੧੩
੧ ਵੇਖੋ, ਮੇਰੀ ਅੱਖ ਨੇ ਇਹ ਸਭ ਕੁਝ ਵੇਖਿਆ ਹੈ, ਮੇਰੇ ਕੰਨਾਂ ਨੇ ਇਹ ਸੁਣਿਆ ਅਤੇ ਸਮਝਿਆ ਹੈ । ੨ ਜਿਵੇਂ ਤੁਸੀਂ ਜਾਣਦੇ ਹੋ ਮੈਂ ਵੀ ਜਾਣਦਾ ਹਾਂ, ਮੈਂ ਤੁਹਾਡੇ ਨਾਲੋਂ ਕੁਝ ਘੱਟ ਨਹੀਂ ਹਾਂ । ੩ ਪਰ ਮੈਂ ਸਰਬ ਸ਼ਕਤੀਮਾਨ ਨਾਲ ਬੋਲਣਾ, ਅਤੇ ਪਰਮੇਸ਼ੁਰ ਨਾਲ ਵਾਦ-ਵਿਵਾਦ ਕਰਨਾ ਚਾਹੁੰਦਾ ਹਾਂ, ੪ ਪਰ ਤੁਸੀਂ ਝੂਠੀਆਂ ਗੱਲਾਂ ਦੇ ਘੜਣ ਵਾਲੇ ਹੋ, ਤੁਸੀਂ ਸਾਰੇ ਦੇ ਸਾਰੇ ਨਿਕੰਮੇ ਵੈਦ ਹੋ ! ੫ ਕਾਸ਼ ਕਿ ਤੁਸੀਂ ਬਿਲਕੁਲ ਚੁੱਪ ਰਹਿੰਦੇ, ਤਾਂ ਇਸ ਨਾਲ ਤੁਸੀਂ ਬੁੱਧਵਾਨ ਠਹਿਰਦੇ ! ੬ ਤੁਸੀਂ ਹੁਣ ਮੇਰੀ ਦਲੀਲ ਸੁਣੋ, ਅਤੇ ਮੇਰੀ ਬੇਨਤੀ ਉੱਤੇ ਕੰਨ ਲਾਓ । ੭ ਕੀ ਤੁਸੀਂ ਪਰਮੇਸ਼ੁਰ ਦੇ ਲਈ ਕੁਧਰਮ ਦੀਆਂ ਗੱਲਾਂ ਕਰੋਗੇ, ਅਤੇ ਉਹ ਦੇ ਲਈ ਛਲ ਦੀਆਂ ਗੱਲਾਂ ਬੋਲੋਗੇ ? ੮ ਕੀ ਤੁਸੀਂ ਉਹ ਦਾ ਪੱਖਪਾਤ ਕਰੋਗੇ, ਜਾਂ ਪਰਮੇਸ਼ੁਰ ਲਈ ਮੁਕੱਦਮਾ ਲੜੋਗੇ ? ੯ ਭਲਾ ਇਹ ਚੰਗਾ ਹੋਵੇਗਾ ਕਿ ਉਹ ਤੁਹਾਨੂੰ ਜਾਂਚੇ, ਜਾਂ ਤੁਸੀਂ ਉਹ ਨੂੰ ਧੋਖਾ ਦਿਓਗੇ ਜਿਵੇਂ ਆਦਮੀ ਨੂੰ ਧੋਖਾ ਦਿੰਦੇ ਹੋ ? ੧੦ ਜੇ ਤੁਸੀਂ ਲੁਕ ਕੇ ਪੱਖਪਾਤ ਕਰੋਗੇ, ਤਾਂ ਉਹ ਤੁਹਾਨੂੰ ਸਖ਼ਤੀ ਨਾਲ ਝਿੜਕੇਗਾ । ੧੧ ਭਲਾ, ਉਹ ਦੀ ਮਹਾਨਤਾ ਤੁਹਾਨੂੰ ਨਹੀਂ ਡਰਾਉਂਦੀ ਅਤੇ ਉਹ ਦਾ ਭੈ ਤੁਹਾਡੇ ਉੱਤੇ ਨਹੀਂ ਪੈਂਦਾ ? ੧੨ ਤੁਹਾਡੇ ਮਸਲੇ ਖ਼ਾਕ ਦੀਆਂ ਕਹਾਉਤਾਂ ਹਨ, ਤੁਹਾਡੇ ਗੜ੍ਹ ਮਿੱਟੀ ਦੇ ਗੜ੍ਹ ਹਨ !
