ਫਲਾਂ ਨਾਲ ਭਰੀ ਹੋਈ ਟੋਕਰੀ ਦਾ ਦਰਸ਼ਣ
੧ ਪ੍ਰਭੂ ਯਹੋਵਾਹ ਨੇ ਮੈਨੂੰ ਇਹ ਵਿਖਾਇਆ ਅਤੇ ਵੇਖੋ, ਗਰਮੀ ਦੇ ਫਲਾਂ ਨਾਲ ਭਰੀ ਹੋਈ ਇੱਕ ਟੋਕਰੀ ਸੀ । ੨ ਉਸਨੇ ਪੁੱਛਿਆ, “ਆਮੋਸ ਤੂੰ ਕੀ ਵੇਖਦਾ ਹੈਂ ? “ ਮੈਂ ਉੱਤਰ ਦਿੱਤਾ, “ਗਰਮੀ ਦੇ ਫਲਾਂ ਨਾਲ ਭਰੀ ਹੋਈ ਇੱਕ ਟੋਕਰੀ ।” ਤਦ ਯਹੋਵਾਹ ਨੇ ਮੈਨੂੰ ਕਿਹਾ, “ਮੇਰੀ ਪਰਜਾ ਇਸਰਾਏਲ ਦਾ ਅੰਤ ਆ ਗਿਆ ਹੈ ! ਮੈਂ ਹੁਣ ਉਨ੍ਹਾਂ ਨੂੰ ਹੋਰ ਨਹੀਂ ਬਖ਼ਸ਼ਾਂਗਾ । ੩ ਪ੍ਰਭੂ ਯਹੋਵਾਹ ਦਾ ਵਾਕ ਹੈ, “ਉਸ ਦਿਨ ਮੰਦਰ ਦੇ ਗੀਤ ਵਿਰਲਾਪ ਵਿੱਚ ਬਦਲ ਜਾਣਗੇ, ਲਾਸ਼ਾਂ ਦਾ ਵੱਡਾ ਢੇਰ ਲੱਗੇਗਾ ਅਤੇ ਉਹ ਹਰੇਕ ਸਥਾਨ ਉੱਤੇ ਚੁੱਪ-ਚਾਪ ਸੁੱਟ ਦਿੱਤੀਆਂ ਜਾਣਗੀਆਂ !”
ਇਸਰਾਏਲ ਦਾ ਪਤਨ
੪ “ਤੁਸੀਂ ਜੋ ਕੰਗਾਲਾਂ ਨੂੰ ਨਿਗਲਣਾ ਚਾਹੁੰਦੇ ਹੋ ਅਤੇ ਦੇਸ਼ ਦੇ ਨਿਮਰ ਲੋਕਾਂ ਨੂੰ ਨਾਸ਼ ਕਰਨਾ ਚਾਹੁੰਦੇ ਹੋ”, ਸੁਣੋ ! ੫ ਤੁਸੀਂ ਕਹਿੰਦੇ ਹੋ, “ਅਮੱਸਿਆ ਕਦੋਂ ਬੀਤੇਗੀ, ਤਾਂ ਜੋ ਅਸੀਂ ਅੰਨ ਵੇਚੀਏ ? ਅਤੇ ਸਬਤ ਕਦੋਂ ਖਤਮ ਹੋਵੇਗਾ ਤਾਂ ਜੋ ਅਸੀਂ ਕਣਕ ਦੇ ਖੱਤੇ ਖੋਲ੍ਹੀਏ ਕਿ ਅਸੀਂ ਏਫਾਹ ਨੂੰ ਛੋਟਾ ਅਤੇ ਸ਼ਕੇਲ ਨੂੰ ਵੱਡਾ ਬਣਾਈਏ ਅਤੇ ਛਲ਼ ਨਾਲ ਡੰਡੀ ਮਾਰੀਏ, ੬ ਤਾਂ ਜੋ ਅਸੀਂ ਗਰੀਬਾਂ ਨੂੰ ਚਾਂਦੀ ਨਾਲ ਅਤੇ ਕੰਗਾਲਾਂ ਨੂੰ ਜੁੱਤੀਆਂ ਦੇ ਇੱਕ ਜੋੜੇ ਨਾਲ ਮੁੱਲ ਲੈ ਲਈਏ ਅਤੇ ਕਣਕ ਦਾ ਕੂੜਾ ਵੇਚੀਏ !”
੭ ਯਹੋਵਾਹ, ਜਿਸ ਤੇ ਯਾਕੂਬ ਨੂੰ ਘਮੰਡ ਕਰਨਾ ਚਾਹੀਦਾ ਹੈ, ਉਸ ਨੇ ਆਪਣੀ ਸੌਂਹ ਖਾਧੀ ਹੈ, “ਮੈਂ ਉਹਨਾਂ ਦੀਆਂ ਸਾਰੀਆਂ ਕਰਤੂਤਾਂ ਨੂੰ ਕਦੇ ਨਾ ਭੁੱਲਾਂਗਾ ! ੮ ਕੀ ਦੇਸ਼ ਇਸ ਦੇ ਕਾਰਨ ਨਾ ਕੰਬੇਗਾ ? ਕੀ ਉਸ ਦੇ ਸਾਰੇ ਵਾਸੀ ਸੋਗ ਨਾ ਕਰਨਗੇ ? ਹਾਂ, ਇਹ ਸਾਰਾ ਦੇਸ਼ ਨਦੀ ਦੀ ਤਰ੍ਹਾਂ ਚੜ੍ਹੇਗਾ, ਜੋ ਉੱਛਲਦੀ ਹੈ ਅਤੇ ਫੇਰ ਉਤਰ ਜਾਂਦੀ ਹੈ ? ਮਿਸਰ ਦੀ ਨੀਲ ਨਦੀ ਦੀ ਤਰ੍ਹਾਂ !”
੯ ਪ੍ਰਭੂ ਯਹੋਵਾਹ ਦਾ ਵਾਕ ਹੈ, “ਉਸ ਦਿਨ ਮੈਂ ਸੂਰਜ ਨੂੰ ਭਰੀ ਦੁਪਹਿਰ ਨੂੰ ਲਾਹ ਦਿਆਂਗਾ ਅਤੇ ਦਿਨ-ਦਿਹਾੜੇ ਧਰਤੀ ਨੂੰ ਹਨੇਰਾ ਕਰ ਦਿਆਂਗਾ । ੧੦ ਮੈਂ ਤੁਹਾਡੇ ਪਰਬਾਂ ਨੂੰ ਸੋਗ ਵਿੱਚ ਅਤੇ ਤੁਹਾਡੇ ਸਾਰੇ ਗੀਤਾਂ ਨੂੰ ਵਿਰਲਾਪ ਵਿੱਚ ਬਦਲ ਦਿਆਂਗਾ । ਮੈਂ ਸਾਰਿਆਂ ਲੱਕਾਂ ਉੱਤੇ ਟਾਟ ਬੰਨ੍ਹਾਵਾਂਗਾ ਅਤੇ ਹਰੇਕ ਸਿਰ ਨੂੰ ਗੰਜਾ ਕਰਾਂਗਾ । ਮੈਂ ਉਸ ਦਿਨ ਅਜਿਹਾ ਵਿਰਲਾਪ ਕਰਾਵਾਂਗਾ ਜਿਵੇਂ ਇਕਲੌਤੇ ਲਈ ਹੁੰਦਾ ਹੈ ਅਤੇ ਉਸ ਦਾ ਅੰਤ ਭੈੜੇ ਦਿਨ ਜਿਹਾ ਹੋਵੇਗਾ ।”
੧੧ ਪ੍ਰਭੂ ਯਹੋਵਾਹ ਦਾ ਵਾਕ ਹੈ, ਵੇਖ, ਉਹ ਦਿਨ ਆਉਂਦੇ ਹਨ ਜਦ ਮੈਂ ਇਸ ਦੇਸ਼ ਵਿੱਚ ਕਾਲ ਭੇਜਾਂਗਾ, ਰੋਟੀ ਦਾ ਕਾਲ ਨਹੀਂ ਅਤੇ ਨਾ ਹੀ ਪਾਣੀ ਦੀ ਪਿਆਸ ਦਾ, ਸਗੋਂ ਯਹੋਵਾਹ ਦੀ ਬਾਣੀ ਦੇ ਸੁਣਨ ਦਾ ਕਾਲ ਹੋਵੇਗਾ । ੧੨ ਲੋਕ ਸਮੁੰਦਰ ਤੋਂ ਸਮੁੰਦਰ ਤੱਕ ਅਤੇ ਉੱਤਰ ਤੋਂ ਪੂਰਬ ਤੱਕ ਭਟਕਦੇ ਫਿਰਨਗੇ, ਉਹ ਯਹੋਵਾਹ ਦੀ ਬਾਣੀ ਨੂੰ ਭਾਲਣ ਲਈ ਇੱਧਰ-ਉੱਧਰ ਮਾਰੇ ਮਾਰੇ ਫਿਰਨਗੇ, ਪਰ ਉਸ ਨੂੰ ਨਾ ਪਾਉਣਗੇ ।
੧੩ ਉਸ ਦਿਨ ਸੋਹਣੀਆਂ ਕੁਆਰੀਆਂ ਅਤੇ ਤਗੜੇ ਜੁਆਨ ਪਿਆਸ ਦੇ ਕਾਰਨ ਬੇਸੁਰਤ ਹੋ ਜਾਣਗੇ ! ੧੪ ਉਹ ਲੋਕ ਜੋ ਸਾਮਰਿਯਾ ਦੀ ਅਸ਼ਮਾਹ ਦੀ ਸਹੁੰ ਖਾਂਦੇ ਹਨ ਅਤੇ ਕਹਿੰਦੇ ਹਨ, 'ਹੇ ਦਾਨ, ਤੇਰੇ ਜੀਵਨ ਦੀ ਸਹੁੰ' ਅਤੇ 'ਬਅੇਰ-ਸ਼ਬਾ ਦੇ ਰਾਹ ਦੀ ਸਹੁੰ', ਉਹ ਸਾਰੇ ਡਿੱਗ ਪੈਣਗੇ ਅਤੇ ਫੇਰ ਕਦੇ ਨਾ ਉੱਠਣਗੇ !”