ਨਹਮਯਾਹ ਦਾ ਯਰੂਸ਼ਲਮ ਵੱਲ ਪ੍ਰਸਥਾਨ
੧ ਫਿਰ ਇਸ ਤਰ੍ਹਾਂ ਹੋਇਆ ਕਿ ਰਾਜਾ ਅਰਤਹਸ਼ਸ਼ਤਾ ਦੇ ਵੀਹਵੇਂ ਸਾਲ ਦੇ ਨੀਸਾਨ ਮਹੀਨੇ ਵਿੱਚ ਜਦ ਮਧ ਉਸ ਦੇ ਸਾਹਮਣੇ ਲਿਆਂਦੀ ਗਈ, ਤਦ ਮੈਂ ਮਧ ਚੁੱਕ ਕੇ ਰਾਜਾ ਨੂੰ ਦਿੱਤੀ ਪਰ ਇਸ ਤੋਂ ਪਹਿਲਾਂ ਮੈਂ ਉਸ ਦੇ ਸਾਹਮਣੇ ਕਦੇ ਉਦਾਸ ਨਹੀਂ ਹੋਇਆ ਸੀ । ੨ ਤਦ ਰਾਜਾ ਨੇ ਮੈਨੂੰ ਪੁੱਛਿਆ, “ਤੂੰ ਬਿਮਾਰ ਤਾਂ ਨਹੀਂ ਲੱਗਦਾ, ਫਿਰ ਤੇਰਾ ਮੂੰਹ ਕਿਉਂ ਉਤਰਿਆ ਹੈ ? ਇਹ ਤੇਰੇ ਦਿਲ ਦੀ ਉਦਾਸੀ ਬਿਨ੍ਹਾਂ ਹੋਰ ਕੁਝ ਨਹੀਂ ।” ਤਦ ਮੈਂ ਬਹੁਤ ਹੀ ਡਰ ਗਿਆ । ੩ ਮੈਂ ਰਾਜਾ ਨੂੰ ਕਿਹਾ, “ਰਾਜਾ ਜੁੱਗੋ-ਜੁੱਗ ਜੀਉਂਦਾ ਰਹੇ ! ਮੇਰਾ ਮੂੰਹ ਕਿਉਂ ਉਦਾਸ ਨਾ ਹੋਵੇ ਜਦ ਕਿ ਉਹ ਸ਼ਹਿਰ ਜਿੱਥੇ ਮੇਰੇ ਪੁਰਖਿਆਂ ਦੀਆਂ ਕਬਰਾਂ ਹਨ, ਉਜਾੜ ਹੋਇਆ ਪਿਆ ਹੈ ਅਤੇ ਉਸ ਦੇ ਫਾਟਕ ਅੱਗ ਨਾਲ ਜਲੇ ਹੋਏ ਹਨ ? “ ੪ ਰਾਜਾ ਨੇ ਮੈਨੂੰ ਪੁੱਛਿਆ, ਤੂੰ ਕੀ ਚਾਹੁੰਦਾ ਹੈਂ ? “ ਤਦ ਮੈਂ ਸਵਰਗ ਦੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ੫ ਅਤੇ ਰਾਜਾ ਨੂੰ ਕਿਹਾ, “ਜੇਕਰ ਰਾਜਾ ਨੂੰ ਚੰਗਾ ਲੱਗੇ ਅਤੇ ਜੇਕਰ ਤੁਸੀਂ ਆਪਣੇ ਦਾਸ ਤੋਂ ਪ੍ਰਸੰਨ ਹੋ, ਤਾਂ ਤੁਸੀਂ ਮੈਨੂੰ ਯਹੂਦਾਹ ਨੂੰ ਮੇਰੇ ਪੁਰਖਿਆਂ ਦੀਆਂ ਕਬਰਾਂ ਦੇ ਸ਼ਹਿਰ ਨੂੰ ਭੇਜ ਦਿਉ ਤਾਂ ਜੋ ਮੈਂ ਉਨ੍ਹਾਂ ਨੂੰ ਬਣਾਵਾਂ ।” ੬ ਤਦ ਰਾਜਾ ਨੇ ਜਿਸ ਦੇ ਕੋਲ ਰਾਣੀ ਵੀ ਬੈਠੀ ਸੀ, ਮੈਨੂੰ ਪੁੱਛਿਆ, “ਤੇਰਾ ਸਫ਼ਰ ਕਿੰਨ੍ਹੇ ਦਿਨ ਦਾ ਹੋਵੇਗਾ ਅਤੇ ਤੂੰ ਕਦੋਂ ਵਾਪਿਸ ਮੁੜੇਂਗਾ ? “ ਤਦ ਮੈਨੂੰ ਭੇਜਣਾ ਰਾਜਾ ਨੂੰ ਚੰਗਾ ਲੱਗਿਆ ਅਤੇ ਮੈਂ ਵੀ ਉਸ ਦੇ ਨਾਲ ਇੱਕ ਸਮਾਂ ਨਿਯੁਕਤ ਕਰ ਲਿਆ । ੭ ਫਿਰ ਮੈਂ ਰਾਜਾ ਨੂੰ ਕਿਹਾ, “ਜੇਕਰ ਰਾਜਾ ਨੂੰ ਚੰਗਾ ਲੱਗੇ ਤਾਂ ਮੈਨੂੰ ਦਰਿਆ ਪਾਰ ਦੇ ਸੂਬਿਆਂ ਦੇ ਹਾਕਮਾਂ ਲਈ ਹੁਕਮਨਾਮੇ ਦਿੱਤੇ ਜਾਣ ਤਾਂ ਜੋ ਉਹ ਮੈਨੂੰ ਆਪਣੇ ਸ਼ਹਿਰਾਂ ਵਿੱਚੋਂ ਲੰਘਣ ਦੇਣ ਜਦੋਂ ਤੱਕ ਮੈਂ ਯਹੂਦਾਹ ਵਿੱਚ ਨਾ ਪਹੁੰਚ ਜਾਂਵਾਂ । ੮ ਇੱਕ ਹੁਕਮਨਾਮਾ ਆਸਾਫ਼ ਲਈ ਵੀ ਦਿੱਤਾ ਜਾਵੇ ਜੋ ਸ਼ਾਹੀ ਜੰਗਲ ਦਾ ਰਾਖਾ ਹੈ ਤਾਂ ਜੋ ਉਹ ਮੈਨੂੰ ਸ਼ਾਹੀ ਮਹਿਲ ਅਤੇ ਭਵਨ ਦੇ ਫਾਟਕਾਂ ਲਈ ਅਤੇ ਸ਼ਹਿਰ ਦੀ ਦੀਵਾਰ ਲਈ ਅਤੇ ਉਸ ਘਰ ਲਈ ਜਿਸ ਵਿੱਚ ਮੈਂ ਜਾ ਕੇ ਰਹਾਂਗਾ, ਸ਼ਤੀਰਾਂ ਲਈ ਮੈਨੂੰ ਲੱਕੜ ਦੇਵੇ ।” ਕਿਉਂਕਿ ਮੇਰੇ ਪਰਮੇਸ਼ੁਰ ਦਾ ਦਿਆਲੂ ਹੱਥ ਮੇਰੇ ਉੱਤੇ ਸੀ, ਇਸ ਲਈ ਰਾਜਾ ਨੇ ਮੇਰੀ ਬੇਨਤੀ ਸਵੀਕਾਰ ਕਰ ਲਈ । ੯ ਤਦ ਮੈਂ ਦਰਿਆ ਪਾਰ ਦੇ ਹਾਕਮਾਂ ਕੋਲ ਗਿਆ ਅਤੇ ਸ਼ਾਹੀ ਹੁਕਮਨਾਮੇ ਉਨ੍ਹਾਂ ਨੂੰ ਦਿੱਤੇ । ਰਾਜਾ ਨੇ ਮੇਰੇ ਨਾਲ ਫ਼ੌਜੀ ਸਰਦਾਰ ਅਤੇ ਸਵਾਰ ਵੀ ਭੇਜੇ ਸਨ ।
