੩੬
ਯਰੂਸ਼ਲਮ ਉੱਤੇ ਅੱਸ਼ੂਰ ਦਾ ਹਮਲਾ
(2 ਰਾਜਿਆਂ 18:13-27; 2 ਇਤਿਹਾਸ 32:1-19)
੧ ਹਿਜ਼ਕੀਯਾਹ ਰਾਜਾ ਦੇ ਚੌਧਵੇਂ ਸਾਲ ਵਿੱਚ ਅੱਸ਼ੂਰ ਦੇ ਰਾਜੇ ਸਨਹੇਰੀਬ ਨੇ ਯਹੂਦਾਹ ਦਾ ਸਾਰੇ ਗੜ੍ਹ ਵਾਲੇ ਸ਼ਹਿਰਾਂ ਉੱਤੇ ਚੜ੍ਹਾਈ ਕੀਤੀ ਅਤੇ ਉਨ੍ਹਾਂ ਨੂੰ ਲੈ ਲਿਆ । ੨ ਫੇਰ ਅੱਸ਼ੂਰ ਦੇ ਰਾਜੇ ਨੇ ਰਬਸ਼ਾਕੇਹ ਨੂੰ ਲਾਕੀਸ਼ ਤੋਂ ਯਰੂਸ਼ਲਮ ਨੂੰ ਹਿਜ਼ਕੀਯਾਹ ਰਾਜਾ ਕੋਲ ਵੱਡੀ ਫੌਜ ਨਾਲ ਭੇਜਿਆ ਅਤੇ ਉਹ ਉੱਪਰਲੇ ਤਲਾਬ ਦੀ ਨਾਲੀ ਕੋਲ ਧੋਬੀ ਘਾਟ ਦੇ ਰਾਹ ਵਿੱਚ ਖੜ੍ਹਾ ਸੀ । ੩ ਤਦ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜਿਹੜਾ ਮਹਿਲ ਦਾ ਪ੍ਰਬੰਧਕ ਸੀ ਅਤੇ ਸ਼ਬਨਾ ਮੁਨੀਮ ਅਤੇ ਆਸਾਫ਼ ਦਾ ਪੁੱਤਰ ਯੋਆਹ ਜੋ ਲਿਖਾਰੀ ਸੀ, ਇਹ ਤਿੰਨੋਂ ਉਸ ਨੂੰ ਮਿਲਣ ਲਈ ਬਾਹਰ ਆਏ ।
੪ ਤਦ ਰਬਸ਼ਾਕੇਹ ਨੇ ਉਹਨਾਂ ਨੂੰ ਆਖਿਆ, ਤੁਸੀਂ ਹਿਜ਼ਕੀਯਾਹ ਨੂੰ ਆਖੋ, ਅੱਸ਼ੂਰ ਦਾ ਮਹਾਰਾਜਾ ਇਹ ਫ਼ਰਮਾਉਂਦਾ ਹੈ, ਤੂੰ ਕਿਸ ਸ਼ਰਧਾ ਉੱਤੇ ਭਰੋਸਾ ਕਰੀਂ ਬੈਠਾ ਹੈ ? ੫ ਮੈਂ ਕਹਿੰਦਾ ਹਾਂ ਕਿ ਭਲਾ, ਮੂੰਹ ਨਾਲ ਗੱਲਾਂ ਕਰਨੀਆਂ ਹੀ ਯੁੱਧ ਦੇ ਲਈ ਤੇਰੀ ਯੋਜਨਾ ਅਤੇ ਬਲ ਹੈ । ਹੁਣ ਤੈਨੂੰ ਕਿਸ ਉੱਤੇ ਭਰੋਸਾ ਹੈ ਜੋ ਤੂੰ ਮੇਰੇ ਵਿਰੁੱਧ ਵਿਦਰੋਹ ਕੀਤਾ ਹੈ ? ੬ ਵੇਖ, ਤੈਨੂੰ ਇਸ ਕੁਚਲੇ ਹੋਏ ਕਾਨੇ ਅਰਥਾਤ ਮਿਸਰ ਦੇ ਸਹਾਰੇ ਦਾ ਭਰੋਸਾ ਹੈ । ਜੇ ਕੋਈ ਮਨੁੱਖ ਉਹ ਦੇ ਨਾਲ ਢਾਸਣਾ ਲਾਵੇ ਤਾਂ ਉਹ ਉਸ ਦੇ ਹੱਥ ਵਿੱਚ ਖੁੱਭ ਕੇ ਉਹ ਨੂੰ ਪਾੜ ਛੱਡੇਗਾ । ਮਿਸਰ ਦਾ ਰਾਜਾ ਫ਼ਿਰਊਨ ਉਹਨਾਂ ਸਾਰਿਆਂ ਨਾਲ ਜਿਹੜੇ ਉਹ ਦੇ ਉੱਤੇ ਭਰੋਸਾ ਰੱਖਦੇ ਹਨ ਅਜਿਹਾ ਹੀ ਕਰਦਾ ਹੈ । ੭ ਪਰ ਜੇ ਤੂੰ ਮੈਨੂੰ ਆਖੇਂ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਭਰੋਸਾ ਰੱਖਦੇ ਹਾਂ, ਤਾਂ ਕੀ ਉਹ ਉਹੋ ਨਹੀਂ ਜਿਸ ਦੇ ਉੱਚੇ ਥਾਵਾਂ ਅਤੇ ਜਗਵੇਦੀਆਂ ਨੂੰ ਹਿਜ਼ਕੀਯਾਹ ਨੇ ਹਟਾ ਕੇ ਯਹੂਦਾਹ ਅਤੇ ਯਰੂਸ਼ਲਮ ਨੂੰ ਆਖਿਆ, ਤੁਸੀਂ ਇਸ ਜਗਵੇਦੀ ਅੱਗੇ ਮੱਥਾ ਟੇਕਿਆ ਕਰੋ ? ੮ ਇਸ ਲਈ ਹੁਣ ਮੇਰੇ ਸੁਆਮੀ ਅੱਸ਼ੂਰ ਦੇ ਰਾਜੇ ਦੇ ਨਾਲ ਸਮਝੌਤਾ ਕਰ । ਮੈਂ ਤੈਨੂੰ ਦੋ ਹਜ਼ਾਰ ਘੋੜੇ ਦਿਆਂਗਾ ਜੇ ਤੂੰ ਉਹਨਾਂ ਉੱਤੇ ਆਪਣੀ ਵੱਲੋਂ ਸਵਾਰ ਬਿਠਾ ਸਕੇਂ । ੯ ਫੇਰ ਤੂੰ ਕਿਵੇਂ ਮੇਰੇ ਸੁਆਮੀ ਦੇ ਤੁੱਛ ਤੋਂ ਤੁੱਛ ਨੌਕਰਾਂ ਵਿੱਚੋਂ ਇੱਕ ਕਪਤਾਨ ਨੂੰ ਵੀ ਹਰਾ ਸਕੇਂਗਾ ? ਜਦ ਕਿ ਤੂੰ ਆਪ ਰਥਾਂ ਤੇ ਸਵਾਰਾਂ ਲਈ ਮਿਸਰ ਉੱਤੇ ਭਰੋਸਾ ਕੀਤਾ ਹੋਇਆ ਹੈ ? ੧੦ ਫੇਰ ਭਲਾ, ਮੈਂ ਯਹੋਵਾਹ ਦੇ ਬਿਨ੍ਹਾਂ ਹੀ ਇਸ ਦੇਸ ਉੱਤੇ ਨਾਸ ਕਰਨ ਲਈ ਚੜ੍ਹਾਈ ਕੀਤੀ ਹੈ ? ਯਹੋਵਾਹ ਨੇ ਆਪ ਮੈਨੂੰ ਆਖਿਆ, ਇਸ ਦੇਸ ਉੱਤੇ ਚੜ੍ਹਾਈ ਕਰ ਕੇ ਇਸ ਨੂੰ ਨਾਸ ਕਰ ਦੇ !
੧੧ ਤਦ ਅਲਯਾਕੀਮ, ਸ਼ਬਨਾ ਅਤੇ ਯੋਆਹ ਨੇ ਰਬਸ਼ਾਕੇਹ ਨੂੰ ਆਖਿਆ, ਆਪਣੇ ਦਾਸਾਂ ਨਾਲ ਅਰਾਮੀ ਭਾਸ਼ਾ ਵਿੱਚ ਗੱਲ ਕਰੋ ਕਿਉਂ ਜੋ ਅਸੀਂ ਉਹ ਨੂੰ ਸਮਝਦੇ ਹਾਂ, ਅਤੇ ਉਨ੍ਹਾਂ ਲੋਕਾਂ ਦੇ ਸੁਣਦਿਆਂ ਜਿਹੜੇ ਸ਼ਹਿਰਪਨਾਹ ਉੱਤੇ ਬੈਠੇ ਹਨ, ਯਹੂਦੀਆਂ ਦੀ ਭਾਸ਼ਾ ਵਿੱਚ ਸਾਡੇ ਨਾਲ ਗੱਲ ਨਾ ਕਰੋ । ੧੨ ਪਰ ਰਬਸ਼ਾਕੇਹ ਨੇ ਆਖਿਆ, ਕੀ ਮੇਰੇ ਸੁਆਮੀ ਨੇ ਮੈਨੂੰ ਤੇਰੇ ਸੁਆਮੀ ਦੇ ਕੋਲ ਜਾਂ ਤੇਰੇ ਕੋਲ ਹੀ ਇਹ ਗੱਲਾਂ ਆਖਣ ਲਈ ਭੇਜਿਆ ਹੈ ਪਰ ਇਹਨਾਂ ਮਨੁੱਖਾਂ ਕੋਲ ਨਹੀਂ ਜਿਹੜੇ ਸ਼ਹਿਰਪਨਾਹ ਉੱਤੇ ਬੈਠੇ ਹੋਏ ਹਨ - ਜਿਨ੍ਹਾਂ ਨੂੰ ਤੁਹਾਡੇ ਨਾਲ ਆਪਣਾ ਬਿਸ਼ਟਾ ਖਾਣਾ ਅਤੇ ਆਪਣਾ ਮੂਤਰ ਪੀਣਾ ਪਵੇਗਾ ?
੧੩ ਤਦ ਰਬਸ਼ਾਕੇਹ ਖੜ੍ਹਾ ਹੋ ਗਿਆ ਅਤੇ ਯਹੂਦੀਆਂ ਦੀ ਭਾਸ਼ਾ ਵਿੱਚ ਉੱਚੀ ਅਵਾਜ਼ ਨਾਲ ਬੋਲਿਆ ਅਤੇ ਆਖਿਆ, ਤੁਸੀਂ ਅੱਸ਼ੂਰ ਦੇ ਮਹਾਰਾਜ ਦੀਆਂ ਗੱਲਾਂ ਸੁਣੋ ! ੧੪ ਰਾਜਾ ਇਹ ਫ਼ਰਮਾਉਂਦਾ ਹੈ ਕਿ ਹਿਜ਼ਕੀਯਾਹ ਤੁਹਾਨੂੰ ਧੋਖਾ ਨਾ ਦੇਵੇ ਕਿਉਂ ਜੋ ਉਹ ਤੁਹਾਨੂੰ ਛੁਡਾ ਨਾ ਸਕੇਗਾ । ੧੫ ਨਾ ਹੀ ਹਿਜ਼ਕੀਯਾਹ ਇਹ ਆਖ ਕੇ ਯਹੋਵਾਹ ਉੱਤੇ ਤੁਹਾਡਾ ਭਰੋਸਾ ਕਰਾਵੇ ਭਈ ਯਹੋਵਾਹ ਜ਼ਰੂਰ ਸਾਨੂੰ ਛੁਡਾਵੇਗਾ, ਇਹ ਸ਼ਹਿਰ ਅੱਸ਼ੂਰ ਦੇ ਰਾਜੇ ਦੇ ਹੱਥੀਂ ਨਹੀਂ ਦਿੱਤਾ ਜਾਵੇਗਾ । ੧੬ ਹਿਜ਼ਕੀਯਾਹ ਦੀ ਨਾ ਸੁਣੋ ਕਿਉਂ ਜੋ ਅੱਸ਼ੂਰ ਦਾ ਰਾਜਾ ਇਹ ਫ਼ਰਮਾਉਂਦਾ ਹੈ ਕਿ ਮੇਰੇ ਨਾਲ ਸੁਲਾਹ ਕਰੋ ਅਤੇ ਨਿੱਕਲ ਕੇ ਮੇਰੇ ਕੋਲ ਆਓ, ਤਾਂ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਦਾਖ ਦੀ ਵੇਲ ਤੋਂ ਅਤੇ ਆਪਣੇ ਹੀ ਹੰਜ਼ੀਰ ਦੇ ਰੁੱਖ ਤੋਂ ਫਲ ਖਾਵੇਗਾ ਅਤੇ ਹਰ ਕੋਈ ਆਪਣੇ ਹੀ ਹੌਦ ਦਾ ਪਾਣੀ ਪੀਵੇਗਾ । ੧੭ ਜਦ ਤੱਕ ਮੈਂ ਆ ਕੇ ਤੁਹਾਨੂੰ ਇੱਕ ਅਜਿਹੇ ਦੇਸ ਵਿੱਚ ਨਾ ਲੈ ਜਾਂਵਾਂ ਜਿਹੜਾ ਤੁਹਾਡੇ ਦੇਸ ਵਾਂਗੂੰ ਅਨਾਜ ਅਤੇ ਨਵੀਂ ਮਧ ਦਾ ਦੇਸ, ਰੋਟੀ ਅਤੇ ਅੰਗੂਰੀ ਬਾਗਾਂ ਦਾ ਦੇਸ ਹੈ । ੧੮ ਖ਼ਬਰਦਾਰ, ਕਿਤੇ ਹਿਜ਼ਕੀਯਾਹ ਇਹ ਆਖ ਕੇ ਤੁਹਾਨੂੰ ਨਾ ਭਰਮਾਵੇ ਕਿ ਯਹੋਵਾਹ ਸਾਨੂੰ ਛੁਡਾਵੇਗਾ ! ੧੯ ਭਲਾ, ਕੌਮਾਂ ਦੇ ਦੇਵਤਿਆਂ ਵਿੱਚੋਂ ਕਿਸੇ ਨੇ ਵੀ ਆਪਣੇ ਦੇਸ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਕਦੀ ਛੁਡਾਇਆ ਹੈ ? ਹਮਾਥ ਅਤੇ ਅਰਪਾਦ ਦੇ ਦੇਵਤੇ ਕਿੱਥੇ ਹਨ ? ਸਫਰਵਾਇਮ ਦੇ ਦੇਵਤੇ ਕਿੱਥੇ ਹਨ ? ਕੀ ਉਹਨਾਂ ਨੇ ਸਾਮਰਿਯਾ ਨੂੰ ਮੇਰੇ ਹੱਥੋਂ ਛੁਡਾ ਲਿਆ ? ੨੦ ਦੇਸ-ਦੇਸ ਦੇ ਸਾਰਿਆਂ ਦੇਵਤਿਆਂ ਵਿੱਚੋਂ ਉਹ ਕਿਹੜੇ ਹਨ, ਜਿਨ੍ਹਾਂ ਨੇ ਆਪਣਾ ਦੇਸ ਮੇਰੇ ਹੱਥੋਂ ਛੁਡਾ ਲਿਆ ਹੋਵੇ, ਫੇਰ ਕੀ ਯਹੋਵਾਹ ਮੇਰੇ ਹੱਥੋਂ ਯਰੂਸ਼ਲਮ ਨੂੰ ਛੁਡਾ ਲਵੇਗਾ ?
੨੧ ਪਰ ਲੋਕਾਂ ਨੇ ਚੁੱਪ ਵੱਟ ਲਈ ਅਤੇ ਉਹ ਨੂੰ ਇੱਕ ਗੱਲ ਦਾ ਵੀ ਉੱਤਰ ਨਾ ਦਿੱਤਾ, ਕਿਉਂ ਜੋ ਰਾਜੇ ਦਾ ਹੁਕਮ ਇਹ ਸੀ ਕਿ ਤੁਸੀਂ ਉਸ ਨੂੰ ਉੱਤਰ ਨਾ ਦੇਣਾ । ੨੨ ਤਦ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜਿਹੜਾ ਮਹਿਲ ਦਾ ਪ੍ਰਬੰਧਕ ਸੀ, ਅਤੇ ਸ਼ਬਨਾ ਮੁਨੀਮ ਅਤੇ ਆਸਾਫ਼ ਦਾ ਪੁੱਤਰ ਯੋਆਹ ਜੋ ਲਿਖਾਰੀ ਸੀ, ਕੱਪੜੇ ਪਾੜ ਕੇ ਹਿਜ਼ਕੀਯਾਹ ਦੇ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਰਬਸ਼ਾਕੇਹ ਦੀਆਂ ਗੱਲਾਂ ਦੱਸੀਆਂ ।