ਤੋਬਾ ਕਰਨ ਲਈ ਬੁਲਾਹਟ
੧ ਹੇ ਇਸਰਾਏਲ ਦੇ ਘਰਾਣੇ, ਇਨ੍ਹਾਂ ਬਚਨਾਂ ਨੂੰ ਸੁਣੋ, ਜਿਹੜੇ ਮੈਂ ਤੁਹਾਡੇ ਲਈ ਵਿਰਲਾਪ ਕਰਕੇ ਕਹਿੰਦਾ ਹਾਂ, ੨ “ਇਸਰਾਏਲ ਦੀ ਕੁਆਰੀ ਡਿੱਗ ਪਈ, ਉਹ ਫੇਰ ਨਾ ਉੱਠ ਸਕੇਗੀ, ਉਹ ਆਪਣੀ ਭੂਮੀ ਉੱਤੇ ਤਿਆਗ ਦਿੱਤੀ ਗਈ ਹੈ, ਉਸ ਨੂੰ ਚੁੱਕਣ ਵਾਲਾ ਕੋਈ ਨਹੀਂ ।”
੩ ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, “ਜਿਸ ਸ਼ਹਿਰ ਵਿੱਚੋਂ ਹਜ਼ਾਰ ਨਿੱਕਲਦੇ ਸਨ, ਉੱਥੇ ਇਸਰਾਏਲ ਦੇ ਘਰਾਣੇ ਦੇ ਸੌ ਰਹਿ ਜਾਣਗੇ, ਅਤੇ ਜਿਸ ਵਿੱਚੋਂ ਸੌ ਨਿੱਕਲਦੇ ਸਨ, ਉੱਥੇ ਦਸ ਹੀ ਰਹਿ ਜਾਣਗੇ ।”
੪ ਯਹੋਵਾਹ ਇਸਰਾਏਲ ਦੇ ਘਰਾਣੇ ਨੂੰ ਇਹ ਆਖਦਾ ਹੈ, ਮੇਰੀ ਖੋਜ ਕਰੋ ਤਾਂ ਜੀਉਂਦੇ ਰਹੋਗੇ ! ੫ ਪਰ ਬੈਤਏਲ ਦੀ ਖੋਜ਼ ਨਾ ਕਰੋ, ਨਾ ਗਿਲਗਾਲ ਵਿੱਚ ਵੜੋ, ਨਾ ਬਏਰ-ਸ਼ਬਾ ਨੂੰ ਜਾਓ, ਕਿਉਂ ਜੋ ਗਿਲਗਾਲ ਜ਼ਰੂਰ ਹੀ ਗ਼ੁਲਾਮੀ ਵਿੱਚ ਜਾਵੇਗਾ ਅਤੇ ਬੈਤਏਲ ਮੁੱਕ ਜਾਵੇਗਾ ।
੬ ਯਹੋਵਾਹ ਦੀ ਖੋਜ ਕਰੋ ਤਾਂ ਤੁਸੀਂ ਜੀਉਂਦੇ ਰਹੋਗੇ ! ਕਿਤੇ ਉਹ ਅੱਗ ਵਾਂਗੂੰ ਯੂਸੁਫ਼ ਦੇ ਘਰਾਣੇ ਉੱਤੇ ਭੜਕ ਉੱਠੇ ਅਤੇ ਉਸ ਨੂੰ ਭਸਮ ਕਰੇ ਅਤੇ ਬੈਤਏਲ ਵਿੱਚ ਕੋਈ ਉਸ ਨੂੰ ਬੁਝਾਉਣ ਵਾਲਾ ਨਾ ਹੋਵੇਗਾ । ੭ ਤੁਸੀਂ ਜਿਹੜੇ ਨਿਆਂ ਨੂੰ ਕੁੜੱਤਣ ਵਿੱਚ ਬਦਲਦੇ ਹੋ ਅਤੇ ਧਰਮ ਨੂੰ ਮਿੱਟੀ ਵਿੱਚ ਮਿਲਾਉਂਦੇ ਹੋ !
