੫੮
ਦੁਸ਼ਟ ਨੂੰ ਸਜ਼ਾ ਦੇਣ ਲਈ ਪ੍ਰਾਰਥਨਾ 
ਪ੍ਰਧਾਨ ਵਜਾਉਣ ਵਾਲੇ ਦੇ ਲਈ ਅਲ-ਤਸ਼ਹੇਤ ਦੇ ਰਾਗ ਵਿੱਚ ਦਾਊਦ ਦਾ ਭਜਨ 
 ੧ ਹੇ ਬਲਵਾਨ ਸੁਆਮੀਓ,ਕੀ ਤੁਸੀਂ ਸੱਚ-ਮੁੱਚ ਧਰਮ ਨਾਲ ਬੋਲਦੇ ਹੋ ? ਕੀ ਤੁਸੀਂ ਆਦਮ ਵੰਸੀਆਂ ਦਾ ਸਿੱਧਾ ਨਿਆਂ ਕਰਦੇ ਹੋ ?  ੨ ਨਹੀਂ, ਸਗੋਂ ਤੁਸੀਂ ਮਨੋਂ ਬਦੀ ਕਰਦੇ ਹੋ,ਧਰਤੀ ਉੱਤੇ ਤੁਸੀਂ ਆਪਣੇ ਹੱਥਾਂ ਦਾ ਅਨ੍ਹੇਰ ਤੋਲ ਦਿੰਦੇ ਹੋ ?  ੩ ਦੁਸ਼ਟ ਕੁੱਖੋਂ ਹੀ ਓਪਰੇ ਰਹੇ ਹਨ, ਉਹ ਜੰਮਦੇ ਸਾਰ ਹੀ ਝੂਠ ਬੋਲ ਬੋਲ ਕੇ ਭਟਕ ਜਾਂਦੇ ਹਨ ।  ੪ ਉਨ੍ਹਾਂ ਦੀ ਵਿੱਸ ਸੱਪ ਦੀ ਵਿੱਸ ਵਰਗੀ ਹੈ, ਓਹ ਉਸ ਬੋਲੇ ਨਾਗ ਦੀ ਨਿਆਈਂ ਹਨ ਜਿਹੜਾ ਆਪਣੇ ਕੰਨ ਮੁੰਦ ਲੈਂਦਾ ਹੈ,  ੫ ਜਿਹੜਾ ਸਪੇਰਿਆਂ ਦੀ ਅਵਾਜ਼ ਨਹੀਂ ਸੁਣਦਾ, ਭਾਵੇਂ ਕੇਡੀ ਹੀ ਚਲਾਕੀ ਨਾਲ ਓਹ ਜਾਦੂ ਕਰਨ ।  ੬ ਹੇ ਪਰਮੇਸ਼ੁਰ,ਉਨ੍ਹਾਂ ਦੇ ਦੰਦਾ ਨੂੰ ਉਨ੍ਹਾਂ ਦੇ ਮੂੰਹ ਵਿੱਚ ਭੰਨ ਸੁੱਟ, ਹੇ ਪਰਮੇਸ਼ੁਰ,ਜੁਆਨ ਬੱਬਰ ਸ਼ੇਰਾ ਦੀਆਂ ਦਾੜ੍ਹਾਂ ਨੂੰ ਪੁੱਟ ਸੁੱਟ ।  ੭ ਓਹ ਵਗਦੇ ਪਾਣੀ ਵਾਂਗੂੰ ਵਹਿ ਜਾਣ, ਜਦ ਓਹ ਆਪਣੇ ਤੀਰਾਂ ਦਾ ਨਿਸ਼ਾਨਾ ਮਾਰੇ ਤਾਂ ਓਹ, ਮਾਨੋ, ਟੋਟੇ-ਟੋਟੇ ਹੋ ਜਾਣ !  ੮ ਓਹ ਘੋਗੇ ਵਾਂਗੂੰ ਹੋਣ ਜੋ ਗਲ਼ ਕੇ ਜਾਂਦਾ ਰਹਿੰਦਾ ਹੈ, ਓਹ ਇਸਤ੍ਰੀ ਦੇ ਗਰਭਪਾਤ ਵਾਂਗੂੰ ਹੋਣ ਜਿਸ ਸੂਰਜ ਨਹੀਂ ਵੇਖਿਆ !  ੯ ਇਸ ਤੋਂ ਅੱਗੇ ਜੋ ਤੁਹਾਡੀਆਂ ਦੇਗਾਂ ਛਾਪਿਆਂ ਨਾਲ ਤੱਤੀਆਂ ਹੋਣ, ਉਹ ਜਲੇ, ਅਣਜਲੇ, ਦੋਹਾਂ ਨੂੰ ਵਾਵਰੋਲੇ ਨਾਲ ਉਡਾ ਦੇਵੇਗਾ ।  ੧੦ ਧਰਮੀ ਇਹ ਬਦਲਾ ਵੇਖ ਕੇ ਅਨੰਦ ਹੋਵੇਗਾ, ਉਹ ਦੁਸ਼ਟਾਂ ਦੇ ਲਹੂ ਵਿੱਚ ਆਪਣੇ ਪੈਰ ਧੋਵੇਗਾ ।  ੧੧ ਤਦ ਆਦਮੀ ਆਖੇਗਾ, ਧਰਮੀ ਦੇ ਲਈ ਫਲ ਤਾਂ ਹੈ ਹੀ, ਸੱਚ-ਮੁੱਚ ਇੱਕ ਪਰਮੇਸ਼ੁਰ ਹੈ ਜਿਹੜਾ ਧਰਤੀ ਉੱਤੇ ਨਿਆਂ ਕਰਦਾ ਹੈ !