੧੬
ਪੌਲੁਸ ਤਿਮੋਥਿਉਸ ਨੂੰ ਨਾਲ ਲੈਂਦਾ ਹੈ
੧ ਉਹ ਦਰਬੇ ਅਤੇ ਲੁਸਤ੍ਰਾ ਵਿੱਚ ਵੀ ਆਇਆ, ਅਤੇ ਵੇਖੋ ਉੱਥੇ ਤਿਮੋਥਿਉਸ ਨਾਮ ਦਾ ਇੱਕ ਚੇਲਾ ਸੀ l ਜਿਹੜਾ ਇੱਕ ਵਿਸ਼ਵਾਸੀ ਯਹੂਦਣ ਦਾ ਪੁੱਤਰ ਸੀ, ਪਰ ਉਸ ਦਾ ਪਿਤਾ ਯੂਨਾਨੀ ਸੀ । ੨ ਉਹ ਲੁਸਤ੍ਰਾ ਅਤੇ ਇਕੋਨਿਯੁਮ ਦੇ ਰਹਿਣ ਵਾਲੇ ਭਰਾਵਾਂ ਵਿੱਚ ਨੇਕਨਾਮ ਸੀ । ੩ ਪੌਲੁਸ ਚਾਹੁੰਦਾ ਸੀ ਕਿ ਇਹ ਮੇਰੇ ਨਾਲ ਚੱਲੇ, ਸੋ ਉਨ੍ਹਾਂ ਯਹੂਦੀਆਂ ਦੇ ਕਾਰਨ, ਉਹ ਦੀ ਸੁੰਨਤ ਕੀਤੀ ਕਿਉਂ ਜੋ ਉਹ ਸਭ ਜਾਣਦੇ ਸਨ ਕਿ ਉਹ ਦਾ ਪਿਤਾ ਯੂਨਾਨੀ ਸੀ । ੪ ਉਹ ਨਗਰਾਂ ਵਿੱਚ ਫਿਰਦਿਆਂ ਹੋਇਆਂ ਉਹ ਹੁਕਮ ਜਿਹੜੇ ਯਰੂਸ਼ਲਮ ਵਿੱਚ ਰਸੂਲਾਂ ਅਤੇ ਬਜ਼ੁਰਗਾਂ ਨੇ ਠਹਿਰਾਏ ਸਨ, ਉਹਨਾਂ ਨੂੰ ਮੰਨਣ ਲਈ ਲੋਕਾਂ ਨੂੰ ਸੌਂਪ ਦੇਵੇ । ੫ ਕਲੀਸਿਯਾਵਾਂ ਵਿਸ਼ਵਾਸ ਵਿੱਚ ਮਜ਼ਬੂਤ ਹੁੰਦੀਆਂ ਅਤੇ ਗਿਣਤੀ ਵਿੱਚ ਦਿਨੋ ਦਿਨ ਵਧਦੀਆਂ ਗਈਆਂ ।
ਤ੍ਰੋਆਸ ਵਿੱਚ ਪੌਲੁਸ ਦਾ ਦਰਸ਼ਣ
੬ ਉਹ ਫ਼ਰੁਗਿਯਾ ਅਤੇ ਗਲਾਤਿਯਾ ਦੇ ਇਲਾਕੇ ਵਿੱਚ ਦੀ ਲੰਘ ਗਏ, ਕਿਉਂ ਜੋ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਏਸ਼ੀਆ ਵਿੱਚ ਬਚਨ ਸੁਣਾਉਣ ਤੋਂ ਮਨ੍ਹਾ ਕੀਤਾ ਸੀ । ੭ ਤਦ ਉਨ੍ਹਾਂ ਨੇ ਮੁਸਿਯਾ ਦੇ ਸਾਹਮਣੇ ਆ ਕੇ ਬਿਥੁਨਿਯਾ ਵਿੱਚ ਜਾਣ ਦਾ ਯਤਨ ਕੀਤਾ ਪਰ ਯਿਸੂ ਦੇ ਆਤਮਾ ਨੇ ਉਨ੍ਹਾਂ ਨੂੰ ਨਾ ਜਾਣ ਦਿੱਤਾ । ੮ ਤਾਂ ਉਹ ਮੁਸਿਯਾ ਕੋਲੋਂ ਜਾ ਕੇ ਤ੍ਰੇਆਸ ਵਿੱਚ ਗਏ । ੯ ਅਤੇ ਪੌਲੁਸ ਨੇ ਰਾਤ ਨੂੰ ਇੱਕ ਦਰਸ਼ਣ ਵੇਖਿਆ, ਕਿ ਇੱਕ ਮਕਦੂਨੀ ਮਨੁੱਖ ਖੜ੍ਹਾ ਉਹ ਦੀ ਮਿੰਨਤ ਕਰ ਕੇ ਕਹਿੰਦਾ ਹੈ, ਜੋ ਇਸ ਪਾਰ ਮਕਦੂਨਿਯਾ ਵਿੱਚ ਆ ਕੇ ਸਾਡੀ ਸਹਾਇਤਾ ਕਰੇ । ੧੦ ਜਦੋਂ ਉਸ ਨੇ ਇਹ ਦਰਸ਼ਣ ਦੇਖਿਆ ਤਾਂ ਉਸੇ ਵੇਲੇ ਅਸੀਂ ਮਕਦੂਨਿਯਾ ਵਿੱਚ ਜਾਣ ਦਾ ਯਤਨ ਕੀਤਾ ਇਸ ਲਈ ਜੋ ਅਸੀਂ ਪੱਕਾ ਜਾਣਿਆ ਕਿ ਪਰਮੇਸ਼ੁਰ ਨੇ ਸਾਨੂੰ ਬੁਲਾਇਆ ਹੈ ਜੋ ਉਨ੍ਹਾਂ ਲੋਕਾਂ ਨੂੰ ਖੁਸ਼ਖਬਰੀ ਸੁਣਾਈਏ ।
ਫ਼ਿਲਿੱਪੈ ਵਿੱਚ ਲੁਦਿਯਾ ਦਾ ਮਨ ਪਰਿਵਰਤਨ
੧੧ ਇਸ ਲਈ ਤ੍ਰੋਆਸ ਤੋਂ ਜਹਾਜ਼ ਤੇ ਚੜ੍ਹ ਕੇ ਅਸੀਂ ਸਿੱਧੇ ਸਮੁਤ੍ਰਾਕੇ ਨੂੰ ਆਏ ਅਤੇ ਦੂਜੇ ਦਿਨ ਨਿਯਾਪੁਲਿਸ ਨੂੰ । ੧੨ ਅਤੇ ਉੱਥੋਂ ਫ਼ਿਲਿੱਪੈ ਨੂੰ ਜੋ ਮਕਦੂਨਿਯਾ ਦਾ ਵੱਡਾ ਸ਼ਹਿਰ ਅਤੇ ਰੋਮੀਆਂ ਦੀ ਬਸਤੀ ਹੈ ਅਤੇ ਅਸੀਂ ਕਈ ਦਿਨ ਉਸੇ ਸ਼ਹਿਰ ਵਿੱਚ ਰਹੇ । ੧੩ ਅਤੇ ਸਬਤ ਦੇ ਦਿਨ ਫ਼ਾਟਕ ਤੋਂ ਬਾਹਰ ਦਰਿਆ ਦੇ ਕੰਢੇ ਉੱਤੇ ਗਏ, ਜਿੱਥੇ ਅਸੀਂ ਸੋਚਿਆ ਕਿ ਪ੍ਰਾਰਥਨਾ ਕਰਨ ਦਾ ਕੋਈ ਸਥਾਨ ਹੋਵੇਗਾ ਅਤੇ ਬੈਠ ਕੇ ਉਨ੍ਹਾਂ ਔਰਤਾਂ ਨਾਲ ਜਿਹੜੀਆਂ ਇਕੱਠੀਆਂ ਹੋਈਆਂ ਸਨ, ਗੱਲਾਂ ਕਰਨ ਲੱਗੇ । ੧੪ ਅਤੇ ਲੁਦਿਯਾ ਨਾਮ ਦੀ ਥੁਆਤੀਰਾ ਨਗਰ ਦੀ ਇੱਕ ਔਰਤ ਕਿਰਮਿਚ ਵੇਚਣ ਵਾਲੀ ਪਰਮੇਸ਼ੁਰ ਦੀ ਭਗਤਣ ਉਹਨਾਂ ਨੂੰ ਸੁਣ ਰਹੀ ਸੀ । ਉਹ ਦਾ ਮਨ ਪ੍ਰਭੂ ਨੇ ਖੋਲ੍ਹ ਦਿੱਤਾ ਤਾਂ ਕਿ ਪੌਲੁਸ ਦੀਆਂ ਗੱਲਾਂ ਉੱਤੇ ਮਨ ਲਾਵੇ । ੧੫ ਅਤੇ ਜਦੋਂ ਉਸ ਨੇ ਆਪਣੇ ਪਰਿਵਾਰ ਸਮੇਤ ਬਪਤਿਸਮਾ ਲਿਆ ਤਾਂ ਬੇਨਤੀ ਕਰ ਕੇ ਬੋਲੀ, ਕਿ ਜੇ ਤੁਸੀਂ ਮੈਨੂੰ ਪ੍ਰਭੂ ਦੀ ਵਿਸ਼ਵਾਸਣ ਸਮਝਿਆ ਹੈ, ਤਾਂ ਮੇਰੇ ਘਰ ਵਿੱਚ ਆ ਕੇ ਰਹੋ ਅਤੇ ਉਹ ਸਾਨੂੰ ਜ਼ਬਰਦਸਤੀ ਆਪਣੇ ਘਰ ਲੈ ਗਈ ।
ਪੌਲੁਸ ਅਤੇ ਸੀਲਾਸ ਕੈਦ ਵਿੱਚ
੧੬ ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਪ੍ਰਾਰਥਨਾ ਕਰਨ ਦੇ ਸਥਾਨ ਨੂੰ ਜਾ ਰਹੇ ਸੀ ਤਾਂ ਇੱਕ ਦਾਸੀ ਸਾਨੂੰ ਮਿਲੀ, ਜਿਸ ਦੇ ਵਿੱਚ ਭੇਤ ਬੁੱਝਣ ਦੀ ਆਤਮਾ ਸੀ ਅਤੇ ਉਹ ਟੇਵੇ ਲਾ ਕੇ ਆਪਣੇ ਮਾਲਕਾਂ ਲਈ ਬਹੁਤ ਕੁੱਝ ਕਮਾ ਲਿਆਉਂਦੀ ਸੀ । ੧੭ ਪੌਲੁਸ ਅਤੇ ਸਾਡੇ ਮਗਰ ਆ ਕੇ ਅਵਾਜ਼ਾਂ ਮਾਰਦੀ ਅਤੇ ਕਹਿੰਦੀ ਸੀ ਕਿ ਇਹ ਲੋਕ ਅੱਤ ਮਹਾਨ ਪਰਮੇਸ਼ੁਰ ਦੇ ਦਾਸ ਹਨ, ਜਿਹੜੇ ਤੁਹਾਨੂੰ ਮੁਕਤੀ ਦੀ ਰਾਹ ਦੱਸਦੇ ਹਨ । ੧੮ ਉਹ ਬਹੁਤ ਦਿਨਾਂ ਤੱਕ ਇਹ ਕਰਦੀ ਰਹੀ ਪਰ ਪੌਲੁਸ ਅੱਕ ਗਿਆ ਅਤੇ ਮੁੜ ਕੇ ਉਸ ਆਤਮਾ ਨੂੰ ਕਿਹਾ, ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਨਾਲ ਹੁਕਮ ਕਰਦਾ ਹਾਂ ਜੋ ਇਹ ਦੇ ਵਿੱਚੋਂ ਨਿੱਕਲ ਜਾ ! ਅਤੇ ਉਸੇ ਸਮੇਂ ਉਹ ਨਿੱਕਲ ਗਈ ।
