੧ ਹੇ ਮਾਲਕੋ, ਤੁਸੀਂ ਆਪਣਿਆਂ ਨੌਕਰਾਂ ਨਾਲ ਇਹੋ ਜਿਹਾ ਵਰਤਾਵਾ ਕਰੋ ਜਿਹੜਾ ਠੀਕ ਅਤੇ ਨਿਆਈਂ ਹੈ ਕਿਉਂ ਜੋ ਤੁਸੀਂ ਜਾਣਦੇ ਹੋ ਕਿ ਸਵਰਗ ਵਿੱਚ ਤੁਹਾਡਾ ਵੀ ਇੱਕ ਮਾਲਕ ਹੈ ।
ਕੁੱਝ ਵਿਵਹਾਰਿਕ ਸਲਾਹ
੨ ਲਗਾਤਾਰ ਪ੍ਰਾਰਥਨਾ ਕਰਦੇ ਰਹੋ ਅਤੇ ਧੰਨਵਾਦ ਕਰਦਿਆਂ ਹੋਇਆਂ ਉਸ ਵਿੱਚ ਬਣੇ ਰਹੋ । ੩ ਨਾਲੇ ਸਾਡੇ ਲਈ ਵੀ ਪ੍ਰਾਰਥਨਾ ਕਰੋ ਕਿ ਪਰਮੇਸ਼ੁਰ ਸਾਡੇ ਲਈ ਬਾਣੀ ਦਾ ਬੂਹਾ ਖੋਲ੍ਹੇ ਤਾਂ ਜੋ ਅਸੀਂ ਮਸੀਹ ਦੇ ਭੇਤ ਦਾ ਵਰਨਣ ਕਰੀਏ ਜਿਸ ਦੇ ਕਾਰਨ ਮੈਂ ਕੈਦ ਵਿੱਚ ਹਾਂ l ੪ ਕਿ ਜਿਵੇਂ ਮੈਨੂੰ ਵਰਨਣ ਕਰਨਾ ਯੋਗ ਹੈ ਉਸੇ ਤਰ੍ਹਾਂ ਹੀ ਉਸ ਨੂੰ ਪਰਗਟ ਕਰਾਂ । ੫ ਤੁਸੀਂ ਸਮੇਂ ਨੂੰ ਲਾਭਦਾਇਕ ਜਾਣ ਕੇ ਬਾਹਰਲਿਆਂ ਦੇ ਅੱਗੇ ਹੋਸ਼ ਨਾਲ ਚੱਲੋ । ੬ ਤੁਹਾਡੀ ਗੱਲਬਾਤ ਹਮੇਸ਼ਾਂ ਕਿਰਪਾ ਵਾਲੀ ਅਤੇ ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਕਿ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ ।
ਆਖਰੀ ਨਮਸਕਾਰ
੭ ਤਖਿਕੁਸ ਜਿਹੜਾ ਪ੍ਰਭੂ ਵਿੱਚ ਪਿਆਰਾ ਭਾਈ ਅਤੇ ਜ਼ਿਮੇਵਾਰ ਸੇਵਕ ਅਤੇ ਮੇਰੇ ਨਾਲ ਦਾ ਦਾਸ ਹੈ ਮੇਰਾ ਸਾਰਾ ਹਾਲ ਤੁਹਾਨੂੰ ਦੱਸੇਗਾ । ੮ ਅਤੇ ਮੈਂ ਉਹ ਨੂੰ ਇਸੇ ਲਈ ਤੁਹਾਡੇ ਕੋਲ ਭੇਜਿਆ ਹੈ ਜੋ ਤੁਸੀਂ ਸਾਡਾ ਹਾਲ ਜਾਣ ਲਵੋ ਅਤੇ ਉਹ ਤੁਹਾਡਿਆਂ ਦਿਲਾਂ ਨੂੰ ਤਸੱਲੀ ਦੇਵੇ । ੯ ਮੈਂ ਉਹ ਦੇ ਨਾਲ ਉਨੇਸਿਮੁਸ ਨੂੰ ਭੇਜਿਆ ਜਿਹੜਾ ਵਿਸ਼ਵਾਸਯੋਗ ਅਤੇ ਪਿਆਰਾ ਭਰਾ ਅਤੇ ਤੁਹਾਡੇ ਵਿੱਚੋਂ ਹੀ ਹੈ । ਉਹ ਐਥੋਂ ਦੀਆਂ ਸਾਰੀਆਂ ਗੱਲਾਂ ਤੁਹਾਨੂੰ ਦੱਸਣਗੇ । ੧੦ ਅਰਿਸਤਰਖੁਸ ਜੋ ਮੇਰੇ ਨਾਲ ਕੈਦ ਹੈ, ਨਾਲੇ ਮਰਕੁਸ ਜਿਹੜਾ ਬਰਨਬਾਸ ਦਾ ਭਰਾ ਹੈ ਜਿਸ ਦੇ ਬਾਰੇ ਤੁਹਾਨੂੰ ਹੁਕਮ ਮਿਲਿਆ ਸੀ ਜੋ ਉਹ ਤੁਹਾਡੇ ਕੋਲ ਆਵੇ ਤਾਂ ਤੁਸੀਂ ਉਹ ਦਾ ਆਦਰ ਮਾਣ ਕਰਨਾ । ੧੧ ਅਤੇ ਯਿਸੂ ਜਿਸ ਨੂੰ ਯੂਸਤੁਸ ਕਰਕੇ ਸੱਦੀਦਾ ਹੈ ਇਹ ਜਿਹੜੇ ਸੁੰਨਤੀਆਂ ਵਿੱਚੋਂ ਹਨ ਤੁਹਾਡਾ ਹਾਲ ਚਾਲ ਪੁੱਛਦੇ ਹਨ । ਪਰਮੇਸ਼ੁਰ ਦੇ ਰਾਜ ਲਈ ਨਿਰੇ ਇਹੋ ਮੇਰੇ ਨਾਲ ਕੰਮ ਕਰਨ ਵਾਲੇ ਹਨ ਅਤੇ ਇਨ੍ਹਾਂ ਤੋਂ ਮੈਨੂੰ ਤਸੱਲੀ ਹੋਈ ਹੈ । ੧੨ ਇਪਫ਼ਰਾਸ ਮਸੀਹ ਯਿਸੂ ਦਾ ਦਾਸ ਜਿਹੜਾ ਤੁਹਾਡੇ ਵਿੱਚੋਂ ਹੈ ਤੁਹਾਡਾ ਹਾਲ ਚਾਲ ਪੁੱਛਦਾ ਹੈ ਅਤੇ ਉਹ ਆਪਣੀਆਂ ਪ੍ਰਾਰਥਨਾਂ ਵਿੱਚ ਸਦਾ ਤੁਹਾਡੇ ਲਈ ਵੱਡਾ ਯਤਨ ਕਰਦਾ ਹੈ ਕਿ ਤੁਸੀਂ ਪਰਮੇਸ਼ੁਰ ਦੀ ਸਾਰੀ ਇੱਛਾ ਵਿੱਚ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ । ੧੩ ਕਿਉਂ ਜੋ ਮੈਂ ਉਹ ਦੀ ਗਵਾਹੀ ਦਿੰਦਾ ਹਾਂ ਕਿ ਉਹ ਤੁਹਾਡੇ ਅਤੇ ਉਨ੍ਹਾਂ ਦੇ ਲਈ ਜਿਹੜੇ ਲਾਉਦਿਕੀਆ ਅਤੇ ਹੀਏਰਪੁਲਿਸ ਵਿੱਚ ਰਹਿੰਦੇ ਹਨ, ਬਹੁਤ ਮਿਹਨਤ ਕਰਦਾ ਹੈ । ੧੪ ਲੂਕਾ ਪਿਆਰਾ ਵੈਦ ਅਤੇ ਦੇਮਾਸ ਤੁਹਾਡਾ ਹਾਲ ਚਾਲ ਪੁੱਛਦੇ ਹਨ । ੧੫ ਤੁਸੀਂ ਉਨ੍ਹਾਂ ਭਾਈਆਂ ਨੂੰ ਜਿਹੜੇ ਲਾਉਦਿਕੀਆ ਵਿੱਚ ਰਹਿੰਦੇ ਹਨ ਅਤੇ ਨੁਮਫ਼ਾਸ ਨੂੰ ਅਤੇ ਉਸ ਕਲੀਸਿਯਾ ਨੂੰ ਜੋ ਉਹ ਦੇ ਘਰ ਵਿੱਚ ਹੈ ਸੁੱਖ-ਸਾਂਦ ਆਖੋ । ੧੬ ਅਤੇ ਜਦ ਇਹ ਚਿੱਠੀ ਤੁਹਾਡੇ ਵਿੱਚ ਪੜ੍ਹੀ ਗਈ ਹੋਵੇ ਤਾਂ ਇਉਂ ਕਰੋ ਕਿ ਇਹ ਲਾਉਦਿਕੀਆ ਦੀ ਕਲੀਸਿਯਾ ਵਿੱਚ ਵੀ ਪੜ੍ਹੀ ਜਾਵੇ ਅਤੇ ਜਿਹੜੀ ਚਿੱਠੀ ਲਾਉਦਿਕੀਆ ਤੋਂ ਆਵੇ ਉਹ ਤੁਸੀਂ ਵੀ ਪੜ੍ਹੋ । ੧੭ ਅਤੇ ਅਰਖਿੱਪੁਸ ਨੂੰ ਆਖਣਾ ਕਿ ਜਿਹੜੀ ਸੇਵਕਾਈ ਤੈਨੂੰ ਪ੍ਰਭੂ ਵਿੱਚ ਪ੍ਰਾਪਤ ਹੋਈ ਹੈ ਤੂੰ ਉਸ ਨੂੰ ਸਾਵਧਾਨੀ ਨਾਲ ਪੂਰਾ ਕਰੀਂ । ੧੮ ਮੇਰਾ ਪੌਲੁਸ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ । ਤੁਸੀਂ ਮੇਰੇ ਬੰਧਨਾਂ ਨੂੰ ਯਾਦ ਰੱਖਣਾ । ਤੁਹਾਡੇ ਉੱਤੇ ਕਿਰਪਾ ਹੁੰਦੀ ਰਹੇ ।