੮ ਉਹ ਜੋ ਕੱਚ ਪਚਿਆ ਅਤੇ ਤਾਰਾ-ਮੰਡਲ ਦਾ ਬਣਾਉਣ ਵਾਲਾ ਹੈ, ਜੋ ਘਣਘੋਰ ਹਨੇਰੇ ਨੂੰ ਪ੍ਰਭਾਤ ਦੇ ਚਾਨਣ ਵਿੱਚ ਬਦਲ ਦਿੰਦਾ ਹੈ ਅਤੇ ਦਿਨ ਨੂੰ ਹਨੇਰੀ ਰਾਤ ਬਣਾ ਦਿੰਦਾ ਹੈ, ਜੋ ਸਮੁੰਦਰ ਦੇ ਪਾਣੀਆਂ ਨੂੰ ਬੁਲਾਉਂਦਾ ਹੈ ਅਤੇ ਉਹਨਾਂ ਨੂੰ ਧਰਤੀ ਉੱਤੇ ਵਹਾਉਂਦਾ ਹੈ, ਉਸਦਾ ਨਾਮ ਯਹੋਵਾਹ ਹੈ ! ੯ ਜਿਹੜਾ ਛੇਤੀ ਨਾਲ ਬਲਵਾਨ ਦਾ ਵਿਨਾਸ਼ ਕਰ ਦਿੰਦਾ ਹੈ ਅਤੇ ਗੜ੍ਹਾਂ ਨੂੰ ਵੀ ਤਬਾਹ ਕਰ ਦਿੰਦਾ ਹੈ !
੧੦ ਜੋ ਫਾਟਕ ਵਿੱਚ ਤਾੜਨਾ ਦਿੰਦਾ ਹੈ, ਉਸ ਨਾਲ ਉਹ ਵੈਰ ਰੱਖਦੇ ਹਨ ਅਤੇ ਜੋ ਸੱਚ ਬੋਲਦਾ ਹੈ, ਉਸ ਤੋਂ ਉਹ ਘਿਰਣਾ ਕਰਦੇ ਹਨ । ੧੧ ਤੁਸੀਂ ਜੋ ਗਰੀਬ ਨੂੰ ਕੁਚਲਦੇ ਹੋ ਅਤੇ ਉਸ ਤੋਂ ਕਣਕ ਦੀ ਵਸੂਲੀ ਜ਼ਬਰਦਸਤੀ ਕਰਦੇ ਹੋ, ਇਸ ਲਈ ਜਿਹੜੇ ਘਰ ਤੁਸੀਂ ਘੜ੍ਹੇ ਹੋਏ ਪੱਥਰਾਂ ਨਾਲ ਬਣਾਏ ਹਨ, ਉਨ੍ਹਾਂ ਵਿੱਚ ਵੱਸ ਨਾ ਸਕੋਗੇ ! ਅਤੇ ਜੋ ਸੁਹਾਵਣੇ ਅੰਗੂਰੀ ਬਾਗ ਤੁਸੀਂ ਲਾਏ ਹਨ, ਉਨ੍ਹਾਂ ਦੀ ਮਧ ਨਾ ਪੀ ਸਕੋਗੇ ! ੧੨ ਕਿਉਂ ਜੋ ਮੈਂ ਤੁਹਾਡੇ ਬਹੁਤਿਆਂ ਅਪਰਾਧਾਂ ਨੂੰ ਅਤੇ ਤੁਹਾਡੇ ਵੱਡੇ ਪਾਪਾਂ ਨੂੰ ਜਾਣਦਾ ਹਾਂ, ਤੁਸੀਂ ਧਰਮੀ ਨੂੰ ਸਤਾਉਂਦੇ ਹੋ ਅਤੇ ਰਿਸ਼ਵਤ ਲੈਂਦੇ ਹੋ, ਅਤੇ ਫਾਟਕ ਵਿੱਚ ਕੰਗਾਲਾਂ ਦਾ ਹੱਕ ਮਾਰਦੇ ਹੋ ! ੧੩ ਇਸ ਲਈ ਜੋ ਸਮਝਦਾਰ ਹੈ, ਉਹ ਅਜਿਹੇ ਸਮੇਂ ਵਿੱਚ ਚੁੱਪ-ਚਾਪ ਰਹੇ, ਕਿਉਂ ਜੋ ਇਹ ਸਮਾਂ ਬੁਰਾ ਹੈ !