੧੩ ਮੇਰੇ ਅੱਗੇ ਚੁੱਪ ਰਹੋ ਤਾਂ ਜੋ ਮੈਂ ਗੱਲ ਕਰਾਂ, ਫੇਰ ਜੋ ਹੋਵੇ ਸੋ ਹੋਵੇ ! ੧੪ ਮੈਂ ਕਿਉਂ ਆਪਣਾ ਮਾਸ ਆਪਣੇ ਦੰਦਾਂ ਨਾਲ ਚੱਬਾਂ, ਅਤੇ ਆਪਣੀ ਜਾਨ ਤਲੀ ਉੱਤੇ ਰੱਖਾਂ ? ੧੫ ਵੇਖੋ, ਉਹ ਮੈਨੂੰ ਵੱਢ ਸੁੱਟੇਗਾ, ਮੈਨੂੰ ਕੋਈ ਆਸ ਨਹੀਂ, ਤਾਂ ਵੀ ਮੈਂ ਆਪਣੇ ਚਾਲ-ਚਲਣ ਲਈ ਉਹ ਦੇ ਨਾਲ ਵਾਦ-ਵਿਵਾਦ ਕਰਾਂਗਾ । ੧੬ ਇਹ ਵੀ ਮੇਰੀ ਮੁਕਤੀ ਦਾ ਕਾਰਨ ਹੋਵੇਗਾ ਕਿ ਕੋਈ ਕੁਧਰਮੀ ਉਹ ਦੇ ਹਜ਼ੂਰ ਜਾ ਨਹੀਂ ਸਕਦਾ । ੧੭ ਧਿਆਨ ਲਗਾ ਕੇ ਮੇਰੇ ਬਚਨਾਂ ਨੂੰ ਸੁਣੋ, ਅਤੇ ਮੇਰੀ ਬੇਨਤੀ ਤੁਹਾਡੇ ਕੰਨਾਂ ਵਿੱਚ ਪਵੇ । ੧੮ ਹੁਣ ਵੇਖੋ, ਮੈਂ ਆਪਣੇ ਮੁਕੱਦਮੇ ਦੀ ਤਿਆਰੀ ਪੂਰੀ ਕਰ ਲਈ ਹੈ, ਮੈਂ ਜਾਣਦਾ ਹਾਂ ਕਿ ਮੈਂ ਨਿਰਦੋਸ਼ ਠਹਿਰਾਂਗਾ । ੧੯ ਕੌਣ ਮੇਰੇ ਨਾਲ ਬਹਿਸ ਕਰੇਗਾ ? ਜੇਕਰ ਕੋਈ ਅਜਿਹਾ ਹੋਵੇ ਤਾਂ ਮੈਂ ਚੁੱਪ ਰਹਾਂਗਾ ਅਤੇ ਪ੍ਰਾਣ ਤਿਆਗ ਦਿਆਂਗਾ ।
੨੦ ਦੋ ਹੀ ਕੰਮ ਮੇਰੇ ਨਾਲ ਨਾ ਕਰ, ਤਦ ਮੈਂ ਤੇਰੇ ਹਜ਼ੂਰੋਂ ਨਾ ਲੁਕਾਂਗਾ । ੨੧ ਤੂੰ ਆਪਣਾ ਹੱਥ ਮੇਰੇ ਉੱਤੋਂ ਦੂਰ ਕਰ ਲੈ, ਅਤੇ ਤੇਰਾ ਭੈ ਮੈਨੂੰ ਨਾ ਡਰਾਵੇ । ੨੨ ਤਦ ਮੈਨੂੰ ਬੁਲਾਈਂ ਅਤੇ ਮੈਂ ਉੱਤਰ ਦਿਆਂਗਾ, ਜਾਂ ਮੈਂ ਬੋਲਾਂਗਾ ਅਤੇ ਤੂੰ ਜਵਾਬ ਦੇ ! ੨੩ ਮੇਰੀਆਂ ਬੁਰਾਈਆਂ ਅਤੇ ਪਾਪ ਕਿੰਨੇ ਹਨ ? ਮੇਰਾ ਅਪਰਾਧ ਅਤੇ ਪਾਪ ਮੈਨੂੰ ਦੱਸ ! ੨੪ ਤੂੰ ਆਪਣਾ ਮੂੰਹ ਕਿਉਂ ਲੁਕਾਉਂਦਾ ਹੈਂ, ਅਤੇ ਮੈਨੂੰ ਆਪਣਾ ਵੈਰੀ ਗਿਣਦਾ ਹੈਂ ? ੨੫ ਕੀ ਤੂੰ ਉੱਡਦੇ ਪੱਤੇ ਨੂੰ ਡਰਾਵੇਂਗਾ ? ਕੀ ਤੂੰ ਸੁੱਕੇ ਘਾਹ ਦਾ ਪਿੱਛਾ ਕਰੇਂਗਾ ? ੨੬ ਕਿਉਂ ਜੋ ਤੂੰ ਮੇਰੇ ਵਿਰੁੱਧ ਕੌੜੀਆਂ ਗੱਲਾਂ ਲਿਖਦਾ ਹੈਂ, ਅਤੇ ਮੇਰੀ ਜੁਆਨੀ ਦੀਆਂ ਬਦੀਆਂ ਮੇਰੇ ਪੱਲੇ ਪਾਉਂਦਾ ਹੈਂ । ੨੭ ਤੂੰ ਮੇਰੇ ਪੈਰਾਂ ਨੂੰ ਕਾਠ ਵਿੱਚ ਠੋਕਦਾ ਹੈਂ, ਅਤੇ ਮੇਰੇ ਸਾਰੇ ਰਾਹਾਂ ਦੀ ਨਿਗਾਹਬਾਨੀ ਕਰਦਾ ਹੈਂ, ਅਤੇ ਮੇਰੇ ਪੈਰਾਂ ਨੂੰ ਕੀਲ ਦਿੰਦਾ ਹੈਂ !
੨੮ ਮੈਂ ਤਾਂ ਸੜੀ ਹੋਈ ਚੀਜ਼ ਵਰਗਾ ਹਾਂ ਜੋ ਹੰਢਾਈ ਹੋਈ ਹੈ, ਜਾਂ ਉਸ ਕੱਪੜੇ ਵਰਗਾ ਜਿਸ ਨੂੰ ਕੀੜੇ ਨੇ ਖਾ ਲਿਆ ਹੋਵੇ !