੨੬
ਅਯੂੱਬ ਦਾ ਉੱਤਰ
੧ ਫੇਰ ਅਯੂੱਬ ਨੇ ਉੱਤਰ ਦੇ ਕੇ ਆਖਿਆ, ੨ “ਤੂੰ ਨਿਰਬਲ ਦੀ ਸਹਾਇਤਾ ਕਿਵੇਂ ਕੀਤੀ, ਅਤੇ ਬਲਹੀਣ ਬਾਂਹ ਨੂੰ ਕਿਵੇਂ ਬਚਾਇਆ ! ੩ ਤੂੰ ਬੁੱਧਹੀਣ ਨੂੰ ਕਿਹੋ ਜਿਹੀ ਸਲਾਹ ਦਿੱਤੀ, ਅਤੇ ਖਰਾ ਗਿਆਨ ਬਹੁਤ ਪਰਗਟ ਕੀਤਾ ! ੪ ਤੂੰ ਕਿਸਨੂੰ ਇਹ ਗੱਲਾਂ ਦੱਸੀਆਂ, ਅਤੇ ਕਿਸ ਦੇ ਆਤਮਾ ਨੇ ਤੇਰੇ ਮੂੰਹੋਂ ਗੱਲ ਕੀਤੀ ?
੫ ਬਹੁਤ ਦਿਨਾਂ ਦੇ ਮਰੇ ਹੋਏ ਲੋਕ ਪਾਣੀਆਂ ਵਿੱਚ ਅਤੇ ਉਸ ਵਿੱਚ ਰਹਿਣ ਵਾਲਿਆਂ ਦੇ ਹੇਠ ਕੰਬਦੇ ਹਨ ! ੬ ਪਤਾਲ ਉਹ ਦੇ ਅੱਗੇ ਨੰਗਾ ਹੈ, ਅਤੇ ਨਰਕ ਬੇਪੜਦਾ ਹੈ । ੭ ਉਹ ਉੱਤਰ ਦੇਸ ਨੂੰ ਖਾਲੀ ਸਥਾਨ ਉੱਤੇ ਫੈਲਾਉਂਦਾ ਹੈ, ਉਹ ਧਰਤੀ ਨੂੰ ਬਿਨ੍ਹਾਂ ਸਹਾਰੇ ਦੇ ਲਟਕਾਉਂਦਾ ਹੈ ! ੮ ਉਹ ਪਾਣੀਆਂ ਨੂੰ ਆਪਣੀਆਂ ਘਟਾਂ ਵਿੱਚ ਬੰਨ੍ਹਦਾ ਹੈ, ਅਤੇ ਬੱਦਲ ਉਹਨਾਂ ਦੇ ਭਾਰ ਨਾਲ ਨਹੀਂ ਫਟਦੇ । ੯ ਉਹ ਆਪਣੇ ਸਿੰਘਾਸਣ ਦੇ ਸਾਹਮਣੇ ਬੱਦਲ ਫੈਲਾ ਕੇ ਉਸ ਨੂੰ ਢੱਕ ਕੇ ਰੱਖਦਾ ਹੈ । ੧੦ ਉਹ ਨੇ ਪਾਣੀਆਂ ਦੀ ਹੱਦ, ਚਾਨਣ ਅਤੇ ਹਨੇਰੇ ਦੀ ਹੱਦ ਤੱਕ ਠਹਿਰਾ ਰੱਖੀ ਹੈ । ੧੧ ਅਕਾਸ਼ ਦੇ ਥੰਮ੍ਹ ਹਿੱਲਦੇ ਹਨ, ਅਤੇ ਉਸ ਦੀ ਝਿੜਕੀ ਤੋਂ ਹੈਰਾਨ ਹੁੰਦੇ ਹਨ ! ੧੨ ਉਹ ਆਪਣੇ ਬਲ ਤੋਂ ਸਮੁੰਦਰ ਨੂੰ ਉਛਾਲ ਦਿੰਦਾ ਹੈ, ਅਤੇ ਆਪਣੀ ਬੁੱਧ ਨਾਲ ਰਾਹਬ ਨੂੰ ਮਾਰ ਸੁੱਟਦਾ ਹੈ । ੧੩ ਉਹ ਦੇ ਸਾਹ ਨਾਲ ਅਕਾਸ਼-ਮੰਡਲ ਸ਼ੁੱਧ ਹੋ ਜਾਂਦਾ ਹੈ, ਉਹ ਦੇ ਹੱਥ ਨੇ ਉੱਡਣੇ ਸੱਪ ਨੂੰ ਵਿੰਨ੍ਹ ਸੁੱਟਿਆ ਹੈ । ੧੪ ਵੇਖੋ, ਇਹ ਸਭ ਉਸ ਦੇ ਕੰਮਾਂ ਦੀ ਝਲਕ ਹੀ ਹੈ, ਅਤੇ ਅਸੀਂ ਉਸ ਦੀ ਕਿੰਨੀ ਹੌਲੀ ਅਵਾਜ਼ ਸੁਣਦੇ ਹਾਂ ! ਫੇਰ ਕੌਣ ਉਸ ਦੀ ਸਮਰੱਥਾ ਦੀ ਗਰਜ ਨੂੰ ਸਮਝ ਸਕਦਾ ਹੈ ?”