੧੧
ਪਰਮੇਸ਼ੁਰ ਉੱਤੇ ਭਰੋਸਾ 
ਪ੍ਰਧਾਨ ਵਜਾਉਣ ਵਾਲੇ ਦੇ ਲਈ: ਦਾਊਦ ਦਾ ਭਜਨ 
 ੧ ਮੇਰਾ ਭਰੋਸਾ ਪਰਮੇਸ਼ੁਰ ਉੱਤੇ ਹੈ । ਤੁਸੀਂ ਕਿਵੇਂ ਮੇਰੀ ਜਾਨ ਨੂੰ ਆਖਦੇ ਹੋ, ਕਿ ਚਿੜੀ ਵਾਂਗੂੰ ਆਪਣੇ ਪਹਾੜ ਨੂੰ ਉੱਡ ਜਾ ?  ੨ ਵੇਖੋ ਤਾਂ, ਦੁਸ਼ਟ ਧਣੁੱਖ ਨੂੰ ਝੁਕਾਉਂਦੇ ਹਨ,ਉਹ ਆਪਣੇ ਬਾਣ ਚਿੱਲੇ ਉੱਤੇ ਚਾੜ੍ਹਦੇ ਹਨ ਤਾਂ ਜੋ ਸਿੱਧੇ ਮਨ ਵਾਲਿਆਂ ਨੂੰ ਅਨ੍ਹੇਰ ਵਿੱਚ ਮਾਰਨ ।  ੩ ਜੇ ਨੀਹਾਂ ਢਾਹੀਆਂ ਜਾਣ, ਤਾਂ ਧਰਮੀ ਕੀ ਕਰੇ ?  ੪ ਯਹੋਵਾਹ ਆਪਣੀ ਪਵਿੱਤਰ ਹੈਕਲ ਵਿੱਚ ਹੈ, ਯਹੋਵਾਹ ਦਾ ਸਿੰਘਾਸਣ ਸਵਰਗ ਵਿੱਚ ਹੈ ਉਹ ਦੀਆਂ ਅੱਖਾਂ ਤੱਕਦੀਆ ਹਨ ਉਹ ਦੀਆਂ ਪਲਕਾਂ ਆਦਮੀ ਦੀ ਸੰਤਾਨ ਨੂੰ ਜਾਚਦੀਆਂ ਹਨ ।  ੫ ਯਹੋਵਾਹ ਧਰਮੀ ਨੂੰ ਜਾਚਦਾ, ਪਰ ਦੁਸ਼ਟ ਅਤੇ ਅਨ੍ਹੇਰੇ ਦੇ ਪ੍ਰੇਮੀ ਤੋਂ ਉਹ ਦਾ ਆਤਮਾ ਘਿਣ ਕਰਦਾ ਹੈ ।  ੬ ਉਹ ਦੁਸ਼ਟਾ ਦੇ ਉੱਤੇ ਫਾਹੀਆਂ ਪਾਵੇਗਾ, ਅੱਗ ਅਤੇ ਗੰਧਕ ਅਤੇ ਅਗਨੀ ਲੂ ਉਨ੍ਹਾਂ ਦੇ ਕਟੋਰੇ ਦਾ ਹਿੱਸਾ ਹੋਵੇਗੀ,  ੭ ਕਿਉਂ ਜੋ ਯਹੋਵਾਹ ਧਰਮੀ ਹੈ, ਉਹ ਧਰਮ ਨਾਲ ਪ੍ਰੀਤ ਰੱਖਦਾ ਹੈ, ਸਿੱਧੇ ਮਨ ਵਾਲੇ ਉਸ ਦਾ ਦਰਸ਼ਨ ਪਾਉਣਗੇ ।