ਜੀਭ ਦੇ ਵੱਸ ਵਿੱਚ ਕਰਨਾ
੧ ਹੇ ਮੇਰੇ ਭਰਾਵੋ, ਤੁਹਾਡੇ ਵਿੱਚੋਂ ਬਹੁਤੇ ਉਪਦੇਸ਼ਕ ਨਾ ਹੋਣ ਕਿਉਂ ਜੋ ਤੁਸੀਂ ਜਾਣਦੇ ਹੋ, ਕਿ ਅਸੀਂ ਜਿਹੜੇ ਉਪਦੇਸ਼ਕ ਹਾਂ ਜ਼ਿਆਦਾ ਸਜ਼ਾ ਪਾਵਾਂਗੇ । ੨ ਇਸ ਲਈ ਕਿ ਅਸੀਂ ਸਾਰੇ ਬਹੁਤ ਭੁੱਲਣਹਾਰ ਹਾਂ । ਜੇ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਇਨਸਾਨ ਹੈ ਅਤੇ ਸਾਰੇ ਸਰੀਰ ਨੂੰ ਵੀ ਲਗਾਮ ਦੇ ਸਕਦਾ ਹੈ । ੩ ਜਦੋਂ ਅਸੀਂ ਘੋੜਿਆਂ ਨੂੰ ਆਪਣੇ ਵੱਸ ਵਿੱਚ ਕਰਨ ਲਈ ਉਨ੍ਹਾ ਦਿਆਂ ਮੂੰਹਾਂ ਵਿੱਚ ਲਗਾਮਾਂ ਦਿੰਦੇ ਹਾਂ, ਤਾਂ ਉਨ੍ਹਾਂ ਦੇ ਸਾਰੇ ਸਰੀਰ ਨੂੰ ਵੀ ਮੋੜ ਲੈਂਦੇ ਹਾਂ । ੪ ਵੇਖੋ, ਜਹਾਜ਼ ਵੀ ਭਾਵੇਂ ਬਹੁਤ ਵੱਡੇ ਹੁੰਦੇ ਹਨ ਅਤੇ ਤੇਜ ਅਨ੍ਹੇਰੀਆਂ ਨਾਲ ਚਲਾਏ ਜਾਂਦੇ ਹਨ ਤਾਂ ਵੀ ਛੋਟੇ ਜਿਹੇ ਪਤਵਾਰ ਨਾਲ ਜਿੱਧਰ ਮਾਂਝੀ ਦਾ ਜੀ ਕਰੇ ਮੋੜੇ ਜਾਂਦੇ ਹਨ । ੫ ਇਸੇ ਤਰ੍ਹਾਂ ਜੀਭ ਵੀ ਇੱਕ ਛੋਟਾ ਜਿਹਾ ਅੰਗ ਹੈ ਪਰ ਵੱਡੀਆਂ-ਵੱਡੀਆਂ ਗੱਲਾਂ ਮਾਰਦੀ ਹੈ, ਵੇਖੋ ਕਿੰਨ੍ਹਾਂ ਵੱਡਾ ਜੰਗਲ ਇੱਕ ਨਿੱਕੀ ਜਿਹੀ ਅੱਗ ਨਾਲ ਬਲ ਉੱਠਦਾ ਹੈ ! ੬ ਜੀਭ ਵੀ ਇੱਕ ਅੱਗ ਹੈ ! ਸਾਡਿਆਂ ਅੰਗਾਂ ਵਿੱਚ ਪਾਪ ਦਾ ਜਗਤ ਜੀਭ ਹੈ, ਜਿਹੜੀ ਸਾਰੇ ਸਰੀਰ ਨੂੰ ਦਾਗ ਲਾਉਂਦੀ ਅਤੇ ਜੀਵਨ-ਚੱਕਰ ਨੂੰ ਅੱਗ ਲਾ ਦਿੰਦੀ ਹੈ ਅਤੇ ਆਪ ਨਰਕ ਦੀ ਅੱਗ ਤੋਂ ਬਲ ਉੱਠਦੀ ਹੈ ! ੭ ਕਿਉਂਕਿ ਜੰਗਲੀ ਜਾਨਵਰਾਂ ਅਤੇ ਪੰਛੀਆਂ, ਘਿੱਸਰਨ ਵਾਲੇ ਅਤੇ ਜਲ ਜੰਤੂਆਂ ਦੀ ਹਰ ਇੱਕ ਜਾਤੀ ਮਨੁੱਖ ਜਾਤੀ ਦੇ ਵੱਸ ਵਿੱਚ ਹੈ, ਸਗੋਂ ਕੀਤੀ ਵੀ ਗਈ ਹੈ । ੮ ਪਰ ਜੀਭ ਨੂੰ ਕੋਈ ਮਨੁੱਖ ਵੱਸ ਵਿੱਚ ਨਹੀਂ ਕਰ ਸਕਦਾ । ਉਹ ਇੱਕ ਚੰਚਲ ਬਲਾ ਹੈ, ਉਹ ਨਾਸ ਕਰਨ ਵਾਲੀ ਜ਼ਹਿਰ ਨਾਲ ਭਰੀ ਹੋਈ ਹੈ । ੯ ਉਸੇ ਨਾਲ ਅਸੀਂ ਪ੍ਰਭੂ ਅਤੇ ਪਿਤਾ ਨੂੰ ਮੁਬਾਰਕ ਆਖਦੇ ਹਾਂ ਅਤੇ ਉਸੇ ਨਾਲ ਮਨੁੱਖਾਂ ਨੂੰ ਸਰਾਪ ਦਿੰਦੇ ਹਾਂ ਜਿਹੜੇ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਨ । ੧੦ ਇੱਕੋ ਮੂੰਹ ਵਿੱਚੋਂ ਵਡਿਆਈ ਅਤੇ ਸਰਾਪ ਦੋਵੇਂ ਨਿੱਕਲਦੇ ਹਨ ਹੇ ਮੇਰੇ ਭਰਾਵੋ, ਇਹ ਗੱਲਾਂ ਇਸ ਤਰ੍ਹਾਂ ਨਹੀਂ ਹੋਣੀਆਂ ਚਾਹੀਦੀਆਂ ! ੧੧ ਭਲਾ, ਇੱਕੋ ਸੋਤੇ ਦੇ ਮੂੰਹ ਵਿੱਚੋਂ ਮਿੱਠਾ ਅਤੇ ਖਾਰਾ ਪਾਣੀ ਨਿੱਕਲ ਸਕਦਾ ਹੈ ? ੧੨ ਹੇ ਮੇਰੇ ਭਰਾਵੋ, ਕੀ ਇਹ ਹੋ ਸਕਦਾ ਹੈ ਕਿ ਹੰਜ਼ੀਰ ਦੇ ਬੂਟੇ ਨੂੰ ਜ਼ੈਤੂਨ ਦਾ ਫਲ ਜਾਂ ਅੰਗੂਰੀ ਵੇਲ ਨੂੰ ਹੰਜ਼ੀਰ ਲੱਗ ਸਕਦੇ ਹਨ ? ਉਸੇ ਤਰ੍ਹਾਂ ਖਾਰੇ ਪਾਣੀ ਵਿੱਚੋਂ ਵੀ ਮਿੱਠਾ ਪਾਣੀ ਨਹੀਂ ਨਿੱਕਲ ਸਕਦਾ ।
ਸਵਰਗੀ ਬੁੱਧੀ
੧੩ ਤੁਹਾਡੇ ਵਿੱਚ ਬੁੱਧਵਾਨ ਅਤੇ ਸਮਝਦਾਰ ਕੌਣ ਹੈ ? ਜੋ ਅਜਿਹਾ ਹੋਵੇ ਉਹ ਆਪਣੇ ਕੰਮਾਂ ਨੂੰ ਚੰਗੇ ਚਾਲ-ਚਲਣ ਤੋਂ ਉਸ ਨਰਮਾਈ ਨਾਲ ਵਿਖਾਵੇ ਜੋ ਬੁੱਧ ਨਾਲ ਪੈਦਾ ਹੁੰਦੀ ਹੈ । ੧੪ ਪਰ ਜੇ ਤੁਸੀਂ ਆਪਣੇ ਮਨ ਵਿੱਚ ਖਾਰ ਅਤੇ ਵਿਰੋਧ ਕਰਦੇ ਹੋ ਤਾਂ ਸਚਿਆਈ ਦੇ ਵਿਰੁੱਧ ਘਮੰਡ ਨਾ ਕਰੋ, ਅਤੇ ਨਾ ਝੂਠ ਬੋਲੋ । ੧੫ ਇਹ ਤਾਂ ਉਹ ਬੁੱਧ ਨਹੀਂ ਜਿਹੜੀ ਉੱਪਰੋਂ ਉੱਤਰਦੀ ਹੈ ਸਗੋਂ ਸੰਸਾਰੀ, ਸਰੀਰਕ ਅਤੇ ਸ਼ੈਤਾਨੀ ਹੈ । ੧੬ ਕਿਉਂਕਿ ਜਿੱਥੇ ਈਰਖਾ ਅਤੇ ਵਿਰੋਧ ਹੁੰਦਾ ਹੈਂ ਉੱਥੇ ਘਮਸਾਣ ਅਤੇ ਹਰ ਪ੍ਰਕਾਰ ਦਾ ਬੁਰਾ ਕੰਮ ਵੀ ਹੁੰਦਾ ਹੈ । ੧੭ ਪਰ ਜਿਹੜੀ ਬੁੱਧ ਉੱਪਰੋਂ ਆਉਂਦੀ ਹੈ ਉਹ ਪਹਿਲਾਂ ਤਾਂ ਪਵਿੱਤਰ ਹੁੰਦੀ ਹੈ, ਫਿਰ ਮਿਲਣਸਾਰ, ਕੋਮਲ, ਹਠ ਤੋਂ ਰਹਿਤ, ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ, ਪੱਖਪਾਤ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ । ੧੮ ਮੇਲ-ਮਿਲਾਪ ਕਰਵਾਉਣ ਵਾਲਿਆਂ ਦੁਆਰਾ ਧਾਰਮਿਕਤਾ ਦਾ ਫਲ ਸ਼ਾਂਤੀ ਨਾਲ ਬੀਜਿਆ ਜਾਂਦਾ ਹੈ ।