੧੦ ਜਦ ਸਨਬਲਟ ਹੋਰੋਨੀ ਅਤੇ ਟੋਬੀਯਾਹ ਅੰਮੋਨੀ ਨੇ ਜੋ ਕਰਮਚਾਰੀ ਸਨ, ਇਹ ਸੁਣਿਆ ਕਿ ਇੱਕ ਮਨੁੱਖ ਆਇਆ ਹੈ ਜੋ ਇਸਰਾਏਲੀਆਂ ਦੀ ਭਲਿਆਈ ਚਾਹੁੰਦਾ ਹੈ, ਤਾਂ ਉਨ੍ਹਾਂ ਨੇ ਬਹੁਤ ਬੁਰਾ ਮੰਨਿਆ । ੧੧ ਜਦ ਮੈਂ ਯਰੂਸ਼ਲਮ ਪਹੁੰਚ ਗਿਆ, ਤਾਂ ਤਿੰਨ ਦਿਨ ਉੱਥੇ ਰਿਹਾ । ੧੨ ਤਦ ਮੈਂ ਆਪਣੇ ਨਾਲ ਦੇ ਕੁਝ ਹੋਰ ਮਨੁੱਖਾਂ ਨੂੰ ਲੈ ਕੇ ਰਾਤ ਨੂੰ ਉੱਠਿਆ, ਅਤੇ ਜਿਹੜਾ ਕੰਮ ਮੇਰੇ ਪਰਮੇਸ਼ੁਰ ਨੇ ਮੇਰੇ ਦਿਲ ਵਿੱਚ ਯਰੂਸ਼ਲਮ ਲਈ ਕਰਨ ਨੂੰ ਪਾਇਆ ਸੀ, ਉਹ ਮੈਂ ਕਿਸੇ ਨੂੰ ਨਾ ਦੱਸਿਆ । ਮੇਰੀ ਸਵਾਰੀ ਦੇ ਪਸ਼ੂ ਤੋਂ ਬਿਨ੍ਹਾਂ ਹੋਰ ਕੋਈ ਪਸ਼ੂ ਮੇਰੇ ਨਾਲ ਨਹੀਂ ਸੀ । ੧੩ ਅਤੇ ਮੈਂ ਰਾਤ ਨੂੰ ਵਾਦੀ ਦੇ ਫਾਟਕ ਤੋਂ ਨਿੱਕਲ ਕੇ ਨਾਗ ਦੇ ਸੋਤੇ ਦੇ ਸਾਹਮਣੇ ਅਤੇ ਕੂੜੇ ਦੇ ਫਾਟਕ ਕੋਲ ਗਿਆ ਅਤੇ ਯਰੂਸ਼ਲਮ ਦੀਆਂ ਟੁੱਟੀਆਂ ਹੋਈਆਂ ਕੰਧਾਂ ਨੂੰ ਅਤੇ ਅੱਗ ਦੇ ਜਲੇ ਹੋਏ ਫਾਟਕਾਂ ਨੂੰ ਵੇਖਿਆ । ੧੪ ਫੇਰ ਮੈਂ ਅੱਗੇ ਲੰਘ ਕੇ ਚਸ਼ਮਾ ਫਾਟਕ ਅਤੇ ਰਾਜਾ ਦੇ ਤਲਾਬ ਕੋਲ ਗਿਆ, ਪਰ ਉੱਥੇ ਮੇਰੀ ਸਵਾਰੀ ਦੇ ਪਸ਼ੂ ਲਈ ਅੱਗੇ ਲੰਘਣ ਲਈ ਕੋਈ ਸਥਾਨ ਨਹੀਂ ਸੀ । ੧੫ ਫੇਰ ਮੈਂ ਰਾਤ ਨੂੰ ਹੀ ਨਾਲੇ ਵੱਲ ਚੜ੍ਹ ਗਿਆ ਅਤੇ ਕੰਧ ਨੂੰ ਵੇਖਦਾ ਹੋਇਆ ਘੁੰਮ ਕੇ ਵਾਦੀ ਦੇ ਫਾਟਕ ਰਾਹੀਂ ਵਾਪਿਸ ਮੁੜ ਆਇਆ । ੧੬ ਹਾਕਮਾਂ ਨੂੰ ਪਤਾ ਨਾ ਲੱਗਿਆ ਕਿ ਮੈਂ ਕਿੱਥੇ ਗਿਆ ਸੀ ਅਤੇ ਕੀ ਕੀਤਾ, ਸਗੋਂ ਮੈਂ ਉਸ ਸਮੇਂ ਤੱਕ ਨਾ ਤਾਂ ਯਹੂਦੀਆਂ ਨੂੰ ਅਤੇ ਨਾ ਜਾਜਕਾਂ ਨੂੰ, ਨਾ ਸਾਮੰਤਾਂ ਨੂੰ, ਨਾ ਹਾਕਮਾਂ ਨੂੰ ਅਤੇ ਨਾ ਹੀ ਹੋਰ ਕੰਮ ਕਰਨ ਵਾਲਿਆਂ ਨੂੰ ਕੁਝ ਦੱਸਿਆ ਸੀ ੧੭ ਤਦ ਮੈਂ ਉਨ੍ਹਾਂ ਨੂੰ ਕਿਹਾ, “ਤੁਸੀਂ ਆਪ ਵੇਖਦੇ ਹੋ ਕਿ ਅਸੀਂ ਕਿੰਨੀ ਦੁਰਦਸ਼ਾ ਵਿੱਚ ਪਏ ਹਾਂ ਕਿ ਯਰੂਸ਼ਲਮ ਉੱਜੜ ਗਿਆ ਹੈ ਅਤੇ ਉਸ ਦੇ ਫਾਟਕ ਅੱਗ ਨਾਲ ਜਲੇ ਹੋਏ ਹਨ । ਆਉ, ਅਸੀਂ ਯਰੂਸ਼ਲਮ ਦੀ ਸ਼ਹਿਰਪਨਾਹ ਨੂੰ ਬਣਾਈਏ ਤਾਂ ਜੋ ਭਵਿੱਖ ਵਿੱਚ ਸਾਡੀ ਨਿੰਦਿਆ ਨਾ ਹੋਵੇ ।” ੧੮ ਤਦ ਮੈਂ ਉਨ੍ਹਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਮੇਰੇ ਪਰਮੇਸ਼ੁਰ ਦਾ ਹੱਥ ਮੇਰੇ ਉੱਤੇ ਭਲਿਆਈ ਲਈ ਸੀ ਅਤੇ ਰਾਜਾ ਨੇ ਮੈਨੂੰ ਕੀ-ਕੀ ਗੱਲਾਂ ਆਖੀਆਂ ਸਨ । ਤਦ ਉਨ੍ਹਾਂ ਨੇ ਕਿਹਾ, “ਆਉ, ਅਸੀਂ ਉੱਠੀਏ ਅਤੇ ਬਣਾਈਏ ।” ਤਾਂ ਉਨ੍ਹਾਂ ਨੇ ਇਸ ਭਲੇ ਕੰਮ ਲਈ ਆਪਣਿਆਂ ਹੱਥਾਂ ਨੂੰ ਤਕੜਾ ਕੀਤਾ ।
੧੯ ਜਦ ਸਨਬਲਟ ਹੋਰੋਨੀ, ਟੋਬੀਯਾਹ ਅੰਮੋਨੀ ਜੋ ਕਰਮਚਾਰੀ ਸਨ ਅਤੇ ਅਰਬੀ ਗਸ਼ਮ ਨੇ ਇਹ ਸੁਣਿਆ ਤਾਂ ਉਨ੍ਹਾਂ ਨੇ ਸਾਡਾ ਮਖੌਲ ਉਡਾਇਆ ਅਤੇ ਸਾਡੀ ਨਿੰਦਿਆ ਕਰਕੇ ਕਹਿਣ ਲੱਗੇ, “ਇਹ ਕੀ ਕੰਮ ਹੈ ਜੋ ਤੁਸੀਂ ਕਰ ਰਹੇ ਹੋ ? ਕੀ ਤੁਸੀਂ ਰਾਜਾ ਦੇ ਵਿਰੁੱਧ ਹੋ ਜਾਉਗੇ ? “ ੨੦ ਤਦ ਮੈਂ ਉਨ੍ਹਾਂ ਨੂੰ ਉੱਤਰ ਦੇ ਕੇ ਕਿਹਾ, “ਸਵਰਗ ਦਾ ਪਰਮੇਸ਼ੁਰ ਸਾਡਾ ਕੰਮ ਸਫ਼ਲ ਕਰੇਗਾ, ਇਸ ਲਈ ਅਸੀਂ ਉਸ ਦੇ ਦਾਸ ਉੱਠਾਂਗੇ ਅਤੇ ਬਣਾਵਾਂਗੇ ਪਰ ਯਰੂਸ਼ਲਮ ਵਿੱਚ ਨਾ ਤਾਂ ਤੁਹਾਡਾ ਕੋਈ ਹਿੱਸਾ, ਨਾ ਹੱਕ ਅਤੇ ਨਾ ਹੀ ਸਮਾਰਕ ਹੈ !”