੩੪
ਪਰਮੇਸ਼ੁਰ ਦੇ ਵੈਰੀਆਂ ਨੂੰ ਸਜ਼ਾ
੧ ਹੇ ਕੌਮੋ, ਸੁਣਨ ਲਈ ਨੇੜੇ ਆਓ, ਹੇ ਉੱਮਤੋ, ਕੰਨ ਲਾਓ ! ਧਰਤੀ ਅਤੇ ਉਹ ਦੀ ਭਰਪੂਰੀ, ਜਗਤ ਅਤੇ ਸਭ ਜੋ ਉਸ ਵਿੱਚੋਂ ਨਿੱਕਲਦਾ ਹੈ, ਸੋ ਸੁਣੇ ! ੨ ਯਹੋਵਾਹ ਤਾਂ ਸਾਰੀਆਂ ਕੌਮਾਂ ਉੱਤੇ ਕ੍ਰੋਧਵਾਨ ਹੋਇਆ ਹੈ, ਉਹ ਦਾ ਕ੍ਰੋਧ ਉਹਨਾਂ ਦੀਆਂ ਸਾਰੀਆਂ ਸੈਨਾਂ ਉੱਤੇ ਭੜਕਿਆ ਹੋਇਆ ਹੈ, ਉਸ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਸ ਹੋਣ ਲਈ ਅਤੇ ਵੱਢੇ ਜਾਣ ਲਈ ਦੇ ਦਿੱਤਾ ਹੈ । ੩ ਉਹਨਾਂ ਦੇ ਵੱਢੇ ਹੋਏ ਬਾਹਰ ਸੁੱਟੇ ਜਾਣਗੇ, ਉਹਨਾਂ ਦੀਆਂ ਲੋਥਾਂ ਤੋਂ ਸੜ੍ਹਿਆਂਧ ਉੱਠੇਗੀ, ਅਤੇ ਪਹਾੜ ਉਹਨਾਂ ਦੇ ਲਹੂ ਨਾਲ ਡੁੱਬ ਜਾਣਗੇ । ੪ ਅਕਾਸ਼ ਦੇ ਸਾਰੇ ਮੰਡਲ ਖਤਮ ਹੋ ਜਾਣਗੇ ਅਤੇ ਅਕਾਸ਼ ਪੱਤ੍ਰੀ ਵਾਂਗੂੰ ਲਪੇਟਿਆ ਜਾਵੇਗਾ, ਤਾਰਿਆਂ ਦੀ ਸਾਰੀ ਸੈਨਾ ਝੜ ਜਾਵੇਗੀ, ਜਿਵੇਂ ਪੱਤੇ ਅੰਗੂਰੀ ਵੇਲ ਤੋਂ ਜਾਂ ਹੰਜ਼ੀਰ ਤੋਂ ਝੜ ਜਾਂਦੇ ਹਨ ।
੫ ਮੇਰੀ ਤਲਵਾਰ ਤਾਂ ਅਕਾਸ਼ ਵਿੱਚ ਪੀ ਕੇ ਰੱਜ ਗਈ ਹੈ, ਵੇਖੋ, ਉਹ ਅਦੋਮ ਉੱਤੋ ਅਤੇ ਮੇਰੀ ਬਰਬਾਦ ਕੀਤੀ ਹੋਈ ਕੌਮ ਉੱਤੇ ਨਿਆਂ ਲਈ ਜਾ ਪਵੇਗੀ । ੬ ਯਹੋਵਾਹ ਦੀ ਤਲਵਾਰ ਲਹੂ ਨਾਲ ਲਿਥੜੀ ਹੋਈ ਹੈ, ਉਹ ਚਰਬੀ ਨਾਲ, ਲੇਲਿਆਂ ਅਤੇ ਬੱਕਰਿਆਂ ਦੇ ਲਹੂ ਨਾਲ, ਮੇਂਢਿਆਂ ਦੇ ਗੁਰਦਿਆਂ ਦੀ ਚਰਬੀ ਨਾਲ ਤ੍ਰਿਪਤ ਹੋਈ ਹੈ, ਕਿਉਂ ਜੋ ਯਹੋਵਾਹ ਲਈ ਬਾਸਰਾਹ ਵਿੱਚ ਬਲੀ, ਅਤੇ ਅਦੋਮ ਦੇ ਦੇਸ ਵਿੱਚ ਵੱਡਾ ਕਤਲੇਆਮ ਹੋਇਆ ਹੈ । ੭ ਜੰਗਲੀ ਸਾਨ੍ਹ, ਵੱਛੇ ਅਤੇ ਬਲਦ ਮਾਰੇ ਜਾਣਗੇ, ਉਹਨਾਂ ਦਾ ਦੇਸ ਲਹੂ ਨਾਲ ਤਰ ਹੋ ਜਾਵੇਗਾ, ਅਤੇ ਉਹਨਾਂ ਦੀ ਧੂੜ ਚਰਬੀ ਨਾਲ ਚਿਕਨੀ ਹੋ ਜਾਵੇਗੀ ।