੧੯ ਪਰ ਜਦੋਂ ਉਹ ਦੇ ਮਾਲਕਾਂ ਨੇ ਵੇਖਿਆ ਜੋ ਸਾਡੀ ਕਮਾਈ ਦੀ ਆਸ ਖ਼ਤਮ ਹੋ ਗਈ ਤਾਂ ਪੌਲੁਸ ਅਤੇ ਸੀਲਾਸ ਨੂੰ ਫੜ੍ਹ ਕੇ ਬਜ਼ਾਰ ਵਿੱਚ ਅਧਿਕਾਰੀਆਂ ਦੇ ਕੋਲ ਖਿੱਚ ਕੇ ਲੈ ਗਏ । ੨੦ ਅਤੇ ਉਨ੍ਹਾਂ ਨੇ ਸਰਦਾਰਾਂ ਦੇ ਅੱਗੇ ਲੈ ਜਾ ਕੇ ਕਿਹਾ ਕਿ ਉਹ ਮਨੁੱਖ ਜਿਹੜੇ ਯਹੂਦੀ ਹਨ ਸਾਡੇ ਸ਼ਹਿਰ ਵਿੱਚ ਬਹੁਤ ਗੜਬੜੀ ਕਰਦੇ ਹਨ । ੨੧ ਅਤੇ ਸਾਨੂੰ ਅਜਿਹੀਆਂ ਰੀਤਾਂ ਦੱਸਦੇ ਹਨ ਕਿ ਜੋ ਕਿਸੇ ਰੋਮੀ ਦੇ ਮੰਨਣ ਅਤੇ ਪੂਰਾ ਕਰਨ ਦੇ ਯੋਗ ਨਹੀਂ । ੨੨ ਤਦ ਲੋਕ ਮਿਲ ਕੇ ਉਨ੍ਹਾਂ ਦੇ ਵਿਰੁੱਧ ਉੱਠੇ ਅਤੇ ਸਰਦਾਰਾਂ ਨੇ ਉਨ੍ਹਾਂ ਦੇ ਕੱਪੜੇ ਪਾੜ ਕੇ ਬੈਂਤ ਮਾਰਨ ਦਾ ਹੁਕਮ ਦਿੱਤਾ । ੨੩ ਉਨ੍ਹਾਂ ਨੂੰ ਬਹੁਤੇ ਬੈਂਤ ਮਾਰ ਕੇ ਕੈਦ ਕਰ ਦਿੱਤਾ ਅਤੇ ਕੈਦਖ਼ਾਨੇ ਦੇ ਦਰੋਗੇ ਨੂੰ ਹੁਕਮ ਦਿੱਤਾ ਕਿ ਵੱਡੀ ਚੌਕਸੀ ਨਾਲ ਰੱਖਿਆ ਜਾਵੇ ! ੨੪ ਉਸ ਨੇ ਅਜਿਹਾ ਹੁਕਮ ਪਾ ਕੇ ਉਨ੍ਹਾਂ ਨੂੰ ਅੰਦਰਲੇ ਕੈਦਖ਼ਾਨੇ ਵਿੱਚ ਸੁੱਟਿਆ ਅਤੇ ਉਨ੍ਹਾਂ ਦੇ ਪੈਰਾਂ ਵਿੱਚ ਕਾਠ ਠੋਕ ਦਿੱਤਾ ।
ਪੌਲੁਸ ਅਤੇ ਸੀਲਾਸ ਦਾ ਕੈਦ ਵਿੱਚੋਂ ਛੁਟਕਾਰਾ
੨੫ ਪਰ ਅੱਧੀ ਰਾਤ ਨੂੰ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ੁਰ ਦਾ ਭਜਨ ਗਾਉਂਦੇ ਸਨ ਅਤੇ ਕੈਦੀ ਵੀ ਉਨ੍ਹਾਂ ਦੀ ਸੁਣ ਰਹੇ ਸਨ । ੨੬ ਤਾਂ ਅਚਾਨਕ ਇੱਕ ਭੂਚਾਲ ਆਇਆ ਅਤੇ ਕੈਦਖ਼ਾਨੇ ਦੀਆਂ ਨੀਹਾਂ ਹਿੱਲ ਗਈਆਂ ਅਤੇ ਸਾਰੇ ਬੂਹੇ ਖੁੱਲ੍ਹ ਗਏ ਅਤੇ ਸਭਨਾਂ ਦੀਆਂ ਬੇੜੀਆਂ ਵੀ ਖੁੱਲ੍ਹ ਗਈਆਂ । ੨੭ ਕੈਦਖ਼ਾਨੇ ਦਾ ਦਰੋਗਾ ਜਾਗ ਉੱਠਿਆ ਅਤੇ ਜਦੋਂ ਕੈਦਖ਼ਾਨੇ ਦੇ ਬੂਹੇ ਖੁੱਲ੍ਹੇ ਵੇਖੇ, ਤਾਂ ਇਹ ਸਮਝ ਕੇ, ਕਿ ਕੈਦੀ ਭੱਜ ਗਏ ਹੋਣਗੇ, ਤਲਵਾਰ ਨਾਲ ਆਪਣੇ ਆਪ ਨੂੰ ਮਾਰਨ ਲੱਗਾ । ੨੮ ਪਰ ਪੌਲੁਸ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਆਖਿਆ, ਆਪਣੇ ਆਪ ਨੂੰ ਕੁੱਝ ਨੁਕਸਾਨ ਨਾ ਪਹੁੰਚਾ, ਕਿਉਂਕਿ ਅਸੀਂ ਸਭ ਇੱਥੇ ਹੀ ਹਾਂ ! ੨੯ ਉਹ ਦੀਵਾ ਮੰਗਵਾ ਕੇ ਅੰਦਰ ਨੂੰ ਦੌੜਿਆ ਅਤੇ ਕੰਬਦਾ-ਕੰਬਦਾ ਪੌਲੁਸ ਅਤੇ ਸੀਲਾਸ ਦੇ ਅੱਗੇ ਡਿੱਗ ਪਿਆ । ੩੦ ਅਤੇ ਉਨ੍ਹਾਂ ਨੂੰ ਬਾਹਰ ਲਿਆ ਕੇ ਕਿਹਾ, ਹੇ ਮਹਾਂ ਪੁਰਖੋ, ਮੈਂ ਹੁਣ ਕੀ ਕਰਾਂ ਤਾਂ ਜੋ ਮੁਕਤੀ ਪ੍ਰਾਪਤ ਕਰਾਂ ? ੩੧ ਉਨ੍ਹਾਂ ਨੇ ਆਖਿਆ, ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰ ਤਾਂ ਤੂੰ ਅਤੇ ਤੇਰਾ ਸਾਰਾ ਘਰਾਣਾ ਬਚਾਇਆ ਜਾਵੇਗਾ । ੩੨ ਉਨ੍ਹਾਂ ਉਸ ਨੂੰ ਅਤੇ ਜਿਹੜੇ ਉਸ ਦੇ ਘਰ ਵਿੱਚ ਰਹਿੰਦੇ ਸਨ, ਪ੍ਰਭੂ ਦਾ ਬਚਨ ਸੁਣਾਇਆ । ੩੩ ਅਤੇ ਰਾਤ ਦੇ ਵੇਲੇ ਉਸ ਨੇ ਉਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਜ਼ਖਮ ਸਾਫ਼ ਕੀਤੇ ਅਤੇ ਉਸ ਨੇ ਅਤੇ ਉਸ ਦੇ ਸਾਰੇ ਪਰਿਵਾਰ ਨੇ ਬਪਤਿਸਮਾ ਲਿਆ । ੩੪ ਅਤੇ ਉਨ੍ਹਾਂ ਨੂੰ ਘਰ ਲਿਆ ਕੇ ਉਨ੍ਹਾਂ ਨੂੰ ਭੋਜਨ ਕਰਵਾਇਆ ਅਤੇ ਉਸ ਨੇ ਪਰਮੇਸ਼ੁਰ ਦਾ ਵਿਸ਼ਵਾਸ ਕਰ ਕੇ ਆਪਣੇ ਸਾਰੇ ਪਰਿਵਾਰ ਸਮੇਤ ਇੱਕ ਵੱਡੀ ਖੁਸ਼ੀ ਮਨਾਈ ।
