ਗਲੀਲ ਦੇ ਕਾਨਾ ਨਗਰ ਵਿੱਚ ਪਹਿਲਾ ਚਮਤਕਾਰ
੧ ਤੀਸਰੇ ਦਿਨ ਗਲੀਲ ਦੇ ਨਗਰ ਕਾਨਾ ਵਿੱਚ ਇੱਕ ਵਿਆਹ ਸੀ, ਯਿਸੂ ਦੀ ਮਾਤਾ ਉੱਥੇ ਸੀ । ੨ ਯਿਸੂ ਅਤੇ ਉਸ ਦੇ ਚੇਲਿਆਂ ਨੂੰ ਵੀ ਵਿਆਹ ਦਾ ਸੱਦਾ ਦਿੱਤਾ ਗਿਆ ਸੀ । ੩ ਉੱਥੇ ਅੰਗੂਰਾਂ ਦਾ ਰਸ ਮੁੱਕ ਗਿਆ, ਯਿਸੂ ਦੀ ਮਾਤਾ ਨੇ ਉਸ ਨੂੰ ਆਖਿਆ, “ਇਨ੍ਹਾਂ ਕੋਲ ਹੋਰ ਅੰਗੂਰਾਂ ਦਾ ਰਸ ਨਹੀਂ ਹੈ ।” ੪ ਯਿਸੂ ਨੇ ਉੱਤਰ ਦਿੱਤਾ, ਹੇ ਇਸਤਰੀ, “ਮੈਨੂੰ ਇਸ ਨਾਲ ਕੀ, ਮੇਰਾ ਸਮਾਂ ਅਜੇ ਨਹੀਂ ਆਇਆ ।” ੫ ਯਿਸੂ ਦੀ ਮਾਤਾ ਨੇ ਸੇਵਕਾਂ ਨੂੰ ਆਖਿਆ, “ਉਸੇ ਤਰ੍ਹਾਂ ਹੀ ਕਰੋ ਜਿਵੇਂ ਉਹ ਤੁਹਾਨੂੰ ਕਰਨ ਲਈ ਆਖੇ ।” ੬ ਉਸ ਥਾਂ ਤੇ ਪੱਥਰ ਦੇ ਛੇ ਵੱਡੇ ਪਾਣੀ ਦੇ ਮਟਕੇ ਸਨ । ਯਹੂਦੀ ਇਸ ਤਰ੍ਹਾਂ ਦੇ ਮੱਟਕੇ ਸ਼ੁੱਧੀਕਰਨ ਦੀਆਂ ਰੀਤਾਂ ਦੇ ਸਮੇਂ ਵਰਤਦੇ ਸਨ । ਹਰੇਕ ਮੱਟ ਵਿੱਚ 80 ਲੀਟਰ ਤੋਂ ਲੈ ਕੇ 120 ਲੀਟਰ ਤੱਕ ਪਾਣੀ ਰੱਖਿਆ ਜਾ ਸਕਦਾ ਹੈ । ੭ ਯਿਸੂ ਨੇ ਉਨ੍ਹਾਂ ਸੇਵਕਾਂ ਨੂੰ ਆਖਿਆ, “ਇਨ੍ਹਾਂ ਮੱਟਾਂ ਨੂੰ ਜਲ ਨਾਲ ਭਰ ਦਿਓ ।” ਉਨ੍ਹਾਂ ਨੇ ਮੱਟਾਂ ਨੂੰ ਜਲ ਨਾਲ ਨਕੋ-ਨੱਕ ਭਰ ਦਿੱਤਾ । ੮ ਫਿਰ ਯਿਸੂ ਨੇ ਸੇਵਕਾਂ ਨੂੰ ਆਖਿਆ, “ਹੁਣ ਕੁੱਝ ਪਾਣੀ ਕੱਢੋ ਅਤੇ ਦਾਅਵਤ ਦੇ ਮੁਖੀ ਨੂੰ ਦੇ ਦਿਉ ।” ਸੋ ਉਨ੍ਹਾਂ ਸੇਵਕਾਂ ਨੇ ਪਾਣੀ ਲਿਆ ਅਤੇ ਉਸ ਨੂੰ ਦੇ ਦਿੱਤਾ । ੯ ਉਸ ਨੇ ਉਸ ਪਾਣੀ ਨੂੰ ਚੱਖ ਕੇ ਵੇਖਿਆ, ਉਹ ਅੰਗੂਰਾਂ ਦਾ ਰਸ ਬਣ ਚੁੱਕਾ ਸੀ । ਉਸ ਨੂੰ ਪਤਾ ਨਹੀਂ ਸੀ ਕਿ ਅੰਗੂਰਾਂ ਦਾ ਰਸ ਕਿੱਥੋਂ ਆਇਆ ਹੈ । ਪਰ ਜਿਨ੍ਹਾਂ ਸੇਵਕਾਂ ਨੇ ਪਾਣੀ ਲਿਆਂਦਾ ਸੀ ਉਹ ਇਸ ਬਾਰੇ ਜਾਣਦੇ ਸਨ । ਦਾਅਵਤ ਦੇ ਪਰਧਾਨ ਨੇ ਲਾੜੇ ਨੂੰ ਸੱਦਿਆ । ੧੦ ਅਤੇ ਉਸ ਨੂੰ ਆਖਿਆ, “ਹਮੇਸ਼ਾਂ ਲੋਕ ਪਹਿਲਾਂ ਚੰਗਾ ਰਸ ਦਿੰਦੇ ਹਨ, ਜਦੋਂ ਮਹਿਮਾਨ ਜਿਆਦਾ ਹੁੰਦੇ ਹਨ, ਫ਼ੇਰ ਉਹ ਮਾੜਾ ਰਸ ਦਿੰਦੇ ਹਨ । ਪਰ ਤੁਸੀਂ ਹੁਣ ਤੱਕ ਵਧੀਆ ਅੰਗੂਰੀ ਰਸ ਰੱਖ ਲਿਆ ਹੈ ।” ੧੧ ਇਹ ਪਹਿਲਾ ਚਮਤਕਾਰ ਸੀ ਜੋ ਯਿਸੂ ਨੇ ਕੀਤਾ । ਅਤੇ ਇਹ ਗਲੀਲ ਦੇ ਨਗਰ ਕਾਨਾ ਵਿੱਚ ਕੀਤਾ ਗਿਆ ਸੀ । ਇਉਂ ਯਿਸੂ ਨੇ ਆਪਣੀ ਮਹਿਮਾ ਪ੍ਰਗਟਾਈ । ਉਸ ਦੇ ਚੇਲਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ । ੧੨ ਤਾਂ ਫ਼ਿਰ ਯਿਸੂ ਕਫ਼ਰਨਾਹੂਮ ਨਗਰ ਨੂੰ ਗਿਆ ਉਸ ਦੀ ਮਾਤਾ, ਉਸ ਦੇ ਭਰਾ, ਅਤੇ ਚੇਲੇ ਵੀ ਉਸ ਦੇ ਨਾਲ ਸਨ । ਉਹ ਸਾਰੇ ਕੁੱਝ ਦਿਨ ਕਫ਼ਰਨਾਹੂਮ ਵਿੱਚ ਠਹਿਰੇ ।
ਹੈਕਲ ਵਿੱਚੋਂ ਵਪਾਰੀਆਂ ਨੂੰ ਕੱਢਣਾ
(ਮੱਤੀ 21:12,13; ਮਰਕੁਸ 11:15-17; ਲੂਕਾ 19:45-46)
