ਰੂਥ ਅਤੇ ਬੋਅਜ਼ ਦਾ ਵਿਆਹ
੧ ਤਦ ਬੋਅਜ਼ ਨਗਰ ਦੇ ਫਾਟਕ ਦੇ ਕੋਲ ਗਿਆ ਅਤੇ ਉੱਥੇ ਜਾ ਕੇ ਬੈਠਿਆ ਤਾਂ ਵੇਖੋ, ਉਹ ਛੁਡਾਉਣ ਵਾਲਾ ਜਿਸ ਦੀ ਗੱਲ ਬੋਅਜ਼ ਨੇ ਕੀਤੀ ਸੀ, ਕੋਲੋਂ ਲੰਘ ਰਿਹਾ ਸੀ । ਤਦ ਬੋਅਜ਼ ਨੇ ਕਿਹਾ, “ਹੇ ਮਿੱਤਰ ! ਇੱਥੇ ਆ ਅਤੇ ਇੱਕ ਪਾਸੇ ਬੈਠ”, ਤਾਂ ਉਹ ਮੁੜ ਕੇ ਇੱਕ ਪਾਸੇ ਆ ਕੇ ਬੈਠ ਗਿਆ । ੨ ਤਦ ਬੋਅਜ਼ ਨੇ ਨਗਰ ਦੇ ਦਸ ਬਜ਼ੁਰਗਾਂ ਨੂੰ ਸੱਦਿਆ ਅਤੇ ਕਿਹਾ, ਇੱਥੇ ਬੈਠੋ, ਤਾਂ ਉਹ ਬੈਠ ਗਏ । ੩ ਤਦ ਉਹ ਨੇ ਉਸ ਛੁਡਾਉਣ ਵਾਲੇ ਨੂੰ ਕਿਹਾ, “ਨਾਓਮੀ ਜਿਹੜੀ ਮੋਆਬ ਦੇ ਦੇਸ ਤੋਂ ਮੁੜ ਆਈ ਹੈ, ਉਹ ਜ਼ਮੀਨ ਦਾ ਇੱਕ ਹਿੱਸਾ ਵੇਚਣਾ ਚਾਹੁੰਦੀ ਹੈ ਜੋ ਸਾਡੇ ਭਰਾ ਅਲੀਮਲਕ ਦਾ ਸੀ । ੪ ਇਸ ਲਈ ਮੈਂ ਸੋਚਿਆ ਕਿ ਤੇਰੇ ਕੰਨ ਵਿੱਚ ਇਹ ਗੱਲ ਪਾਵਾਂ, ਤਾਂ ਜੋ ਤੂੰ ਹੁਣ ਇਨ੍ਹਾਂ ਲੋਕਾਂ ਦੇ ਸਾਹਮਣੇ ਜੋ ਬੈਠੇ ਹਨ ਅਤੇ ਮੇਰੇ ਕੁਲ ਦੇ ਬਜ਼ੁਰਗਾਂ ਦੇ ਸਾਹਮਣੇ ਉਹ ਨੂੰ ਖਰੀਦ ਲੈ ਅਤੇ ਜੇ ਤੂੰ ਉਹ ਨੂੰ ਛੁਡਾਉਣਾ ਹੈ ਤਾਂ ਛੁਡਾ ਲੈ, ਅਤੇ ਜੇ ਤੂੰ ਨਾ ਛੁਡਾਉਣਾ ਚਾਹੇਂ ਤਾਂ ਮੈਨੂੰ ਦੱਸ ਦੇ, ਤਾਂ ਜੋ ਮੈਨੂੰ ਵੀ ਖ਼ਬਰ ਹੋਵੇ, ਕਿਉਂਕਿ ਤੇਰੇ ਬਿਨ੍ਹਾਂ ਹੋਰ ਕੋਈ ਨਹੀਂ ਛੁਡਾ ਸਕਦਾ ਅਤੇ ਤੇਰੇ ਬਾਅਦ ਮੈਂ ਹਾਂ । “ ਉਸ ਨੇ ਕਿਹਾ, “ਮੈਂ ਛੁਡਾਵਾਂਗਾ । “ ੫ ਤਦ ਬੋਅਜ਼ ਨੇ ਕਿਹਾ, “ਜਿਸ ਦਿਨ ਤੂੰ ਉਹ ਜ਼ਮੀਨ ਨਾਓਮੀ ਦੇ ਹੱਥੋਂ ਖ਼ਰੀਦ ਲਵੇਂ ਤਾਂ ਉਸੇ ਦਿਨ ਤੈਨੂੰ ਉਸ ਮਰੇ ਹੋਏ ਦੀ ਵਿਧਵਾ ਮੋਆਬਣ ਰੂਥ ਤੋਂ ਵੀ ਮੁੱਲ ਲੈਣੀ ਪਵੇਗੀ ਤਾਂ ਜੋ ਉਸ ਮਰੇ ਹੋਏ ਦਾ ਨਾਮ ਉਸ ਦੀ ਜਾਇਦਾਦ ਵਿੱਚ ਬਣਿਆ ਰਹੇ । “
੬ ਤਦ ਉਸ ਛੁਡਾਉਣ ਵਾਲੇ ਨੇ ਕਿਹਾ, “ਫਿਰ ਤਾਂ ਮੈਂ ਉਸ ਨੂੰ ਨਹੀਂ ਛੁਡਾ ਸਕਦਾ, ਅਜਿਹਾ ਨਾ ਹੋਵੇ ਕਿ ਮੈਂ ਆਪਣੀ ਜਾਇਦਾਦ ਵਿਗਾੜ ਬੈਠਾਂ । ਇਸ ਲਈ ਮੇਰੇ ਛੁਡਾਉਣ ਦਾ ਹੱਕ ਤੂੰ ਹੀ ਲੈ ਲੈ, ਕਿਉਂਕਿ ਮੈਂ ਉਸ ਨੂੰ ਨਹੀਂ ਛੁਡਾ ਸਕਦਾ । “ ੭ ਪਹਿਲੇ ਸਮੇਂ ਇਸਰਾਏਲ ਵਿੱਚ ਛੁਡਾਉਣ ਅਤੇ ਵਟਾਉਣ ਦੇ ਵੇਲੇ ਸਾਰੀਆਂ ਗੱਲਾਂ ਨੂੰ ਪੱਕਾ ਕਰਨ ਦੀ ਇਹ ਰੀਤ ਹੁੰਦੀ ਸੀ ਕਿ ਇੱਕ ਜਣਾ ਆਪਣੀ ਜੁੱਤੀ ਲਾਹ ਕੇ ਆਪਣੀ ਗੁਆਂਢੀ ਨੂੰ ਦੇ ਦਿੰਦਾ ਸੀ, ਇਸਰਾਏਲ ਵਿੱਚ ਸਬੂਤ ਦੇਣ ਦੀ ਇਹੋ ਰੀਤ ਸੀ । ੮ ਤਦ ਉਸ ਛੁਡਾਉਣ ਵਾਲੇ ਨੇ ਬੋਅਜ਼ ਨੂੰ ਕਿਹਾ, “ਤੂੰ ਹੀ ਉਹ ਨੂੰ ਖਰੀਦ ਲੈ ਅਤੇ ਉਸ ਨੇ ਆਪਣੀ ਜੁੱਤੀ ਲਾਹ ਦਿੱਤੀ । “
੯ ਤਦ ਬੋਅਜ਼ ਨੇ ਸਾਰੇ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੂੰ ਕਿਹਾ, “ਤੁਸੀਂ ਅੱਜ ਦੇ ਦਿਨ ਦੇ ਗਵਾਹ ਹੋਏ ਹੋ ਕਿ ਮੈਂ ਅਲੀਮਲਕ ਅਤੇ ਕਿਲਓਨ ਅਤੇ ਮਹਿਲੋਨ ਦਾ ਸਭ ਕੁਝ ਨਾਓਮੀ ਦੇ ਹੱਥੋਂ ਖਰੀਦ ਲਿਆ ਹੈ । ੧੦ ਨਾਲੇ ਮੈਂ ਮਹਿਲੋਨ ਦੀ ਵਿਧਵਾ, ਮੋਆਬਣ ਰੂਥ ਨੂੰ ਵੀ ਮੁੱਲ ਲੈ ਲਿਆ ਕਿ ਉਹ ਮੇਰੀ ਪਤਨੀ ਬਣੇ ਤਾਂ ਜੋ ਉਸ ਮਰੇ ਹੋਏ ਦਾ ਨਾਮ ਉਸ ਦੀ ਜਾਇਦਾਦ ਵਿੱਚ ਬਣਿਆ ਰਹੇ, ਕਿਤੇ ਅਜਿਹਾ ਨਾ ਹੋਵੇ ਕਿ ਉਸ ਮਰੇ ਹੋਏ ਦਾ ਨਾਮ ਉਸ ਦੇ ਭਰਾਵਾਂ ਅਤੇ ਉਸ ਦੇ ਸਥਾਨ ਤੇ ਫਾਟਕਾਂ ਤੋਂ ਮਿੱਟ ਜਾਵੇ । ਤੁਸੀਂ ਅੱਜ ਦੇ ਦਿਨ ਦੇ ਗਵਾਹ ਹੋ । “ ੧੧ ਤਦ ਸਾਰਿਆਂ ਲੋਕਾਂ ਨੇ ਜੋ ਫਾਟਕ ਉੱਤੇ ਸਨ ਅਤੇ ਉਨ੍ਹਾਂ ਬਜ਼ੁਰਗਾਂ ਨੇ ਕਿਹਾ, “ਅਸੀਂ ਗਵਾਹ ਹਾਂ । ਯਹੋਵਾਹ ਇਸ ਇਸਤਰੀ ਨੂੰ ਜੋ ਤੇਰੇ ਘਰ ਵਿੱਚ ਆਈ ਹੈ, ਰਾਖੇਲ ਅਤੇ ਲਿਆਹ ਵਰਗੀ ਕਰੇ, ਜਿਨ੍ਹਾਂ ਦੋਹਾਂ ਨੇ ਇਸਰਾਏਲ ਦਾ ਘਰ ਬਣਾਇਆ । ਤੂੰ ਇਫ਼ਰਾਥਾਹ ਵਿੱਚ ਵੀਰਤਾ ਕਰੇਂ ਅਤੇ ਬੈਤਹਲਮ ਵਿੱਚ ਤੇਰਾ ਨਾਮ ਉੱਚਾ ਹੋਵੇ । ੧੨ ਤੇਰਾ ਟੱਬਰ, ਜੋ ਯਹੋਵਾਹ ਤੈਨੂੰ ਇਸ ਇਸਤਰੀ ਦੇ ਦੁਆਰਾ ਦੇਵੇਗਾ ਫ਼ਾਰਸ ਦੇ ਟੱਬਰ ਵਰਗਾ ਹੋਵੇ, ਜਿਸ ਨੂੰ ਤਾਮਾਰ ਯਹੂਦਾਹ ਦੇ ਲਈ ਜਣੀ । “
ਬੋਅਜ਼ ਅਤੇ ਰੂਥ ਦਾ ਵੰਸ਼
੧੩ ਤਦ ਬੋਅਜ਼ ਨੇ ਰੂਥ ਨੂੰ ਵਿਆਹ ਲਿਆ, ਉਹ ਉਸ ਦੀ ਪਤਨੀ ਹੋ ਗਈ । ਜਦ ਉਸ ਨੇ ਉਹ ਦੇ ਨਾਲ ਸੰਗ ਕੀਤਾ ਤਾਂ ਯਹੋਵਾਹ ਨੇ ਉਹ ਨੂੰ ਗਰਭ ਦੀ ਅਸੀਸ ਦਿੱਤੀ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ । ੧੪ ਤਦ ਇਸਤਰੀਆਂ ਨੇ ਨਾਓਮੀ ਨੂੰ ਕਿਹਾ, “ਮੁਬਾਰਕ ਹੈ ਯਹੋਵਾਹ, ਜਿਸ ਨੇ ਅੱਜ ਦੇ ਦਿਨ ਤੈਨੂੰ ਛੁਡਾਉਣ ਵਾਲੇ ਤੋਂ ਬਿਨ੍ਹਾਂ ਨਾ ਛੱਡਿਆ, ਜੋ ਉਸਦਾ ਨਾਮ ਇਸਰਾਏਲ ਵਿੱਚ ਉੱਚਾ ਹੋਵੇ, ੧੫ ਅਤੇ ਇਹ ਤੇਰੇ ਪ੍ਰਾਣਾਂ ਨੂੰ ਨਰੋਇਆ ਕਰੇਗਾ ਅਤੇ ਤੇਰਾ ਬੁਢਾਪੇ ਦਾ ਪਾਲਣਹਾਰਾ ਹੋਵੇਗਾ, ਕਿਉਂਕਿ ਤੇਰੀ ਨੂੰਹ ਜੋ ਤੈਨੂੰ ਪ੍ਰੇਮ ਕਰਦੀ ਹੈ, ਤੇਰੇ ਲਈ ਸੱਤਾ ਪੁੱਤਰਾਂ ਨਾਲੋਂ ਚੰਗੀ ਹੈ, ਉਸ ਨੇ ਇਸ ਨੂੰ ਜਨਮ ਦਿੱਤਾ ਹੈ । “ ੧੬ ਤਦ ਨਾਓਮੀ ਨੇ ਉਸ ਬੱਚੇ ਨੂੰ ਚੁੱਕ ਕੇ ਆਪਣੀ ਗੋਦ ਵਿੱਚ ਲੈ ਲਿਆ ਅਤੇ ਉਹ ਦੀ ਦਾਈ ਬਣੀ । ੧੭ ਤਦ ਉਸ ਦੀਆਂ ਗੁਆਂਢਣਾਂ ਨੇ ਇਹ ਕਹਿ ਕੇ ਕਿ “ਨਾਓਮੀ ਦੇ ਲਈ ਪੁੱਤਰ ਜੰਮਿਆ ਹੈ” ਉਸ ਦਾ ਨਾਮ ਓਬੇਦ ਰੱਖਿਆ । ਉਹ ਯੱਸੀ ਦਾ ਪਿਤਾ ਸੀ ਅਤੇ ਦਾਊਦ ਦਾ ਦਾਦਾ ਸੀ ।
੧੮ ਫ਼ਾਰਸ ਦੀ ਕੁਲਪੱਤ੍ਰੀ ਇਹ ਹੈ, ਫ਼ਾਰਸ ਤੋਂ ਹਸਰੋਨ ਜੰਮਿਆ, ੧੯ ਹਸਰੋਨ ਤੋਂ ਰਾਮ ਜੰਮਿਆ, ਰਾਮ ਤੋਂ ਅਮੀਨਾਦਾਬ ਜੰਮਿਆ ੨੦ ਅਤੇ ਅਮੀਨਾਦਾਬ ਤੋਂ ਨਹਿਸ਼ੋਨ ਜੰਮਿਆ, ਨਹਿਸ਼ੋਨ ਤੋਂ ਸਲਮੋਨ ਜੰਮਿਆ ੨੧ ਅਤੇ ਸਲਮੋਨ ਤੋਂ ਬੋਅਜ਼ ਜੰਮਿਆ, ਬੋਅਜ਼ ਤੋਂ ਓਬੇਦ ਜੰਮਿਆ ੨੨ ਅਤੇ ਓਬੇਦ ਤੋਂ ਯੱਸੀ ਜੰਮਿਆ, ਯੱਸੀ ਤੋਂ ਦਾਊਦ ਜੰਮਿਆ ।