੧੯
ਚੁੰਗੀ ਲੈਣ ਵਾਲਾ ਜ਼ੱਕੀ
੧ ਯਿਸੂ ਯਰੀਹੋ ਦੇ ਵਿੱਚੋਂ ਦੀ ਨਿੱਕਲ ਰਿਹਾ ਸੀ । ੨ ਵੇਖੋ ਜ਼ੱਕੀ ਨਾਮ ਦਾ ਇੱਕ ਆਦਮੀ ਸੀ, ਜਿਹੜਾ ਚੁੰਗੀ ਲੈਣ ਵਾਲਿਆਂ ਦਾ ਸਰਦਾਰ ਅਤੇ ਧਨਵਾਨ ਸੀ । ੩ ਅਤੇ ਉਸ ਨੇ ਯਿਸੂ ਨੂੰ ਵੇਖਣ ਦਾ ਯਤਨ ਕੀਤਾ ਜੋ ਉਹ ਕੌਣ ਹੈ ਪਰ ਭੀੜ ਦੇ ਕਾਰਨ ਵੇਖ ਨਾ ਸਕਿਆ ਕਿਉਂ ਜੋ ਉਸ ਦਾ ਕੱਦ ਮਧਰਾ ਸੀ । ੪ ਸੋ ਉਹ ਅੱਗੇ ਦੌੜ ਕੇ ਇੱਕ ਗੁੱਲਰ ਦੇ ਰੁੱਖ ਉੱਤੇ ਚੜ੍ਹ ਗਿਆ ਜੋ ਯਿਸੂ ਨੂੰ ਵੇਖ ਸਕੇ ਕਿਉਂ ਜੋ ਉਸ ਨੇ ਉਸੇ ਰਸਤੇ ਲੰਘਣਾ ਸੀ । ੫ ਜਦ ਯਿਸੂ ਉਸ ਜਗਾ ਆਇਆ ਤਾਂ ਉੱਪਰ ਨਜ਼ਰ ਮਾਰ ਕੇ ਉਸ ਨੂੰ ਆਖਿਆ, ਹੇ ਜ਼ੱਕੀ ਛੇਤੀ ਨਾਲ ਉੱਤਰ ਆ ਕਿਉਂਕਿ ਅੱਜ ਮੈਂ ਤੇਰੇ ਹੀ ਘਰ ਠਹਿਰਣਾ ਹੈ । ੬ ਤਾਂ ਉਹ ਛੇਤੀ ਉੱਤਰ ਆਇਆ ਅਤੇ ਖੁਸ਼ੀ ਨਾਲ ਉਸ ਨੂੰ ਆਦਰ-ਸਤਿਕਾਰ ਨਾਲ ਘਰ ਲੈ ਗਿਆ । ੭ ਤਾਂ ਸਭ ਵੇਖ ਕੇ ਕੁੜ੍ਹਨ ਲੱਗੇ ਅਤੇ ਬੋਲੇ ਜੋ ਉਹ ਇੱਕ ਪਾਪੀ ਆਦਮੀ ਦੇ ਘਰ ਜਾ ਠਹਿਰਿਆ ਹੈ । ੮ ਤਦ ਜ਼ੱਕੀ ਨੇ ਖੜ੍ਹੇ ਹੋ ਕੇ ਪ੍ਰਭੂ ਨੂੰ ਕਿਹਾ, ਪ੍ਰਭੂ ਜੀ ਮੈਂ ਆਪਣੀ ਅੱਧੀ ਜਾਇਦਾਦ ਗਰੀਬਾਂ ਨੂੰ ਵੰਡ ਦਿੰਦਾ ਹਾਂ ਅਤੇ ਜੇ ਮੈਂ ਕਿਸੇ ਕੋਲੋਂ ਧੋਖੇ ਨਾਲ ਲਿਆ ਹੈ, ਤਾਂ ਚਾਰ ਗੁਣਾ ਮੋੜ ਦਿਆਂਗਾ । ੯ ਯਿਸੂ ਨੇ ਉਸ ਨੂੰ ਆਖਿਆ, ਅੱਜ ਇਸ ਘਰ ਵਿੱਚ ਮੁਕਤੀ ਆਈ ਹੈ, ਜੋ ਇਹ ਵੀ ਅਬਰਾਹਾਮ ਦਾ ਪੁੱਤਰ ਹੈ । ੧੦ ਕਿਉਂ ਜੋ ਮਨੁੱਖ ਦਾ ਪੁੱਤਰ ਗੁਆਚੇ ਹੋਏ ਨੂੰ ਲੱਭਣ ਅਤੇ ਬਚਾਉਣ ਆਇਆ ਹੈ ।
ਦਸ ਅਸ਼ਰਫ਼ੀਆਂ ਦਾ ਦ੍ਰਿਸ਼ਟਾਂਤ
