JOB
ਅੱਯੂਬ
ਭੂਮਿਕਾ
ਅੱਯੂਬ ਦੀ ਪੁਸਤਕ ਇੱਕ ਭਲੇ ਵਿਅਕਤੀ ਨਾਲ ਬੀਤੀ ਘਟਨਾ ਦਾ ਵਰਣਨ ਪ੍ਰਸਤੁਤ ਕਰਦੀ ਹੈ, ਜਿਸ ਨੂੰ ਡਾਢੀ ਬਿਪਤਾ ਦਾ ਸਾਹਮਣਾ ਕਰਨਾ ਪਿਆ । ਉਸ ਦੇ ਸਾਰੇ ਬੱਚਿਆਂ ਦੀ ਅਕਾਲ ਮੌਤ ਹੋ ਜਾਂਦੀ ਹੈ, ਉਸ ਦੀ ਸੰਪਤੀ ਦਾ ਨਾਸ ਹੀ ਜਾਂਦਾ ਹੈ, ਅਤੇ ਉਹ ਆਪ ਇੱਕ ਘਿਣਾਉਣੇ ਰੋਗ ਦਾ ਸ਼ਿਕਾਰ ਹੋ ਜਾਂਦਾ ਹੈ । ਇਸ ਤੋਂ ਬਾਅਦ ਲੇਖਕ ਕਾਵਿਕ ਗੱਲਬਾਤ ਦੇ ਤਿੰਨ ਭਾਗਾਂ ਦੁਆਰਾ ਇਹ ਦਰਸਾਉਂਦਾ ਹੈ ਕਿ ਅੱਯੂਬ ਅਤੇ ਉਸ ਦੇ ਮਿੱਤਰਾਂ ਦੀ ਇਨ੍ਹਾਂ ਬਿਪਤਾਂ ਦੇ ਵਿਖੇ ਕੀ ਪ੍ਰਤੀਉੱਤਰ ਹੈ । ਅੰਤ ਵਿੱਚ ਪਰਮੇਸ਼ੁਰ ਆਪਣੇ ਆਪ ਨੂੰ ਅੱਯੂਬ ਉੱਤੇ ਪਰਗਟ ਕਰਦਾ ਹੈ; ਮਨੁੱਖ ਜਾਤੀ ਨਾਲ ਪਰਮੇਸ਼ੁਰ ਦਾ ਵਿਹਾਰ ਇਸ ਤਰਕ-ਵਿਤਰਕ ਦਾ ਮੁੱਖ ਕੇਂਦਰ ਰਹਿੰਦਾ ਹੈ ।
ਅੱਯੂਬ ਦੇ ਮਿੱਤਰ ਉਸ ਦੇ ਦੁੱਖਾਂ ਨੂੰ ਪਰੰਪਰਾਗਤ ਧਾਰਮਿਕ ਸ਼ੈਲੀ ਵਿੱਚ ਸਮਝਦੇ ਹਨ ਜਿਵੇਂ ਕਿ, ਅੱਯੂਬ ਦੇ ਮਿੱਤਰ ਮੰਨਦੇ ਹਨ ਕਿ ਪਰਮੇਸ਼ੁਰ ਹਮੇਸ਼ਾਂ ਭਲਿਆਈ ਨੂੰ ਅਸੀਸ ਦਿੰਦਾ ਹੈ ਅਤੇ ਬੁਰਿਆਈ ਨੂੰ ਸਜ਼ਾ ਦਿੰਦਾ ਹੈ, ਇਸ ਲਈ ਅੱਯੂਬ ਦੇ ਦੁੱਖਾਂ ਦਾ ਸਿਰਫ਼ ਇਹੋ ਅਰਥ ਹੋ ਸਕਦਾ ਹੈ ਕਿ ਉਸ ਨੇ ਪਾਪ ਕੀਤਾ ਹੈ । ਪਰ ਅੱਯੂਬ ਲਈ ਇਹ ਗੱਲ ਬਹੁਤ ਹੀ ਸਿੱਧੀ ਹੈ, ਉਹ ਅਜਿਹੇ ਕਠੋਰ ਦੰਡ ਦੇ ਯੋਗ ਨਹੀਂ ਹੈ, ਕਿਉਂਕਿ ਉਹ ਬਹੁਤ ਹੀ ਭਲਾ ਅਤੇ ਧਰਮੀ ਵਿਅਕਤੀ ਸੀ । ਪਰ ਉਸ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ ਕਿ ਪਰਮੇਸ਼ੁਰ ਕਿਵੇਂ ਉਸ ਵਰਗੇ ਮਨੁੱਖ ਨਾਲ ਐਨੀ ਬੁਰਾਇਆ ਹੋਣ ਦੇ ਰਿਹਾ ਹੈ, ਇਸ ਲਈ ਉਹ ਪਰਮੇਸ਼ੁਰ ਨੂੰ ਬੇਖ਼ੌਫ਼ ਚੁਣੌਤੀ ਦਿੰਦਾ ਹੈ । ਅੱਯੂਬ ਦਾ ਵਿਸ਼ਵਾਸ ਟੁੱਟਦਾ ਨਹੀਂ, ਪਰ ਉਹ ਪਰਮੇਸ਼ੁਰ ਦੀ ਨਜ਼ਰ ਵਿੱਚ ਧਰਮੀ ਠਹਿਰਣ ਅਤੇ ਭਲੇ ਮਨੁੱਖ ਦੇ ਰੂਪ ਵਿੱਚ ਆਪਣੇ ਸਨਮਾਨ ਨੂੰ ਦੁਬਾਰਾ ਪ੍ਰਾਪਤ ਕਰਨ ਲਈ ਲਾਲਸਾ ਕਰਦਾ ਹੈ ।
ਪਰਮੇਸ਼ੁਰ ਅੱਯੂਬ ਦੇ ਪ੍ਰਸ਼ਨਾਂ ਦਾ ਕੋਈ ਉੱਤਰ ਨਹੀਂ ਦਿੰਦਾ ਪਰ ਆਪਣੀ ਈਸ਼ਵਰੀ ਸਮਰੱਥਾ ਅਤੇ ਬੁੱਧ ਦਾ ਇੱਕ ਕਾਵਿਕ ਚਿੱਤਰ ਪ੍ਰਸਤੁਤ ਕਰਕੇ ਉਸ ਨੂੰ ਅਧੀਨ ਕਰਦੇ ਹੋਏ ਉਸ ਦੇ ਵਿਸ਼ਵਾਸ ਦਾ ਪ੍ਰਤੀਉੱਤਰ ਜ਼ਰੂਰ ਦਿੰਦਾ ਹੈ । ਤਦ ਅੱਯੂਬ ਨਿਮਰਤਾ ਪੂਰਵਕ ਪਰਮੇਸ਼ੁਰ ਨੂੰ ਇੱਕਮਾਤਰ ਬੁੱਧਵਾਨ ਅਤੇ ਮਹਾਨ ਦੇ ਰੂਪ ਵਿੱਚ ਸਵੀਕਾਰ ਕਰਦੇ ਹੋਏ, ਆਪਣੇ ਬੇ-ਲਗ਼ਾਮ ਅਤੇ ਕ੍ਰੋਧਿਤ ਹੋ ਕੇ ਆਖੇ ਹੋਏ ਸ਼ਬਦਾਂ ਲਈ ਪ੍ਰਾਸਚਿਤ ਕਰਦਾ ਹੈ ।
ਇਸ ਪੁਸਤਕ ਦਾ ਆਖ਼ਰੀ ਹਿੱਸਾ ਦਰਸਾਉਂਦਾ ਹੈ ਕਿ ਅੱਯੂਬ ਨੂੰ ਕਿਵੇਂ ਆਪਣੀ ਪਿਛਲੀ ਅਵਸਥਾ ਪ੍ਰਾਪਤ ਹੋਏ, ਸਗੋਂ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖੁਸ਼ਹਾਲ ਹੋ ਗਿਆ । ਪਰਮੇਸ਼ੁਰ ਅੱਯੂਬ ਦੇ ਮਿੱਤਰਾਂ ਨੂੰ ਇਸ ਲਈ ਝਿੜਕਦਾ ਹੈ ਕਿਉਂਕਿ ਉਹ ਅੱਯੂਬ ਦੇ ਦੁੱਖਾਂ ਨੂੰ ਸਮਝਣ ਵਿੱਚ ਅਸਫ਼ਲ ਰਹੇ ਸਨ । ਸਿਰਫ਼ ਅੱਯੂਬ ਹੀ ਇਸ ਗੱਲ ਨੂੰ ਮਹਿਸੂਸ ਕਰ ਸਕਿਆ ਸੀ ਕਿ ਪਰਮੇਸ਼ੁਰ ਉਸ ਤੋਂ ਕਿਤੇ ਜ਼ਿਆਦਾ ਮਹਾਨ ਹੈ, ਜਿਵੇਂ ਕਿ ਪਰੰਪਰਾਗਤ ਧਰਮ ਉਸ ਨੂੰ ਦਰਸਾਉਂਦਾ ਹੈ ।
ਰੂਪ-ਰੇਖਾ
