ਦੂਸਰਾ ਭਾਗ
੪੨
ਜ਼ਬੂਰ 42—72
ਬੇ-ਘਰ ਵਿਅਕਤੀ ਦੀ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸੀਆਂ ਦਾ ਮਸ਼ਕੀਲ
੧ ਜਿਵੇਂ ਹਰਨੀ ਪਾਣੀ ਦੀਆਂ ਨਦੀਆਂ ਦੇ ਲਈ ਤਰਸਦੀ ਹੈ, ਤਿਵੇਂ ਹੀ ਮੇਰਾ ਜੀਅ, ਹੇ ਪਰਮੇਸ਼ੁਰ ਤੇਰੇ ਲਈ ਤਰਸਦਾ ਹੈ । ੨ ਮੇਰਾ ਜੀਅ ਪਰਮੇਸ਼ੁਰ ਦੇ ਲਈ, ਜਿਉਂਦੇ ਪਰਮੇਸ਼ੁਰ ਦੇ ਲਈ ਤਿਹਾਇਆ ਹੈ, ਮੈਂ ਕਦੋਂ ਜਾਂਵਾਂ ਅਤੇ ਪਰਮੇਸ਼ੁਰ ਦੇ ਸਨਮੁੱਖ ਹਾਜ਼ਰ ਹੋਵਾਂ ? ੩ ਮੇਰਾ ਭੋਜਨ ਦਿਨੇ ਰਾਤ ਮੇਰੇ ਹੰਝੂ ਹਨ, ਜਦੋਂ ਓਹ ਸਾਰਾ ਦਿਨ ਇਹ ਆਖਦੇ ਹਨ, ਤੇਰਾ ਪਰਮੇਸ਼ੁਰ ਹੈ ਕਿੱਥੇ ? ੪ ਇਹ ਗੱਲਾਂ ਮੈਂ ਚੇਤੇ ਕਰਦਾ ਹਾਂ ਤਾਂ ਮੇਰਾ ਮਨ ਭਰ ਆਉਂਦਾ ਹੈ, ਕਿ ਮੈਂ ਕਿਸ ਤਰਾਂ ਭੀੜ ਦੇ ਨਾਲ ਲੰਘਦਾ ਹੁੰਦਾ ਸੀ, ਅਤੇ ਬਹੁਤ ਸਾਰੀ ਭੀੜ ਨਾਲ ਪਰਮੇਸ਼ੁਰ ਦੇ ਘਰ ਵਿੱਚ, ਜੈ-ਜੈ ਕਾਰ ਤੇ ਧੰਨਵਾਦ ਦੇ ਸ਼ਬਦ ਨਾਲ ਲੈ ਜਾਂਦਾ ਹੁੰਦਾ ਸੀ । ੫ ਹੇ ਮੇਰੇ ਮਨ, ਤੂੰ ਕਿਉਂ ਝੁਕਿਆ ਹੋਇਆ ਹੈਂ ? ਅਤੇ ਮੇਰੇ ਵਿੱਚ ਕਿਉਂ ਪਰੇਸ਼ਾਨ ਹੈਂ ? ਪਰਮੇਸ਼ੁਰ ਉੱਤੇ ਆਸ ਰੱਖ ਮੈਂ ਤਾਂ ਉਸ ਦੇ ਦਰਸ਼ਨ ਨਾਲ ਮੁਕਤੀ ਪਾ ਕੇ ਫੇਰ ਉਸ ਦਾ ਧੰਨਵਾਦ ਕਰਾਂਗਾ । ੬ ਹੇ ਮੇਰੇ ਪਰਮੇਸ਼ੁਰ, ਮੇਰਾ ਜੀਅ ਮੇਰੇ ਅੰਦਰ ਝੁਕਿਆ ਹੋਇਆ ਹੈ, ਇਸ ਕਾਰਨ ਮੈਂ ਯਰਦਨ ਅਤੇ ਹਰਮੋਨ ਦੀ ਧਰਤੀ ਤੋਂ ਅਤੇ ਮਿਸਾਰ ਦੇ ਪਰਬਤ ਤੋਂ ਤੇਰਾ ਸਿਮਰਨ ਕਰਾਂਗਾ । ੭ ਤੇਰੇ ਪਾਣੀ ਦੀਆਂ ਧਾਰਾਂ ਦੀ ਆਵਾਜ਼ ਸੁਣ ਕੇ ਡੁੰਘਿਆਈ-ਡੁੰਘਿਆਈ ਨੂੰ ਪੁਕਾਰਦੀ ਹੈ, ਤੇਰੀਆਂ ਸਾਰੀਆਂ ਠਾਠਾਂ ਅਤੇ ਲਹਿਰਾਂ ਮੇਰੇ ਸਿਰ ਦੇ ਉੱਤੋ ਦੀ ਲੰਘ ਗਈਆਂ । ੮ ਦਿਨ ਨੂੰ ਯਹੋਵਾਹ ਆਪਣੀ ਦਯਾ ਦੀ ਆਗਿਆ ਦੇਵੇਗਾ, ਅਤੇ ਰਾਤ ਨੂੰ ਉਹ ਦਾ ਗੀਤ ਮੇਰੇ ਨਾਲ ਹੋਵੇਗਾ । ਉਹ ਮੇਰੇ ਜੀਵਨ ਦੇ ਪਰਮੇਸ਼ੁਰ ਅੱਗੇ ਇੱਕ ਪ੍ਰਾਰਥਨਾ ਹੋਵੇਗਾ । ੯ ਪਰਮੇਸ਼ੁਰ ਨੂੰ ਜੋ ਮੇਰੀ ਚੱਟਾਨ ਹੈ ਮੈ ਆਖਾਂਗਾ, ਤੂੰ ਮੈਨੂੰ ਕਿਉਂ ਭੁੱਲ ਗਿਆ ਹੈਂ ? ਮੈ ਕਿਉਂ ਵੈਰੀ ਦੇ ਅਨ੍ਹੇਰ ਦੇ ਮਾਰੇ ਵਿਰਲਾਪ ਕਰਦਾ ਫਿਰਦਾ ਹਾਂ ? ੧੦ ਮੇਰੇ ਵਿਰੋਧੀ ਮੈਨੂੰ ਉਲਾਂਭਾ ਦਿੰਦੇ ਹਨ, ਜਾਣੋ, ਇਹ ਮੇਰੀਆਂ ਹੱਡੀਆਂ ਦਾ ਚੂਰ-ਚੂਰ ਹੋਣਾ ਹੈਂ,ਜਦੋਂ ਓਹ ਦਿਨ ਭਰ ਮੈਨੂੰ ਕਹੀ ਜਾਂਦੇ ਹਨ, ਕਿੱਥੇ ਹੈ ਤੇਰਾ ਪਰਮੇਸ਼ੁਰ ? ੧੧ ਹੇ ਮੇਰੇ ਜੀਅ,ਤੂੰ ਕਿਉਂ ਝੁਕਿਆ ਹੋਇਆ ਹੈਂ, ਅਤੇ ਮੇਰੇ ਵਿੱਚ ਕਿਉਂ ਪਰੇਸ਼ਾਨ ਹੈਂ ? ਪਰਮੇਸ਼ੁਰ ਉੱਤੇ ਆਸ ਰੱਖ ! ਮੈਂ ਤਾਂ ਉਸ ਦਾ ਫੇਰ ਧੰਨਵਾਦ ਕਰਾਂਗਾ, ਜਿਹੜਾ ਮੇਰੇ ਮੁਖੜੇ ਦਾ ਬਚਾਓ ਅਤੇ ਮੇਰਾ ਪਰਮੇਸ਼ੁਰ ਹੈ ।