੩
ਹਾਰੂਨ ਦੇ ਪੁੱਤਰ 
 ੧ ਇਹ ਹਾਰੂਨ ਅਤੇ ਮੂਸਾ ਦੀ ਵੰਸ਼ਾਵਲੀ ਹੈ, ਜਿਸ ਦਿਨ ਯਹੋਵਾਹ ਸੀਨਈ ਪਹਾੜ ਉੱਤੇ ਮੂਸਾ ਨਾਲ ਬੋਲਿਆ ।  ੨ ਹਾਰੂਨ ਦੇ ਪੁੱਤਰਾਂ ਦੇ ਨਾਮ ਇਹ ਹਨ, ਪਹਿਲੌਠਾ ਨਾਦਾਬ, ਫ਼ੇਰ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ।  ੩ ਇਹ ਹਾਰੂਨ ਦੇ ਪੁੱਤਰਾਂ ਦੇ ਨਾਮ ਹਨ, ਉਹ ਜਾਜਕ ਜਿਹੜੇ ਮਸਹ ਕੀਤੇ ਗਏ ਅਤੇ ਜਿਨ੍ਹਾਂ ਨੂੰ ਉਸ ਨੇ ਜਾਜਕਾਈ ਲਈ ਥਾਪਿਆ ।  ੪ ਨਾਦਾਬ ਅਤੇ ਅਬੀਹੂ ਯਹੋਵਾਹ ਦੇ ਸਨਮੁਖ ਮਰ ਗਏ ਜਦ ਉਹ ਸੀਨਈ ਦੀ ਉਜਾੜ ਵਿੱਚ ਯਹੋਵਾਹ ਦੇ ਸਨਮੁਖ ਅਯੋਗ ਅੱਗ ਲਿਆਏ ਅਤੇ ਉਨ੍ਹਾਂ ਦੇ ਪੁੱਤਰ ਨਹੀਂ ਸਨ ਇਸ ਲਈ ਅਲਆਜ਼ਾਰ ਅਤੇ ਈਥਾਮਾਰ ਆਪਣੇ ਪਿਤਾ ਹਾਰੂਨ ਦੇ ਅੱਗੇ ਜਾਜਕਾਈ ਦਾ ਕੰਮ ਕਰਦੇ ਸਨ । 
ਜਾਜਕਾਂ ਦੀ ਸੇਵਾ ਦੇ ਲਈ ਲੇਵੀ 
 ੫ ਯਹੋਵਾਹ ਨੇ ਮੂਸਾ ਨੂੰ ਆਖਿਆ  ੬ ਕਿ ਲੇਵੀ ਦੇ ਗੋਤ ਨੂੰ ਨੇੜੇ ਲਿਆ ਅਤੇ ਉਨ੍ਹਾਂ ਨੂੰ ਹਾਰੂਨ ਜਾਜਕ ਦੇ ਅੱਗੇ ਖੜ੍ਹਾ ਕਰ ਤਾਂ ਜੋ ਉਹ ਉਸ ਦੀ ਸੇਵਾ ਕਰਨ ।  ੭ ਅਤੇ ਉਹ ਉਸਦਾ ਫ਼ਰਜ਼ ਅਤੇ ਸਾਰੀ ਮੰਡਲੀ ਦਾ ਫ਼ਰਜ਼ ਮਿਲਾਪ ਵਾਲੇ ਤੰਬੂ ਦੇ ਅੱਗੇ ਪੂਰਾ ਕਰਨ, ਜੋ ਉਹ ਡੇਰੇ ਦੀ ਟਹਿਲ ਸੇਵਾ ਕਰਨ ।  ੮ ਉਹ ਮਿਲਾਪ ਵਾਲੇ ਤੰਬੂ ਦੇ ਸਾਰੇ ਸਾਮਾਨ ਨਾਲੇ ਇਸਰਾਏਲੀਆਂ ਦਾ ਫ਼ਰਜ਼ ਪੂਰਾ ਕਰਨ ਅਤੇ ਰਖਵਾਲੀ ਕਰਨ, ਇਸ ਤਰ੍ਹਾਂ ਉਹ ਡੇਰੇ ਦੀ ਟਹਿਲ ਸੇਵਾ ਕਰਨ ।  ੯ ਤੂੰ ਲੇਵੀਆਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੇਈਂ । ਇਹ ਇਸਰਾਏਲੀਆਂ ਦੀ ਵੱਲੋਂ ਹਾਰੂਨ ਨੂੰ ਪੂਰੀ ਰੀਤੀ ਨਾਲ ਸਮਰਪਣ ਹੋਣ ।  ੧੦ ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਜਾਜਕਾਈ ਲਈ ਠਹਿਰਾਈਂ ਤਾਂ ਜੋ ਉਹ ਆਪਣੀ ਜਾਜਕਾਈ ਨੂੰ ਸਾਂਭਣ ਅਤੇ ਜੇ ਕੋਈ ਅਜਨਬੀ ਨੇੜੇ ਆਵੇ ਉਹ ਮਾਰਿਆ ਜਾਵੇ । 
 ੧੧ ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,  ੧੨ ਵੇਖ, ਮੈਂ ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਸਾਰੇ ਪਹਿਲੌਠਿਆਂ ਦੇ ਥਾਂ ਜਿਹੜੇ ਇਸਰਾਏਲ ਵਿੱਚ ਹਨ, ਲੈ ਲਿਆ ਹੈ ਇਸ ਤਰ੍ਹਾਂ ਲੇਵੀ ਮੇਰੇ ਹੋਣਗੇ ।  ੧੩ ਕਿਉਂ ਜੋ ਹਰ ਇੱਕ ਪਹਿਲੌਠਾ ਮੇਰਾ ਹੈ ਜਿਸ ਦਿਨ ਤੋਂ ਮੈਂ ਮਿਸਰ ਦੇਸ ਵਿੱਚ ਹਰ ਇੱਕ ਪਹਿਲੌਠਾ ਮਾਰਿਆ । ਮੈਂ ਆਪਣੇ ਲਈ ਹਰ ਇੱਕ ਪਹਿਲੌਠਾ ਇਸਰਾਏਲ ਵਿੱਚ ਆਦਮੀ ਤੋਂ ਲੈ ਕੇ ਡੰਗਰ ਤਕ ਪਵਿੱਤਰ ਕੀਤਾ, ਉਹ ਮੇਰੇ ਹੋਣਗੇ । ਮੈਂ ਯਹੋਵਾਹ ਹਾਂ । 
ਲੇਵੀਆਂ ਦੀ ਮਰਦਸ਼ੁਮਾਰੀ 
 ੧੪ ਫੇਰ ਯਹੋਵਾਹ ਮੂਸਾ ਨਾਲ ਸੀਨਈ ਦੀ ਉਜਾੜ ਵਿੱਚ ਬੋਲਿਆ,  ੧੫ ਲੇਵੀਆਂ ਵਿਚੋਂ ਜਿਹੜੇ ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਹੋਣ ਉਹਨਾਂ ਨੂੰ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਤੇ ਉਨ੍ਹਾਂ ਦੇ ਟੱਬਰਾਂ ਅਨੁਸਾਰ ਗਿਣ ।  ੧੬ ਤਦ ਮੂਸਾ ਨੇ ਜਿਵੇਂ ਉਹ ਨੂੰ ਹੁਕਮ ਮਿਲਿਆ ਉਨ੍ਹਾਂ ਨੂੰ ਯਹੋਵਾਹ ਦੇ ਕਹੇ ਅਨੁਸਾਰ ਗਿਣਿਆ ।  ੧੭ ਇਹ ਲੇਵੀ ਦੇ ਪੁੱਤਰਾਂ ਦੇ ਨਾਮ ਸਨ, ਗੇਰਸ਼ੋਨ, ਕਹਾਥ ਅਤੇ ਮਰਾਰੀ ।  ੧੮ ਇਹ ਗੇਰਸ਼ੋਨ ਦੇ ਪੁੱਤਰਾਂ ਦੇ ਨਾਮ ਹਨ, ਉਨ੍ਹਾਂ ਦੇ ਟੱਬਰਾਂ ਅਨੁਸਾਰ, ਲਿਬਨੀ ਅਤੇ ਸ਼ਿਮਈ ।  ੧੯ ਕਹਾਥ ਦੇ ਪੁੱਤਰ, ਉਨ੍ਹਾਂ ਦੇ ਟੱਬਰਾਂ ਅਨੁਸਾਰ, ਅਮਰਾਮ, ਯਿਸਹਾਰ, ਹਬਰੋਨ ਅਤੇ ਉੱਜ਼ੀਏਲ ।  ੨੦ ਮਰਾਰੀ ਦੇ ਪੁੱਤਰ ਉਨ੍ਹਾਂ ਦੇ ਟੱਬਰਾਂ ਅਨੁਸਾਰ, ਮਹਲੀ ਅਤੇ ਮੂਸ਼ੀ । ਇਹ ਲੇਵੀ ਦੇ ਪਰਿਵਾਰ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਹਨ । 
 ੨੧ ਲਿਬਨੀਆਂ ਦਾ ਪਰਿਵਾਰ ਅਤੇ ਸ਼ਿਮਈਆਂ ਦਾ ਪਰਿਵਾਰ, ਗੇਰਸ਼ੋਨ ਦੇ ਹਨ । ਇਹ ਗੇਰਸ਼ੋਨੀਆਂ ਦੇ ਪਰਿਵਾਰ ਹਨ ।  ੨੨ ਅਤੇ ਪੁਰਖ ਜਿਹੜੇ ਗਿਣਤੀ ਵਿੱਚ ਆਏ ਇੱਕ ਮਹੀਨੇ ਤੋਂ ਉੱਪਰ ਦੇ ਸੱਤ ਹਜ਼ਾਰ ਪੰਜ ਸੌ ਗਿਣੇ ਗਏ ।  ੨੩ ਗੇਰਸ਼ੋਨੀਆਂ ਦੇ ਪਰਿਵਾਰ ਡੇਰੇ ਦੇ ਮਗਰ ਪੱਛਮ ਵਾਲੇ ਪਾਸੇ ਡੇਰਾ ਲਾਉਣ ।  ੨੪ ਅਤੇ ਗੇਰਸ਼ੋਨੀਆਂ ਦੇ ਪੁਰਖਿਆਂ ਦੇ ਪਰਿਵਾਰ ਦਾ ਪ੍ਰਧਾਨ ਲਾਏਲ ਦਾ ਪੁੱਤਰ ਅਲਯਾਸਾਫ਼ ਹੋਵੇ ।  ੨੫ ਗੇਰਸ਼ੋਨੀਆਂ ਦੀ ਜ਼ਿੰਮੇਵਾਰੀ ਵਿੱਚ, ਮਿਲਾਪ ਵਾਲੇ ਤੰਬੂ ਵਿੱਚ ਡੇਰਾ ਅਤੇ ਤੰਬੂ, ਉਹ ਦਾ ਪਰਦਾ ਅਤੇ ਮੰਡਲੀ ਦੇ ਦਰਵਾਜ਼ੇ ਦਾ ਪਰਦਾ ਹੋਣ ।  ੨੬ ਨਾਲ ਹੀ ਵਿਹੜੇ ਦੀ ਕਨਾਤ ਅਤੇ ਵਿਹੜੇ ਦੇ ਦਰਵਾਜ਼ੇ ਦਾ ਪਰਦਾ ਜਿਹੜਾ ਡੇਰੇ ਦੇ ਕੋਲ ਅਤੇ ਜਗਵੇਦੀ ਦੇ ਕੋਲ ਅਤੇ ਆਲੇ-ਦੁਆਲੇ ਅਤੇ ਉਹ ਦੀਆਂ ਡੋਰੀਆਂ ਜੋ ਉਸ ਦੇ ਕੰਮ ਆਉਂਦੀਆਂ ਸਨ । 
 ੨੭ ਕਹਾਥ ਵਿੱਚੋਂ ਅਮਰਾਮੀਆਂ ਦਾ ਪਰਿਵਾਰ ਅਤੇ ਯਿਸਹਾਰੀਆਂ ਦਾ ਪਰਿਵਾਰ ਅਤੇ ਹਬਰੋਨੀਆਂ ਦਾ ਪਰਿਵਾਰ ਅਤੇ ਉੱਜ਼ੀਏਲੀਆਂ ਦਾ ਪਰਿਵਾਰ ਸੀ । ਇਹ ਕਹਾਥ ਦੇ ਸਨ ।  ੨੮ ਸਾਰੇ ਪੁਰਖਾਂ ਦੀ ਗਿਣਤੀ ਜਿਹੜੇ ਇੱਕ ਮਹੀਨੇ ਅਤੇ ਇਸ ਤੋਂ ਉੱਪਰ ਦੇ ਸਨ, ਅੱਠ ਹਜ਼ਾਰ ਛੇ ਸੌ ਸੀ ਜਿਹੜੇ ਪਵਿੱਤਰ ਸਥਾਨ ਦੇ ਜ਼ਿੰਮੇਵਾਰ ਸਨ ।  ੨੯ ਕਹਾਥੀਆਂ ਦੇ ਪਰਿਵਾਰ ਡੇਰੇ ਦੇ ਦੱਖਣ ਵੱਲ ਆਪਣਾ ਡੇਰਾ ਲਾਉਣ ।  ੩੦ ਕਹਾਥੀਆਂ ਦੇ ਟੱਬਰਾਂ ਅਨੁਸਾਰ ਪੁਰਖਿਆਂ ਦੇ ਪਰਿਵਾਰ ਦਾ ਪ੍ਰਧਾਨ ਉੱਜ਼ੀਏਲ ਦਾ ਪੁੱਤਰ ਅਲੀਸਾਫ਼ਾਨ ਹੋਵੇ ।  ੩੧ ਅਤੇ ਜਿਹਨਾਂ ਵਸਤਾਂ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਅਰਥਾਤ ਸੰਦੂਕ, ਮੇਜ਼, ਸ਼ਮਾਦਾਨ, ਜਗਵੇਦੀਆਂ ਅਤੇ ਪਵਿੱਤਰ ਸਥਾਨ ਦਾ ਸਮਾਨ ਜਿਨ੍ਹਾਂ ਨਾਲ ਉਹ ਸੇਵਾ ਟਹਿਲ ਕਰਦੇ ਸਨ ਅਤੇ ਪਰਦਾ ਅਤੇ ਪਵਿੱਤਰ ਸਥਾਨ ਵਿੱਚ ਕੰਮ ਆਉਣ ਵਾਲਾ ਸਾਰਾ ਸਮਾਨ ਸ਼ਾਮਿਲ ਸੀ ।  ੩੨ ਅਤੇ ਲੇਵੀਆਂ ਦੇ ਹਾਕਮਾਂ ਦਾ ਪ੍ਰਧਾਨ ਹਾਰੂਨ ਜਾਜਕ ਦਾ ਪੁੱਤਰ ਅਲਆਜ਼ਾਰ ਹੋਵੇ ਅਤੇ ਉਹ ਪਵਿੱਤਰ ਸਥਾਨ ਦੇ ਰਖਵਾਲਿਆਂ ਦਾ ਮੁਖੀਆ ਹੋਵੇ । 
 ੩੩ ਮਹਲੀਆਂ ਦਾ ਪਰਿਵਾਰ ਅਤੇ ਮੂਸ਼ੀਆਂ ਦਾ ਪਰਿਵਾਰ, ਮਰਾਰੀ ਦੇ ਵਿੱਚੋਂ ਸਨ । ਇਹ ਮਰਾਰੀ ਦੇ ਪਰਿਵਾਰ ਸਨ ।  ੩੪ ਸਾਰੇ ਪੁਰਖਾਂ ਦੀ ਗਿਣਤੀ ਜੋ ਇੱਕ ਮਹੀਨੇ ਜਾਂ ਇੱਕ ਮਹੀਨੇ ਤੋਂ ਉੱਪਰ ਦੇ ਸੀ, ਛੇ ਹਜ਼ਾਰ ਦੋ ਸੌ ਸਨ ।  ੩੫ ਮਰਾਰੀ ਦੇ ਟੱਬਰਾਂ ਅਨੁਸਾਰ ਉਨ੍ਹਾਂ ਦੇ ਪੁਰਖਿਆਂ ਦੇ ਪਰਿਵਾਰ ਦਾ ਪ੍ਰਧਾਨ ਅਬਿਹਾਯਿਲ ਦਾ ਪੁੱਤਰ ਸੂਰੀਏਲ ਹੋਵੇ । ਡੇਰੇ ਦੇ ਉੱਤਰ ਵੱਲ ਉਹ ਆਪਣਾ ਡੇਰਾ ਲਾਉਣ ।  ੩੬ ਅਤੇ ਜੋ ਵਸਤਾਂ ਮਰਾਰੀਆਂ ਨੂੰ ਦੇਖਭਾਲ ਲਈ ਦਿੱਤੀਆਂ ਗਈਆਂ ਉਹਨਾਂ ਦੀ ਰਖਵਾਲੀ ਕਰਨ, ਡੇਰੇ ਦੀਆਂ ਫੱਟੀਆਂ, ਉਸ ਦੇ ਕੁੰਡੇ ਉਸ ਦੀਆਂ ਥੰਮ੍ਹੀਆਂ, ਉਸ ਦੇ ਕਬਜ਼ੇ ਅਤੇ ਉਸ ਦਾ ਸਾਰਾ ਸਾਮਾਨ ਅਤੇ ਉਸ ਦੀ ਸਾਰੀ ਸੇਵਾ ਹੋਣ ।  ੩੭ ਨਾਲ ਹੀ ਵਿਹੜੇ ਦੇ ਆਲੇ-ਦੁਆਲੇ ਦੀਆਂ ਥੰਮ੍ਹੀਆਂ ਅਤੇ ਉਹਨਾਂ ਦੇ ਕਬਜ਼ੇ ਅਤੇ ਉਨ੍ਹਾਂ ਦੀਆਂ ਕੀਲੀਆਂ ਅਤੇ ਉਨ੍ਹਾਂ ਦੀਆਂ ਰੱਸੀਆਂ । 
 ੩੮ ਜਿਹੜੇ ਡੇਰੇ ਦੇ ਸਾਹਮਣੇ ਪੂਰਬ ਵੱਲ ਮਿਲਾਪ ਵਾਲੇ ਤੰਬੂ ਅੱਗੇ ਚੜ੍ਹਦੇ ਪਾਸੇ ਆਪਣੇ ਤੰਬੂ ਲਾਉਣ, ਉਹ ਮੂਸਾ, ਹਾਰੂਨ ਅਤੇ ਉਹ ਦੇ ਪੁੱਤਰ ਹੋਣ । ਉਹ ਪਵਿੱਤਰ ਸਥਾਨ ਦੀ ਉਸ ਜ਼ਿੰਮੇਵਾਰੀ ਦੀ ਸੰਭਾਲ ਕਰਨ ਵਾਲੇ ਹੋਣ ਜਿਹੜੀ ਇਸਰਾਏਲੀਆਂ ਲਈ ਜ਼ਿੰਮੇਵਾਰੀ ਹੈ । ਪਰ ਜੇ ਕੋਈ ਅਜਨਬੀ ਨੇੜੇ ਆਵੇ ਤਾਂ ਉਹ ਮਾਰਿਆ ਜਾਵੇ ।  ੩੯ ਲੇਵੀਆਂ ਦੀ ਸਾਰੀ ਗਿਣਤੀ ਜਿਹੜੀ ਮੂਸਾ ਅਤੇ ਹਾਰੂਨ ਨੇ ਯਹੋਵਾਹ ਦੇ ਹੁਕਮ ਤੇ ਕੀਤੀ, ਉਨ੍ਹਾਂ ਦੇ ਟੱਬਰਾਂ ਅਨੁਸਾਰ ਅਰਥਾਤ ਸਾਰੇ ਪੁਰਖ ਜਿਹੜੇ ਇੱਕ ਮਹੀਨੇ ਜਾਂ ਇਸ ਤੋਂ ਉਪਰ ਦੇ ਸਨ ਬਾਈ ਹਜ਼ਾਰ ਸੀ । 
ਜੇਠਿਆਂ ਨੂੰ ਛੁਡਾਉਣਾ 
 ੪੦ ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਇਸਰਾਏਲੀਆਂ ਦੇ ਸਾਰੇ ਪਹਿਲੌਠੇ ਪੁਰਖ ਗਿਣ, ਜਿਹੜੇ ਇੱਕ ਮਹੀਨੇ ਜਾਂ ਇਸ ਤੋਂ ਉੱਪਰ ਦੇ ਹਨ ਅਤੇ ਉਨ੍ਹਾਂ ਦੇ ਨਾਮਾਂ ਦੀ ਗਿਣਤੀ ਕਰ ।  ੪੧ ਤੂੰ ਮੇਰੇ ਲਈ ਸਾਰੇ ਇਸਰਾਏਲੀਆਂ ਦੇ ਸਾਰੇ ਪਹਿਲੌਠਿਆਂ ਦੇ ਥਾਂ ਲੇਵੀਆਂ ਨੂੰ, ਇਸਰਾਏਲੀਆਂ ਦੇ ਡੰਗਰਾਂ ਦੇ ਪਹਿਲੌਠਿਆਂ ਦੀ ਥਾਂ ਲੇਵੀਆਂ ਦੇ ਡੰਗਰਾਂ ਨੂੰ ਲੈ ਲਈਂ । ਮੈਂ ਯਹੋਵਾਹ ਹਾਂ ।  ੪੨ ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ ਮੂਸਾ ਨੇ ਇਸਰਾਏਲੀਆਂ ਦੇ ਸਾਰੇ ਪਹਿਲੌਠੇ ਗਿਣੇ ।  ੪੩ ਅਤੇ ਸਾਰੇ ਪੁਰਖ ਪਹਿਲੌਠਿਆਂ ਦੇ ਨਾਮ ਦੀ ਗਿਣਤੀ ਜਿਹੜੇ ਇੱਕ ਮਹੀਨੇ ਜਾਂ ਇਸ ਤੋਂ ਉੱਪਰ ਦੇ ਸਨ, ਬਾਈ ਹਜ਼ਾਰ ਦੋ ਸੌ ਤਿਹੱਤਰ ਸੀ । 
 ੪੪ ਯਹੋਵਾਹ ਨੇ ਮੂਸਾ ਨੂੰ ਆਖਿਆ,  ੪੫ ਇਸ ਤਰ੍ਹਾਂ ਲੇਵੀਆਂ ਨੂੰ ਇਸਰਾਏਲੀਆਂ ਦੇ ਸਾਰੇ ਪਹਿਲੌਠਿਆਂ ਦੇ ਥਾਂ ਅਤੇ ਲੇਵੀਆਂ ਦੇ ਡੰਗਰਾਂ ਨੂੰ ਉਨ੍ਹਾਂ ਦੇ ਡੰਗਰਾਂ ਦੇ ਥਾਂ ਲੈ ਲਈਂ ਅਤੇ ਇਸ ਤਰ੍ਹਾਂ ਲੇਵੀ ਮੇਰੇ ਲਈ ਹੋਣਗੇ । ਮੈਂ ਯਹੋਵਾਹ ਹਾਂ ।  ੪੬ ਅਤੇ ਉਨ੍ਹਾਂ ਦੋ ਸੌ ਤਿਹੱਤਰ ਇਸਰਾਏਲੀ ਪਹਿਲੌਠਿਆਂ ਦੇ ਛੁਟਕਾਰੇ ਲਈ ਜਿਹੜੇ ਲੇਵੀਆਂ ਤੋਂ ਵਧੀਕ ਹਨ,  ੪੭ ਤੂੰ ਪੰਜ ਪੰਜ ਰੁਪਏ ਹਰੇਕ ਪੁਰਖ ਦੇ ਲਈ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ ਲਵੀਂ ( ਅਰਥਾਤ ਇੱਕ ਸ਼ੇਕਲ ਵੀਹ ਗੇਰਾਹ ਦਾ ਹੋਵੇ )  ੪੮ ਤੂੰ ਉਹ ਚਾਂਦੀ ਹਾਰੂਨ ਅਤੇ ਉਹ ਦੇ ਪੁੱਤਰਾਂ ਨੂੰ ਦੇਈਂ । ਉਹ ਉਨ੍ਹਾਂ ਦੇ ਛੁਟਕਾਰੇ ਲਈ ਹੋਵੇ ਜਿਹੜੇ ਉਨ੍ਹਾਂ ਤੋਂ ਵਧੀਕ ਹਨ ।  ੪੯ ਉਪਰੰਤ ਮੂਸਾ ਨੇ ਛੁਟਕਾਰੇ ਦੀ ਚਾਂਦੀ ਉਨ੍ਹਾਂ ਤੋਂ ਲਈ, ਜਿਹੜੇ ਲੇਵੀਆਂ ਦੇ ਛੁਡਾਏ ਹੋਇਆਂ ਤੋਂ ਵਧੀਕ ਸਨ ।  ੫੦ ਇਸਰਾਏਲ ਦੇ ਪਹਿਲੌਠਿਆਂ ਤੋਂ ਉਸ ਨੇ ਇਹ ਚਾਂਦੀ ਲਈ, ਇੱਕ ਹਜ਼ਾਰ ਤਿੰਨ ਸੌ ਪੈਂਹਠ ਰੁਪਏ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ ਵਸੂਲ ਕੀਤੇ ।  ੫੧ ਮੂਸਾ ਨੇ ਛੁਡਾਏ ਹੋਇਆਂ ਦੀ ਚਾਂਦੀ, ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਯਹੋਵਾਹ ਦੇ ਆਖੇ ਅਨੁਸਾਰ ਦਿੱਤੀ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।