ਪ੍ਰਸਤਾਵਨਾ 1:1-2:13
ਅੱਯੂਬ ਅਤੇ ਉਸ ਦੇ ਮਿੱਤਰ 3:1-31:40
ਅੱਯੂਬ ਦੀ ਸ਼ਿਕਾਇਤ 3:1-26
ਪਹਿਲੀ ਗੱਲਬਾਤ 4:1-14:22
ਦੂਸਰੀ ਗੱਲਬਾਤ 15:1-21:34
ਤੀਸਰੀ ਗੱਲਬਾਤ 22:1-27:23
ਬੁੱਧ ਦੀ ਪ੍ਰਸੰਸਾ 28:1-28
ਅੱਯੂਬ ਦਾ ਆਖ਼ਰੀ ਕਥਨ 29:1-31:40
ਅਲੀਹੂ ਦਾ ਉਪਦੇਸ਼ 32:1-37:24
ਪਰਮੇਸ਼ੁਰ ਦਾ ਅੱਯੂਬ ਨੂੰ ਉੱਤਰ 38:1-42:6
ਸਮਾਪਤੀ 42:7-17
ਅੱਯੂਬ ਦਾ ਡਾਢੀ ਪਰੀਖਿਆ ਵਿੱਚ ਪੈਣਾ
੧ ਊਜ਼ ਦੇ ਦੇਸ ਵਿੱਚ ਅੱਯੂਬ ਨਾਮ ਦਾ ਇੱਕ ਨਿਰਦੋਸ਼ ਤੇ ਖਰਾ ਮਨੁੱਖ ਸੀ, ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬਦੀ ਤੋਂ ਦੂਰ ਰਹਿੰਦਾ ਸੀ । ੨ ਉਹ ਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਸਨ । ੩ ਉਹ ਦੇ ਕੋਲ ਸੱਤ ਹਜ਼ਾਰ ਭੇਡਾਂ, ਤਿੰਨ ਹਜ਼ਾਰ ਊਠ, ਪੰਜ ਸੌ ਜੋੜੀ ਬਲ਼ਦ ਅਤੇ ਪੰਜ ਸੌ ਗਧੀਆਂ ਅਤੇ ਬਹੁਤ ਸਾਰੇ ਨੌਕਰ-ਚਾਕਰ ਸਨ ਅਤੇ ਉਹ ਪੂਰਬ ਦੇਸ ਦੇ ਲੋਕਾਂ ਵਿੱਚ ਸਭ ਤੋਂ ਜ਼ਿਆਦਾ ਧਨਵਾਨ ਮਨੁੱਖ ਸੀ । ੪ ਉਹ ਦੇ ਪੁੱਤਰ ਵਾਰੋ-ਵਾਰੀ ਆਪਣੇ-ਆਪਣੇ ਘਰਾਂ ਵਿੱਚ ਦਾਵਤ ਕਰਦੇ ਹੁੰਦੇ ਸਨ, ਅਤੇ ਉਹ ਆਪਣੀਆਂ ਤਿੰਨਾਂ ਭੈਣਾਂ ਨੂੰ ਖਾਣ-ਪੀਣ ਲਈ ਆਪਣੇ ਕੋਲ ਸੱਦਾ ਭੇਜਦੇ ਸਨ । ੫ ਜਦ ਉਨ੍ਹਾਂ ਦੀ ਦਾਵਤ ਦੇ ਦਿਨ ਬੀਤ ਜਾਂਦੇ ਤਦ ਅੱਯੂਬ ਉਨ੍ਹਾਂ ਨੂੰ ਸੱਦ ਲੈਂਦਾ ਅਤੇ ਉਨ੍ਹਾਂ ਨੂੰ ਪਵਿੱਤਰ ਕਰਦਾ ਹੁੰਦਾ ਸੀ ਅਤੇ ਸਵੇਰੇ ਹੀ ਉੱਠ ਕੇ ਉਨ੍ਹਾਂ ਸਾਰਿਆਂ ਦੀ ਗਿਣਤੀ ਅਨੁਸਾਰ ਹੋਮ ਦੀਆਂ ਬਲੀਆਂ ਚੜ੍ਹਾਉਂਦਾ ਸੀ, ਕਿਉਂ ਜੋ ਅੱਯੂਬ ਆਖਦਾ ਸੀ ਕਿਤੇ ਅਜਿਹਾ ਨਾ ਹੋਵੇ ਮੇਰੇ ਬੱਚਿਆਂ ਨੇ ਪਾਪ ਕੀਤਾ ਹੋਵੇ ਅਤੇ ਆਪਣੇ ਮਨ ਵਿੱਚ ਪਰਮੇਸ਼ੁਰ ਨੂੰ ਫਿਟਕਾਰਿਆ ਹੋਵੇ । ਅੱਯੂਬ ਹਮੇਸ਼ਾ ਇਸੇ ਤਰ੍ਹਾਂ ਕਰਦਾ ਹੁੰਦਾ ਸੀ ।
੬ ਇੱਕ ਦਿਨ ਅਜਿਹਾ ਹੋਇਆ ਕਿ ਪਰਮੇਸ਼ੁਰ ਦੇ ਦੂਤ ਆਏ ਤਾਂ ਜੋ ਯਹੋਵਾਹ ਦੇ ਸਨਮੁਖ ਆਪਣੇ ਆਪ ਨੂੰ ਹਾਜ਼ਰ ਕਰਨ, ਤਦ ਸ਼ੈਤਾਨ ਵੀ ਉਨ੍ਹਾਂ ਦੇ ਵਿੱਚ ਆਇਆ । ੭ ਤਦ ਯਹੋਵਾਹ ਨੇ ਸ਼ੈਤਾਨ ਨੂੰ ਪੁੱਛਿਆ, “ਤੂੰ ਕਿੱਥੋਂ ਆਇਆ ਹੈਂ ?” ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, “ਧਰਤੀ ਵਿੱਚ ਘੁੰਮ ਫਿਰ ਕੇ ਅਤੇ ਉਸ ਵਿੱਚ ਇੱਧਰ-ਉੱਧਰ ਫਿਰਦਾ ਆਇਆ ਹਾਂ ।” ੮ ਤਦ ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, “ਕੀ ਤੂੰ ਮੇਰੇ ਦਾਸ ਅੱਯੂਬ ਬਾਰੇ ਆਪਣੇ ਮਨ ਵਿੱਚ ਵਿਚਾਰ ਕੀਤਾ ਹੈ, ਕਿਉਂਕਿ ਸਾਰੀ ਧਰਤੀ ਵਿੱਚ ਉਹ ਦੇ ਵਰਗਾ ਕੋਈ ਨਹੀਂ ? ਉਹ ਖਰਾ ਅਤੇ ਨੇਕ ਮਨੁੱਖ ਹੈ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ ।” ੯ ਤਦ ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, “ਕੀ ਅੱਯੂਬ ਪਰਮੇਸ਼ੁਰ ਤੋਂ ਬਿਨ੍ਹਾਂ ਕਿਸੇ ਲਾਭ ਦੇ ਡਰਦਾ ਹੈ । ੧੦ ਕੀ ਤੂੰ ਉਸ ਦੇ, ਉਸ ਦੇ ਘਰ ਦੇ ਅਤੇ ਜੋ ਕੁਝ ਉਸ ਦੇ ਕੋਲ ਹੈ ਉਸ ਦੇ ਆਲੇ-ਦੁਆਲੇ ਵਾੜ ਨਹੀਂ ਲਗਾਈ ? ਤੂੰ ਉਸ ਦੇ ਹੱਥ ਦੇ ਕੰਮ ਵਿੱਚ ਬਰਕਤ ਦਿੱਤੀ ਹੈ ਸੋ ਉਸ ਦੀ ਧਨ-ਸੰਪਤੀ ਸਾਰੇ ਦੇਸ ਵਿੱਚ ਵੱਧ ਗਈ ਹੈ । ੧੧ ਜ਼ਰਾ ਤੂੰ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸ ਦਾ ਹੈ ਉਸ ਨੂੰ ਛੂਹ, ਤਾਂ ਉਹ ਤੇਰੇ ਮੂੰਹ ਉੱਤੇ ਤੇਰੀ ਨਿੰਦਿਆ ਕਰੇਗਾ ।” ੧੨ ਤਦ ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, “ਵੇਖ, ਉਸ ਦਾ ਸਭ ਕੁਝ ਤੇਰੇ ਹੱਥ ਵਿੱਚ ਹੈ । ਸਿਰਫ਼ ਉਸ ਨੂੰ ਹੱਥ ਨਾ ਲਾਵੀਂ ।” ਤਦ ਸ਼ੈਤਾਨ ਯਹੋਵਾਹ ਦੇ ਹਜ਼ੂਰੋਂ ਚਲਿਆ ਗਿਆ ।
ਅੱਯੂਬ ਦੇ ਬੱਚਿਆਂ ਅਤੇ ਸੰਪਤੀ ਦਾ ਨਾਸ
੧੩ ਫਿਰ ਅਜਿਹਾ ਹੋਇਆ ਕਿ ਇੱਕ ਦਿਨ ਉਸ ਦੇ ਪੁੱਤਰ ਅਤੇ ਧੀਆਂ ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਮੈਅ ਪੀਂਦੇ ਸਨ । ੧੪ ਤਦ ਇੱਕ ਦੂਤ ਅੱਯੂਬ ਕੋਲ ਆਇਆ ਅਤੇ ਆਖਿਆ, “ਬਲ਼ਦ ਹਲੀਂ ਜੁੜੇ ਹੋਏ ਸਨ ਅਤੇ ਗਧੀਆਂ ਉਨ੍ਹਾਂ ਕੋਲ ਚਰ ਰਹੀਆਂ ਸਨ । ੧੫ ਸ਼ਭਾ ਨਗਰ ਦੇ ਲੋਕਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਖੋਹ ਕੇ ਲੈ ਗਏ ਅਤੇ ਜੁਆਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਦਿੱਤਾ ! ਮੈਂ ਹੀ ਇਕੱਲਾ ਬਚ ਕੇ ਨਿਕਲਿਆ ਹਾਂ, ਜੋ ਤੈਨੂੰ ਦੱਸਾਂ ।” ੧੬ ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆਇਆ ਅਤੇ ਆਖਿਆ, “ਪਰਮੇਸ਼ੁਰ ਦੀ ਅੱਗ ਅਕਾਸ਼ ਤੋਂ ਉਤਰੀ । ਉਸ ਨਾਲ ਭੇਡਾਂ ਅਤੇ ਜੁਆਨ ਭਸਮ ਹੋ ਗਏ ! ਮੈਂ ਹੀ ਇਕੱਲਾ ਬਚ ਨਿਕਲਿਆ ਹਾਂ ਕਿ ਤੈਨੂੰ ਦੱਸਾਂ ।” ੧੭ ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਿਆ, “ਕਸਦੀ ਤਿੰਨ ਟੋਲੀਆਂ ਬਣਾ ਕੇ ਊਠਾਂ ਉੱਤੇ ਆ ਪਏ ਅਤੇ ਉਹ ਉਨ੍ਹਾਂ ਨੂੰ ਖੋਹ ਕੇ ਲੈ ਗਏ ਹਨ, ਅਤੇ ਜੁਆਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਦਿੱਤਾ ! ਮੈਂ ਹੀ ਇਕੱਲਾ ਬਚ ਗਿਆ ਕਿ ਤੈਨੂੰ ਦੱਸਾਂ ।” ੧੮ ਉਹ ਵੀ ਅਜੇ ਇਹ ਗੱਲਾਂ ਕਰ ਹੀ ਰਿਹਾ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਣ ਲੱਗਾ, “ਤੇਰੇ ਪੁੱਤਰ ਅਤੇ ਧੀਆਂ ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਮੈਅ ਪੀਂਦੇ ਸਨ, ੧੯ ਤਦ ਵੇਖੋ, ਇੱਕ ਵੱਡੀ ਹਵਾ ਜੰਗਲ ਵੱਲੋਂ ਆਈ ਅਤੇ ਘਰ ਦੇ ਚੌਂਹਾਂ ਪਾਸਿਆਂ ਉੱਤੇ ਟੱਕਰ ਮਾਰੀ ਕਿ ਉਹ ਘਰ ਉਨ੍ਹਾਂ ਜੁਆਨਾਂ ਉੱਤੇ ਡਿੱਗ ਪਿਆ ਅਤੇ ਉਹ ਮਰ ਗਏ ! ਮੈਂ ਹੀ ਇਕੱਲਾ ਬਚ ਨਿਕਲਿਆ ਹਾਂ ਕਿ ਤੈਨੂੰ ਦੱਸਾਂ ।”
੨੦ ਤਦ ਅੱਯੂਬ ਉੱਠਿਆ, ਉਸ ਨੇ ਦੁਖੀ ਹੋ ਕੇ ਆਪਣੇ ਕੱਪੜੇ ਪਾੜੇ, ਆਪਣਾ ਸਿਰ ਮੁਨਾ ਲਿਆ ਅਤੇ ਧਰਤੀ ਉੱਤੇ ਡਿੱਗ ਕੇ ਯਹੋਵਾਹ ਨੂੰ ਮੱਥਾ ਟੇਕਿਆ । ੨੧ ਅਤੇ ਆਖਿਆ, “ਮੈਂ ਆਪਣੀ ਮਾਂ ਦੇ ਪੇਟ ਤੋਂ ਨੰਗਾ ਆਇਆ ਅਤੇ ਨੰਗਾ ਹੀ ਮੁੜ ਜਾਂਵਾਂਗਾ, ਯਹੋਵਾਹ ਨੇ ਦਿੱਤਾ ਯਹੋਵਾਹ ਨੇ ਲੈ ਲਿਆ, ਯਹੋਵਾਹ ਦਾ ਨਾਮ ਮੁਬਾਰਕ ਹੋਵੇ ।”
੨੨ ਇਹਨਾਂ ਸਾਰੀਆਂ ਗੱਲਾਂ ਵਿੱਚ ਨਾ ਤਾਂ ਅੱਯੂਬ ਨੇ ਪਾਪ ਕੀਤਾ ਅਤੇ ਨਾ ਪਰਮੇਸ਼ੁਰ ਉੱਤੇ ਬੇਸਮਝੀ ਨਾਲ ਦੋਸ਼ ਲਾਇਆ ।