(ਮੱਤੀ 25:14-30)
੧੧ ਜਦ ਉਹ ਇਹ ਗੱਲਾਂ ਨੂੰ ਸੁਣਦੇ ਸਨ ਤਾਂ ਯਿਸੂ ਨੇ ਹੋਰ ਇੱਕ ਦ੍ਰਿਸ਼ਟਾਂਤ ਦਿੱਤਾ, ਇਸ ਲਈ ਜੋ ਉਹ ਯਰੂਸ਼ਲਮ ਦੇ ਨੇੜੇ ਸੀ ਅਤੇ ਉਹ ਸਮਝੇ ਸਨ ਕਿ ਪਰਮੇਸ਼ੁਰ ਦਾ ਰਾਜ ਹੁਣੇ ਪਰਗਟ ਹੋਣ ਵਾਲਾ ਹੈ । ੧੨ ਉਸ ਨੇ ਆਖਿਆ ਕਿ ਇੱਕ ਅਮੀਰ ਦੂਰ ਦੇਸ ਨੂੰ ਗਿਆ, ਜੋ ਆਪਣੇ ਲਈ ਪਾਤਸ਼ਾਹੀ ਲੈ ਕੇ ਮੁੜ ਆਵੇ । ੧੩ ਅਤੇ ਉਸ ਨੇ ਆਪਣੇ ਦਸ ਨੌਕਰਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਦਸ ਅਸ਼ਰਫ਼ੀਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਕਿਹਾ, ਜਦ ਤੱਕ ਮੈਂ ਨਾ ਆਵਾਂ ਤੁਸੀਂ ਇਨ੍ਹਾਂ ਰੁਪਿਆਂ ਨਾਲ ਵਪਾਰ ਕਰੋ । ੧੪ ਪਰ ਉਸ ਸ਼ਹਿਰ ਦੇ ਰਹਿਣ ਵਾਲੇ ਉਸ ਨਾਲ ਵੈਰ ਰੱਖਦੇ ਸਨ ਅਤੇ ਉਸ ਦੇ ਪਿੱਛੇ ਦਾਸਾਂ ਦੁਆਰਾ ਸੁਨੇਹਾ ਭੇਜਿਆ ਕਿ ਅਸੀਂ ਨਹੀਂ ਚਾਹੁੰਦੇ ਜੋ ਇਹ ਸਾਡੇ ਉੱਤੇ ਰਾਜ ਕਰੇ । ੧੫ ਇਹ ਹੋਇਆ ਕਿ ਜਦ ਉਹ ਪਾਤਸ਼ਾਹੀ ਲੈ ਕੇ ਮੁੜ ਆਇਆ ਤਾਂ ਉਹਨਾਂ ਨੌਕਰਾਂ ਨੂੰ ਜਿਨ੍ਹਾਂ ਨੂੰ ਉਸ ਨੇ ਰੁਪਏ ਦਿੱਤੇ ਸਨ ਬੁਲਾਵਾ ਭੇਜਿਆ ਤਾਂ ਜੋ ਪਤਾ ਕਰੇ ਜੋ ਉਨ੍ਹਾਂ ਨੇ ਵਪਾਰ ਵਿੱਚ ਕੀ ਕਮਾਇਆ ਹੈ । ੧੬ ਤਦ ਪਹਿਲੇ ਨੇ ਆਣ ਕੇ ਕਿਹਾ, ਸੁਆਮੀ ਜੀ, ਮੈਂ ਤੁਹਾਡੀ ਅਸ਼ਰਫ਼ੀ ਦੇ ਨਾਲ ਦਸ ਅਸ਼ਰਫ਼ੀਆਂ ਹੋਰ ਕਮਾਈਆਂ ਹਨ । ੧੭ ਤਾਂ ਉਸ ਨੇ ਦਾਸ ਨੂੰ ਆਖਿਆ, ਹੇ ਚੰਗੇ ਨੌਕਰ ਸ਼ਾਬਾਸ਼ ! ਇਸ ਲਈ ਜੋ ਤੂੰ ਬਹੁਤ ਥੋੜ੍ਹੇ ਵਿੱਚ ਇਮਾਨਦਾਰ ਨਿੱਕਲਿਆ, ਤੂੰ ਦਸਾਂ ਨਗਰਾਂ ਉੱਤੇ ਅਧਿਕਾਰ ਰੱਖ । ੧੮ ਅਤੇ ਦੂਜੇ ਨੇ ਆਣ ਕੇ ਕਿਹਾ, ਸੁਆਮੀ ਜੀ, ਤੁਹਾਡੀ ਅਸ਼ਰਫ਼ੀ ਨਾਲ ਮੈਂ ਪੰਜ ਅਸ਼ਰਫ਼ੀਆਂ ਹੋਰ ਕਮਾਈਆਂ ਹਨ । ੧੯ ਤਾਂ ਉਸ ਨੇ ਦੂਜੇ ਦਾਸ ਨੂੰ ਵੀ ਆਖਿਆ ਕਿ ਤੂੰ ਵੀ ਪੰਜਾਂ ਨਗਰਾਂ ਉੱਤੇ ਅਧਿਕਾਰ ਰੱਖ । ੨੦ ਅਤੇ ਹੋਰ ਨੇ ਆਣ ਕੇ ਕਿਹਾ, ਸੁਆਮੀ ਜੀ ਵੇਖੋ, ਇਹ ਤੁਹਾਡੀ ਅਸ਼ਰਫ਼ੀ ਹੈ ਜਿਸ ਨੂੰ ਮੈਂ ਰੁਮਾਲ ਵਿੱਚ ਰੱਖ ਛੱਡਿਆ ਹੈ । ੨੧ ਇਸ ਲਈ ਜੋ ਮੈਂ ਤੁਹਾਡੇ ਕੋਲੋਂ ਡਰਿਆ ਕਿਉਂ ਜੋ ਤੁਸੀਂ ਸਖ਼ਤ ਸੁਭਾਅ ਵਾਲੇ ਆਦਮੀ ਹੋ । ਜੋ ਤੁਸੀਂ ਨਹੀਂ ਰੱਖਿਆ ਉੱਥੋਂ ਚੁੱਕਦੇ ਹੋ ਅਤੇ ਜਿੱਥੇ ਨਹੀਂ ਬੀਜਿਆ ਉੱਥੋਂ ਵੱਢਦੇ ਹੋ । ੨੨ ਉਸ ਨੇ ਆਪਣੇ ਦਾਸ ਨੂੰ ਆਖਿਆ, ਹੇ ਦੁਸ਼ਟ ਨੌਕਰ ! ਤੇਰੇ ਹੀ ਮੂੰਹੋਂ ਮੈਂ ਤੈਨੂੰ ਦੋਸ਼ੀ ਠਹਿਰਾਉਂਦਾ ਹਾਂ । ਤੂੰ ਮੈਨੂੰ ਜਾਣਿਆ ਜੋ ਮੈਂ ਸਖ਼ਤ ਸੁਭਾਅ ਵਾਲਾ ਆਦਮੀ ਹਾਂ ਅਤੇ ਜਿੱਥੇ ਮੈਂ ਨਹੀਂ ਰੱਖਿਆ ਉੱਥੋਂ ਮੈਂ ਚੁੱਕਦਾ ਹਾਂ ਅਤੇ ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਮੈਂ ਵੱਢਦਾ ਹਾਂ । ੨੩ ਫੇਰ ਤੂੰ ਮੇਰੇ ਰੁਪਏ ਸ਼ਾਹੂਕਾਰ ਦੇ ਕੋਲ ਕਿਉਂ ਨਾ ਰੱਖੇ, ਜੋ ਮੈਂ ਆਣ ਕੇ ਉਨ੍ਹਾਂ ਨੂੰ ਵਿਆਜ ਸਮੇਤ ਵਸੂਲ ਕਰ ਲੈਂਦਾ ? ੨੪ ਅਤੇ ਉਸ ਨੇ ਉਨ੍ਹਾਂ ਨੌਕਰਾਂ ਨੂੰ ਜਿਹੜੇ ਕੋਲ ਖੜ੍ਹੇ ਸਨ ਆਖਿਆ, ਅਸ਼ਰਫ਼ੀ ਉਸ ਦੁਸ਼ਟ ਦਾਸ ਕੋਲੋਂ ਲੈ ਲਓ ਅਤੇ ਜਿਸ ਦੇ ਕੋਲ ਦਸ ਅਸ਼ਰਫ਼ੀਆਂ ਹਨ, ਉਸ ਨੂੰ ਦਿਉ । ੨੫ ਤਾਂ ਉਨ੍ਹਾਂ ਨੇ ਉਸ ਨੂੰ ਕਿਹਾ, ਸੁਆਮੀ ਜੀ ਉਸ ਦੇ ਕੋਲ ਦਸ ਅਸ਼ਰਫ਼ੀਆਂ ਹਨ । ੨੬ ਮੈਂ ਤੁਹਾਨੂੰ ਆਖਦਾ ਹਾਂ ਕਿ ਜਿਸ ਕਿਸੇ ਕੋਲ ਕੁੱਝ ਹੈ ਉਸ ਨੂੰ ਹੋਰ ਦਿੱਤਾ ਜਾਵੇਗਾ ਪਰ ਜਿਸ ਦੇ ਕੋਲ ਨਹੀਂ ਹੈ ਉਸ ਕੋਲੋਂ ਜੋ ਹੈ ਉਹ ਵੀ ਲੈ ਲਿਆ ਜਾਵੇਗਾ । ੨੭ ਮੇਰੇ ਇਨ੍ਹਾਂ ਵੈਰੀਆਂ ਨੂੰ ਜਿਹੜੇ ਨਹੀਂ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਉੱਤੇ ਰਾਜ ਕਰਾਂ ਇੱਥੇ ਲਿਆਓ ਅਤੇ ਮੇਰੇ ਸਾਹਮਣੇ ਮਾਰ ਸੁੱਟੋ !
ਯਿਸੂ ਯਰੂਸ਼ਲਮ ਵਿੱਚ ਇੱਕ ਰਾਜਾ ਦੇ ਰੂਪ ਵਿੱਚ ਆਉਂਦਾ ਹੈ
(ਮੱਤੀ 21:1-11; ਮਰਕੁਸ 11:1-11; ਯੂਹੰਨਾ 12:12-19)
੨੮ ਇਹ ਗੱਲਾਂ ਕਰ ਕੇ ਯਿਸੂ ਯਰੂਸ਼ਲਮ ਨੂੰ ਜਾਂਦਿਆਂ ਹੋਇਆਂ ਅੱਗੇ-ਅੱਗੇ ਤੁਰਿਆ ਜਾਂਦਾ ਸੀ । ੨੯ ਅਤੇ ਇਹ ਹੋਇਆ ਕਿ ਜਦ ਉਹ ਉਸ ਪਹਾੜ ਕੋਲ ਜਿਹੜਾ ਜ਼ੈਤੂਨ ਅਖਵਾਉਂਦਾ ਹੈ, ਬੈਤਫ਼ਗਾ ਅਤੇ ਬੈਤਅਨੀਆ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਚੇਲਿਆਂ ਵਿੱਚੋਂ ਦੋ ਨੂੰ ਇਹ ਕਹਿ ਕੇ ਭੇਜਿਆ ੩੦ ਕਿ ਸਾਹਮਣੇ ਪਿੰਡ ਨੂੰ ਜਾਓ ਅਤੇ ਉੱਥੇ ਪਹੁੰਚ ਕੇ ਤੁਸੀਂ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ ਜਿਸ ਦੇ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ, ਉਸ ਨੂੰ ਖੋਲ੍ਹ ਲਿਆਓ । ੩੧ ਅਤੇ ਜੇ ਕੋਈ ਤੁਹਾਨੂੰ ਪੁੱਛੇ ਕਿ ਤੁਸੀਂ ਇਸ ਨੂੰ ਕਿਉਂ ਖੋਲ੍ਹਦੇ ਹੋ ? ਤਾਂ ਇਹ ਆਖਣਾ ਜੋ ਪ੍ਰਭੂ ਨੂੰ ਇਸ ਦੀ ਲੋੜ ਹੈ । ੩੨ ਸੋ ਜਿਹੜੇ ਭੇਜੇ ਗਏ ਸਨ ਉਨ੍ਹਾਂ ਨੇ ਉਸ ਪਿੰਡ ਵਿੱਚ ਜਾ ਕੇ ਜਿਸ ਤਰ੍ਹਾਂ ਉਨ੍ਹਾਂ ਨੂੰ ਕਿਹਾ ਸੀ ਉਸੇ ਤਰ੍ਹਾਂ ਵੇਖਿਆ । ੩੩ ਅਤੇ ਜਦ ਉਸ ਗਧੀ ਦੇ ਬੱਚੇ ਨੂੰ ਖੋਲ੍ਹਦੇ ਸਨ, ਤਾਂ ਉਸ ਦੇ ਮਾਲਕਾਂ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਬੱਚੇ ਨੂੰ ਕਿਉਂ ਖੋਲ੍ਹਦੇ ਹੋ ? ੩੪ ਫੇਰ ਉਨ੍ਹਾਂ ਨੇ ਉੱਤਰ ਦਿੱਤਾ ਕਿ ਪ੍ਰਭੂ ਨੂੰ ਇਸ ਦੀ ਲੋੜ ਹੈ । ੩੫ ਉਹ ਉਸ ਨੂੰ ਯਿਸੂ ਦੇ ਕੋਲ ਲਿਆਏ ਅਤੇ ਆਪਣੇ ਕੱਪੜੇ ਗਧੀ ਦੇ ਬੱਚੇ ਤੇ ਪਾ ਕੇ ਯਿਸੂ ਨੂੰ ਉਸ ਉੱਪਰ ਬਿਠਾ ਦਿੱਤਾ । ੩੬ ਜਿਸ ਸਮੇਂ ਉਹ ਅੱਗੇ ਵਧਿਆ ਜਾਂਦਾ ਸੀ ਤਾਂ ਲੋਕੀ ਆਪਣੇ ਕੱਪੜੇ ਉਸ ਦੀ ਰਾਹ ਵਿੱਚ ਵਿਛਾਉਂਦੇ ਸਨ । ੩੭ ਅਤੇ ਜਦ ਉਹ ਜ਼ੈਤੂਨ ਦੀ ਉਤਰਾਈ ਤੇ ਪਹੁੰਚਿਆ ਤਾਂ ਚੇਲਿਆਂ ਦੀ ਸਾਰੀ ਟੋਲੀ ਅਨੰਦ ਨਾਲ ਭਰ ਕੇ ਉਨ੍ਹਾਂ ਸਭ ਚਮਤਕਾਰਾਂ ਦੇ ਲਈ ਜੋ ਉਨ੍ਹਾਂ ਨੇ ਵੇਖੇ ਸਨ, ਉੱਚੀ ਅਵਾਜ਼ ਨਾਲ ਇਹ ਕਹਿ ਕੇ ਪਰਮੇਸ਼ੁਰ ਦੀ ਉਸਤਤ ਕਰਨ ਲੱਗੀ ੩੮ ਕਿ ਮੁਬਾਰਕ ਉਹ ਪਾਤਸ਼ਾਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ ! ਸਵਰਗ ਵਿੱਚ ਸ਼ਾਂਤੀ ਅਤੇ ਅਕਾਸ਼ ਵਿੱਚ ਵਡਿਆਈ ਹੋਵੇ ! ੩੯ ਤਦ ਭੀੜ ਵਿੱਚ ਕਿੰਨਿਆਂ ਫ਼ਰੀਸੀਆਂ ਨੇ ਉਸ ਨੂੰ ਕਿਹਾ, ਗੁਰੂ ਜੀ ਆਪਣਿਆਂ ਚੇਲਿਆਂ ਨੂੰ ਚੁੱਪ ਕਰਾ ! ੪੦ ਯਿਸੂ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਇਹ ਚੁੱਪ ਕਰ ਜਾਣ ਤਾਂ ਪੱਥਰ ਬੋਲ ਉੱਠਣਗੇ !