੧੪ ਹੇ ਲੋਕੋ, ਭਲਿਆਈ ਦੀ ਖੋਜ ਕਰੋ, ਬੁਰਿਆਈ ਦੀ ਨਹੀਂ, ਤਾਂ ਜੋ ਤੁਸੀਂ ਜੀਉਂਦੇ ਰਹੋ, ਫਿਰ ਜਿਵੇਂ ਤੁਸੀਂ ਕਹਿੰਦੇ ਹੋ ਉਸੇ ਤਰ੍ਹਾਂ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਤੁਹਾਡੇ ਅੰਗ-ਸੰਗ ਹੋਵੇਗਾ । ੧੫ ਬੁਰਿਆਈ ਤੋਂ ਘਿਰਣਾ ਕਰੋ ਅਤੇ ਭਲਿਆਈ ਨੂੰ ਪਿਆਰ ਕਰੋ, ਫਾਟਕ ਵਿੱਚ ਨਿਆਂ ਨੂੰ ਸਥਾਪਤ ਕਰੋ, ਕੀ ਜਾਣੀਏ ਸੈਨਾਂ ਦਾ ਪਰਮੇਸ਼ੁਰ ਯਹੋਵਾਹ ਯੂਸੁਫ਼ ਦੇ ਬਚੇ ਹੋਇਆਂ ਉੱਤੇ ਮਿਹਰ ਕਰੇ ।
੧੬ ਇਸ ਲਈ ਸੈਨਾਂ ਦਾ ਪਰਮੇਸ਼ੁਰ ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, “ਸਾਰੇ ਚੌਕਾਂ ਵਿੱਚ ਰੋਣਾ-ਪਿੱਟਣਾ ਹੋਵੇਗਾ ਅਤੇ ਸਾਰੀਆਂ ਗਲੀਆਂ ਵਿੱਚ ਲੋਕ ਹਾਇ ਹਾਇ ! ਕਰਨਗੇ, ਉਹ ਕਿਸਾਨ ਨੂੰ ਸੋਗ ਕਰਨ ਲਈ ਅਤੇ ਵਿਰਲਾਪ ਕਰਨ ਦੇ ਮਾਹਿਰਾਂ ਨੂੰ ਰੋਣ-ਪਿੱਟਣ ਲਈ ਸੱਦਣਗੇ । ੧੭ ਸਾਰੇ ਅੰਗੂਰੀ ਬਾਗਾਂ ਵਿੱਚ ਰੋਣਾ-ਪਿੱਟਣਾ ਹੋਵੇਗਾ, ਕਿਉਂਕਿ ਮੈਂ ਤੁਹਾਡੇ ਵਿੱਚੋਂ ਦੀ ਲੰਘਾਂਗਾ”, ਯਹੋਵਾਹ ਦਾ ਇਹੋ ਬਚਨ ਹੈ ।
੧੮ ਹਾਇ ਤੁਹਾਡੇ ਉੱਤੇ ਜੋ ਯਹੋਵਾਹ ਦੇ ਦਿਨ ਨੂੰ ਲੋਚਦੇ ਹੋ ! ਤੁਸੀਂ ਯਹੋਵਾਹ ਦਾ ਦਿਨ ਕਿਉਂ ਚਾਹੁੰਦੇ ਹੋ ? ਉਹ ਹਨੇਰੇ ਦਾ ਦਿਨ ਹੈ, ਚਾਨਣ ਦਾ ਨਹੀਂ ! ੧੯ ਜਿਵੇਂ ਕੋਈ ਮਨੁੱਖ ਬੱਬਰ ਸ਼ੇਰ ਦੇ ਅੱਗਿਓਂ ਭੱਜੇ ਅਤੇ ਰਿੱਛ ਉਸ ਨੂੰ ਟੱਕਰੇ, ਜਾਂ ਉਹ ਘਰ ਵਿੱਚ ਆ ਕੇ ਆਪਣਾ ਹੱਥ ਕੰਧ ਉੱਤੇ ਰੱਖੇ ਅਤੇ ਸੱਪ ਉਸ ਨੂੰ ਡੱਸ ਲਵੇ ! ੨੦ ਕੀ ਇਹ ਸੱਚ ਨਹੀਂ ਕਿ ਯਹੋਵਾਹ ਦਾ ਦਿਨ ਹਨੇਰਾ ਹੋਵੇਗਾ, ਨਾ ਕਿ ਚਾਨਣ ? ਅਤੇ ਘੁੱਪ ਹਨੇਰਾ, ਜਿਸ ਦੇ ਵਿੱਚ ਕੋਈ ਚਮਕ ਨਾ ਹੋਵੇਗੀ ?
