ਚੌਥਾ ਭਾਗ 
 ੯੦
ਜ਼ਬੂਰ 90—106 
ਪਰਮੇਸ਼ੁਰ ਅਤੇ ਮਨੁੱਖ 
ਪਰਮੇਸ਼ੁਰ ਦੇ ਜਨ ਮੂਸਾ ਦੀ ਪ੍ਰਾਰਥਨਾ 
 ੧ ਹੇ ਪ੍ਰਭੂ, ਪੀੜ੍ਹੀਓ ਪੀੜ੍ਹੀ, ਤੂੰ ਹੀ ਸਾਡੀ ਵੱਸੋਂ ਰਿਹਾ ਹੈਂ ।  ੨ ਉਸ ਤੋਂ ਪਹਿਲਾਂ ਕਿ ਪਹਾੜ ਉਤਪਤ ਹੋਏ, ਅਤੇ ਧਰਤੀ ਅਤੇ ਜਗਤ ਨੂੰ ਤੂੰ ਰਚਿਆ, ਆਦ ਤੋਂ ਅੰਤ ਤੱਕ ਤੂੰ ਹੀ ਪਰਮੇਸ਼ੁਰ ਹੈਂ ।  ੩ ਤੂੰ ਇਨਸਾਨ ਨੂੰ ਖਾਕ ਵੱਲ ਮੋੜ ਦਿੰਦਾ ਹੈਂ, ਅਤੇ ਫਰਮਾਉਂਦਾ ਹੈਂ, ਹੇ ਆਦਮ ਵੰਸੀਓ, ਮੁੜੋ !  ੪ ਤੇਰੀ ਨਿਗਾਹ ਵਿੱਚ ਤਾਂ ਹਜ਼ਾਰ ਵਰ੍ਹੇ ਕੱਲ ਦੇ ਦਿਨ ਵਰਗੇ ਜਦ ਕਿ ਉਹ ਬੀਤ ਜਾਵੇ, ਅਤੇ ਇੱਕ ਪਹਿਰ ਰਾਤ ਵਰਗੇ ਹਨ ।  ੫ ਤੂੰ ਉਨ੍ਹਾਂ ਨੂੰ ਹੜ੍ਹ ਨਾਲ ਹੂੰਝ ਲੈ ਜਾਂਦਾ ਹੈਂ, ਓਹ ਨੀਂਦ ਵਰਗੇ ਹਨ, ਸਵੇਰ ਨੂੰ ਓਹ ਉਸ ਘਾਹ ਹਨ ਜਿਹੜਾ ਪੁੰਗਰਦਾ ਹੈ ।  ੬ ਸਵੇਰ ਨੂੰ ਉਹ ਲਹਿ ਲਹਿ ਕਰਦਾ ਅਤੇ ਵਧਦਾ ਹੈ, ਸੰਝ ਨੂੰ ਵੱਢਿਆ ਜਾਂਦਾ ਅਤੇ ਸੁੱਕ ਜਾਂਦਾ ਹੈ ।  ੭ ਅਸੀਂ ਤਾਂ ਤੇਰੇ ਗੁੱਸੇ ਨਾਲ ਮੁੱਕ ਜਾਂਦੇ, ਅਤੇ ਤੇਰੇ ਕਹਿਰ ਨਾਲ ਘਾਬਰ ਜਾਂਦੇ ਹਾਂ ।  ੮ ਤੂੰ ਸਾਡੀਆਂ ਬਦੀਆਂ ਨੂੰ ਆਪਣੇ ਅੱਗੇ, ਅਤੇ ਸਾਡੇ ਲੁਕੇ ਹੋਏ ਪਾਪਾਂ ਨੂੰ ਆਪਣੇ ਚਿਹਰੇ ਦੇ ਚਾਨਣ ਵਿੱਚ ਰੱਖਿਆ ਹੈ ।  ੯ ਸਾਡੇ ਸਾਰੇ ਦਿਹਾੜੇ ਤਾਂ ਕਹਿਰ ਵਿੱਚ ਬੀਤਦੇ ਹਨ, ਅਸੀਂ ਆਪਣੇ ਵਰ੍ਹਿਆਂ ਨੂੰ ਇੱਕ ਸਾਹ ਵਾਂਗੂੰ ਮੁਕਾਉਂਦੇ ਹਾਂ ।  ੧੦ ਸਾਡੀ ਉਮਰ ਦੇ ਦਿਨ ਸੱਤਰ ਵਰ੍ਹੇ ਹਨ, ਪਰ ਜੇ ਸਾਹ ਸੱਚ ਹੋਵੇ ਤਾਂ ਅੱਸੀ ਵਰ੍ਹੇ, ਪਰ ਉਨ੍ਹਾਂ ਦੀ ਆਕੜ ਕਸ਼ਟ ਅਤੇ ਸੋਗ ਹੀ ਹੈ, ਉਹ ਛੇਤੀ ਬੀਤ ਜਾਂਦੇ ਹਨ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ ।  ੧੧ ਤੇਰੇ ਗੁੱਸੇ ਦੇ ਜ਼ੋਰ ਨੂੰ ਅਤੇ ਤੇਰੇ ਕਹਿਰ ਨੂੰ ਤੇਰੇ ਭੈ ਅਨੁਸਾਰ ਕੌਣ ਜਾਣਦਾ ਹੈ ?  ੧੨ ਸਾਨੂੰ ਸਾਡੇ ਦਿਨ ਗਿਣਨ ਐਉਂ ਸਿਖਲਾ, ਕਿ ਅਸੀਂ ਹਿਕਮਤ ਵਾਲਾ ਮਨ ਪਰਾਪਤ ਕਰੀਏ ।  ੧੩ ਮੁੜ ਆ, ਹੇ ਯਹੋਵਾਹ, ਕਿੰਨਾ ਚਿਰ ਤੱਕ ? ਅਤੇ ਆਪਣੇ ਦਾਸਾਂ ਉੱਤੇ ਤਰਸ ਖਾਹ !  ੧੪ ਸਵੇਰ ਨੂੰ ਆਪਣੀ ਦਯਾ ਨਾਲ ਸਾਡੀ ਨਿਸ਼ਾ ਕਰ, ਕਿ ਅਸੀਂ ਆਪਣੇ ਸਾਰੇ ਦਿਨ ਜੈਕਾਰੇ ਗਜਾਈਏ ਅਤੇ ਅਨੰਦ ਕਰੀਏ ।  ੧੫ ਸਾਨੂੰ ਉੰਨੇ ਦਿਨ ਅਨੰਦ ਕਰਵਾ ਜਿੰਨਾ ਚਿਰ ਤੂੰ ਸਾਨੂੰ ਦੁਖੀ ਰੱਖਿਆ ਹੈ, ਅਤੇ ਜਿੰਨੇ ਵਰ੍ਹੇ ਅਸੀਂ ਬੁਰਿਆਈ ਵੇਖੀ ਹੈ ।  ੧੬ ਤੇਰੀ ਕਾਰ ਤੇਰੇ ਦਾਸਾਂ ਉੱਤੇ ਅਤੇ ਤੇਰਾ ਤੇਜ ਉਨ੍ਹਾਂ ਦੀ ਅੰਸ ਉੱਤੇ ਪਰਗਟ ਹੋਵੇ ।  ੧੭ ਪ੍ਰਭੂ ਸਾਡੇ ਪਰਮੇਸ਼ੁਰ ਦੀ ਪਰਸੰਨਤਾ ਸਾਡੇ ਉੱਤੇ ਹੋਵੇ, ਸਾਡੇ ਹੱਥਾਂ ਦੇ ਕੰਮ ਸਾਡੇ ਲਈ ਕਾਇਮ ਕਰ, ਹਾਂ, ਸਾਡੇ ਹੱਥਾਂ ਦੇ ਕੰਮ ਕਾਇਮ ਕਰ ।