੧੪੪
ਜਿੱਤ ਪ੍ਰਾਪਤੀ ਲਈ ਧੰਨਵਾਦ ਦੀ ਪ੍ਰਾਰਥਨਾ 
ਦਾਊਦ ਦਾ ਭਜਨ 
 ੧ ਯਹੋਵਾਹ ਮੇਰੀ ਚੱਟਾਨ ਮੁਬਾਰਕ ਹੋਵੇ, ਜੋ ਮੇਰੇ ਹੱਥਾਂ ਨੂੰ ਯੁੱਧ ਕਰਨਾ, ਅਤੇ ਮੇਰੀਆਂ ਉਂਗਲੀਆਂ ਨੂੰ ਲੜਨਾ ਸਿਖਾਉਂਦਾ ਹੈ,  ੨ ਮੇਰੀ ਦਯਾ, ਮੇਰਾ ਗੜ੍ਹ, ਮੇਰਾ ਉੱਚਾ ਸਥਾਨ ਅਤੇ ਮੇਰਾ ਛੁਡਾਉਣ ਵਾਲਾ, ਮੇਰੀ ਢਾਲ ਅਤੇ ਉਹ ਜਿਸ ਦੇ ਵਿੱਚ ਮੈਂ ਪਨਾਹ ਲੈਂਦਾ ਹਾਂ, ਜੋ ਮੇਰੇ ਲੋਕਾਂ ਨੂੰ ਮੇਰੇ ਅਧੀਨ ਕਰ ਦਿੰਦਾ ਹੈ ।  ੩ ਹੇ ਯਹੋਵਾਹ, ਆਦਮੀ ਕੀ ਹੈ ਜੋ ਤੂੰ ਉਹ ਨੂੰ ਸਿਆਣੇਂ, ਤੇ ਆਦਮ ਵੰਸ ਕੀ, ਜੋ ਉਹ ਦਾ ਖਿਆਲ ਕਰੇਂ ?  ੪ ਆਦਮੀ ਸੁਆਸ ਹੀ ਜਿਹਾ ਹੈ, ਉਹ ਦੇ ਦਿਨ ਢਲਦੇ ਸਾਯੇ ਵਰਗੇ ਹਨ ।  ੫ ਹੇ ਯਹੋਵਾਹ, ਆਪਣੇ ਅਕਾਸ਼ਾਂ ਨੂੰ ਝੁਕਾ ਕੇ ਉਤਰ ਆ, ਪਹਾੜਾਂ ਨੂੰ ਛੂਹ ਕਿ ਧੂੰਆ ਨਿੱਕਲੇ !  ੬ ਬਿਜਲੀ ਲਿਸ਼ਕਾ ਤੇ ਉਨ੍ਹਾਂ ਨੂੰ ਖਿੰਡਾ ਦੇ, ਆਪਣੇ ਬਾਣ ਚਲਾ ਤੇ ਉਨ੍ਹਾਂ ਨੂੰ ਘਬਰਾ ਦੇ !  ੭ ਆਪਣੇ ਹੱਥ ਉੱਪਰੋਂ ਪਸਾਰ, ਮੈਨੂੰ ਧੂ ਕੇ ਵੱਡੇ ਪਾਣੀਆਂ ਵਿਚੋਂ ਛੁਡਾ ! ਅਰਥਾਤ ਓਪਰਿਆਂ ਦੇ ਹੱਥੋਂ,  ੮ ਜਿਨ੍ਹਾਂ ਦਾ ਮੂੰਹ ਵਿਅਰਥ ਗੱਲਾਂ ਕਰਦਾ ਹੈ, ਅਤੇ ਜਿਨ੍ਹਾਂ ਦਾ ਸੱਜਾ ਹੱਥ ਝੂਠ ਦਾ ਸੱਜਾ ਹੱਥ ਹੈ ।  ੯ ਹੇ ਪਰਮੇਸ਼ੁਰ, ਮੈਂ ਤੇਰੇ ਲਈ ਇੱਕ ਨਵਾਂ ਗੀਤ ਗਾਵਾਂਗਾ, ਦਸ ਤਾਰਾਂ ਵਾਲੀ ਸਿਤਾਰ ਉੱਤੇ ਮੈਂ ਤੇਰੇ ਲਈ ਭਜਨ ਗਾਵਾਂਗਾ ।  ੧੦ ਜਿਹੜਾ ਰਾਜਿਆਂ ਨੂੰ ਛੁਟਕਾਰਾ ਦਿੰਦਾ ਹੈ, ਜਿਹੜਾ ਆਪਣੇ ਦਾਸ ਨੂੰ ਭੈੜੀ ਤਲਵਾਰ ਤੋਂ ਖਿੱਚ ਲੈਂਦਾ ਹੈਂ, ਉਹ ਤੂੰ ਹੀ ਹੈਂ !  ੧੧ ਓਪਰਿਆਂ ਦੇ ਹੱਥੋਂ ਮੈਨੂੰ ਖਿੱਚ ਕੇ ਛੁਡਾ, ਜਿਨ੍ਹਾਂ ਦਾ ਮੂੰਹ ਵਿਅਰਥ ਗੱਲਾਂ ਕਰਦਾ ਹੈ, ਅਤੇ ਜਿਨ੍ਹਾਂ ਦਾ ਸੱਜਾ ਹੱਥ ਝੂਠ ਦਾ ਸੱਜਾ ਹੱਥ ਹੈ ! ।  ੧੨ ਸਾਡੇ ਪੁੱਤਰ ਆਪਣੀ ਜਵਾਨੀ ਵਿੱਚ ਬੂਟਿਆਂ ਵਾਂਗੂੰ ਵਧਣ, ਅਤੇ ਸਾਡੀਆਂ ਧੀਆਂ ਖੂੰਜੇ ਦੇ ਪੱਥਰਾਂ ਦੀ ਨਿਆਈਂ ਹੋਣ, ਜਿਹੜੇ ਮਹਿਲ ਲਈ ਘੜੇ ਹੋਣ ।  ੧੩ ਸਾਡੇ ਖਾਤੇ ਭਾਂਤ-ਭਾਂਤ ਦੇ ਅਨਾਜ਼ ਨਾਲ ਭਰੇ ਹੋਏ ਹੋਣ, ਅਤੇ ਸਾਡੇ ਵਾੜੇ ਹਜ਼ਾਰਾਂ ਲੱਖਾਂ ਭੇਡਾਂ ਨਾਲ,  ੧੪ ਸਾਡੇ ਬਲਦ ਚੰਗੇ ਲੱਦੇ ਹੋਏ ਹੋਣ, ਅਤੇ ਕੋਈ ਸੰਨ੍ਹ ਨਾ ਹੋਵੇ, ਨਾ ਬਾਹਰ ਜਾਣਾ ਹੋਵੇ, ਨਾ ਸਾਡੇ ਚੌਂਕਾਂ ਵਿੱਚ ਡੰਡ ਦੁਹਾਈ ਹੋਵੇ,  ੧੫ ਤਾਂ ਧੰਨ ਓਹ ਲੋਕ ਜਿਨ੍ਹਾਂ ਦਾ ਇਹ ਹਾਲ ਹੋਵੇ ! ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ !