ਸ਼ਾਂਤੀ ਦਾ ਰਾਜਕੁਮਾਰ
੧ ਪਰ ਉਨ੍ਹਾਂ ਲਈ ਜਿਹੜੇ ਦੁਖੀ ਸਨ, ਕਸ਼ਟ ਦੀ ਧੁੰਦ ਹੋਰ ਨਹੀਂ ਹੋਵੇਗੀ । ਪਿਛਲੇ ਸਮੇਂ ਵਿੱਚ ਉਹ ਨੇ ਜ਼ਬੂਲੁਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ ਨੂੰ ਤੁੱਛ ਕੀਤਾ ਪਰ ਆਖਰੀ ਸਮੇਂ ਵਿੱਚ ਉਹ ਸਮੁੰਦਰ ਦੇ ਰਾਹ ਯਰਦਨੋਂ ਪਾਰ ਕੌਮਾਂ ਦੇ ਗਲੀਲ ਨੂੰ ਪਰਤਾਪਵਾਨ ਕਰੇਗਾ ।
੨ ਜਿਹੜੇ ਲੋਕ ਹਨੇਰੇ ਵਿੱਚ ਚਲਦੇ ਸਨ, ਉਹਨਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਸਾਯੇ ਦੇ ਦੇਸ ਵਿੱਚ ਵੱਸਦੇ ਸਨ, ਉਹਨਾਂ ਉੱਤੇ ਰੋਸ਼ਨੀ ਚਮਕੀ । ੩ ਤੂੰ ਕੌਮ ਦਾ ਵਿਸਤਾਰ ਕੀਤਾ, ਤੂੰ ਉਹ ਦੀ ਖੁਸ਼ੀ ਨੂੰ ਵਧਾਇਆ, ਉਹ ਤੇਰੇ ਸਨਮੁਖ ਖੁਸ਼ੀ ਕਰਦੇ ਹਨ, ਜਿਵੇਂ ਵਾਢੀ ਦੇ ਵੇਲੇ ਖੁਸ਼ੀ ਕਰੀਦੀ ਹੈ, ਅਤੇ ਜਿਵੇਂ ਲੁੱਟ ਦਾ ਮਾਲ ਵੰਡਣ ਉੱਤੇ ਸੂਰਮੇ ਬਾਗ-ਬਾਗ ਹੁੰਦੇ ਹਨ । ੪ ਕਿਉਂ ਜੋ ਤੂੰ ਉਸ ਦੇ ਭਾਰੇ ਜੂਲੇ ਨੂੰ, ਉਸ ਦੇ ਮੋਢੇ ਦੀ ਲਾਠੀ ਨੂੰ, ਅਤੇ ਉਸ ਦੇ ਸਤਾਉਣ ਵਾਲੇ ਦੀ ਸੋਟੀ ਨੂੰ, ਤੂੰ ਟੁੱਕੜੇ-ਟੁੱਕੜੇ ਕੀਤਾ ਹੈ, ਜਿਵੇਂ ਮਿਦਯਾਨ ਦੇ ਦਿਨ ਵਿੱਚ । ੫ ਕਿਉਂ ਜੋ ਯੁੱਧ ਵਿੱਚ ਲੜ੍ਹਨ ਵਾਲੇ ਫੌਜੀਆਂ ਦੇ ਬੂਟ, ਅਤੇ ਸਾਰੇ ਲਹੂ ਲੁਹਾਣ ਕੱਪੜੇ, ਅੱਗ ਦੇ ਬਾਲਣ ਵਾਂਗੂੰ ਸਾੜੇ ਜਾਣਗੇ । ੬ ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤਰ ਬਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ, ਅਤੇ ਉਹ ਦਾ ਨਾਮ ਇਹ ਸੱਦਿਆ ਜਾਵੇਗਾ, “ਅਚਰਜ ਸਲਾਹਕਾਰ, ਸ਼ਕਤੀਮਾਨ ਪਰਮੇਸ਼ੁਰ, ਅਨਾਦੀ ਪਿਤਾ, ਸ਼ਾਂਤੀ ਦਾ ਰਾਜ ਕੁਮਾਰ ।” ੭ ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, ਇਸ ਲਈ ਉਹ ਉਸ ਨੂੰ ਦਾਊਦ ਦੀ ਰਾਜ-ਗੱਦੀ ਉੱਤੇ, ਅਤੇ ਉਹ ਦੀ ਪਾਤਸ਼ਾਹੀ ਉੱਤੇ, ਹੁਣ ਤੋਂ ਲੈ ਕੇ ਜੁੱਗੋ-ਜੁੱਗ ਨਿਆਂ ਅਤੇ ਧਰਮ ਨਾਲ ਕਾਇਮ ਕਰੇਗਾ ਅਤੇ ਸੰਭਾਲੀ ਰੱਖੇਗਾ । ਸੈਨਾਂ ਦੇ ਯਹੋਵਾਹ ਦੀ ਅਣਖ ਇਹ ਕਰੇਗੀ ।
ਇਸਰਾਏਲ ਦੇ ਵਿਰੁੱਧ ਪਰਮੇਸ਼ੁਰ ਦਾ ਕ੍ਰੋਧ
੮ ਪ੍ਰਭੂ ਨੇ ਯਾਕੂਬ ਨੂੰ ਬਚਨ ਭੇਜਿਆ, ਅਤੇ ਉਹ ਇਸਰਾਏਲ ਵਿੱਚ ਪਰਗਟ ਹੋਇਆ ਹੈ । ੯ ਅਤੇ ਸਾਰੇ ਲੋਕ, ਅਤੇ ਇਫ਼ਰਾਈਮ ਅਤੇ ਸਾਮਰਿਯਾ ਦੇ ਵਾਸੀ ਜਾਣਨਗੇ, ਜਿਹੜੇ ਗਰੂਰ ਅਤੇ ਦਿਲ ਦੇ ਹੰਕਾਰ ਨਾਲ ਆਖਦੇ ਹਨ, ੧੦ ਇੱਟਾਂ ਡਿੱਗ ਪਈਆਂ, ਪਰ ਅਸੀਂ ਘੜ੍ਹਵੇਂ ਪੱਥਰਾਂ ਨਾਲ ਘਰ ਉਸਾਰਾਂਗੇ, ਗੁੱਲ੍ਹਰ ਤਾਂ ਵੱਢੇ ਹੋਏ ਹਨ, ਪਰ ਅਸੀਂ ਉਨ੍ਹਾਂ ਦੇ ਥਾਂ ਦਿਆਰ ਪਾਵਾਂਗੇ । ੧੧ ਇਸ ਲਈ ਯਹੋਵਾਹ ਰਸੀਨ ਦੇ ਵਿਰੋਧੀਆਂ ਨੂੰ ਉਨ੍ਹਾਂ ਦੇ ਵਿਰੁੱਧ ਚੁੱਕੇਗਾ, ਅਤੇ ਉਹ ਦੇ ਵੈਰੀਆਂ ਨੂੰ ਪਰੇਰੇਗਾ । ੧੨ ਅਰਾਮੀ ਅੱਗੇ ਅਤੇ ਫ਼ਲਿਸਤੀ ਪਿੱਛੇ ਹੋਣਗੇ, ਅਤੇ ਉਹ ਇਸਰਾਏਲ ਨੂੰ ਅੱਡੇ ਹੋਏ ਮੂੰਹ ਨਾਲ ਭੱਖ ਲੈਣਗੇ । ਇਹ ਦੇ ਬਾਵਜੂਦ ਵੀ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ ।
੧੩ ਫੇਰ ਵੀ ਪਰਜਾ ਆਪਣੇ ਮਾਰਨ ਵਾਲੇ ਵੱਲ ਨਾ ਮੁੜੀ, ਨਾ ਸੈਨਾਂ ਦੇ ਯਹੋਵਾਹ ਨੂੰ ਭਾਲਿਆ । ੧੪ ਇਸ ਕਾਰਨ ਯਹੋਵਾਹ ਨੇ ਇਸਰਾਏਲ ਵਿੱਚੋਂ ਸਿਰ ਅਤੇ ਪੂਛ, ਖਜ਼ੂਰ ਦੀ ਟਹਿਣੀ ਅਤੇ ਕਾਨਾ ਇੱਕੋ ਦਿਨ ਵੱਢ ਸੁੱਟਿਆ, ੧੫ ਬਜ਼ੁਰਗ ਅਤੇ ਪਤਵੰਤ, ਉਹ ਸਿਰ ਹਨ, ਅਤੇ ਨਬੀ ਜਿਹੜਾ ਝੂਠ ਸਿਖਾਉਂਦਾ ਹੈ, ਉਹ ਪੂਛ ਹੈ । ੧੬ ਇਸ ਪਰਜਾ ਦੇ ਆਗੂ ਕੁਰਾਹੇ ਪਾਉਣ ਵਾਲੇ ਹਨ, ਅਤੇ ਉਨ੍ਹਾਂ ਦੇ ਪਿੱਛੇ ਲੱਗਣ ਵਾਲੇ ਨਿਗਲੇ ਜਾਂਦੇ ਹਨ । ੧੭ ਇਸ ਲਈ ਪ੍ਰਭੂ ਉਨ੍ਹਾਂ ਦੇ ਜੁਆਨਾਂ ਉੱਤੇ ਖੁਸ਼ ਨਹੀਂ ਹੋਵੇਗਾ, ਨਾ ਉਨ੍ਹਾਂ ਦੇ ਯਤੀਮਾਂ ਅਤੇ ਵਿਧਵਾਂ ਉੱਤੇ ਰਹਮ ਕਰੇਗਾ, ਕਿਉਂ ਜੋ ਹਰੇਕ ਬੇਧਰਮੀ ਅਤੇ ਕੁਕਰਮੀ ਹੈ, ਅਤੇ ਹਰ ਮੂੰਹ ਮੂਰਖਤਾਈ ਬਕਦਾ ਹੈ । ਇਹ ਦੇ ਬਾਵਜੂਦ ਵੀ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ ।
੧੮ ਬੁਰਿਆਈ ਤਾਂ ਅੱਗ ਵਾਂਗੂੰ ਬਲਦੀ ਹੈ, ਉਹ ਕੰਡੇ ਅਤੇ ਕੰਡਿਆਲੇ ਭਸਮ ਕਰਦੀ ਹੈ, ਅਤੇ ਉਹ ਸੰਘਣੇ ਜੰਗਲਾਂ ਦੀਆਂ ਝਾੜੀਆਂ ਵਿੱਚ ਭੜਕ ਉੱਠਦੀ ਹੈ, ਉਹ ਧੂੰਏਂ ਦੇ ਗੂੜ੍ਹੇ ਬੱਦਲਾਂ ਵਿੱਚ ਉਤਾਹਾਂ ਚੜ੍ਹਦੀ ਹੈ । ੧੯ ਸੈਨਾਂ ਦੇ ਯਹੋਵਾਹ ਦੇ ਕਹਿਰ ਵਿੱਚ ਦੇਸ ਸੜ ਗਿਆ ਹੈ, ਅਤੇ ਲੋਕ ਅੱਗ ਦੇ ਬਾਲਣ ਜਿਹੇ ਹਨ, ਕੋਈ ਆਪਣੇ ਭਰਾ ਨੂੰ ਵੀ ਨਹੀਂ ਛੱਡਦਾ । ੨੦ ਕੋਈ ਸੱਜੇ ਹੱਥ ਵੱਲੋਂ ਕੁਝ ਖੋਹ ਲੈਂਦਾ ਪਰ ਰਹਿੰਦਾ ਭੁੱਖਾ ਹੈ, ਕੋਈ ਖੱਬੇ ਹੱਥ ਵੱਲੋਂ ਖਾਂਦਾ ਪਰ ਉਹ ਰੱਜਦਾ ਨਹੀਂ, ਹਰ ਮਨੁੱਖ ਆਪਣੀ ਹੀ ਬਾਂਹ ਦਾ ਮਾਸ ਖਾਵੇਗਾ, ੨੧ ਮਨੱਸ਼ਹ ਇਫ਼ਰਾਈਮ ਨੂੰ ਅਤੇ ਇਫ਼ਰਾਈਮ ਮਨੱਸ਼ਹ ਨੂੰ ਖਾਂਦਾ ਹੈ, ਅਤੇ ਉਹ ਮਿਲ ਕੇ ਯਹੂਦਾਹ ਦੇ ਵਿਰੁੱਧ ਹੁੰਦੇ ਹਨ । ਇਸ ਦੇ ਬਾਵਜੂਦ ਵੀ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ ।