੩੦
ਗੁਲਾਮੀ ਵਿੱਚੋਂ ਛੁਟਕਾਰੇ ਦਾ ਵਾਅਦਾ 
 ੧ ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਆਇਆ ਕਿ  ੨ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੈਨੂੰ ਆਖੀਆਂ ਹਨ ਪੋਥੀ ਵਿੱਚ ਲਿਖ ਲੈ  ੩ ਕਿਉਂ ਜੋ, ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਆਪਣੀ ਪਰਜਾ ਇਸਰਾਏਲ ਅਤੇ ਯਹੂਦਾਹ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਯਹੋਵਾਹ ਆਖਦਾ ਹੈ, ਅਤੇ ਮੈਂ ਉਹਨਾਂ ਨੂੰ ਉਸ ਦੇਸ ਵਿੱਚ ਮੋੜ ਲਿਆਵਾਂਗਾ ਜਿਹੜਾ ਮੈਂ ਉਹਨਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਅਤੇ ਉਹ ਦੇ ਉੱਤੇ ਉਹ ਕਬਜਾ ਕਰਨਗੇ ।  ੪ ਇਹ ਉਹ ਗੱਲਾਂ ਹਨ ਜਿਹੜੀਆਂ ਯਹੋਵਾਹ ਇਸਰਾਏਲ ਦੇ ਬਾਰੇ ਅਤੇ ਯਹੂਦਾਹ ਦੇ ਬਾਰੇ ਬੋਲਿਆ ਹੈ, -  ੫ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਅਸੀਂ ਧੜਕਣ ਦੀ ਅਵਾਜ਼ ਸੁਣੀ, ਭੈ ਦੀ, ਅਤੇ ਕੋਈ ਸ਼ਾਂਤੀ ਨਹੀਂ ।  ੬ ਹੁਣ ਤੁਸੀਂ ਪੁੱਛੋ ਅਤੇ ਤੁਸੀਂ ਵੇਖੋ, ਕੀ ਕਿਸੇ ਨਰ ਨੂੰ ਬੱਚਾ ਜੰਮ ਸਕਦਾ ਹੈ ? ਮੈਂ ਕਿਉਂ ਹਰੇਕ ਮਰਦ ਨੂੰ ਦੇਖਦਾ ਹਾਂ ਕਿ ਉਸ ਆਪਣੇ ਹੇਠ ਆਪਣੀਆਂ ਢਾਕਾਂ ਉੱਤੇ ਜਣਨ ਵਾਲੀ ਵਾਂਗੂੰ ਰੱਖੇ ਹੋਏ ਹਨ ? ਕਿਉਂ ਸਾਰੀਆਂ ਦੇ ਮੂੰਹ ਪੀਲੇ ਪੈ ਗਏ ਹਨ ?  ੭ ਹਾਇ ! ਉਹ ਦਿਨ ਐਡਾ ਵੱਡਾ ਹੈ, ਕਿ ਉਹ ਦੇ ਜਿਹਾ ਹੋਰ ਹੈ ਨਹੀਂ ! ਇਹ ਯਾਕੂਬ ਦੇ ਦੁੱਖ ਦਾ ਵੇਲਾ ਹੈ, ਤਾਂ ਵੀ ਉਹ ਇਸ ਵਿੱਚੋਂ ਬਚ ਜਾਵੇਗਾ ।  ੮ ਉਸ ਦਿਨ ਇਸ ਤਰ੍ਹਾਂ ਹੋਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਕਿ ਮੈਂ ਤੇਰੀ ਧੌਣ ਉੱਤੋਂ ਉਹ ਦਾ ਜੂਲਾ ਭੰਨ ਸੁੱਟਾਂਗਾ, ਮੈਂ ਤੇਰੇ ਬੰਧਣ ਖੋਲ੍ਹ ਦਿਆਂਗਾ, ਅਤੇ ਓਪਰੇ ਫੇਰ ਉਹ ਦੇ ਕੋਲੋਂ ਟਹਿਲ ਨਾ ਕਰਾਉਣਗੇ ।  ੯ ਪਰ ਉਹ ਯਹੋਵਾਹ ਆਪਣੇ ਪਰਮੇਸ਼ੁਰ ਦੀ, ਅਤੇ ਦਾਊਦ ਆਪਣੇ ਰਾਜਾ ਦੀ, ਜਿਹ ਨੂੰ ਮੈਂ ਉਹਨਾਂ ਲਈ ਖੜਾ ਕਰਾਂਗਾ ਟਹਿਲ ਕਰਨਗੇ ।  ੧੦ ਹੇ ਯਾਕੂਬ ਮੇਰੇ ਟਹਿਲੂਏ, ਤੂੰ ਨਾ ਡਰ, ਯਹੋਵਾਹ ਦਾ ਵਾਕ ਹੈ, ਹੇ ਇਸਰਾਏਲ, ਤੂੰ ਨਾ ਘਾਬਰ, ਕਿਉਂ ਜੋ ਵੇਖ, ਮੈਂ ਤੈਨੂੰ ਦੂਰ ਤੋਂ ਬਚਾਵਾਂਗਾ, ਅਤੇ ਤੇਰੀ ਨਸਲ ਨੂੰ ਉਹਨਾਂ ਦੀ ਗ਼ੁਲਾਮੀ ਦੇ ਦੇਸ ਤੋਂ, ਯਾਕੂਬ ਮੁੜੇਗਾ ਅਤੇ ਚੈਨ ਤੇ ਅਰਾਮ ਕਰੇਗਾ, ਅਤੇ ਉਹ ਨੂੰ ਕੋਈ ਨਾ ਡਰਾਵੇਗਾ ।  ੧੧ ਮੈਂ ਤੇਰੇ ਬਚਾਉਣ ਲਈ ਤੇਰੇ ਨਾਲ ਜੋ ਹਾਂ, ਯਹੋਵਾਹ ਦਾ ਵਾਕ ਹੈ, ਮੈਂ ਸਾਰੀਆਂ ਕੌਮਾਂ ਨੂੰ ਤਾਂ ਮੂਲੋਂ ਮੁੱਢੋਂ ਮੁਕਾ ਦਿਆਂਗਾ, ਜਿਹਨਾਂ ਵਿੱਚ ਮੈਂ ਤੈਨੂੰ ਖੇਰੂੰ ਖੇਰੂੰ ਕੀਤਾ, ਪਰ ਮੈਂ ਤੈਨੂੰ ਮੂਲੋਂ ਨਾ ਮੁਕਾਵਾਂਗਾ, ਮੈਂ ਤੈਨੂੰ ਨਰਮਾਈ ਨਾਲ ਘੁਰਕਾਂਗਾ, ਪਰ ਮੈਂ ਤੈਨੂੰ ਉੱਕਾ ਹੀ ਸਜ਼ਾ ਦੇ ਬਿਨਾ ਨਾ ਛੱਡਾਂਗਾ ।  ੧੨ ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਤੇਰਾ ਘਾਓ ਅਸਾਧ ਹੈ, ਅਤੇ ਤੇਰਾ ਫੱਟ ਸਖਤ ਹੈ ।  ੧੩ ਤੇਰਾ ਕੋਈ ਦਰਦੀ ਨਹੀਂ ਭਈ ਤੇਰੇ ਪੱਟੀ ਬੰਨ੍ਹੇ, ਤੇਰੇ ਲਈ ਕੋਈ ਦਵਾ ਦਾਰੂ ਨਹੀਂ ।  ੧੪ ਤੇਰੇ ਸਾਰੇ ਪ੍ਰੇਮੀ ਤੈਨੂੰ ਭੁੱਲ ਗਏ, ਉਹ ਤੇਰੀ ਭਾਲ ਨਹੀਂ ਕਰਦੇ, ਕਿਉਂ ਜੋ ਮੈਂ ਤੈਨੂੰ ਵੈਰੀ ਦੀ ਮਾਰ ਮਾਰੀ, ਬੇ ਤਰਸ ਵੈਰੀ ਦੀ ਸਜ਼ਾ ਨਾਲ, ਤੇਰੀ ਬਦੀ ਜੋ ਵੱਧ ਗਈ ਸੀ, ਤੇਰੇ ਪਾਪ ਜੋ ਬਹੁਤੇ ਹੋ ਗਏ ਸਨ ।  ੧੫ ਤੂੰ ਆਪਣੀ ਸੱਟ ਲਈ ਕਿਉਂ ਚਿੱਲਾਉਂਦੀ ਹੈਂ ? ਤੇਰਾ ਦੁੱਖ ਅਸਾਧ ਹੈ, ਇਸ ਕਰਕੇ ਕਿ ਤੇਰੀ ਬਦੀ ਵੱਧ ਗਈ, ਅਤੇ ਤੇਰੇ ਪਾਪ ਬਹੁਤ ਹੋ ਗਏ, ਮੈਂ ਤੇਰੇ ਨਾਲ ਇਹ ਕੀਤਾ ।  ੧੬ ਇਸ ਲਈ ਉਹ ਸਾਰੇ ਜਿਹੜੇ ਤੈਨੂੰ ਨਿਗਲਦੇ ਹਨ, ਉਹ ਆਪ ਨਿਗਲੇ ਜਾਣਗੇ, ਤੇਰੇ ਸਾਰੇ ਵਿਰੋਧੀ, ਹਾਂ, ਸਾਰੀਆਂ ਦੇ ਸਾਰੇ, ਗ਼ੁਲਾਮੀ ਵਿੱਚ ਜਾਣਗੇ, ਜਿਹੜੇ ਤੈਨੂੰ ਲੁੱਟਦੇ ਹਨ ਉਹ ਆਪ ਲੁੱਟੇ ਜਾਣਗੇ, ਜਿਹੜੇ ਤੈਨੂੰ ਸ਼ਿਕਾਰ ਬਣਾਉਂਦੇ ਮੈਂ ਉਹਨਾਂ ਨੂੰ ਸ਼ਿਕਾਰ ਬਣਾਵਾਂਗਾ,  ੧੭ ਕਿਉਂ ਜੋ ਮੈਂ ਤੈਨੂੰ ਨਰੋਆ ਕਰਾਂਗਾ, ਮੈਂ ਤੇਰੇ ਫੱਟਾਂ ਨੂੰ ਵੱਲ ਕਰਾਂਗਾ, ਯਹੋਵਾਹ ਦਾ ਵਾਕ ਹੈ, ਉਹਨਾਂ ਨੇ ਤੈਨੂੰ ਜੋ “ ਅਛੂਤ “ ਆਖਿਆ ਹੈ, “ ਇਹ ਸੀਯੋਨ ਹੈ ਜਿਹ ਦੀ ਕੋਈ ਪਰਵਾਹ ਨਹੀਂ ਕਰਦਾ ! “  ੧੮ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਯਾਕੂਬ ਦੇ ਤੰਬੂਆਂ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਅਤੇ ਉਹ ਦੇ ਵਸੇਬਿਆਂ ਉੱਤੇ ਰਹਮ ਕਰਾਂਗਾ । ਸ਼ਹਿਰ ਆਪਣੇ ਥੇਹ ਉੱਤੇ ਫਿਰ ਬਣਾਇਆ ਜਾਵੇਗਾ, ਅਤੇ ਮਹਿਲ ਆਪਣੇ ਹੀ ਥਾਂ ਉੱਤੇ ਵਸਾਇਆ ਜਾਵੇਗਾ ।  ੧੯ ਉਹਨਾਂ ਵਿੱਚੋਂ ਧੰਨਵਾਦ ਅਤੇ ਹੱਸਣ ਵਾਲਿਆਂ ਦੀ ਅਵਾਜ਼ ਨਿਕਲੇਗੀ, ਮੈਂ ਉਹਨਾਂ ਨੂੰ ਵਧਾਵਾਂਗਾ ਅਤੇ ਉਹ ਘਟਣਗੇ ਨਹੀਂ, ਮੈਂ ਉਹਨਾਂ ਨੂੰ ਪਤਵੰਤੇ ਕਰਾਂਗਾ, ਉਹ ਛੋਟੇ ਨਾ ਹੋਣਗੇ ।  ੨੦ ਉਹਨਾਂ ਦੇ ਪੁੱਤਰ ਪਹਿਲੇ ਸਮੇਂ ਵਾਂਗੂੰ ਹੋਣਗੇ, ਉਹਨਾਂ ਦੀ ਮੰਡਲੀ ਮੇਰੇ ਅੱਗੇ ਕਾਇਮ ਰਹੇਗੀ, ਮੈਂ ਉਹਨਾਂ ਦੇ ਸਭ ਸਤਾਉਣ ਵਾਲਿਆਂ ਨੂੰ ਸਜ਼ਾ ਦਿਆਂਗਾ ।  ੨੧ ਉਹਨਾਂ ਦਾ ਸ਼ਜ਼ਾਦਾ ਉਹਨਾਂ ਵਿੱਚ ਹੋਵੇਗਾ, ਉਹਨਾਂ ਦਾ ਹਾਕਮ ਉਹਨਾਂ ਵਿੱਚੋਂ ਨਿਕਲੇਗਾ । ਮੈਂ ਉਹ ਨੂੰ ਨੇੜੇ ਕਰਾਂਗਾ ਅਤੇ ਉਹ ਮੇਰੇ ਕੋਲ ਪਹੁੰਚੇਗਾ, ਉਹ ਕਿਹੜਾ ਹੈ ਜਿਸ ਮੇਰੇ ਕੋਲ ਆਉਣ ਦੀ ਦਿਲੇਰੀ ਕੀਤੀ ? ਯਹੋਵਾਹ ਦਾ ਵਾਕ ਹੈ ।  ੨੨ ਤੁਸੀਂ ਮੇਰੀ ਪਰਜਾ ਹੋਵੋਗੇ, ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ ।  ੨੩ ਵੇਖੋ, ਯਹੋਵਾਹ ਦਾ ਤੂਫਾਨ ! ਉਸ ਦਾ ਗੁੱਸਾ ਫੁੱਟ ਨਿੱਕਲਿਆ ਹੈ, ਇੱਕ ਵਾਵਰੋਲੇ ਵਾਲਾ ਤੂਫਾਨ ! ਉਹ ਦੁਸ਼ਟਾਂ ਦੇ ਸਿਰ ਉੱਤੇ ਫੁੱਟ ਪਵੇਗਾ !  ੨੪ ਯਹੋਵਾਹ ਦੇ ਕ੍ਰੋਧ ਦਾ ਤੇਜ਼ ਗੁੱਸਾ ਨਾ ਹਟੇਗਾ, ਜਦ ਤੱਕ ਉਹ ਆਪਣੇ ਮਨ ਦੇ ਪਰੋਜਨ ਪੂਰੇ ਅਤੇ ਸੁਰਜੀਤ ਨਾ ਕਰੇ । ਅੰਤਲੇ ਦਿਨਾਂ ਵਿੱਚ ਤੁਸੀਂ ਇਹ ਨੂੰ ਸਮਝੋਗੇ ।