈਮ ਅਜਿਹਾ ਟੁੱਕੜੇ-ਟੁੱਕੜੇ ਕੀਤਾ ਜਾਵੇਗਾ ਕਿ ਉਹ ਕੌਮ ਹੀ ਨਾ ਰਹੇਗੀ । ੯ ਇਫ਼ਰਾਈਮ ਦਾ ਸਿਰ ਸਾਮਰਿਯਾ ਹੈ ਅਤੇ ਸਾਮਰਿਯਾ ਦਾ ਸਿਰ ਰਮਲਯਾਹ ਦਾ ਪੁੱਤਰ ਹੈ । ਜੇਕਰ ਤੁਸੀਂ ਪਰਤੀਤ ਨਾ ਕਰੋਗੇ ਤਾਂ ਤੁਸੀਂ ਸੱਚ-ਮੁੱਚ ਕਾਇਮ ਨਾ ਰਹੋਗੇ ।
ਇੰਮਾਨੂਏਲ ਦਾ ਨਿਸ਼ਾਨ
੧੦ ਫੇਰ ਯਹੋਵਾਹ ਨੇ ਆਹਾਜ਼ ਨੂੰ ਇਹ ਵੀ ਆਖਿਆ, ੧੧ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਕੋਈ ਨਿਸ਼ਾਨ ਮੰਗ, ਭਾਵੇਂ ਡੂੰਘਿਆਈ ਵਿੱਚ ਭਾਵੇਂ ਉਤਾਹਾਂ ਉਚਿਆਈ ਵਿੱਚ ਮੰਗ, ੧੨ ਪਰ ਆਹਾਜ਼ ਨੇ ਆਖਿਆ, ਮੈਂ ਨਹੀਂ ਮੰਗਾਂਗਾ ਅਤੇ ਮੈਂ ਯਹੋਵਾਹ ਨੂੰ ਨਹੀਂ ਪਰਤਾਵਾਂਗਾ । ੧੩ ਤਦ ਯਸਾਯਾਹ ਨੇ ਆਖਿਆ, ਹੇ ਦਾਊਦ ਦੇ ਘਰਾਣੇ, ਸੁਣ । ਭਲਾ, ਮਨੁੱਖਾਂ ਨੂੰ ਖੇਚਲ ਦੇਣਾ, ਇਹ ਤੁਹਾਡੇ ਲਈ ਛੋਟੀ ਗੱਲ ਹੈ ? ਕੀ ਹੁਣ ਤੁਸੀਂ ਮੇਰੇ ਪਰਮੇਸ਼ੁਰ ਨੂੰ ਵੀ ਖੇਚਲ ਦਿਓਗੇ ? ੧੪ ਇਸ ਲਈ ਪ੍ਰਭੂ ਆਪ ਤੁਹਾਨੂੰ ਇੱਕ ਨਿਸ਼ਾਨ ਦੇਵੇਗਾ । ਵੇਖੋ, ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖੇਗੀ । ੧੫ ਉਹ ਦਹੀਂ ਅਤੇ ਸ਼ਹਿਤ ਖਾਵੇਗਾ ਜਿਸ ਸਮੇਂ ਤੱਕ ਉਹ ਬਦੀ ਨੂੰ ਰੱਦਣਾ ਅਤੇ ਨੇਕੀ ਨੂੰ ਚੁਣਨਾ ਨਾ ਜਾਣੇ । ੧੬ ਕਿਉਂ ਜੋ ਇਸ ਤੋਂ ਪਹਿਲਾਂ ਕਿ ਉਹ ਮੁੰਡਾ ਬਦੀ ਨੂੰ ਰੱਦਣਾ ਅਤੇ ਨੇਕੀ ਨੂੰ ਚੁਣਨਾ ਜਾਣੇ, ਉਹ ਭੂਮੀ ਛੱਡੀ ਜਾਵੇਗੀ, ਜਿਸ ਦੇ ਦੋਹਾਂ ਰਾਜਿਆਂ ਤੋਂ ਤੂੰ ਘਬਰਾਉਂਦਾ ਹੈਂ । ੧੭ ਯਹੋਵਾਹ ਤੇਰੇ ਉੱਤੇ, ਤੇਰੇ ਲੋਕਾਂ ਉੱਤੇ ਅਤੇ ਤੇਰੇ ਪਿਤਾ ਦੇ ਘਰਾਣੇ ਉੱਤੇ ਅਜਿਹੇ ਦਿਨ ਲੈ ਆਵੇਗਾ, ਜਿਹੇ ਉਨ੍ਹਾਂ ਦਿਨਾਂ ਤੋਂ ਨਹੀਂ ਆਏ ਜਦੋਂ ਇਫ਼ਰਾਈਮ ਯਹੂਦਾਹ ਤੋਂ ਅਲੱਗ ਹੋ ਗਿਆ ਸੀ, ਅਰਥਾਤ ਅੱਸ਼ੂਰ ਦੇ ਰਾਜੇ ਦੇ ਦਿਨ ।
