੧੦
ਮੂਰਤੀ ਪੂਜਾ ਅਤੇ ਸੱਚੀ ਅਰਾਧਨਾ
੧ ਹੇ ਇਸਰਾਏਲ ਦੇ ਘਰਾਣੇ, ਇਸ ਬਚਨ ਨੂੰ ਸੁਣੋ ਜਿਹੜਾ ਯਹੋਵਾਹ ਬੋਲਦਾ ਹੈ, ੨ ਯਹੋਵਾਹ ਇਸ ਤਰ੍ਹਾਂ ਆਖਦਾ ਹੈ,- ਤੁਸੀਂ ਕੌਮਾਂ ਦੀ ਚਾਲ ਨਾ ਸਿੱਖੋ, ਨਾ ਅਕਾਸ਼ ਦੇ ਨਿਸ਼ਾਨਾਂ ਤੋਂ ਘਾਬਰੋ, ਕਿਉਂ ਜੋ ਕੌਮਾਂ ਉਹਨਾਂ ਤੋਂ ਘਾਬਰਦੀਆਂ ਹਨ । ੩ ਉੱਮਤਾਂ ਦੀਆਂ ਬਿਧੀਆਂ ਤਾਂ ਫੋਕੀਆਂ ਹਨ, ਕੋਈ ਜੰਗਲ ਵਿੱਚੋਂ ਰੁੱਖ ਵੱਢਦਾ ਹੈ, ਇਹ ਕੁਹਾੜੇ ਨਾਲ ਤਰਖਾਣ ਦੇ ਹੱਥ ਦਾ ਕੰਮ ਹੈ । ੪ ਚਾਂਦੀ ਅਤੇ ਸੋਨੇ ਨਾਲ ਉਹ ਨੂੰ ਸਜਾਉਂਦੇ ਹਨ, ਉਹ ਨੂੰ ਹਥੌੜਿਆਂ ਅਤੇ ਕਿੱਲਾਂ ਨਾਲ ਪੱਕਾ ਕਰਦੇ ਹਨ, ਭਈ ਉਹ ਹਿੱਲ ਨਾ ਸਕੇ । ੫ ਉਹ ਖਜੂਰ ਵਾਂਗੂੰ ਸਖ਼ਤ ਹਨ, ਉਹ ਬੋਲ ਨਹੀਂ ਸਕਦੇ ਉਹ ਚੁੱਕ ਕੇ ਲੈ ਜਾਣੇ ਪੈਂਦੇ ਹਨ, ਕਿਉਂ ਜੋ ਉਹ ਤੁਰ ਨਹੀਂ ਸਕਦੇ ! ਉਹਨਾਂ ਤੋਂ ਨਾ ਡਰੋ, ਕਿਉਂ ਜੋ ਉਹ ਬੁਰਿਆਈ ਨਹੀਂ ਕਰ ਸਕਦੇ, ਨਾ ਹੀ ਉਹ ਭਲਿਆਈ ਕਰ ਸਕਦੇ ਹਨ । ੬ ਹੇ ਯਹੋਵਾਹ, ਤੇਰੇ ਜਿਹਾ ਕੋਈ ਨਹੀਂ, ਤੂੰ ਵੱਡਾ ਹੈਂ ਅਤੇ ਸ਼ਕਤੀ ਦੇ ਕਾਰਨ ਤੇਰਾ ਨਾਮ ਵੱਡਾ ਹੈ । ੭ ਹੇ ਕੌਮਾਂ ਦੇ ਪਾਤਸ਼ਾਹ, ਤੇਰੇ ਕੋਲੋਂ ਕੌਣ ਨਹੀਂ ਡਰੇਗਾ ? ਕਿਉਂ ਜੋ ਇਹ ਤੈਨੂੰ ਜੋਗ ਹੈ । ਕੌਮਾਂ ਦੇ ਸਾਰੇ ਬੁੱਧਵਾਨਾਂ ਵਿੱਚ, ਅਤੇ ਸਾਰੀਆਂ ਪਾਤਸ਼ਾਹੀਆਂ ਵਿੱਚ, ਤੇਰੇ ਜਿਹਾ ਕੋਈ ਨਹੀਂ । ੮ ਉਹ ਸਾਰੇ ਬੇਦਰਦ ਅਤੇ ਮੂਰਖ ਹਨ, ਉਹ ਫੋਕੀਆਂ ਗੱਲਾਂ ਦੀ ਸਿੱਖਿਆ ਲਈ ਲੱਕੜੀ ਹੀ ਹੈ । ੯ ਤਰਸ਼ੀਸ਼ ਤੋਂ ਕੁੱਟੀ ਹੋਈ ਚਾਂਦੀ, ਅਤੇ ਊਫਾਜ਼ ਤੋਂ ਸੋਨਾ ਲਿਆਇਆ ਜਾਂਦਾ ਹੈ, ਉਹ ਮਿਸਤਰੀ ਦਾ ਸਰਾਫ਼ ਦੇ ਹੱਥਾਂ ਦਾ ਕੰਮ ਹੈ, ਉਹਨਾਂ ਦੀ ਪੁਸ਼ਾਕ ਨੀਲੀ ਅਤੇ ਬੈਂਗਣੀ ਹੈ, ਉਹ ਸਾਰੇ ਬੁੱਧਵਾਨਾਂ ਦਾ ਕੰਮ ਹੈ ! ੧੦ ਪਰ ਯਹੋਵਾਹ ਸੱਚਾ ਪਰਮੇਸ਼ੁਰ ਹੈ, ਉਹ ਜੀਉਂਦਾ ਪਰਮੇਸ਼ੁਰ ਅਤੇ ਸਦੀਪਕਾਲ ਦਾ ਰਾਜਾ ਹੈ, ਉਹ ਦੇ ਲਾਲ ਪੀਲਾ ਹੋਣ ਨਾਲ ਧਰਤੀ ਕੰਬਦੀ ਹੈ, ਕੌਮਾਂ ਉਹ ਦਾ ਗਜ਼ਬ ਨਹੀਂ ਝੱਲ ਸੱਕਦੀਆਂ । ੧੧ ਤੁਸੀਂ ਉਹਨਾਂ ਨੂੰ ਇਸ ਤਰਾਂ ਦੱਸੋ, ਉਹ ਦੇਵਤੇ ਜਿਹਨਾਂ ਅਕਾਸ਼ ਅਤੇ ਧਰਤੀ ਨੂੰ ਨਹੀਂ ਬਣਾਇਆ, ਉਹ ਧਰਤੀ ਤੋਂ ਅਤੇ ਅਕਾਸ਼ ਦੇ ਹੇਠੋਂ ਮਿਟ ਜਾਣਗੇ ।
ਸਤੂਤੀ ਦਾ ਗੀਤ
੧੨ ਉਸ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ, ਉਸ ਆਪਣੀ ਬੁੱਧ ਨਾਲ ਜਗਤ ਨੂੰ ਕਾਇਮ ਕੀਤਾ ਹੈ, ਆਪਣੀ ਸਮਝ ਨਾਲ ਅਕਾਸ਼ਾਂ ਨੂੰ ਤਾਣਿਆ ਹੈ । ੧੩ ਜਦ ਉਹ ਆਪਣੀ ਆਵਾਜ਼ ਕੱਢਦਾ ਹੈ, ਤਾਂ ਅਕਾਸ਼ ਵਿੱਚ ਪਾਣੀ ਦਾ ਸ਼ੋਰ ਹੁੰਦਾ ਹੈ, ਉਹ ਧਰਤੀ ਦੇ ਕੰਢਿਆਂ ਤੋਂ ਭਾਫ ਨੂੰ ਚੁੱਕਦਾ ਹੈ, ਉਹ ਵਰਖਾ ਲਈ ਬਿਜਲੀਆਂ ਚਮਕਾਉਂਦਾ ਹੈ, ਉਹ ਆਪਣੇ ਖ਼ਜਾਨਿਆਂ ਵਿੱਚੋਂ ਹਵਾ ਬਾਹਰ ਕੱਢਦਾ ਹੈ । ੧੪ ਹਰੇਕ ਆਦਮੀ ਬੇਦਰਦ ਹੋ ਗਿਆ ਹੈ ਅਤੇ ਗਿਆਨਵਾਨ ਨਹੀਂ, ਹਰੇਕ ਸਰਾਫ਼ ਆਪਣੀ ਘੜਤ ਤੋਂ ਲੱਜਿਆਵਾਨ ਹੈ, ਕਿਉਂ ਜੋ ਉਹ ਦੀ ਢਲੀ ਹੋਈ ਮੂਰਤ ਝੂਠੀ ਹੈ, ਅਤੇ ਉਸ ਵਿੱਚ ਸਾਹ ਨਹੀਂ । ੧੫ ਉਹ ਵਿਅਰਥ ਹਨ, ਉਹ ਧੋਖੇ ਦਾ ਕੰਮ ਹਨ, ਉਹ ਆਪਣੀ ਸਜ਼ਾ ਦੇ ਵੇਲੇ ਮਿਟ ਜਾਣਗੇ । ੧੬ ਜਿਹੜਾ ਯਾਕੂਬ ਦਾ ਹਿੱਸਾ ਹੈ ਉਹ ਇਹਨਾਂ ਜਿਹਾ ਨਹੀਂ, ਕਿਉਂ ਜੋ ਉਹ ਸਾਰੀਆਂ ਚੀਜਾਂ ਦਾ ਸਿਰਜਣਹਾਰ ਹੈ, ਇਸਰਾਏਲ ਦਾ ਗੋਤ ਉਹ ਦੀ ਮਿਰਾਸ ਹੈ, ਸੈਨਾ ਦਾ ਯਹੋਵਾਹ ਉਸ ਦਾ ਨਾਮ ਹੈ ।
ਆਉਣ ਵਾਲੀ ਗੁਲਾਮੀ
੧੭ ਧਰਤੀ ਤੋਂ ਆਪਣੀ ਗਠੜੀ ਇਕੱਠੀ ਕਰ ਲੈ, ਤੂੰ ਜਿਹੜੀ ਘੇਰੇ ਵਿੱਚ ਰਹਿੰਦੀ ਹੈਂ । ੧੮ ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, ਵੇਖੋ, ਮੈਂ ਇਸ ਵੇਲੇ ਦੇਸ ਦੇ ਵਾਸੀਆਂ ਨੂੰ ਗੋਪੀਏ ਨਾਲ ਸੁੱਟਣ ਵਾਲਾ ਹਾਂ, ਮੈਂ ਉਹਨਾਂ ਨੂੰ ਦੁੱਖ ਦਿਆਂਗਾ, ਭਈ ਉਹ ਸਮਝਣ । ੧੯ ਮੇਰੇ ਘਾਉ ਦੇ ਕਾਰਨ ਮੇਰੇ ਉੱਤੇ ਅਫ਼ਸੋਸ ! ਮੇਰਾ ਫੱਟ ਬਹੁਤ ਸਖ਼ਤ ਹੈ, ਪਰ ਮੈਂ ਆਖਿਆ ਸੀ ਕਿ ਇਹ ਮੇਰਾ ਦੁੱਖ ਹੈ, ਮੈਂ ਇਸ ਨੂੰ ਝੱਲਾਂਗਾ । ੨੦ ਮੇਰਾ ਤੰਬੂ ਲੁੱਟਿਆ ਗਿਆ, ਮੇਰੀਆਂ ਸਭ ਲਾਸਾਂ ਤੋੜ ਦਿੱਤੀਆਂ ਗਈਆਂ, ਮੇਰੇ ਪੁੱਤਰ ਮੇਰੇ ਕੋਲੋਂ ਤੁਰ ਗਏ, ਅਤੇ ਉਹ ਨਹੀਂ ਹਨ, ਕੋਈ ਨਹੀਂ ਜਿਹੜਾ ਮੇਰਾ ਤੰਬੂ ਫੇਰ ਤਾਣੇ, ਅਤੇ ਮੇਰੀਆਂ ਕਨਾਤਾਂ ਲਾਵੇ । ੨੧ ਆਜੜੀ ਤਾਂ ਬੇਦਰਦ ਹਨ, ਉਹਨਾਂ ਯਹੋਵਾਹ ਦੀ ਭਾਲ ਨਹੀਂ ਕੀਤੀ, ਇਸ ਲਈ ਉਹ ਸਫਲ ਨਾ ਹੋਏ, ਉਹਨਾਂ ਦੇ ਸਾਰੇ ਇੱਜੜ ਖੇਰੂੰ ਖੇਰੂੰ ਹੋ ਗਏ । ੨੨ ਇੱਕ ਸੁਨੇਹੇ ਦੀ ਅਵਾਜ਼ ਸੁਣਾਈ ਦਿੰਦੀ ਹੈ, ਵੇਖੋ, ਉੱਤਰ ਦੇਸ ਵੱਲੋਂ ਇੱਕ ਵੱਡਾ ਰੌਲਾ, ਭਈ ਯਹੂਦਾਹ ਦੇ ਸ਼ਹਿਰ ਵਿਰਾਨ ਹੋ ਜਾਣ, ਉਹ ਗਿੱਦੜਾਂ ਦੇ ਘੁਰਨੇ ਬਣਨ । ੨੩ ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀਂ ਦਾ ਰਾਹ ਉਸ ਦੇ ਵੱਸ ਵਿੱਚ ਨਹੀਂ ਹੈ, ਇਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ । ੨੪ ਹੇ ਯਹੋਵਾਹ, ਮੇਰਾ ਸੁਧਾਰ ਕਰ ਪਰ ਨਰਮਾਈ ਨਾਲ, ਨਾ ਕਿ ਆਪਣੇ ਕ੍ਰੋਧ ਨਾਲ ਮਤੇ ਤੂੰ ਮੈਨੂੰ ਘਟਾਵੇਂ । ੨੫ ਤੂੰ ਆਪਣਾ ਗੁੱਸਾ ਉਹਨਾਂ ਕੌਮਾਂ ਉੱਤੇ ਪਾ ਦੇ ਜਿਹੜੀਆਂ ਤੈਨੂੰ ਨਹੀਂ ਜਾਣਦੀਆਂ, ਉਹਨਾਂ ਘਰਾਣਿਆਂ ਉੱਤੇ ਜਿਹੜੇ ਤੇਰਾ ਨਾਮ ਨਹੀਂ ਲੈਂਦੇ । ਉਹਨਾਂ ਯਾਕੂਬ ਨੂੰ ਖਾ ਲਿਆ ਹੈ, ਉਹ ਨੂੰ ਭੱਖ ਲਿਆ ਅਤੇ ਮੁਕਾ ਦਿੱਤਾ ਹੈ, ਅਤੇ ਉਹ ਦੇ ਵਸੇਬਿਆਂ ਨੂੰ ਵਿਰਾਨ ਕਰ ਛੱਡਿਆ ਹੈ ।