ਯੂਨਾਹ ਦੀ ਪ੍ਰਾਰਥਨਾ
੧ ਤਦ ਯੂਨਾਹ ਨੇ ਮੱਛੀ ਦੇ ਢਿੱਡ ਵਿੱਚੋਂ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਇਸ ਤਰ੍ਹਾਂ ਪ੍ਰਾਰਥਨਾ ਕੀਤੀ, -
੨ “ਮੈਂ ਆਪਣੇ ਔਖੇ ਸਮੇਂ ਵਿੱਚ ਯਹੋਵਾਹ ਨੂੰ ਪੁਕਾਰਿਆ
ਅਤੇ ਉਸ ਨੇ ਮੈਨੂੰ ਉੱਤਰ ਦਿੱਤਾ,
ਮੈਂ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ,
ਤੂੰ ਮੇਰੀ ਅਵਾਜ਼ ਸੁਣੀ ।
੩ ਤੂੰ ਮੈਨੂੰ ਡੂੰਘਿਆਈ ਵਿੱਚ, ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤਾ,
ਅਤੇ ਹੜ੍ਹਾਂ ਨੇ ਮੈਨੂੰ ਘੇਰ ਲਿਆ,
ਤੇਰੀਆਂ ਸਾਰੀਆਂ ਲਹਿਰਾਂ ਅਤੇ ਤਰੰਗਾਂ ਮੇਰੇ ਉੱਤੋਂ ਲੰਘ ਗਈਆਂ ।
੪ ਤਦ ਮੈਂ ਕਿਹਾ, ਮੈਂ ਤੇਰੀਆਂ ਅੱਖਾਂ ਤੋਂ ਦੂਰ ਸੁੱਟਿਆ ਗਿਆ ਹਾਂ,
ਤਾਂ ਵੀ ਮੈਂ ਫੇਰ ਤੇਰੇ ਪਵਿੱਤਰ ਮੰਦਰ ਵੱਲ ਤੱਕਾਂਗਾ ।
੫ ਪਾਣੀਆਂ ਨੇ ਮੈਨੂੰ ਜਾਨ ਤੱਕ ਘੁੱਟ ਲਿਆ,
ਡੁੰਘਿਆਈ ਨੇ ਚੁਫ਼ੇਰਿਓਂ ਮੈਨੂੰ ਘੇਰ ਲਿਆ,
ਸਾਗਰੀ ਜਾਲਾ ਮੇਰੇ ਸਿਰ ਉੱਤੇ ਲਪੇਟਿਆ ਗਿਆ !
੬ ਮੈਂ ਪਹਾੜਾਂ ਦੇ ਮੁੱਢਾਂ ਤੱਕ ਡੁੱਬ ਗਿਆ,
ਧਰਤੀ ਦੀਆਂ ਪਰਤਾਂ ਨੇ ਸਦਾ ਦੇ ਲਈ ਮੈਨੂੰ ਢੱਕ ਲਿਆ,
ਪਰ ਹੇ ਯਹੋਵਾਹ ! ਮੇਰੇ ਪਰਮੇਸ਼ੁਰ ਤੂੰ ਮੇਰੀ ਜਾਨ ਨੂੰ ਟੋਭੇ ਵਿੱਚੋਂ ਉੱਪਰ ਲਿਆਇਆ ।
੭ ਜਿਸ ਵੇਲੇ ਮੇਰਾ ਮਨ ਮੇਰੇ ਵਿੱਚ ਡੁੱਬ ਗਿਆ,
ਤਦ ਮੈਂ ਯਹੋਵਾਹ ਨੂੰ ਯਾਦ ਕੀਤਾ,
ਅਤੇ ਮੇਰੀ ਪ੍ਰਾਰਥਨਾ ਤੇਰੇ ਕੋਲ ਤੇਰੇ ਪਵਿੱਤਰ ਮੰਦਰ ਵਿੱਚ ਪਹੁੰਚ ਗਈ ।
੮ ਜਿਹੜੇ ਵਿਅਰਥ ਵਸਤੂਆਂ ਨੂੰ ਮੰਨਦੇ ਹਨ,
ਉਹ ਪਰਮੇਸ਼ੁਰ ਦੀ ਦਯਾ ਨੂੰ ਛੱਡ ਬੈਠੇ ਹਨ ।
੯ ਪਰ ਮੈਂ ਉੱਚੀ ਆਵਾਜ਼ ਨਾਲ ਧੰਨਵਾਦ ਕਰਦੇ ਹੋਏ ਤੇਰੇ ਅੱਗੇ ਬਲੀ ਚੜ੍ਹਾਵਾਂਗਾ,
ਮੈਂ ਜੋ ਕੁਝ ਸੁੱਖਣਾ ਸੁੱਖੀ ਉਸ ਨੂੰ ਪੂਰੀ ਕਰਾਂਗਾ,
ਬਚਾਉ ਯਹੋਵਾਹ ਵੱਲੋਂ ਹੀ ਹੈ ।”
੧੦ ਤਦ ਯਹੋਵਾਹ ਨੇ ਮੱਛੀ ਨੂੰ ਆਗਿਆ ਦਿੱਤੀ ਅਤੇ ਉਸ ਨੇ ਯੂਨਾਹ ਨੂੰ ਸਮੁੰਦਰ ਦੇ ਕੰਢੇ ਉੱਤੇ ਉਗਲ ਦਿੱਤਾ ।