੨੪
ਅੰਜੀਰਾਂ ਦੇ ਭਰੇ ਦੋ ਟੋਕਰੇ 
 ੧ ਇਸ ਦੇ ਪਿੱਛੋਂ ਕਿ ਬਾਬਲ ਦਾ ਰਾਜਾ ਨਬੂਕਦਰੱਸਰ ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਪੁੱਤਰ ਯਕਾਨਯਾਹ ਨੂੰ ਅਤੇ ਯਹੂਦਾਹ ਦੇ ਸਰਦਾਰਾਂ ਨੂੰ, ਕਾਰੀਗਰਾਂ ਅਤੇ ਲੋਹਾਰਾਂ ਨੂੰ ਯਰੂਸ਼ਲਮ ਵਿੱਚੋਂ ਗ਼ੁਲਾਮ ਕਰ ਕੇ ਬਾਬਲ ਨੂੰ ਲੈ ਗਿਆ ਯਹੋਵਾਹ ਨੇ ਮੈਨੂੰ ਵਿਖਾਇਆ ਕਿ ਹਜੀਰ ਦੀਆਂ ਦੋ ਟੋਕਰੀਆਂ ਹੈਕਲ ਦੇ ਸਾਹਮਣੇ ਧਰੀਆਂ ਹੋਈਆਂ ਹਨ  ੨ ਇੱਕ ਟੋਕਰੀ ਬਹੁਤ ਚੰਗੀਆਂ ਹਜੀਰਾਂ ਦੀ ਜਿਹੜੀਆਂ ਪਹਿਲਾਂ ਪੱਕੀਆਂ ਹੋਣ ਅਤੇ ਦੂਜੀ ਟੋਕਰੀ ਬਹੁਤ ਖ਼ਰਾਬ ਹਜੀਰਾਂ ਦੀ ਜਿਹੜੀਆਂ ਖਾਧੀਆਂ ਨਹੀਂ ਜਾਂਦੀਆਂ ਉਹ ਇੰਨੀਆਂ ਬੁਰੀਆਂ ਸਨ  ੩ ਤਦ ਯਹੋਵਾਹ ਨੇ ਮੈਨੂੰ ਆਖਿਆ, ਹੇ ਯਿਰਮਿਯਾਹ, ਤੂੰ ਕੀ ਦੇਖਦਾ ਹੈ ? ਤਦ ਮੈਂ ਆਖਿਆ, ਹਜੀਰਾਂ, ਚੰਗੀਆਂ ਹਜੀਰਾਂ ਬਹੁਤ ਹੀ ਚੰਗੀਆਂ ਅਤੇ ਖਰਾਬ ਹਜੀਰਾਂ, ਬਹੁਤ ਖਰਾਬ, ਉਹ ਖਾਧੀਆਂ ਨਹੀਂ ਜਾਂਦੀਆਂ, ਉਹ ਇੰਨੀਆਂ ਬੁਰੀਆਂ ਹਨ ।  ੪ ਤਾਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ  ੫ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਮੇਂ ਇਹਨਾਂ ਚੰਗੀਆਂ ਹਜੀਰਾਂ ਵਾਂਗੂੰ ਯਹੂਦਾਹ ਦੇ ਗ਼ੁਲਾਮਾਂ ਨਾਲ ਜਿਹਨਾਂ ਨੂੰ ਮੈਂ ਇਸ ਥਾਂ ਤੋਂ ਕਸਦੀਆਂ ਦੀ ਧਰਤੀ ਵਿੱਚ ਭੇਜਿਆ ਹੈ ਭਲਿਆਈ ਕਰਾਂਗਾ  ੬ ਮੈਂ ਉਹਨਾਂ ਉੱਤੇ ਭਲੀ ਨਿਗਾਹ ਰੱਖਾਂਗਾ । ਮੈਂ ਉਹਨਾਂ ਨੂੰ ਇਸ ਦੇਸ ਵਿੱਚ ਫਿਰ ਲਿਆਵਾਂਗਾ । ਮੈਂ ਉਹਨਾਂ ਨੂੰ ਬਣਾਵਾਂਗਾ ਅਤੇ ਨਹੀਂ ਢਾਹਵਾਂਗਾ, ਮੈਂ ਉਹਨਾਂ ਨੂੰ ਲਾਵਾਂਗਾ ਅਤੇ ਪੁੱਟਾਂਗਾ ਨਹੀਂ  ੭ ਮੈਂ ਉਹਨਾਂ ਨੂੰ ਅਜਿਹਾ ਦਿਲ ਦਿਆਂਗਾ ਭਈ ਉਹ ਜਾਣ ਲੈਣ ਕਿ ਮੈਂ ਯਹੋਵਾਹ ਹਾਂ ਅਤੇ ਉਹ ਮੇਰੀ ਪਰਜਾ ਹੋਣਗੇ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਕਿਉਂ ਜੋ ਉਹ ਆਪਣੇ ਸਾਰੇ ਦਿਲ ਨਾਲ ਮੇਰੀ ਵੱਲ ਮੁੜਨਗੇ ।  ੮ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਖਰਾਬ ਹਜੀਰਾਂ, ਵਾਂਗੂੰ ਜਿਹੜੀਆਂ ਖਰਾਬੀ ਦੇ ਕਾਰਨ ਖਾਧੀਆਂ ਨਹੀਂ ਜਾਂਦੀਆਂ ਇਸੇ ਤਰਾਂ ਮੈਂ ਯਹੂਦਾਹ ਦੇ ਰਾਜਾ ਸਿਦਕੀਯਾਹ ਨਾਲ ਅਤੇ ਉਸ ਦੇ ਸਰਦਾਰਾਂ ਨਾਲ ਅਤੇ ਯਰੂਸ਼ਲਮ ਦੇ ਬੱਕੀਏ ਨਾਲ ਉਹਨਾਂ ਨਾਲ ਜਿਹੜੇ ਇਸ ਦੇਸ ਵਿੱਚ ਬਚੇ ਹੋਏ ਹਨ ਅਤੇ ਉਹਨਾਂ ਨਾਲ ਜਿਹੜੇ ਮਿਸਰ ਦੇਸ ਵਿੱਚ ਵੱਸਦੇ ਹਨ ਵਰਤਾਂਗਾ  ੯ ਮੈਂ ਉਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਵਿੱਚ ਬੁਰਿਆਈ ਲਈ ਇੱਕ ਭੈ ਦੇ ਦਿਆਂਗਾ ਅਤੇ ਉਹ ਉਹਨਾਂ ਸਾਰਿਆਂ ਥਾਵਾਂ ਵਿੱਚ ਜਿੱਥੇ ਮੈਂ ਉਹਨਾਂ ਨੂੰ ਹੱਕ ਦਿਆਂਗਾ ਬਦਨਾਮੀ, ਕਹਾਉਤ,ਮੇਹਣਾ ਅਤੇ ਸਰਾਪ ਹੋਣਗੇ  ੧੦ ਮੈਂ ਉਹਨਾਂ ਵਿੱਚ ਤਲਵਾਰ, ਕਾਲ ਅਤੇ ਬਵਾ ਨੂੰ ਭੇਜਾਂਗਾ ਇੱਥੋਂ ਤੱਕ ਕਿ ਉਸ ਭੋਂ ਉੱਤੋਂ ਜਿਹੜੀ ਮੈਂ ਉਹਨਾਂ ਨੂੰ ਅਤੇ ਉਹਨਾਂ ਦੇ ਪਿਉ-ਦਾਦਿਆਂ ਨੂੰ ਦਿੱਤੀ ਸੀ ਉਹ ਮੁੱਕ ਜਾਣ ।