ਯਰੂਸ਼ਲਮ ਦੇ ਲਈ ਵਿਰਲਾਪ
੪੧ ਜਦ ਉਹ ਨੇੜੇ ਆਇਆ ਤਾਂ ਸ਼ਹਿਰ ਨੂੰ ਵੇਖ ਕੇ ਉਸ ਉੱਤੇ ਰੋਇਆ ੪੨ ਅਤੇ ਆਖਿਆ, ਕਾਸ਼ ਕਿ ਤੂੰ ਅੱਜ ਸ਼ਾਂਤੀ ਦੀਆਂ ਗੱਲਾਂ ਨੂੰ ਜਾਣਦਾ, ਪਰ ਹੁਣ ਉਹ ਤੇਰੀਆਂ ਅੱਖਾਂ ਤੋਂ ਲੁੱਕੀਆਂ ਹੋਈਆਂ ਹਨ । ੪੩ ਕਿਉਂਕਿ ਉਹ ਦਿਨ ਤੇਰੇ ਉੱਤੇ ਆਉਣਗੇ ਜਦ ਤੇਰੇ ਵੈਰੀ ਤੇਰੇ ਵਿਰੁੱਧ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਚਾਰੋਂ ਪਾਸੋਂ ਤੈਨੂੰ ਦੱਬਣਗੇ, ੪੪ ਅਤੇ ਤੇਰੇ ਬੱਚਿਆਂ ਸਮੇਤ ਜੋ ਤੇਰੇ ਵਿੱਚ ਹਨ ਤੈਨੂੰ ਧਰਤੀ ਉੱਤੇ ਪਟਕਾ ਦੇਣਗੇ ਅਤੇ ਤੇਰੇ ਵਿੱਚ ਪੱਥਰ ਉੱਤੇ ਪੱਥਰ ਨਾ ਛੱਡਣਗੇ, ਕਿਉਂ ਜੋ ਤੂੰ ਆਪਣੀ ਭਲਾਈ ਦੇ ਮੌਕੇ ਨੂੰ ਨਾ ਜਾਣਿਆ । ੪੫ ਫਿਰ ਉਹ ਹੈਕਲ ਵਿੱਚ ਜਾ ਕੇ ਉਨ੍ਹਾਂ ਨੂੰ ਜਿਹੜੇ ਵੇਚਦੇ ਸਨ ਬਾਹਰ ਕੱਢਣ ਲੱਗਾ ।
ਹੈਕਲ ਵਿੱਚੋਂ ਵਪਾਰੀਆਂ ਨੂੰ ਕੱਢਣਾ
(ਮੱਤੀ 21:12-17; ਮਰਕੁਸ 11:15-19; ਯੂਹੰਨਾ 2:13-22)
੪੬ ਉਨ੍ਹਾਂ ਨੂੰ ਆਖਿਆ ਕਿ ਲਿਖਿਆ ਹੈ ਕਿ ਮੇਰਾ ਘਰ ਪ੍ਰਾਰਥਨਾ ਦਾ ਘਰ ਹੋਵੇਗਾ ਪਰ ਤੁਸੀਂ ਉਸ ਨੂੰ ਡਾਕੂਆਂ ਦਾ ਅੱਡਾ ਬਣਾ ਦਿੱਤਾ ਹੈ । ੪੭ ਉਹ ਹੈਕਲ ਵਿੱਚ ਹਰ ਰੋਜ਼ ਉਪਦੇਸ਼ ਕਰਦਾ ਸੀ, ਪਰ ਮੁੱਖ ਜਾਜਕ ਅਤੇ ਉਪਦੇਸ਼ਕ ਅਤੇ ਲੋਕਾਂ ਦੇ ਸਰਦਾਰ ਉਸ ਦਾ ਨਾਸ ਕਰਨ ਦੀ ਖੋਜ ਵਿੱਚ ਸਨ । ੪੮ ਪਰ ਇਹ ਕਰਨ ਦਾ ਕੋਈ ਤਰੀਕਾ ਨਾ ਲੱਭਿਆ ਕਿਉਂ ਜੋ ਸਭ ਲੋਕ ਉਸ ਦੀ ਸੁਣਨ ਵਿੱਚ ਲੀਨ ਸਨ ।