੧੪੧
ਸ਼ਾਮ ਦੀ ਪ੍ਰਾਰਥਨਾ
ਦਾਊਦ ਦਾ ਭਜਨ
੧ ਹੇ ਯਹੋਵਾਹ, ਮੈਂ ਤੈਨੂੰ ਪੁਕਾਰਿਆ, ਮੇਰੇ ਲਈ ਛੇਤੀ ਕਰ, ਜਦ ਮੈਂ ਤੈਨੂੰ ਪੁਕਾਰਾਂ, ਤਾਂ ਮੇਰੀ ਅਵਾਜ਼ ਤੇ ਕੰਨ ਲਾ ! ੨ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਸੁਗੰਧੀ ਵਾਂਗੂੰ ਠਹਿਰੇ, ਅਤੇ ਮੇਰੇ ਹੱਥਾਂ ਦਾ ਉਠਾਉਣਾ ਸ਼ਾਮ ਦੀ ਭੇਟ ਵਰਗਾ ਹੋਵੇ । ੩ ਹੇ ਯਹੋਵਾਹ, ਮੇਰੇ ਮੂੰਹ ਤੇ ਪਹਿਰਾ ਬਿਠਾ, ਮੇਰੇ ਬੁੱਲ੍ਹਾਂ ਉੱਤੇ ਰਾਖਾ ਰੱਖ ! ੪ ਮੇਰੇ ਦਿਲ ਨੂੰ ਕਿਸੇ ਕਿਸੇ ਬੁਰੀ ਗੱਲ ਵੱਲ ਨਾ ਮੋੜ, ਕਿ ਮੈਂ ਕੁਕਰਮੀਆਂ ਦੇ ਸੰਗ ਬੁਰੇ ਕੰਮ ਕਰਨ ਲੱਗ ਪਵਾਂ, ਅਤੇ ਮੈਨੂੰ ਉਨ੍ਹਾਂ ਦੇ ਸੁਆਦਲੇ ਭੋਜਨ ਤੋਂ ਖਾਣ ਨਾ ਦੇ ! ੫ ਧਰਮੀ ਮੈਨੂੰ ਮਾਰੇ, ਉਹ ਦੀ ਦਯਾ ਹੈ, ਉਹ ਮੈਨੂੰ ਦਬਕਾਵੇ, ਉਹ ਸਿਰ ਲਈ ਤੇਲ ਹੈ, ਮੇਰਾ ਸਿਰ ਉਸ ਤੋਂ ਇਨਕਾਰ ਨਾ ਕਰੇ, ਉਨ੍ਹਾਂ ਦੀਆਂ ਬੁਰਿਆਈਆਂ ਵਿੱਚ ਮੇਰੀ ਪ੍ਰਾਰਥਨਾ ਹੁੰਦੀ ਰਹੇਗੀ । ੬ ਉਨ੍ਹਾਂ ਦੇ ਨਿਆਈ ਚੱਟਾਨ ਦੇ ਪਾਸੇ ਤੋਂ ਡੇਗੇ ਗਏ, ਅਤੇ ਓਹ ਮੇਰੀਆਂ ਗੱਲਾਂ ਸੁਣਨਗੇ ਕਿ ਓਹ ਮਿੱਠੀਆਂ ਹਨ । ੭ ਜਿਵੇਂ ਕੋਈ ਭੂਮੀ ਉੱਤੇ ਲੱਕੜ ਵੱਢੇ ਤੇ ਚੀਰ੍ਹੇ, ਤਿਵੇਂ ਸਾਡੀਆਂ ਹੱਡੀਆਂ ਪਤਾਲ ਦੇ ਮੂੰਹ ਖਿੰਡਾਈਆਂ ਗਈਆਂ । ੮ ਹੇ ਪ੍ਰਭੂ ਯਹੋਵਾਹ, ਮੇਰੀਆਂ ਅੱਖਾਂ ਤੇਰੀ ਵੱਲ ਹਨ, ਮੈਂ ਤੇਰਾ ਸ਼ਰਨਾਰਥੀ ਹਾਂ, ਮੇਰੇ ਪ੍ਰਾਣ ਨਾ ਕੱਢ ! ੯ ਉਸ ਫਾਹੀ ਤੋਂ ਜਿਹੜੀ ਉਨ੍ਹਾਂ ਨੇ ਮੇਰੇ ਲਈ ਲਾਈ ਹੈ, ਅਤੇ ਬਦਕਾਰਾਂ ਦੇ ਫੰਧਿਆਂ ਤੋਂ ਮੈਨੂੰ ਬਚਾ ਲੈ ! ੧੦ ਦੁਸ਼ਟ ਆਪਣੇ ਜਾਲ਼ਾਂ ਵਿੱਚ ਡਿੱਗ ਪੈਣ, ਜਿਸ ਵੇਲੇ ਮੈਂ ਲੰਘ ਜਾਂਵਾਂ !