੨੧ “ਮੈਂ ਤੁਹਾਡੇ ਪਰਬਾਂ ਤੋਂ ਵੈਰ ਰੱਖਦਾ ਅਤੇ ਘਿਰਣਾ ਕਰਦਾ ਹਾਂ ਅਤੇ ਤੁਹਾਡੀਆਂ ਮਹਾਂਸਭਾਵਾਂ ਨੂੰ ਪਸੰਦ ਨਹੀਂ ਕਰਦਾ ! ੨੨ ਭਾਵੇਂ ਤੁਸੀਂ ਮੈਨੂੰ ਹੋਮ ਬਲੀਆਂ ਅਤੇ ਮੈਦੇ ਦੀਆਂ ਭੇਟਾਂ ਚੜ੍ਹਾਓ, ਤਾਂ ਵੀ ਮੈਂ ਉਹਨਾਂ ਨੂੰ ਕਬੂਲ ਨਹੀਂ ਕਰਾਂਗਾ ਅਤੇ ਤੁਹਾਡੇ ਪਲੇ ਹੋਏ ਪਸ਼ੂਆਂ ਦੀਆਂ ਸੁਖ-ਸਾਂਦ ਦੀਆਂ ਬਲੀਆਂ ਉੱਤੇ ਮੈਂ ਧਿਆਨ ਨਹੀਂ ਦੇਵਾਂਗਾ । ੨੩ ਆਪਣੇ ਗੀਤਾਂ ਦਾ ਰੌਲਾ ਮੇਰੇ ਤੋਂ ਦੂਰ ਕਰੋ, ਤੁਹਾਡੇ ਰਬਾਬਾਂ ਦਾ ਸੁਰ ਮੈਂ ਨਹੀਂ ਸੁਣਾਂਗਾ ! ੨੪ ਪਰ ਨਿਆਂ ਨੂੰ ਨਦੀ ਦੀ ਤਰ੍ਹਾਂ ਅਤੇ ਧਰਮ ਨੂੰ ਬਾਰ੍ਹਾਂ-ਮਾਸੀ ਨਦੀ ਦੀ ਤਰ੍ਹਾਂ ਵਗਣ ਦਿਓ !
੨੫ ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਜੰਗਲ ਵਿੱਚ ਚਾਲ੍ਹੀ ਸਾਲ ਤੱਕ ਬਲੀਆਂ ਅਤੇ ਭੇਟਾਂ ਮੈਨੂੰ ਹੀ ਚੜ੍ਹਾਉਂਦੇ ਰਹੇ ਹੋ ? ੨੬ ਨਹੀਂ, ਤੁਸੀਂ ਤਾਂ ਆਪਣੇ ਰਾਜਾ ਦੇ ਡੇਰੇ ਨੂੰ ਅਤੇ ਆਪਣੇ ਬੁੱਤਾਂ ਦੀ ਚੌਂਕੀ ਨੂੰ ਅਤੇ ਆਪਣੇ ਦੇਵਤੇ ਦੇ ਤਾਰੇ ਨੂੰ ਚੁੱਕ ਕੇ ਫਿਰਦੇ ਰਹੇ, ਜਿਸ ਨੂੰ ਤੁਸੀਂ ਆਪਣੇ ਲਈ ਬਣਾਇਆ ! ੨੭ ਇਸ ਲਈ ਮੈਂ ਤੁਹਾਨੂੰ ਦੰਮਿਸਕ ਤੋਂ ਪਰੇ ਗ਼ੁਲਾਮੀ ਵਿੱਚ ਲੈ ਜਾਂਵਾਂਗਾ, ਯਹੋਵਾਹ ਦਾ ਇਹੋ ਬਚਨ ਹੈ, ਜਿਸ ਦਾ ਨਾਮ ਸੈਨਾਂ ਦਾ ਪਰਮੇਸ਼ੁਰ ਹੈ !