੧੩ ਯਹੂਦੀਆਂ ਦੇ ਪਸਾਹ ਦਾ ਤਿਉਹਾਰ ਨੇੜੇ ਸੀ, ਇਸ ਲਈ ਯਿਸੂ ਯਰੂਸ਼ਲਮ ਆ ਗਿਆ । ਯਰੂਸ਼ਲਮ ਵਿੱਚ ਯਿਸੂ ਹੈਕਲ ਨੂੰ ਗਿਆ । ੧੪ ਉੱਥੇ ਉਸ ਨੇ ਲੋਕਾਂ ਨੂੰ ਡੰਗਰ, ਭੇਡਾਂ ਅਤੇ ਕਬੂਤਰ ਵੇਚਦੇ ਪਾਇਆ । ਦੂਜੇ ਲੋਕ ਆਪਣੀਆਂ ਮੇਜ਼ਾਂ ਤੇ ਬੈਠੇ ਹੋਏ ਸਨ । ਉਹ ਲੋਕਾਂ ਦਾ ਪੈਸਾ ਲੈਣ-ਦੇਣ ਦਾ ਵਪਾਰ ਕਰ ਰਹੇ ਸਨ । ੧੫ ਯਿਸੂ ਨੇ ਰੱਸੀਆਂ ਦਾ ਇੱਕ ਕੋਰੜਾ ਬਣਾਇਆ ਅਤੇ ਉਸ ਨਾਲ ਇਨ੍ਹਾਂ ਸਾਰੇ ਬੰਦਿਆਂ, ਡੰਗਰਾਂ ਅਤੇ ਭੇਡਾਂ ਨੂੰ ਹੈਕਲ ਚੋਂ ਬਾਹਰ ਕੱਢ ਦਿੱਤਾ । ਯਿਸੂ ਨੇ ਵਪਾਰੀਆਂ ਦੇ ਮੇਜ਼ ਉਲਟਾ ਦਿੱਤੇ ਅਤੇ ਜਿਨ੍ਹਾਂ ਪੈਸਿਆਂ ਦਾ ਉਹ ਲੈਣ-ਦੇਣ ਦਾ ਵਪਾਰ ਕਰ ਰਹੇ ਸਨ, ਉਹ ਖਿੰਡਾ ਦਿੱਤੇ । ੧੬ ਫ਼ਿਰ ਯਿਸੂ ਨੇ ਜਾਨਵਰ ਵੇਚਣ ਵਾਲੀਆਂ ਨੂੰ ਆਖਿਆ, “ਇਹ ਸਭ ਕੁੱਝ ਐਥੋਂ ਲੈ ਜਾਓ ਮੇਰੇ ਪਿਤਾ ਦੇ ਘਰ ਨੂੰ ਵਪਾਰ ਮੰਡੀ ਨਾ ਬਣਾਓ ।” ੧੭ ਜਦੋਂ ਇਹ ਸਭ ਕੁੱਝ ਵਾਪਰਿਆ ਯਿਸੂ ਦੇ ਚੇਲਿਆਂ ਨੇ ਯਾਦ ਕੀਤਾ ਪੋਥੀਆਂ ਵਿੱਚ ਕੀ ਲਿਖਿਆ ਹੋਇਆ ਸੀ: “ਤੇਰੇ ਘਰ ਲਈ ਮੇਰੀ ਅਣਖ ਮੈਨੂੰ ਅੰਦਰੋਂ ਸਾੜ ਰਹੀ ਹੈ ।” ੧੮ ਯਹੂਦੀਆਂ ਨੇ ਯਿਸੂ ਨੂੰ ਆਖਿਆ, “ਤੁਸੀਂ ਇਹ ਸਾਬਤ ਕਰਨ ਲਈ ਕੋਈ ਚਮਤਕਾਰ ਵਿਖਾਓ, ਕਿ ਤੁਹਾਡੇ ਕੋਲ ਇਹ ਗੱਲਾਂ ਕਰਨ ਦਾ ਅਧਿਕਾਰ ਹੈ ।” ੧੯ ਯਿਸੂ ਨੇ ਉੱਤਰ ਦਿੱਤਾ, “ਇਸ ਪ੍ਰਾਰਥਨਾ ਘਰ ਨੂੰ ਢਾਹ ਦਿਓ, ਅਤੇ ਮੈਂ ਇਸ ਨੂੰ ਫਿਰ ਤਿੰਨ ਦਿਨਾਂ ਵਿੱਚ ਖੜ੍ਹਾ ਕਰ ਦਿਆਂਗਾ ।” ੨੦ ਯਹੂਦੀਆਂ ਨੇ ਆਖਿਆ, “ਇਹ ਹੈਕਲ ਬਣਾਉਣ ਲਈ 46 ਸਾਲ ਲੱਗੇ, ਕੀ ਤੁਸੀਂ ਇਸ ਦਾ ਨਿਰਮਾਣ ਤਿੰਨਾਂ ਦਿਨ ਵਿੱਚ ਕਰ ਦਿਓਗੇ ? ” ੨੧ ਪਰ ਜਿਸ ਪ੍ਰਾਰਥਨਾ ਘਰ ਬਾਰੇ ਯਿਸੂ ਨੇ ਕਿਹਾ ਸੀ, ਉਹ ਉਸਦਾ ਆਪਣਾ ਸਰੀਰ ਸੀ । ੨੨ ਯਿਸੂ ਦੇ ਜੀ ਉੱਠਣ ਤੋਂ ਬਾਅਦ ਉਸ ਦੇ ਚੇਲਿਆਂ ਨੂੰ ਯਾਦ ਆਇਆ ਕਿ ਯਿਸੂ ਨੇ ਇਹ ਸ਼ਬਦ ਕਹੇ ਸਨ । ਇਸ ਲਈ ਉਨ੍ਹਾਂ ਨੇ ਪਵਿੱਤਰ ਗ੍ਰੰਥ ਉੱਤੇ, ਅਤੇ ਜੋ ਸ਼ਬਦ ਯਿਸੂ ਨੇ ਆਖੇ, ਉਨ੍ਹਾਂ ਉੱਤੇ ਵਿਸ਼ਵਾਸ ਕੀਤਾ ।
ਯਿਸੂ ਮਨੁੱਖ ਦੇ ਮਨ ਨੂੰ ਜਾਣਦਾ ਹੈ
੨੩ ਯਿਸੂ ਪਸਾਹ ਦੇ ਤਿਉਹਾਰ ਲਈ ਯਰੂਸ਼ਲਮ ਵਿੱਚ ਸੀ, ਬਹੁਤ ਸਾਰੇ ਲੋਕਾਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ ਕਿਉਂਕਿ ਜੋ ਚਮਤਕਾਰ ਯਿਸੂ ਨੇ ਕੀਤੇ ਉਨ੍ਹਾਂ ਨੇ ਉਹ ਵੇਖੇ ਸਨ । ੨੪ ਪਰ ਯਿਸੂ ਨੇ ਆਪਣੇ ਆਪ ਨੂੰ ਉਹਨਾਂ ਕੋਲੋਂ ਦੂਰ ਰੱਖਿਆ ਕਿਉਂਕਿ ਉਹ ਉਨ੍ਹਾਂ ਬਾਰੇ ਜਾਣਦਾ ਸੀ । ੨੫ ਯਿਸੂ ਨੂੰ ਇਸ ਗੱਲ ਦੀ ਲੋੜ ਨਹੀਂ ਸੀ ਕਿ ਕੋਈ ਹੋਰ ਬੰਦਾ ਉਨ੍ਹਾਂ ਨੂੰ ਉਨ੍ਹਾਂ ਬਾਰੇ ਦੱਸਦਾ ਕਿਉਂਕਿ ਯਿਸੂ ਲੋਕਾਂ ਦੇ ਦਿਲਾਂ ਬਾਰੇ ਜਾਣਦਾ ਸੀ ।