੩੫ ਜਦੋਂ ਦਿਨ ਚੜ੍ਹਿਆ ਤਾਂ ਅਧਿਕਾਰੀਆਂ ਨੇ ਸਿਪਾਹੀਆਂ ਨੂੰ ਇਹ ਕਹਿ ਕਿ ਭੇਜਿਆ ਕਿ ਉਨ੍ਹਾਂ ਮਨੁੱਖਾਂ ਨੂੰ ਛੱਡ ਦਿਓ । ੩੬ ਤਦ ਦਰੋਗੇ ਨੇ ਪੌਲੁਸ ਨੂੰ ਇਸ ਗੱਲ ਦੀ ਖ਼ਬਰ ਦਿੱਤੀ ਕਿ ਅਧਿਕਾਰੀਆਂ ਨੇ ਤੁਹਾਨੂੰ ਛੱਡਣ ਲਈ ਕਿਹਾ ਹੈ ਸੋ ਹੁਣ ਤੁਸੀਂ ਸ਼ਾਂਤੀ ਨਾਲ ਚਲੇ ਜਾਓ । ੩੭ ਪਰ ਪੌਲੁਸ ਨੇ ਉਨ੍ਹਾਂ ਨੂੰ ਆਖਿਆ ਕਿ, ਉਨ੍ਹਾਂ ਨੇ ਤਾਂ ਸਾਨੂੰ ਜੋ ਰੋਮੀ ਹਾਂ ਦੋਸ਼ ਸਾਬਤ ਕੀਤੇ ਬਿਨ੍ਹਾਂ ਸਭ ਲੋਕਾਂ ਦੇ ਸਾਹਮਣੇ ਬੈਂਤ ਮਾਰ ਕੇ ਕੈਦ ਕੀਤਾ ਅਤੇ ਹੁਣ ਭਲਾ, ਉਹ ਸਾਨੂੰ ਚੁੱਪ ਕਰਕੇ ਕਿਉਂ ਛੱਡ ਰਹੇ ਹਨ ? ਇਹ ਕਦੀ ਵੀ ਨਹੀਂ ਹੋਵੇਗਾ ਸਗੋਂ ਉਹ ਆਪ ਆ ਕੇ ਸਾਨੂੰ ਬਾਹਰ ਛੱਡਣ । ੩੮ ਤਦ ਸਿਪਾਹੀਆਂ ਨੇ ਇਹ ਗੱਲਾਂ ਅਧਿਕਾਰੀਆਂ ਨੂੰ ਜਾ ਕੇ ਸੁਣਾਈਆਂ ਅਤੇ ਜਦੋਂ ਉਹਨਾਂ ਸੁਣਿਆ ਕਿ ਇਹ ਰੋਮੀ ਹਨ ਤਾਂ ਡਰ ਗਏ । ੩੯ ਅਤੇ ਆ ਕੇ ਉਨ੍ਹਾਂ ਨੂੰ ਮਨਾਇਆ ਅਤੇ ਬਾਹਰ ਲਿਆ ਕੇ ਬੇਨਤੀ ਕੀਤੀ ਕਿ ਸ਼ਹਿਰ ਵਿੱਚੋਂ ਚੱਲੇ ਜਾਓ । ੪੦ ਤਦ ਉਹ ਕੈਦ ਵਿੱਚੋਂ ਛੁੱਟ ਕੇ ਲੁਦਿਯਾ ਦੇ ਘਰ ਨੂੰ ਗਏ ਅਤੇ ਭਰਾਵਾਂ ਨੂੰ ਵੇਖ ਕੇ ਉਨ੍ਹਾਂ ਨੂੰ ਤਸੱਲੀ ਦਿੱਤੀ ਅਤੇ ਤੁਰ ਪਏ ।