੧੮ ਅਜਿਹਾ ਹੋਵੇਗਾ ਕਿ ਉਸ ਦਿਨ ਯਹੋਵਾਹ ਉਸ ਮੱਖੀ ਲਈ ਜਿਹੜੀ ਮਿਸਰ ਦੀਆਂ ਨਦੀਆਂ ਦੇ ਸਿਰੇ ਤੇ ਹੈ ਅਤੇ ਉਸ ਮਧੂਮੱਖੀ ਨੂੰ ਜਿਹੜੀ ਅੱਸ਼ੂਰ ਦੇ ਦੇਸ ਵਿੱਚ ਹੈ, ਸੀਟੀ ਵਜਾ ਕੇ ਬੁਲਾਵੇਗਾ । ੧੯ ਫੇਰ ਉਹ ਸਭ ਆਉਣਗੀਆਂ ਅਤੇ ਢਾਲੂ ਵਾਦੀਆਂ ਵਿੱਚ, ਚੱਟਾਨਾਂ ਦੀਆਂ ਤੇੜਾਂ ਵਿੱਚ ਅਤੇ ਸਾਰੇ ਕੰਡਿਆਂ ਉੱਤੇ ਅਤੇ ਸਾਰੀਆਂ ਝਾੜੀਆਂ ਉੱਤੇ ਬੈਠ ਜਾਣਗੀਆਂ ।
੨੦ ਉਸ ਦਿਨ ਪ੍ਰਭੂ ਉਸ ਉਸਤਰੇ ਨਾਲ ਜਿਹੜਾ ਦਰਿਆ ਦੇ ਪਾਰੋਂ ਭਾੜੇ ਤੇ ਲਿਆ ਗਿਆ ਹੈ ਅਰਥਾਤ ਅੱਸ਼ੂਰ ਦੇ ਰਾਜੇ ਨਾਲ, ਸਿਰ ਅਤੇ ਪੈਰਾਂ ਦੇ ਵਾਲ ਮੁੰਨ ਸੁੱਟੇਗਾ ਅਤੇ ਦਾੜ੍ਹੀ ਵੀ ਮੁੰਨ ਦੇਵੇਗਾ । ੨੧ ਤਦ ਅਜਿਹਾ ਹੋਵੇਗਾ ਕਿ ਉਸ ਦਿਨ ਇੱਕ ਮਨੁੱਖ ਇੱਕ ਗਾਂ ਤੇ ਦੋ ਭੇਡਾਂ ਪਾਲੇਗਾ ੨੨ ਅਤੇ ਉਨ੍ਹਾਂ ਦੇ ਦੁੱਧ ਦੀ ਵਾਫਰੀ ਦੇ ਕਾਰਨ ਉਹ ਦਹੀਂ ਖਾਵੇਗਾ ਕਿਉਂਕਿ ਜਿੰਨੇ ਵੀ ਉਸ ਦੇਸ ਵਿੱਚ ਬਾਕੀ ਰਹਿ ਜਾਣਗੇ ਉਹ ਦਹੀਂ ਤੇ ਸ਼ਹਿਦ ਖਾਇਆ ਕਰਨਗੇ ।
੨੩ ਅਤੇ ਉਸ ਦਿਨ ਹਰੇਕ ਥਾਂ ਜਿੱਥੇ ਹਜ਼ਾਰ ਵੇਲਾਂ ਹੁੰਦੀਆਂ ਸਨ, ਜਿਨ੍ਹਾਂ ਦਾ ਮੁੱਲ ਹਜ਼ਾਰ ਚਾਂਦੀ ਦੇ ਸ਼ਕੇਲ ਹੁੰਦਾ ਸੀ, ਉੱਥੇ ਕੰਡੇ ਅਤੇ ਕੰਡਿਆਲੇ ਹੀ ਹੋਣਗੇ । ੨੪ ਬਾਣਾਂ ਅਤੇ ਧਣੁਖਾਂ ਨਾਲ ਲੋਕ ਉੱਥੇ ਆਉਣਗੇ ਕਿਉਂਕਿ ਸਾਰਾ ਦੇਸ ਕੰਡਿਆਂ ਤੇ ਕੰਡਿਆਲਿਆਂ ਨਾਲ ਭਰਿਆ ਹੋਵੇਗਾ ੨੫ ਅਤੇ ਸਾਰੇ ਟਿੱਬੇ ਜਿਹੜੇ ਕਹੀ ਨਾਲ ਪੁੱਟੇ ਜਾਂਦੇ ਸਨ, ਉੱਥੇ ਕੰਡਿਆਂ ਤੇ ਕੰਡਿਆਲਿਆਂ ਦੇ ਡਰ ਤੋਂ ਤੁਸੀਂ ਨਾ ਜਾਓਗੇ ਪਰ ਉਹ ਬਲਦਾਂ ਦੀਆਂ ਰੱਖਾਂ ਅਤੇ ਭੇਡਾਂ ਦੀ ਖੁਰਗਾਹ ਹੋਣਗੇ ।