੮ ਯਹੋਵਾਹ ਦਾ ਇੱਕ ਬਦਲਾ ਲੈਣ ਦਾ ਦਿਨ ਵੀ ਹੈ, ਸੀਯੋਨ ਦੇ ਮੁਕੱਦਮਾ ਲੜ੍ਹਨ ਦਾ ਇੱਕ ਸਾਲ । ੯ ਉਹ ਦੀਆਂ ਨਦੀਆਂ ਰਾਲ ਬਣ ਜਾਣਗੀਆਂ, ਉਹ ਦੀ ਖ਼ਾਕ, ਗੰਧਕ, ਅਤੇ ਉਹ ਦੀ ਧਰਤੀ ਬਲਦੀ ਹੋਈ ਰਾਲ ਹੋ ਜਾਵੇਗੀ । ੧੦ ਦਿਨ ਰਾਤ ਉਹ ਬੁਝੇਗੀ ਨਹੀਂ, ਉਹ ਦਾ ਧੂੰਆਂ ਸਦਾ ਉੱਠਦਾ ਰਹੇਗਾ, ਪੀੜ੍ਹੀਓਂ ਪੀੜ੍ਹੀ ਉਹ ਵਿਰਾਨ ਰਹੇਗੀ, ਅਤੇ ਸਦਾ ਲਈ ਕਦੇ ਵੀ ਉਹ ਦੇ ਵਿੱਚੋਂ ਕੋਈ ਲੰਘਣ ਵਾਲਾ ਨਾ ਹੋਵੇਗਾ । ੧੧ ਲੰਮਢੀਂਗ ਅਤੇ ਕੰਡੇਲਾ ਉਹ ਦੇ ਉੱਤੇ ਕਬਜ਼ਾ ਕਰਨਗੇ, ਅਤੇ ਉੱਲੂ ਅਤੇ ਕਾਂ ਉਹ ਦੇ ਵਿੱਚ ਵੱਸਣਗੇ । ਉਹ ਉਸ ਉੱਤੇ ਘਬਰਾਹਟ ਦੀ ਜਰੀਬ, ਅਤੇ ਵਿਰਾਨੀ ਦਾ ਸਾਹਲ ਖਿੱਚੇਗਾ । ੧੨ ਉਹ ਦੇ ਪਤਵੰਤ ਉਹ ਨੂੰ ''ਅਲੋਪ ਰਾਜ'' ਸੱਦਣਗੇ, ਅਤੇ ਉਹ ਦੇ ਸਾਰੇ ਹਾਕਮ, ਨਾ ਹੋਇਆਂ ਜਿਹੇ ਹੋਣਗੇ ।
੧੩ ਕੰਡੇ ਉਹ ਦੇ ਮਹਿਲਾਂ ਵਿੱਚ ਉੱਗਣਗੇ, ਬਿੱਛੂ ਬੂਟੀਆਂ ਅਤੇ ਝਾੜੀਆਂ ਉਹ ਦੇ ਗੜ੍ਹਾਂ ਵਿੱਚ । ਉਹ ਗਿੱਦੜਾਂ ਦਾ ਵਸੇਬਾ ਅਤੇ ਸ਼ੁਤਰ ਮੁਰਗਾਂ ਦਾ ਵਿਹੜਾ ਹੋਵੇਗਾ । ੧੪ ਜੰਗਲੀ ਜਾਨਵਰ ਬਿੱਜੂਆਂ ਨਾਲ ਮਿਲਣਗੇ, ਜੰਗਲੀ ਬੱਕਰਾ ਆਪਣੇ ਸਾਥੀ ਨੂੰ ਸੱਦੇਗਾ, ਸਗੋਂ ਚਮਗਿਦੜ ਉੱਥੇ ਟਿਕੇਗਾ, ਅਤੇ ਆਪਣੇ ਲਈ ਅਰਾਮ ਦਾ ਥਾਂ ਪਵੇਗਾ ।
੧੫ ਉੱਥੇ ਮਾਦਾ ਉੱਲੂ ਆਲ੍ਹਣਾ ਬਣਾ ਕੇ ਆਂਡੇ ਦੇਵੇਗੀ, ਅਤੇ ਸੇਉ ਕੇ ਆਪਣੇ ਬੱਚੇ ਆਪਣੇ ਖੰਭਾਂ ਹੇਠ ਇਕੱਠੇ ਕਰੇਗੀ । ਉੱਥੇ ਹੀ ਇੱਲਾਂ ਇਕੱਠੀਆਂ ਹੋਣਗੀਆਂ ਹਰੇਕ ਆਪਣੇ ਨਰ ਨਾਲ । ੧੬ ਯਹੋਵਾਹ ਦੀ ਪੁਸਤਕ ਵਿੱਚੋਂ ਭਾਲ ਕੇ ਪੜ੍ਹੋ ਇਹਨਾਂ ਵਿੱਚੋਂ ਇੱਕ ਵੀ ਗੱਲ ਘੱਟ ਨਾ ਹੋਵੇਗੀ, ਕਿਸੇ ਨੂੰ ਆਪਣੇ ਨਰ ਦੀ ਕਮੀ ਨਾ ਹੋਵੇਗੀ, ਕਿਉਂ ਜੋ ਮੇਰੇ ਹੀ ਮੂੰਹ ਨੇ ਇਹ ਹੁਕਮ ਦਿੱਤਾ ਹੈ, ਅਤੇ ਉਸੇ ਦੇ ਆਤਮਾ ਨੇ ਉਹਨਾਂ ਨੂੰ ਇਕੱਠਾ ਕੀਤਾ ਹੈ । ੧੭ ਉਸੇ ਨੇ ਉਹਨਾਂ ਦਾ ਹਿੱਸਾ ਠਹਿਰਾਇਆ ਹੈ, ਅਤੇ ਉਸੇ ਦੇ ਹੱਥ ਨੇ ਉਹਨਾਂ ਲਈ ਦੇਸ ਨੂੰ ਜਰੀਬ ਨਾਲ ਵੰਡਿਆ । ਉਹ ਸਦਾ ਤੱਕ ਉਸ ਉੱਤੇ ਕਬਜ਼ਾ ਕਰਨਗੇ, ਪੀੜ੍ਹੀਓਂ ਪੀੜ੍ਹੀ ਉਹ ਉਸ ਵਿੱਚ ਵੱਸਣਗੇ ।